ਇਸਲਾਮਾਬਾਦ- ਹੋਲਬਰੁਕ ਨੇ ਪਾਕਿਸਤਾਨ ਦੇ ਇਕ ਨਿਜ਼ੀ ਟੀਵੀ ਚੈਨਲ ਤੇ ਇਹ ਕਿਹਾ ਕਿ ਓਬਾਮਾ ਪ੍ਰਸ਼ਾਸਨ ਸਈਦ ਦੀ ਰਿਹਾਈ ਤੋਂ ਪਰੇਸ਼ਾਨ ਹੈ ਪਰ ਬਾਅਦ ਵਿਚ ਉਹ ਆਪਣੇ ਇਸ ਬਿਆਨ ਤੋਂ ਬਦਲ ਗਏ ਤੇ ਇਹ ਕਿਹਾ ਕਿ ਇਹ ਪਾਕਿਸਤਾਨ ਦਾ ਅੰਦਰੂਨੀ ਮਾਮਲਾ ਹੈ। ਪਾਕਿਸਤਾਨ ਦੀ ਯਾਤਰਾ ਤੇ ਪਹੁੰਚੇ ਹੋਲਬਰੁਕ ਨੇ ਕਈ ਨੇਤਾਵਾਂ ਨਾਲ ਗੱਲਬਾਤ ਕੀਤੀ। ਇਹ ਕਿਹਾ ਜਾ ਰਿਹਾ ਹੈ ਕਿ ਹੋਲਬਰੁਕ ਨੇ ਜਿਓ ਨਿਊਜ਼ ਚੈਨਲ ਵਾਲਿਆਂ ਨੂੰ ਕਿਹਾ ਸੀ ਕਿ ਹਾਫਿਜ ਦੀ ਰਿਹਾਈ ਤੋਂ ਅਸੀਂ ਸਾਰੇ ਪਰੇਸ਼ਾਨ ਹਾਂ। ਬਾਅਦ ਵਿਚ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਦੇ ਨਾਲ ਇਕ ਸੰਯੁਕਤ ਪ੍ਰੈਸ ਕਾਨਫਰੰਸ ਦੌਰਾਨ ਇਸ ਸਬੰਧ ਵਿਚ ਪੁਛੇ ਜਾਣ ਤੇ ਉਹ ਆਪਣੇ ਬਿਆਨ ਤੋਂ ਪਲਟ ਗਏ। ਉਨ੍ਹਾਂ ਨੇ ਹਾਫਿਜ ਸਈਦ ਦੀ ਰਿਹਾਈ ਨੂੰ ਪਾਕਿਸਤਾਨ ਦਾ ਅੰਦਰੂਨੀ ਮਾਮਲਾ ਦਸਿਆ। ਉਨ੍ਹਾਂ ਨੇ ਕਿਹਾ ਕਿ ਮੈਂ ਇਸ ਕਾਨਫਰੰਸ ਵਿਚ ਇਸ ਮੁਦੇ ਤੇ ਟਿਪਣੀ ਕਰਨ ਲਈ ਨਹੀਂ ਆਇਆ, ਇਹ ਪਾਕਿਸਤਾਨ ਦਾ ਅੰਦਰੂਨੀ ਮਸਲਾ ਹੈ, ਮੈਂ ਬੱਸ ਇਹੀ ਕਹਿ ਸਕਦਾ ਹਾਂ। ਜਿਕਰਯੋਗ ਹੈ ਕਿ ਲਹੌਰ ਦੀ ਹਾਈਕੋਰਟ ਨੇ ਸਬੂਤਾਂ ਦੀ ਘਾਟ ਕਰਕੇ ਹਾਫਿਜ ਮੁਹਮੰਦ ਸਈਦ ਨੂੰ ਬਰੀ ਕਰ ਦਿਤਾ ਸੀ।
ਪਾਕਿਸਤਾਨ ਦੇ ਉਤਰ ਪੱਛਮੀ ਖੇਤਰ ਵਿਚ ਕਾਫੀ ਵੱਡੀ ਗਿਣਤੀ ਵਿਚ ਬੇਘਰ ਹੋਏ ਲੋਕਾਂ ਦੀ ਮਦਦ ਲਈ ਹੋਲਬਰੁਕ ਦੀ ਯਾਤਰਾ ਦੌਰਾਨ ਘੋਸ਼ਣਾ ਕੀਤੀ ਗਈ। ਹੋਲਬਰੁਕ ਨੇ ਦਸਿਆ ਕਿ ਅਮਰੀਕੀ ਕਾਂਗਰਸ ਪਾਕਿਸਤਾਨ ਦੇ ਲੋਕਾਂ ਲਈ 200 ਮਿਲੀਅਨ ਡਾਲਰ ਦੀ ਮਦਦ ਮੁਹਈਆ ਕਰਵਾਏਗੀ। ਉਨ੍ਹਾਂ ਕਿਹਾ ਕਿ ਤਾਲਿਬਾਨ ਦੇ ਖਿਲਾਫ ਕਾਰਵਾਈ ਦੌਰਾਨ ਬੇਘਰ ਲੋਕਾਂ ਨੂੰ ਇਹ ਮਦਦ ਦੇਣਾ ਜਰੂਰੀ ਹੈ। ਪਾਕਿਸਤਾਨ ਨੂੰ ਦਿਤੀ ਜਾ ਰਹੀ ਮਦਦ ਬਾਰੇ ਉਨ੍ਹਾਂ ਨੇ ਕਿਹਾ , “ ਅਮਰੀਕਾ ਪਾਕਿਸਤਾਨ ਦੀ ਸ਼ਰਨਾਰਥੀ ਸਮਸਿਆ ਨਾਲ ਨਿਪਟਣ ਲਈ ਇਹ ਮਦਦ ਕਰ ਰਿਹਾ ਹੈ ਅਤੇ ਪੂਰੀ ਦੁਨੀਆਂ ਤੋਂ ਮਿਲ ਰਹੀ ਮਦਦ ਦਾ ਅੱਧੇ ਤੋਂ ਜਿਆਦਾ ਹਿਸਾ ਦੇ ਰਿਹਾ ਹੈ। ਮੈਂ ਚਾਹੁੰਦਾ ਹਾਂ ਕਿ ਦੂਸਰੇ ਦੇਸ਼ਾਂ ਨੂੰ ਵੀ ਪਾਕਿਸਤਾਨ ਦੀ ਮਦਦ ਕਰਨੀ ਚਾਹੀਦੀ ਹੈ।