ਦਿਨ ਛੇ ਜੂਨ ਚੁਰਾਸੀ ਦਾ, ਨਾ ਸਿੱਖਾਂ ਤੋਂ ਭੁੱਲਿਆ ਜਾਵੇ ।
ਨਕਸ਼ਾ ਉਸ ਖੁਨੀ ਘਲੂਘਾਰੇ ਦਾ, ਝੱਟ ਅੱਖਾਂ ਸਾਹਵੇਂ ਆਵੇ ।
ਸ਼ਰਧਾ ਦੇ ਫੁੱਲ ਚੜ੍ਹਾਵਣ ਲਈ, ਸੰਗਤਾਂ ਹਰਿਮੰਦਰ ਨੂੰ ਜਾਵਣ ।
ਪਵਿੱਤਰ ਪਾਕ ਸਰੋਵਰ ਵਿੱਚ, ਚੁੱਭੀ ਲਾ ਕੇ ਰੋਗ ਮਿਟਾਵਣ ।
ਸ਼ਾਨੋ ਸ਼ੌਕਤ ਹਰਿਮੰਦਰ ਦੀ, ਨਾ ਪਾਪੀ ਗੰਗੂਆਂ ਤਾਈਂ ਭਾਵੇ ।
ਸਿੱਖੀ ਦੇ ਹਰਿਆਲੇ ਬੂਟੇ ਨੂੰ, ਸਮੇਂ ਦਾ ਹਾਕਮ ਪੁੱਟਣਾ ਚਾਹਵੇ ।
ਜਰਨੈਲ ਸਿੰਘ ਭਿੰਡਰਾਂ ਵਾਲ਼ੇ ਨੇ, ਸਿਰ ਲੱਥ ਜੋਧੇ ਸਿੰਘ ਸਜਾਏ ।
ਨਸ਼ਿਆਂ, ਅਫੀਮਾਂ ,ਚੋਂ ਕੱਢ ਕੇ, ਗਭਰੂ ਗੁਰੂ ਚਰਨਾਂ ਨਾਲ ਲਾਏ ।
ਦੇਖ ਕੇ ਬੋਲ ਬਾਲਾ ਸਿੱਖੀ ਦਾ, ਇੰਦਰਾ ਤੋਂ ਝੱਲ ਨਾ ਹੋਇਆ ।
ਕੂੜ ਸਿਰ ਚ੍ਹੜ ਬੋਲ ਪਿਆ, ਅੰਦਰੋਂ ਗੁੱਸਾ ਠੱ੍ਹਲ ਨਾ ਹੋਇਆ ।
ਨਿਸ਼ਾਨ ਮੀਰੀ ਪੀਰੀ ਦਾ, ਜਿਥੋਂ ਰਹੀ ਸੇਧ ਸਿੱਖਾਂ ਨੂੰ ਮਿਲਦੀ ।
ਔਰੰਗਜ਼ੇਬ ਜੇਹੇ ਜ਼ਾਲਮਾਂ ਦੀ, ਦੇਖ ਕੇ ਰੂਹ ਅੰਦਰੋਂ ਸੀ ਹਿਲਦੀ ।
ਭੈੜੀ ਸੋਚ ਫਿਰਕਾ ਪ੍ਰਸਤੀ ਦੀ, ਹਮੇਸ਼ਾਂ ਰਹੀ ਦਿੱਲੀ ਤੇ ਭਾਰੂ ।
ਸਬਕ ਸਿਖਾਉਣਾ ਸਿੱਖਾਂ ਨੂੰ, ਹੁਣ ਨਹੀਂ ਛੱਡਣਾ ਕੋਈ ਜੁਝਾਰੂ ।
ਅਕਾਲ ਤਖਤ ਨੂੰ ਢਾਉਣੇ ਲਈ, ਭਾਰਤੀ ਫੌਜ ਨੂੰ ਹੁਕਮ ਸੁਣਾਤਾ ।
ਸਿੰਘਾਂ ਨੂੰ ਮਾਰ ਮੁਕਾਉਣੇ ਲਈ, ਉਹਨਾਂ ਜੰਗ ਦਾ ਬਿਗਲ ਵਜਾਤਾ ।
ਅਕਾਲ ਛੰਨਣੀ ਕਰ ਦਿੱਤਾ, ਪਾਪੀ ਜ਼ਾਲਮਾਂ ਕਹਿਰ ਕਮਾਇਆ ।
ਬੁੱਢੇ, ਬੱਚੇ ਵੀ ਨਹੀਂ ਬਖਸ਼ੇ, ਸੱਭ ਨੂੰ ਗੋਲ਼ੀਆਂ ਨਾਲ਼ ਉਡਾਇਆ ।
ਅਮਰੀਕ ਸਿੰਘ, ਸੁਬੇਗ ਸਿੰਘ ਨੇ, ਬੜੇ ਡੱਟ ਕੇ ਜੌਹਰ ਦਿਖਾਏ ।
ਸਿੰਘ ਭੁੱਖੇ ਭਾਣੇ ਰਹਿ ਕੇ ਵੀ, ਨਹੀਂ ਬੰਬਾਂ ਤੋਪਾਂ ਤੋਂ ਘਬਰਾਏ ।
ਜਾਮ ਸ਼ਹਾਦਤ ਦਾ ਪੀ ਗਏ, ਪਰ ਨਹੀਂ ਈਨ ਸੂਰਮਿਆਂ ਮੰਨੀ ।
ਸਿੱਖ ਧਰਮ ਦੀ ਰਾਖੀ ਲਈ, ਫਿਰਦੇ ਕੱਫਣ ਸਿਰਾਂ ਤੇ ਬ੍ਹੰਨੀ ।
ਕਈ ਵਿੱਛੜੇ ਵੀਰੇ ਭੈਣਾਂ ਦੇ, ਕਈ ਪੁੱਤ ਅੰਮੜੀ ਮਾਂ ਦੇ ਜਾਏ ।
ਗਏ ਮੱਥਾ ਟੇਕਣ ਪੁਰਬ ਉੱਤੇ, ਉਹ ਨਾਮੁੜ ਕੇ ਘਰਾਂ ਨੂੰ ਆਏ ।
ਸੁਹਾਗ ਉੱਜੜੇ ਕਈ ਨਾਰਾਂ ਦੇ, ਲੱਥੇ ਸੱਜ ਵਿਆਹੀਆਂ ਦੇ ਚੂੜੇ ।
ਸੱਧਰਾਂ ਦਿਲ ਵਿੱਚ ਰਹਿ ਗਈਆਂ, ਸੱਭ ਰਹਿ ਗਏ ਚਾਅ ਅਧੂਰੇ ।
ਜਰਨੈਲ ਸਿੰਘ ਭਿੰਡਰਾਂ ਵਾਲ਼ੇ ਵੀ, ਲੜਦੇ ਹੋਏ ਸ਼ਹੀਦੀ ਪਾ ਗਏ ।
ਕੁਰਸੀ ਦੇ ਭੁੱਖੇ ਲੀਡਰਾਂ ਨੂੰ, ਉਹ ਬਚਨ ਪੂਰਾ ਕਰ ਦਿਖਲਾ ਗਏ ।
ਮਤਾ ਅੰਨਦਪੁਰ ਸਾਹਿਬ ਦਾ, ਲੀਡਰਾਂ ਜਿਸ ਦਿਨ ਸੀ ਪਕਾਇਆ ।
ਅਰਦਾਸ ਕਰਕੇ ਭਿੰਡਰਾਂ ਵਾਲ਼ੇ ਨੇ, ਮਤਾ ਉਸ ਦਿਨ ਜ੍ਹੇਬੇ ਪਾਇਆ ।
ਬਚਨ ਕੀਤੇ ਉਸ ਦਿਨ ਸੰਤਾਂ ਨੇ, ਆਪਣਾ ਕੀਤਾ ਕੌਲ ਪੁਗਾਉਣਾ ।
ਅਕਾਲੀਆਂ ਭੱਜਣਾਂ ਮਤਿਆਂ ਤੋਂ, ਪਰ ਮੈਂ ਨਹੀਂ ਮਤਾ ਭੁਲਾਉਣਾ ।
ਉਹਨਾਂ ਕਰ ਸੱਚ ਵਿਖਾ ਦਿੱਤਾ, ਜਿੰਦ ਸਿੱਖ ਪੰਥ ਦੇ ਲੇਖੇ ਲਾਈ ।
ਚੌਧਰ ਦੇ ਭੁੱਖੇ ਕਾਲੀ ਲੀਡਰਾਂ ਨੇ, ਸਿੱਖ ਕੌਮ ਨੂੰ ਪਿੱਠ ਦਿਖਾਈ ।
ਜੇ ਅਕਾਲ ਤਖਤ ਰੜਕਦਾ ਸੀ, ਕਿਉਂ ਕੀਤੇ ਬਾਕੀ ਗੁਰੂ ਘਰਾਂ ਤੇ ਹੱਲੇ ।
ਨਿਰਦੋਸ਼ ਨਿਹੱਥੇ ਸਿੰਘ ਫੱੜ ਕੇ, ਅੱਤਵਾਦੀ ਆਖ ਜ੍ਹੇਲਾਂ ਵਿੱਚ ਘੱਲੇ ।
ਕੀ ਸੀ ਦੋਸ਼ ਅਬਲਾਵਾਂ ਦਾ, ਜੋ ਸੀ ਗੁਰਪੁਰਬ ਮਨਾਵਣ ਆਈਆਂ ।
ਗੋਦੀ ਚੁੱਕੇ ਨਾਲ਼ ਨਿੱਕੇ ਬਾਲਾਂ ਦੇ, ਵੈਰੀਆਂ ਮਾਵਾਂ ਮਾਰ ਮੁਕਾਈਆਂ ।
ਪੱਗ ਲਾਹ ਬੁੱਢੇ ਬਜ਼ੁਰਗਾਂ ਦੀ, ਫੌਜੀਆਂ ਪੈਰਾਂ ਦੇ ਵਿੱਚ ਰੋਲ਼ੀ ।
ਸਿੱਖਾਂ ਦੇ ਕੇਸ ਕਤਲ ਕਰਕੇ, ਪਾਪੀਆਂ ਬਾਅਦ ‘ਚ ਮਾਰੀ ਗੋਲ਼ੀ ।
ਜਰਦਾ ਚੱਬ ਕੇ ਥੁੱਕਦੇ ਸੀ, ਬੀੜੀਆਂ ਪ੍ਰਕਰਮਾਂ ਦੇ ਵਿੱਚ ਸੁੱਟੀਆਂ ।
ਕੀਤੇ ਕੁਕਰਮ ਦਰਿੰਦਿਆਂ ਨੇ, ਇੱਜਤਾਂ ਬਹੂ ਬੇਟੀ ਦੀਆਂ ਲੁੱਟੀਆਂ ।
ਜਲ ਪਵਿੱਤਰ ਪਾਕ ਸਰੋਵਰ ਦਾ, ਰੱਤ ਨਾਲ ਗੇਰੂ ਰੰਗ ਸੀ ਹੋਇਆ ।
ਸਰੂਪ ਗੁਰਾਂ ਦਾ ਗੋਲ਼ੀ ਚੀਰ ਗਈ, ਅਖੰਡਪਾਠ ਭੰਗ ਸੀ ਹੋਇਆ ।
ਲਾਇਬਰੇਰੀ ਸਾੜ ਲੁੱਟਿਆ, ਅਜਾਇਬ ਘਰ ‘ਚੋਂ ਅਨਮੋਲ ਖਜ਼ਾਨਾ ।
ਲੁਕੇ ਅਤਿਵਾਦੀ ਫੜਨੇ ਦਾ, ਘੜ ਲਿਆ ਬਰਾੜ ਨੇ ਹੋਰ ਬਹਾਨਾ ।
ਬੇਇਜ਼ਤੀ ਸੋਹਣੇ ਹਰਿਮੰਦਰ ਦੀ, ਨਾ ਸਿੱਖਾਂ ਕੋਲੋਂ ਗਈ ਸਹਾਰੀ ।
ਬੇਅੰਤ,ਸਤਵੰਤ, ਕੇਹਰ ਸਿੰਘ ਦੇ, ਕੇਰਾਂ ਫਿਰ ਗਈ ਦਿਲ ਤੇ ਆਰੀ ।
ਸੌਂਹ ਖਾ ਲਈ ਸੂਰਮਿਆਂ, ਉਹਨਾਂ ਇਕੱਠੇ ਬੈਠ ਕੇ ਮਤਾ ਪਕਾਇਆ ।
ਨਹੀਂ ਪੁੱਤ ਕਲਗੀਆਂ ਵਾਲ਼ੇ ਦੇ, ਜੇ ਨਾ ਪਾਪਣ ਨੂੰ ਮਾਰ ਮੁਕਾਇਆ ।
ਹੋਇਆ ਹੁਕਮ ਅਕਾਲ ਵਲੋਂ, ਜੋਧਿਆਂ ਇੰਦਰਾ ਗਾਂਧੀ ਮਾਰ ਮੁਕਾਈ ।
ਪੱਗ ਲੱਥੀ ਹੋਈ ਸਿੱਖਾਂ ਦੀ, ਸੂਰਿਆਂ ਮੁੜ ਸਿਰ ਤੇ ਰੱਖ ਵਿਖਾਈ ।
ਬੱਚ ਸਕੇ ਨਾ ਸਿੰਘਾਂ ਤੋਂ, ਜਿਸ ਮੱਥਾ ਅਕਾਲ ਤਖਤ ਨਾਲ ਲਾਇਆ ।
ਸਿਰ ਵੱਢਿਆ ਮੱਸੇ ਰੰਘੜ ਦਾ, ਸ਼ੇਰਾਂ ਬੱਕਰੇ ਵਾਂਗ ਝਟਕਾਇਆ ।
ਇਸ ਸਿੱਖੀ ਦੇ ਫਲ਼ਦੇ ਬੂਟੇ ਨੂੰ, ਕਈ ਛਾਂਗਣ ਵਾਲੇ ਤੁਰ ਗਏ ।
ਜ਼ਾਲਮ ਅਬਦਾਲੀ ਵਰਗੇ ਵੀ, ਦੰਦ ਖੱਟੇ ਕਰਵਾ ਕੇ ਮੁੜ ਗਏ ।
ਇਕੱਠੇ ਹੋ ਨਿਸ਼ਾਨ ਸਾਹਿਬ ਥੱਲੇ, ਦਿਨ ਅੱਜ ਦੇ ਕਸਮਾਂ ਖਾਈਏ ।
ਭੇਖੀ ਪੰਖਡੀ ਚੋਲ਼ੇ ਵਾਲ਼ੇ ਸਾਧਾਂ ਦੇ, ਕਦੇ ਨਾ ਚਰਨੀ ਸੀਸ ਨਿਵਾਈਏ ।
ਦਖਲ ਅੰਦਾਜ਼ੀ ਧਰਮ ‘ਚ ਕਰਕੇ, ਭੇਖੀ ਸਾਧੂ ਘੋਲਣ ਕ੍ਹੜੀਆਂ ।
ਕਹਿੰਦੇ ਭੁੱਲ ਕੇ ਬਾਣੀ ਗਰੂਆਂ ਦੀ, ਪੂਜਣ ਲੱਗ ਜਾਓ ਮੜ੍ਹੀਆਂ ।
ਦੂਰ ਪ੍ਰਦੇਸੀਂ ਵੱਸ ਕੇ ਵੀ, ਆਪਣਾ ਧਰਮ ਨਾ ਕਦੇ ਭੁਲਾਉਣਾ ।
ਪੁੱਤ ਹਾਂ ਕਲਗੀਆਂ ਵਾਲ਼ੇ ਦੇ, ਸਿੱਖ ਧਰਮ ਦਾ ਨਾਂ ਚਮਕਾਉਣਾ ।
ਕਈ ਜਨੂੰਨੀ ਗੈਰ ਮਜ੍ਹਬਾਂ ਦੇ, ਸਾਨੂੰ ਨੇ ਕਾਫਰ ਆਖ ਬੁਲਾਉਂਦੇ ।
ਡਰੱਗਾਂ ਦੇ ਕੇ ਸਾਡੇ ਬੱਚਿਆਂ ਨੂੰ, ਪਏ ਧਰਮੋਂ ਅਧਰਮ ਬਣਾਉਂਦੇ ।
ਘਲੂਘਾਰਾ ਸੰਨ ਚੁਰਾਸੀ ਦਾ, ਜੋ ਅੱਜ ਸਾਰੇ ਅਸੀਂ ਮਨਾਈਏ ।
ਸੱਚੀ ਸ਼ਰਧਾਜਲੀ ਤਾਂ ਸ਼ਹੀਦਾਂ ਨੂੰ, ਜੇ ਵਿਰਸਾ ਮੋੜ ਲਿਆਈਏ ।
“ਘੁੰਮਣ” ਗੁਰੂ ਗ੍ਰੰਥ ਸਾਹਿਬ ਬਿਨਾਂ, ਨਹੀਂ ਦੇਹਧਾਰੀ ਗੁਰੂ ਬਨਾਉਣਾ ।
ਬਿਨਾਂ ਗੁਰੂ ਨਾਨਕ ਦੇ ਦਰ ਤੋਂ, ਨਹੀਂ ਕਿਸੇ ਅੱਗੇ ਸੀਸ ਝੁਕਾਉਣਾ ।