ਪੰਚਕੂਲਾ- ਪਿੱਛਲੇ ਕਾਫੀ ਅਰਸੇ ਤੋਂ ਆਪਣੇ ਸਮਰਥਕਾਂ ਅਤੇ ਜਾਣ ਪਛਾਣ ਵਾਲਿਆਂ ਤੋਂ ਦੂਰ ਗੁਪਤ ਰਹਿਣ ਪਿਛੋਂ ਹਰਿਆਣਾ ਦੇ ਸਾਬਕਾ ਉਪ ਮੁੱਖਮੰਤਰੀ ਅਤੇ ਕਾਲਕਾ ਤੋਂ ਵਿਧਾਇਕ ਚੰਦਰਮੋਹਨ ਉਰਫ ਚਾਂਦ ਮੁਹੰਮਦ ਪੰਚਕੂਲਾ ਸਥਿਤ ਆਪਣੇ ਪੁਰਾਣੇ ਘਰ ਵਿਚ ਬੁਧਵਾਰ ਨੂੰ ਵਾਪਿਸ ਆ ਗਏ ਹਨ। ਆਪਣੀ ਦੂਸਰੀ ਪਤਨੀ ਫਿਜ਼ਾ ਨੂੰ ਲੰਬੇ-ਲੰਬੇ ਪ੍ਰੇਮ ਪੱਤਰ ਲਿਖਣ ਵਾਲੇ ਚਾਂਦ ਹੁਣ ਫਿਜ਼ਾ ਨੂੰ ਆਪਣੀ ਜਿੰਦਗੀ ਦਾ ਕਾਲਾ ਪੰਨਾ ਦਸਦੇ ਹਨ। ਚੰਦਰਮੋਹਨ ਨੇ ਕਿਹਾ ਕਿ ਉਹ ਸ਼ਰਾਬ ਛਡਣ ਲਈ ਵਿਦੇਸ਼ ਗਏ ਸਨ। ਹੁਣ ਉਹ ਸ਼ਰਾਬ ਛਡ ਚੁਕੇ ਹਨ ਅਤੇ ਉਨ੍ਹਾਂ ਦੀ ਸਿਹਤ ਵੀ ਪਹਿਲਾਂ ਨਾਲੋਂ ਬੇਹਤਰ ਹੈ।
ਚੰਦਰਮੋਹਨ ਆਪਣੇ ਪੰਚਕੂਲਾ ਵਿਚਲੇ ਘਰ ਵਿਚ ਉਸੇ ਕੁਰਸੀ ਤੇ ਬੈਠੇ ਸਨ ਜਿਸ ਕੁਰਸੀ ਤੇ ਬੈਠ ਕੇ ਉਨ੍ਹਾਂ ਦੇ ਪਿਤਾ ਭਜਨ ਲਾਲ ਨੇ ਉਸ ਨੂੰ ਆਪਣੇ ਪ੍ਰੀਵਾਰ ਅਤੇ ਸੰਪਤੀ ਤੋਂ ਬੇਦਖਲ ਕੀਤਾ ਸੀ। ਜਦੋਂ ਉਨ੍ਹਾਂ ਤੋਂ ਇਹ ਪੁਛਿਆ ਗਿਆ ਕਿ ਤੁਹਾਡੀ ਸਾਬਕਾ ਪਤਨੀ ਫਿਜ਼ਾ ਤੁਹਾਡੇ ਖਿਲਾਫ ਚੋਣ ਲੜਨ ਬਾਰੇ ਕਹਿ ਰਹੀ ਹੈ ਤਾਂ ਉਨ੍ਹਾ ਨੇ ਕਿਹਾ, ਜਿਥੇ ਸਤਰ ਲੋਕ ਮੇਰੇ ਖਿਲਾਫ ਚੋਣ ਲੜਨਗੇ, ਉਥੇ ਫਿਜ਼ਾ ਇਕਤਰਵੀਂ ਸਹੀ। ਚਾਂਦ ਨੇ ਕਿਹਾ , ਜੋ ਔਰਤ ਆਪਣੇ ਪਤੀ ਤੇ ਬਲਾਤਕਾਰ ਦਾ ਅਰੋਪ ਲਗਾਵੇ ਉਸਨੂੰ ਵੇਖਣਾ ਵੀ ਪਾਪ ਹੈ। ਉਨ੍ਹਾਂ ਕਿਹਾ ਕਿ ਮੇਹਰ ਦੀ ਰਕਮ, ਪੰਜ ਲਖ ਰੁਪੈ ਉਹ ਡਾਕ ਅਤੇ ਕੋਰੀਅਰ ਰਾਹੀਂ ਤਿੰਨ ਵਾਰ ਫਿਜ਼ਾ ਨੂੰ ਭਿਜਵਾ ਚੁਕੇ ਹਨ, ਜੋ ਉਸਨੇ ਨਹੀਂ ਲਏ। ਫਿਜ਼ਾ ਵਲੋਂ ਦਿਤੀਆਂ ਜਾ ਰਹੀਆਂ ਧਮਕੀਆਂ ਦੇ ਜਵਾਬ ਵਿਚ ਚਾਂਦ ਨੇ ਕਿਹਾ ਕਿ “ਮੈਂ ਸ਼ਰੀਫ ਹਾਂ ਜੇ ਕੋਈ ਬਦਮਾਸ਼ੀ ਕਰੇਗਾ ਤਾਂ ਉਸ ਦੇ ਲਈ ਬਦਮਾਸ਼ ਵੀ ਹਾਂ। ਫਿਜ਼ਾ ਦੇ ਜਰੀਏ ਮੇਰੇ ਖਿਲਾਫ ਰਾਜਨੀਤਕ ਸਾਜਿਸ਼ ਰਚੀ ਜਾ ਰਹੀ ਹੈ। ਇਸ ਵਿਚ ਕਾਂਗਰਸ ਦੇ ਹੀ ਕੁਝ ਨੇਤਾ ਸ਼ਾਮਿਲ ਹਨ। ਸਮਾਂ ਆਉਣ ਤੇ ਮੈਂ ਉਨ੍ਹਾਂ ਦੇ ਨਾਂ ਵੀ ਦਸੂੰਗਾ।
ਚਾਂਦ ਨੇ ਕਿਹਾ ਕਿ ਮੈਂ ਤਾਂ ਫਿਜ਼ਾ ਨਾਲ ਪਿਆਰ ਕੀਤਾ ਸੀ। ਮੇਰੇ ਮਨ ਵਿਚ ਕੋਈ ਗਲਤ ਭਾਵਨਾ ਨਹੀਂ ਸੀ। ਉਸ ਨਾਲ ਵਿਆਹ ਬਦਲੇ ਉਪ ਮੁੱਖਮੰਤਰੀ ਦਾ ਪਦ ਵੀ ਛਡਿਆ। ਪਰ ਫਿਜ਼ਾ ਨੇ ਮੇਰੇ ਭਰਾ ਅਤੇ ਪਿਤਾ ਨੂੰ ਬਦਨਾਮ ਕਰਨਾ ਸ਼ੁਰੂ ਕਰ ਦਿਤਾ। ਉਨ੍ਹਾ ਨੇ ਕਿਹਾ ਕਿ ਉਹ ਫਿਜ਼ਾ ਅਤੇ ਉਸ ਦੀ ਮਾਂ ਨੂੰ ਦਸ ਕੇ ਘਰੋਂ ਆਏ ਸਨ। ਉਹ ਫਿਜ਼ਾ ਕੋਲ ਇਕ ਕਰੋੜ 86 ਲਖ ਰੁਪੈ ਵੀ ਛਡ ਕੇ ਆਏ ਸਨ ਜੋ ਕਿ ਦੇਸ਼ਭਰ ਵਿਚ ਫੈਲੇ ਮੇਰੇ ਸਮਰਥਕਾਂ ਨੇ ਮੈਨੂੰ ਦਿਤੇ ਸਨ। ਉਨ੍ਹਾਂ ਇਹ ਵੀ ਕਿਹਾ ਕਿ ਮੈਨੂੰ ਚੰਦਰ ਮੋਹਨ ਅਤੇ ਚਾਂਦ ਦੋਵੇਂ ਨਾਂ ਪਸੰਦ ਹਨ।
ਪੁਲਿਸ ਨੂੰ ਜਾਂਚ ਕਰਨੀ ਚਾਹੀਦੀ ਹੈ ਕਿ ਉਹ ਰਕਮ ਕਿਥੇ ਗਈ। ਚਾਂਦ ਨੇ ਇਹ ਵੀ ਕਿਹਾ ਕਿ ਜੇ ਫਿਜ਼ਾ ਉਸ ਦੇ ਖਿਲਾਫ ਝੂਠੇ ਅਰੋਪ ਨਾਂ ਲਗਉਂਦੀ ਤਾਂ ਉਹ ਫਿਜ਼ਾ ਦੇ ਕੋਲ ਜਰੂਰ ਵਾਪਿਸ ਜਾਂਦੇ। ਚੰਦਰਮੋਹਨ ਅਨੁਸਾਰ ਫਿਜ਼ਾ ਪ੍ਰਚਾਰ ਦੀ ਭੁੱਖੀ ਹੈ। ਮੀਡੀਆ ਨੂੰ ਉਸ ਨੂੰ ਏਨੀ ਅਹਿਮੀਅਤ ਨਹੀਂ ਸੀ ਦੇਣੀ ਚਾਹੀਦੀ। ਉਨ੍ਹਾ ਕਿਹਾ ਕਿ ਉਹ ਆਪਣੇ ਖੇਤਰ ਦੀ ਜਨਤਾ ਅਤੇ ਆਪਣੇ ਪ੍ਰੀਵਾਰ ਦੇ ਗੁਨਾਹਗਾਰ ਹਨ। ਉਹ ਦੋਵਾਂ ਤੋਂ ਮਾਫੀ ਮੰਗਦੇ ਹਨ।
ਚੰਦਰਮੋਹਨ ਆਪਣੇ ਸਮਰਥਕਾਂ ਸਮੇਤ ਕਾਲਿਆਂ ਸ਼ੀਸਿ਼ਆਂ ਵਾਲੀ ਕਾਰ ਵਿਚ ਪੰਚਕੂਲਾ ਪਹੁੰਚੇ। ਉਨ੍ਹਾਂ ਦੇ ਦੋਸਤਾਂ ਅਤੇ ਚਾਹੁਣ ਵਾਲਿਆਂ ਨੇ ਘਰ ਵਾਪਿਸ ਆਉਣ ਤੇ ਵਧਾਈ ਦਿਤੀ। ਉਨ੍ਹਾ ਕਿਹਾ ਕਿ ਨਰਾਜ਼ ਵਰਕਰਾਂ ਨੂੰ ਮਨਾਇਆ ਜਾਵੇਗਾ ਅਤੇ ਦੂਸਰੀਆਂ ਪਾਰਟੀਆਂ ਵਲ ਗਏ ਸਮਰਥਕਾਂ ਨਾਲ ਵੀ ਗੱਲਬਾਤ ਕੀਤੀ ਜਾਵੇਗੀ। ਉਨ੍ਹਾ ਦਾਅਵੇ ਨਾਲ ਕਿਹਾ ਕਿ ਉਹ ਕਾਂਗਰਸ ਵਿਚ ਹਨ ਅਤੇ ਕਾਂਗਰਸ ਵਿਚ ਹੀ ਰਹਿਣਗੇ।