ਸਿੱਖ ਕੌਮ ਬਲਿਊ ਸਟਾਰ ਦੀ 25ਵੀਂ ਵਰੇਗੰਢ 6 ਜੂਨ ਨੂੰ ਮਨਾਉਂਦੀ ਹੋਈ ਕੌਮੀ ਸ਼ਹੀਦਾਂ ਨੂੰ ਨਮਸਤਕ ਹੋਣ ਜਾ ਰਹੀ ਹੈ। ਜੋ ਕਿ ਹਰ ਵਰੇ ਹੋਣੀ ਵੀ ਚਾਹੀਦੀ ਹੈ। ਪਰ ਸਿੱਖ ਕੌਮ ਇਸ ਵਰੇਗੰਢ ਨੂੰ ਮਨਾਉਂਦੀ ਹੋਈ ਇਹ ਵੀ ਸਮੀਖਿਆ ਕਰੇ ਕਿ ਅਸੀਂ 25 ਸਾਲ ਦੇ ਲੰਮੇ ਸਮੇਂ ਵਿੱਚ ਧਾਰਮਿਕ, ਸੱਭਿਆਚਾਰਕ, ਸਿਆਸੀ, ਮਾਲੀ ਅਤੇ ਇਖਲਾਕੀ ਤੌਰ ‘ਤੇ ਅੱਜ ਤੱਕ ਕੀ ਖੱਟਿਆ ਹੈ ਅਤੇ ਕੀ ਗਵਾਇਆ ਹੈ। ਸਮੁੱਚੀ ਲੀਡਰਸਿ਼ਪ ਦੀ ਅਤੇ ਕੌਮੀ ਸਵੈ ਪੜਚੋਲ ਕਰਨ ਉਪਰੰਤ ਬੀਤੇ ਸਮੇਂ ਵਿੱਚ ਕੀਤੇ ਗਏ ਅਮਲਾਂ ਵਿੱਚ ਰਹਿ ਚੁੱਕੀਆਂ ਖਾਮੀਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਸੰਘਰਸ਼ ਦੇ ਅਗਲੇ ਪੜਾਅ ਲਈ ਦ੍ਰਿੜਤਾ ਪੂਰਵਕ ਤਿਆਰੀ ਆਰੰਭੀ ਜਾਵੇ। ਜੇਕਰ ਅਸੀਂ (ਸਿੱਖ ਕੌਮ) ਇਮਾਨਦਾਰੀ ਨਾਲ ਅਜਿਹਾ ਉੱਦਮ ਕਰਨ ਵਿੱਚ ਕਾਮਯਾਬ ਹੁੰਦੇ ਹਾਂ ਫਿਰ ਤਾਂ ਸਾਡੇ ਵੱਧਦੇ ਕਦਮ ਮੰਜਿ਼ਲ ‘ਤੇ ਅਪੜਣ ਦੇ ਸਮਰੱਥ ਹੋ ਸਕਣਗੇ। ਜੇਕਰ ਬੀਤੇ ਸਮੇਂ ਦੀਆਂ ਖਾਮੀਆਂ-ਪ੍ਰਾਪਤੀਆਂ ਨੂੰ ਨਾ ਵਿਚਾਰਿਆ ਗਿਆ ਫਿਰ ਮੰਜਿ਼ਲ ਉੱਤੇ ਪਹੁੰਚਣ ਵਿੱਚ ਵੱਡੀ ਰੁਕਾਵਟ ਉਤਪੰਨ ਹੋ ਸਕਦੀ ਹੈ।
ਆਪਣੀ ਮੰਜਿ਼ਲ ਏ ਮਕਸੂਦ ਨੂੰ ਸਰ ਕਰਨ ਲਈ ਸਿੱਖ ਕੌਮ ਵੱਲੋਂ ਧਾਰਮਿਕ, ਸਿਆਸੀ, ਇਖਲਾਕੀ ਅਤੇ ਮਾਲੀ ਸਭ ਖੇਤਰਾਂ ਨੂੰ ਸੰਜੀਦਗੀ ਨਾਲ ਵਿਚਾਰਨਾ ਪਵੇਗਾ। ਜਿੱਥੋਂ ਤੱਕ ਧਾਰਮਿਕ ਖੇਤਰ ਦਾ ਮੁੱਦਾ ਆਉਦਾ ਹੈ, ਉੱਥੇ ਇਸ ਖੇਤਰ ਵਿੱਚ ਅਗਵਾਈ ਕਰਦੀ ਆ ਰਹੀ ਸਿੱਖ ਕੌਮ ਦੀ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਕਾਬਿਜ਼ ਲੋਕਾਂ ਨੇ ਆਪਣੀ ਕੌਮੀ ਧਾਰਮਿਕ ਆਜ਼ਾਦ ਹਸਤੀ ਨੂੰ ਕਾਇਮ ਰੱਖਣ ਦੀ ਨਿਸਬਤ ਆਪਣੇ ਆਪ ਨੂੰ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਦੇ ਗੁਲਾਮ ਬਣਨ ਵਿੱਚ ਖੁਸ਼ੀ ਮਹਿਸੂਸ ਕਰਨ ਲੱਗ ਪਏ ਹਨ। ਇਹ ਹੋਰ ਵੀ ਅਤਿ ਗਹਿਰੀ ਦੁੱਖਦਾਇਕ ਚਿੰਤਾ ਵਾਲੀ ਗੱਲ ਹੈ ਕਿ ਸਾਡੇ ਤਖਤ ਸਾਹਿਬਾਨਾਂ ਦੇ ਜਥੇਦਾਰ, ਜਿਹਨਾਂ ਨੇ ਗੁਰਮਤਿ ਸਿਧਾਂਤਾਂ ਅਤੇ ਨਿਯਮਾਂ ਅਨੁਸਾਰ ਆਜ਼ਾਦਾਨਾ ਤੌਰ ਤੇ ਸਮੇਂ ਸਮੇਂ ‘ਤੇ ਕੌਮ ਨੂੰ ਫੈਸਲੇ ਅਤੇ ਸੰਦੇਸ਼ ਦੇਣੇ ਹੁੰਦੇ ਹਨ, ਉਹ ਵੀ ਸ: ਬਾਦਲ ਅਤੇ ਬਾਦਲ ਪਰਿਵਾਰ ਦੇ ਹੁਕਮਾਂ ਦੀ ਉਡੀਕ ਵਿੱਚ ਰਹਿਣ ਦੇ ਆਦੀ ਹੋ ਗਏ ਹਨ। ਜਿੱਥੋਂ ਸਾਡੀ ਧਾਰਮਿਕ ਨਿਘਾਰ ਦੀ ਸ਼ੁਰੂਆਤ ਹੁੰਦੀ ਹੈ। ਇੱਥੇ ਹੀ ਬੱਸ ਨਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ, ਅਹੁਦੇਦਾਰੀਆਂ ਅਤੇ ਹੋਰ ਦਫਤਰੀ ਅਮਲੇ ਫੈਲੇ ਦੇ ਅਹੁਦਿਆਂ ਉਤੇ ਵਿਚਰਨ ਵਾਲੇ ਜਿ਼ੰਮੇਵਾਰ ਲੋਕ ਵੀ ਹਰ ਤਰ੍ਹਾ ਦੇ ਹੋਣ ਵਾਲੇ ਫੈਸਲਿਆਂ ਵਿੱਚ ਬਾਦਲ ਪਰਿਵਾਰ ਨੂੰ ਖੁਸ਼ ਕਰਨ ਦੀ ਮਾਰੂ ਰਵਾਇਤ ਵਿੱਚ ਉਲਝ ਕੇ ਰਹਿ ਗਏ ਹਨ। ਗੁਰੂ ਦੇ ਲੰਗਰ ਵਿੱਚੋਂ ਸਿਆਸੀ ਇਕੱਤਰਤਾਵਾਂ, ਕਾਨਫਰੰਸਾਂ ਲਈ ਰਾਸ਼ਨ ਲਿਜਾਉਣ ਅਤੇ ਇਸ ਧਾਰਮਿਕ ਸੰਸਥਾ ਦੀਆ ਗੱਡੀਆਂ, ਕਾਰਾਂ ਦੀ ਖੂਬ ਦੁਰਵਰਤੋਂ ਕਰਨ ਨੂੰ ਇਹ ਲੋਕ ਆਪਣਾ ਜਨਮ ਸਿੱਧ ਅਧਿਕਾਰ ਮੰਨਣ ਲੱਗ ਪਏ ਹਨ। ਇਹ ਕਾਰਵਾਈ ਕੌਮ ਦੀ ਧਾਰਮਿਕ ਬਿਰਤੀ ਨੂੰ ਹੋਰ ਵੀ ਦਾਗੀ ਕਰਦੀ ਹੈ। ਜਿਸ ਗੁਰੂ ਦੀ ਗੋਲਕ ਨੂੰ ਗੁਰੂ ਸਾਹਿਬਾਨ ਨੇ “ਗਰੀਬ ਦਾ ਮੂੰਹ” ਦਾ ਖਿਤਾਬ ਦਿੱਤਾ ਹੈ, ਉਸਨੂੰ ਲੋੜਵੰਦਾਂ ਮਜ਼ਲੂਮਾਂ, ਦੀਨ-ਦੁਖੀਆ ਦੀ ਬਹਿਤਰੀ ਕਰਨ ਲਈ ਵਰਤੋਂ ਦਾ ਆਦੇਸ਼ ਦਿੱਤਾ ਹੈ। ਮੌਜੂਦਾ ਸਿਆਸੀ ਅਤੇ ਧਾਰਮਿਕ ਆਗੂ ਇਸ ਗੁਰੂ ਦੀ ਗੋਲਕ ਨੂੰ ਆਪਣੇ ਨਿੱਜੀ ਨਾਵਾਂ ਅਤੇ ਪਰਿਵਾਰਕ ਮੈਂਬਰਾਂ ਨੂੰ ਚਮਕਾਉਣ ਲਈ ਅਤੇ ਅੱਗੇ ਲਿਆਉਣ ਲਈ ਖਰਚ ਕਰਕੇ ਦੁਰਵਰਤੋਂ ਕਰਨ ਵਿੱਚ ਮਸ਼ਰੂਫ ਹੋ ਗਏ ਹਨ ਜੋ ਕਿ ਵੱਡੀ ਤਰਾਸਦੀ ਹੈ।
ਫਿਰ ਐਸ ਜੀ ਪੀ ਸੀ ਵੱਲੋਂ ਆਪਣੀ ਕੌਮੀ ਜਿ਼ੰਮੇਵਾਰੀਆਂ ਆਲ ਇੰਡੀਆ ਗੁਰਦੁਆਰਾ ਐਕਟ ਨੂੰ ਹੋਂਦ ਵਿੱਚ ਲਿਆਉਣਾ, ਸਿੱਖ ਕੌਮ ਦੀ ਕਾਲੀ ਸੂਚੀ ਖਤਮ ਕਰਾਉਣ, ਅਨੰਦ ਮੈਰਿਜ ਐਕਟ ਬਣਾਉਣ, ਜ਼ੇਲ੍ਹਾਂ ਵਿੱਚ ਬੰਦੀ ਨੌਜਵਾਨਾਂ ਨੂੰ ਰਿਹਾਅ ਕਰਵਾਉਣ, ਸ਼ਹੀਦ ਪਰਿਵਾਰਾਂ ਨੂੰ ਮਾਇਕ ਸਹਾਇਤਾ ਦੇਣ, ਦੇਹਧਾਰੀ ਗੁਰੂਡੰਮ ਨੂੰ ਖਤਮ ਕਰਨ, ਭਰੂਣ ਹੱਤਿਆ, ਦਾਜ ਪ੍ਰਥਾ, ਜਾਤ ਪਾਤ ਅਤੇ ਅਮੀਰ ਗਰੀਬ ਦੇ ਪਾੜੇ ਨੂੰ ਖਤਮ ਕਰਨ, ਸਮਾਜਿਕ ਬਰਾਬਰਤਾ ਲਿਆਉਣ, ਸਿੱਖ ਰੈਫਰੇਂਸ ਲਾਇਬ੍ਰੇਰੀ ਦੇ ਇਤਿਹਾਸਿਕ ਦਸਤਾਵੇਜ਼ ਅਤੇ ਤੋਸੇਖਾਨੇ ਦੀਆਂ ਬਹੁਮੁੱਲੀਆਂ ਵਸਤਾਂ ਨੂੰ ਵਾਪਿਸ ਕਰਾਉਣ, ਦਸਤਾਰ ਦੇ ਫਰਾਂਸ ਦੇ ਮੁੱਦੇ ਨੂੰ ਹੱਲ ਕਰਵਾਉਣ ਅਤੇ ਸਰਬੱਤ ਦੇ ਭਲੇ ਦੇ ਮਿਸ਼ਨ ਨੂੰ ਪੂਰਨ ਕਰਨ ਵਿੱਚ ਬੁਰੀ ਤਰ੍ਹਾ ਫੇਲ੍ਹ ਹੋ ਚੁੱਕੀ ਹੈ ਅਤੇ ਆਪਣੀਆਂ ਧਾਰਮਿਕ ਜਿ਼ੰਮੇਵਾਰੀਆਂ ਤੋਂ ਮੂੰਹ ਮੋੜ ਚੁੱਕੀ ਹੈ। ਕੇਵਲ ਸ: ਬਾਦਲ ਦੀ ਕੱਠਪੁਤਲੀ ਬਣਕੇ ਕੰਮ ਕਰ ਰਹੀ ਹੈ, ਜਿਸ ਕਾਰਨ ਸਿੱਖ ਕੌਮ ਨਾਲ ਸੰਬੰਧਿਤ ਸਮੂਹ ਧਾਰਮਿਕ ਮੁੱਦੇ ਠੱਪ ਹੋ ਕੇ ਰਹਿ ਗਏ ਹਨ।
ਜਿੱਥੋਂ ਤੱਕ ਸਿਆਸੀ ਖੇਤਰ ਦਾ ਸਵਾਲ ਹੈ ਉਸ ਵਿੱਚ ਗੁਰੂ ਸਾਹਿਬਾਨ ਨੇ ਸਾਨੂੰ ਧਰਮੀ ਅਸੂਲਾਂ ਉੱਤੇ ਆਧਾਰਿਤ ਉੱਚੇ ਇਖਲਾਕ ਵਾਲੀ ਸਿਆਸਤ ਕਰਨ ਦਾ ਹੁਕਮ ਦਿੱਤਾ ਹੈ। ਲੇਕਿਨ ਲੰਮੇ ਸਮੇਂ ਤੋਂ ਇਹ ਦੇਖਣ ਵਿੱਚ ਆ ਰਿਹਾ ਹੈ ਕਿ ਧਰਮੀ ਕਾਇਦੇ-ਕਾਨੂੰਨਾਂ ਨੂੰ ਪੂਰਨ ਤੌਰ ‘ਤੇ ਅਲਵਿਦਾ ਕਹਿ ਕੇ ਧਰਮ ਦੀ ਸਿਆਸਤ ਨੂੰ ਚਮਕਾਉਣ ਲਈ ਦੁਰਵਰਤੋਂ ਕੀਤੀ ਜਾ ਰਹੀ ਹੈ। ਧਰਮ ਨੂੰ ਸਿਆਸਤ ਦਾ ਗੁਲਾਮ ਬਣਾ ਕੇ ਰੱਖ ਦਿੱਤਾ ਹੈ। ਜਿਸਦੇ ਨਤੀਜੇ ਕਦੀ ਵੀ ਦੂਰਦਰਸ਼ੀ ਨਹੀਂ ਨਿਕਲ ਸਕਦੇ। ਜਿਵੇਂ ਸ਼੍ਰੀ ਅਕਾਲ ਤਖਤ ਸਾਹਿਬ ਸਿੱਖ ਕੌਮ ਦਾ ਉਹ ਉੱਚ ਧਰਮ ਅਸਥਾਨ ਹੈ ਜਿੱਥੋਂ ਸਮੂਹ ਫੈਸਲੇ ਧਰਮ ਦੀ ਸੇਧ ਵਿੱਚ ਹੋਣੇ ਚਾਹੀਦੇ ਹਨ। ਉੱਥੇ ਕੀਤੇ ਜਾਣ ਵਾਲੇ ਫੈਸਲੇ ਸ: ਬਾਦਲ ਅਤੇ ਬਾਦਲ ਪਰਿਵਾਰ ਦੀ ਇੱਛਾ ਅਨੁਸਾਰ ਹੋਣ ਲੱਗ ਪਏ ਹਨ। ਕੋਈ ਵੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਕਾਇਮ ਰੱਖਣ ਲਈ ਸੁਹਿਰਦ ਨਹੀਂ ਹੈ। ਸਿਆਸੀ ਸੋਚ ਨੂੰ ਬਲ ਦੇਣ ਵਾਲੇ ਹੁਕਮਨਾਮੇ ਕੀਤੇ ਜਾ ਰਹੇ ਹਨ ਤਾਂ ਕਿ ਇਹਨਾਂ ਹੁਕਮਰਾਨਾਂ ਰਾਹੀਂ ਸਿਆਸੀ ਵਿਰੋਧੀਆਂ ਨੂੰ ਨੀਵਾਂ ਦਿਖਾਇਆ ਜਾ ਸਕੇ। ਮਨੁੱਖੀ ਅਤੇ ਇਨਸਾਨੀ ਗੱਲਾਂ ਨੂੰ ਬਿਲਕੁਲ ਤਿਆਗ ਦਿੱਤਾ ਗਿਆ ਹੈ। ਸਿਆਸਤ ਵਿੱਚ ਸਦਾਚਾਰੀ ਗੁਣਾਂ ਦੀ ਵੱਡੀ ਕਮੀ ਆ ਗਈ ਹੈ। ਪਰਿਵਾਰਵਾਦ, ਕੁਨਬਾਪ੍ਰਸਤੀ ਦੀ ਸੋਚ ਜਿਸਨੂੰ ਸਾਡੀ ਗੁਰਬਾਣੀ ਬਿਲਕੁਲ ਰੱਦ ਕਰਦੀ ਹੈ, ਉਸਦਾ ਬੋਲ ਬਾਲਾ ਹੈ। ਧਰਮ ਅਤੇ ਸਿਆਸੀ ਕਦਰਾ ਕੀਮਤਾਂ ਤੋਂ ਕੋਰੇ ਆਪੋ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਲੋਕਾਂ ਦੀ ਧਾਰਨਾ ਦੇ ਵਿਰੁੱਧ ਜਾ ਕੇ ਉੱਚ ਸਿਆਸੀ ਰੁਤਬੇ ਦੇ ਕੇ, ਕਾਬਲੀਅਤ ਅਤੇ ਸੀਨੀਆਰਤਾ ਵਾਲੀ ਇਨਸਾਫ ਪਸੰਦ ਸੋਚ ਦਾ ਜਨਾਜ਼ਾ ਕੱਢਿਆ ਜਾ ਰਿਹਾ ਹੈ। ਗੁਰੂ ਦੀ ਗੋਲਕ ਜਿਸਦੀ ਵਰਤੋਂ ਧਰਮੀ, ਤਾਲੀਮ, ਸਿਹਤ, ਇਖਲਾਕ ਦੇ ਪੱਧਰ ਨੂੰ ਉੱਚਾ ਚੁੱਕਣ ਵਿੱਚ ਹੋਣੀ ਚਾਹੀਦੀ ਹੈ, ਉਸਦੀ ਦੁਰਵਰਤੋਂ ਨਾਕਾਬਿਲ ਅਤੇ ਨਲਾਇਕ ਪੁੱਤਰਾਂ, ਧੀਆਂ, ਪਤਨੀਆਂ ਅਤੇ ਸੰਬੰਧੀਆਂ ਨੂੰ ਸਿਆਸਤ ਵਿੱਚ ਅਗਲੀਆਂ ਕਤਾਰਾਂ ਵਿੱਚ ਲਿਆਉਣ ਲਈ ਕੀਤੀ ਜਾ ਰਹੀ ਹੈ। ਜੋ ਕਿ ਨਿਘਾਰ ਦੀ ਨਿਸ਼ਾਨੀ ਹੈ।
ਜਿੱਥੋਂ ਤੱਕ ਸੱਭਿਆਚਾਰਕ ਅਤੇ ਸਮਾਜਿਕ ਖੇਤਰ ਦਾ ਸਵਾਲ ਆਉਂਦਾ ਹੈ ਮੌਜੂਦਾ ਸਿਆਸਤ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਿਜ਼ ਗੈਰਧਰਮੀ ਅਤੇ ਗੈਰ ਸਮਾਜਿਕ ਲੋਕਾਂ ਨੇ ਕਬਜ਼ੇ ਜਮ੍ਹਾ ਕੇ ਸਿੱਖੀ ਦੇ ਅਮੀਰ ਵਿਰਸੇ ਸੱਭਿਆਚਾਰ ਅਤੇ ਇਖਲਾਕ ਦਾ ਭੋਗ ਪਾ ਦਿੱਤਾ ਹੈ। ਅੱਜ ਸਿੱਖ ਬੱਚੇ ਬੱਚੀਆਂ ਆਪਣੇ ਸਿਰਾਂ ‘ਤੇ ਦਸਤਾਰ ਅਤੇ ਚੁੰਨੀਆਂ ਪਹਿਨਣ ਨੂੰ ਅਲਵਿਦਾ ਆਖ ਚੁੱਕੇ ਹਨ। ਰੋਮਾਂ ਦੀ ਘੋਰ ਬੇਅਦਬੀ ਹੋ ਰਹੀ ਹੈ। ਸਾਡੀ ਨੌਜਵਾਨੀ ਟੋਪੀਆਂ ਪਹਿਣਨ, ਕੰਨਾਂ ਵਿੱਚ ਮੁੱਦਰਾਂ ਪਾ ਕੇ ਮੋਬਾਈਲ ਅਤੇ ਮੋਟਰ ਸਾਈਕਲ ਦੀ ਦੁਰਵਰਤੋਂ ਕਰਕੇ ਮਟਰਗਸ਼ਤੀ ਕਰਨ ਨੂੰ ਆਪਣੇ ਸ਼ੋਕ ਸਮਝਣ ਲੱਗ ਪਈ ਹੈ। ਸਿੱਖ ਪਰਿਵਾਰਾਂ ਦੇ ਬੱਚੇ ਗੁਰਦੁਆਰੇ ਜਾਂ ਕਿਸੇ ਧਾਰਮਿਕ ਸਮਾਗਮਾਂ ਵਿੱਚ ਜਾਣ ਦੀ ਬਜਾਇ ਟੀ ਵੀ, ਡੀ ਵੀ ਡੀ ਆਦਿ ਉੱਤੇ ਫਿਲਮਾਂ ਵੇਖਣ, ਅਸੱਭਿਅਕ ਗੀਤ ਸੁਨਣ ਅਤੇ ਨਸਿ਼ਆਂ ਦੇ ਸੇਵਨ ਕਰਨ ਦੇ ਰੁਝਾਨ ਵਿੱਚ ਗ੍ਰਸਤ ਹੋ ਗਈ ਹੈ। ਸਿੱਖ ਕੌਮ ਦੀਆਂ ਬੱਚੀਆਂ ਜਿਹਨਾਂ ਦੇ ਤਨ ਉੱਤੇ ਸਲਵਾਰ ਕਮੀਜ਼ ਅਤੇ ਚੁੰਨੀਆਂ, ਦੁਪੱਟੇ ਹੋਣੇ ਚਾਹੀਦੇ ਹਨ, ਉਹ ਬੀਬੀਆਂ ਅਰਧ ਨਗਨ ਵਾਲੀਆਂ ਪੋਸ਼ਾਕਾਂ ਪਹਿਨਣ ਨੂੰ ਆਪਣੇ ਜਨਮ ਸਿੱਧ ਅਧਿਕਾਰ ਸਮਝਣ ਲੱਗ ਪਈਆਂ ਹਨ। ਕਿਸੇ ਕੌਮ ਦੀ ਤਰੱਕੀ ਅਤੇ ਨਿਘਾਰ ਦਾ ਅੰਦਾਜ਼ਾ ਉਸ ਕੌਮ ਦੇ ਬੱਚਿਆਂ ਦੀ ਰਫਤਾਰ, ਗੁਫਤਾਰ ਅਤੇ ਦਸਤਾਰ ਤੋਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਉਪਰੋਕਤ ਸਿੱਖ ਨੌਜਵਾਨੀ ਵਿੱਚ ਵੱਧਦੇ ਜਾ ਰਹੇ ਮੰਦਭਾਗੇ ਰੁਝਾਨ ਨੂੰ ਠੱਲ੍ਹਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ: ਪ੍ਰਕਾਸ਼ ਸਿੰਘ ਬਾਦਲ ਵੱਲੋਂ ਕੋਈ ਵੀ ਸੰਜੀਦਾ ਕਾਰਵਾਈ ਨਹੀਂ ਹੋ ਰਹੀ ਜੋ ਕਿ ਹੋਰ ਵੀ ਦੁੱਖਦਾਇਕ ਅਤੇ ਨਮੋਸ਼ੀਜਨਕ ਹੈ।
ਜਿੱਥੋਂ ਤੱਕ ਇਖਲਾਕੀ ਖੇਤਰ ਹੈ ਉਸ ਵਿੱਚ ਗੁਰੂ ਸਾਹਿਬਾਨ ਵੱਲੋਂ ਸਿੱਖ ਕੌਮ ਨੂੰ ਬਖਸਿ਼ਸ ਕੀਤੇ ਗਏ ਸਾਦਾ ਜੀਵਨ ਬਤੀਤ ਕਰਨ ਨੂੰ ਪੂਰਨ ਤੌਰ ਤੇ ਕੌਮ ਅਲਵਿਦਾ ਕਹਿ ਚੁੱਕੀ ਹੈ। ਸਿੱਖ ਕੌਮ ਦੀ ਬਹੁ ਸੰਮਤੀ ਪਦਾਰਥਵਾਦੀ ਬਣ ਕੇ ਗੈਰ ਇਖਲਾਕੀ ਅਤੇ ਗੈਰ ਕਾਨੂੰਨੀ ਢੰਗਾਂ ਰਾਹੀਂ ਜਮੀਨਾਂ, ਜਾਇਦਾਦਾਂ ਬਣਾਉਣ, ਅਲਾਸ਼ੀਨ ਬੰਗਲੇ ਅਤੇ ਕੀਮਤੀ ਕਾਰਾਂ ਬਣਾਉਣ ਦੀ ਦੌੜ ਵਿੱਚ ਸ਼ਾਮਿਲ ਹੋ ਚੁੱਕੀ ਹੈ। ਜਿੱਥੋਂ ਉੱਚੇ ਸੁੱਚੇ ਇਖਲਾਕ ਨੂੰ ਸੱਟ ਵੱਜਣ ਦੀ ਸ਼ੁਰੂਆਤ ਹੁੰਦੀ ਹੈ। ਅੱਜ ਅਸੀਂ ਸਮਾਜਿਕ ਬੁਰਾਈਆਂ ਭਰੂਣ ਹੱਤਿਆ, ਦਾਜ, ਵਹਿਮਾਂ ਭਰਮਾਂ, ਊਚ ਨੀਚ ਵਰਗੀਆਂ ਸਮਾਜਿਕ ਬੁਰਾਈਆਂ ਵਿੱਚ ਜਕੜ ਕੇ ਰਹਿ ਗਏ ਹਾਂ। ਸਾਡੇ ਰਵਾਇਤੀ ਆਗੂ ਅਖੌਤੀ ਡੇਰਿਆਂ ਅਤੇ ਜਾ ਕੇ ਦੇਹਧਾਰੀ ਗੁਰੂਆਂ ਨੂੰ ਨਮਸਤਕ ਹੋਣ ਦੇ ਮੰਦਭਾਗੇ ਰੁਝਾਨ ਵਿੱਚ ਗ੍ਰਸਤ ਹੋ ਚੁੱਕੇ ਹਨ। ਕਿਉਂਕਿ ਉਥੋਂ ਉਹਨਾਂ ਨੂੰ ਵੋਟਾਂ ਮਿਲਣ ਦੀ ਉਮੀਦ ਬੱਝੀ ਰਹਿੰਦੀ ਹੈ। ਰਵਾਇਤੀ ਆਗੂ ਜੋ ਵੀ ਕਾਰਵਾਈਆਂ ਕਰ ਰਹੇ ਹਨ, ਉਹ ਵੋਟ ਸਿਆਸਤ ਅਧੀਨ ਧਾਰਮਿਕ ਸੰਸਥਾ ਐਸ ਜੀ ਪੀ ਸੀ ਅਤੇ ਪੰਜਾਬ ਦੀ ਹਕੂਮਤ ਉੱਤੇ ਆਪਣੇ ਕਬਜਿ਼ਆਂ ਨੂੰ ਕਾਇਮ ਰੱਖਣ ਲਈ ਕਰ ਰਹੇ ਹਨ। ਸਿੱਖ ਕੌਮ ਤੇ ਬਾਦਲ ਦਲੀਆਂ ਨੂੰ ਇਹ ਜਾਣਕਾਰੀ ਹੈ ਕਿ ਬੀਜੇਪੀ, ਆਰ ਐਸ ਐਸ, ਬਜਰੰਗ ਦਲ, ਸਿ਼ਵ ਸੈਨਾ, ਵਿਸ਼ਵ ਹਿੰਦੂ ਪਰਿਸ਼ਦ ਆਦਿ ਸੰਗਠਨਾਂ ਨਾਲ ਸਿੱਖ ਕੌਮ ਦੀ ਸੋਚ ਦਾ ਕਿਸੇ ਤਰ੍ਹਾ ਦਾ ਵੀ ਮੇਲ ਨਹੀਂ ਅਤੇ ਨਾ ਹੀ ਸਿੱਖੀ ਅਸੂਲ ਅਤੇ ਸਿਧਾਂਤ ਅਜਿਹੇ ਫਿਰਕੂ ਸੰਗਠਨਾਂ ਨਾਲ ਕਿਸੇ ਤਰ੍ਹਾ ਦਾ ਰਾਬਤਾ ਕਾਇਮ ਰੱਖਣ ਦੀ ਇਜ਼ਾਜਤ ਦਿੰਦੇ ਹਨ। ਪਰ ਫਿਰ ਵੀ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਸਮੁੱਚਾ ਬਾਦਲ ਪਰਿਵਾਰ ਬੀਜੇਪੀ ਨਾਲ ਨੌਹ-ਮਾਸ ਦਾ ਅਟੁੱਟ ਰਿਸ਼ਤੇ ਦੀ ਗੱਲ ਇਸ ਲਈ ਕਰ ਰਿਹਾ ਹੈ ਤਾਂ ਕਿ ਹਿੰਦੂ ਵੋਟਰਾਂ ਦੇ ਸਹਿਯੋਗ ਨਾਲ ਹਕੂਮਤ ਉੱਤੇ ਕਬਜ਼ੇ ਕਰ ਸਕਣ। ਕਿਉਂਕਿ ਸਿੱਖ ਕੌਮ ਦੀ ਬਹੁਗਿਣਤੀ ਤਾਂ ਇਹਨਾਂ ਵਿਰੁੱਧ ਫਤਵਾ ਦੇ ਚੁੱਕੀ ਹੈ ਅਤੇ ਇਹਨਾਂ ਨੂੰ ਹਕੂਮਤ ਅਤੇ ਐਸ ਜੀ ਪੀ ਸੀ ਦੇ ਪ੍ਰਬੰਧ ਤੋਂ ਦੂਰ ਕਰਨਾ ਚਾਹੁੰਦੀ ਹੈ। ਪਰ ਸ: ਬਾਦਲ ਵੋਟ ਸਿਆਸਤ ਅਧੀਨ ਕਦੀ ਨਿਰੰਕਾਰੀਆਂ ਦੇ ਡੇਰੇ, ਕਦੀ ਭਨਿਆਰੇ ਵਾਲੇ ਦੇ, ਕਦੀ ਨੂਰਮਹਿਲੀਆ ਦੇ, ਕਦੀ ਸਿਰਸੇ ਵਾਲੇ ਦੇ ਅਤੇ ਹੁਣ ਬੱਲਾਂ ਵਾਲੇ ਡੇਰੇ ਜਾ ਕੇ ਨਮਸਤਕ ਹੋਣ ਦੇ ਆਦੀ ਹੋ ਗਏ ਹਨ। ਹੁਣ 80 ਲੱਖ ਰੁਪਏ ਪੰਜਾਬ ਦੇ ਖਜ਼ਾਨਿਆਂ ਵਿੱਚੋਂ ਖਰਚ ਕਰਕੇ ਬੱਲਾਂ ਵਾਲੇ ਡੇਰੇ ਦੇ ਦੇਹਧਾਰੀ ਦੀ ਮ੍ਰਿਤਕ ਦੇਹ ਨੂੰ ਵੀਆਨਾ ਤੋਂ ਪੰਜਾਬ ਲਿਆਂਦਾ ਗਿਆ ਜੋ ਕਿ ਗੈਰ ਸਿਧਾਂਤਕ ਕਾਰਵਾਈ ਹੈ ਅਤੇ ਪੰਜਾਬ ਦੇ ਖਜ਼ਾਨੇ ਦੀ ਵੱਡੀ ਦੁਰਵਰਤੋਂ ਹੈ।
Ø ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਗੈਰ ਧਾਰਮਿਕ, ਗੈਰ ਸਮਾਜਿਕ, ਗੈਰ ਇਖਲਾਕੀ, ਗੈਰ ਸੱਭਿਆਚਾਰਕ ਕਾਰਵਾਈਆਂ ਕਰਕੇ ਸ: ਬਾਦਲ ਅਤੇ ਉਸਦਾ ਪਰਿਵਾਰ ਸਿੱਖ ਕੌਮ ਦੀ ਦਿੱਖ ਅਤੇ ਪਹਿਚਾਣ ਨੂੰ ਕੌਮਾਂਤਰੀ ਪੱਧਰ ‘ਤੇ ਮਜ਼ਬੂਤ ਕਰਨ ਅਤੇ ਸਿੱਖ ਕੌਮ ਦੇ ਅਕਸ਼ ਨੂੰ ਸੁਧਾਰਨ ਵਿੱਚ ਕੀ ਯੋਗਦਾਨ ਪਾ ਰਹੇ ਹਨ। ਬੀ ਜੇ ਪੀ ਅਤੇ ਫਿਰਕੂ ਸੰਗਠਨਾਂ ਨਾਲ ਅਟੁੱਟ ਸੰਬੰਧ ਰੱਖ ਕੇ ਸਿੱਖ ਕੌਮ ਦੇ ਅਕਸ਼ ਨੂੰ ਹੋਰ ਰੋਸ਼ਨਾ ਰਹੇ ਹਨ ਜਾਂ ਧੁੰਦਲਾ ਕਰ ਰਹੇ ਹਨ।
Ø ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਇਜ਼ਾਰੇਦਾਰੀ ਕਾਇਮ ਕਰ ਰਹੇ ਹਨ ਜਾਂ ਪੰਚ ਪ੍ਰਵਾਨ ਪੰਚ ਪ੍ਰਧਾਨ ਦੇ ਹੁਕਮਾਂ ਅਨੁਸਾਰ ਸਰਵ ਪ੍ਰਵਾਨਿਤ ਸੋਚ ਨੂੰ ਮਜ਼ਬੂਤ ਕਰ ਰਹੇ ਹਨ।
Ø ਦੇਹਧਾਰੀ ਤੇ ਗੁਰੂਡੰਮ ਦੀ ਸਿੱਖ ਮਾਰੂ ਸੋਚ ਨੂੰ ਖਤਮ ਕਰ ਰਿਹੈ ਜਾਂ ਪ੍ਰਫੁੱਲਿਤ ਕਰ ਰਹੇ ਹਨ।
Ø ਸੱਭਿਆਚਾਰਕ ਵਿਰਸੇ ਨੂੰ ਕਾਇਮ ਰੱਖ ਰਹੇ ਹਨ ਜਾਂ ਮਿੱਠੇ ਜ਼ਹਿਰ ਦੀ ਤਰ੍ਹਾ ਅਮੀਰ ਵਿਰਸੇ ਨੂੰ ਖਤਮ ਕਰ ਰਹੇ ਹਨ।
Ø ਕੌਮੀ ਸਰਮਾਏ ਧਨ-ਦੌਲਤ ਦੇ ਖਜ਼ਾਨੇ ਨੂੰ ਵਧਾ ਰਹੇ ਹਨ ਜਾਂ ਦੁਰਵਰਤੋਂ ਕਰਕੇ ਖਜ਼ਾਨੇ ਖਾਲੀ ਕਰ ਰਹੇ ਹਨ।
Ø ਹਿੰਦੂਤਵ ਨਾਲ ਸਿੱਖ ਸਿਆਸਤ ਨੂੰ ਰਲਗਡ ਕਰਕੇ ਸਿੱਖ ਸੋਚ ਨੂੰ ਆਜ਼ਾਦੀ ਵੱਲ ਲਿਜਾ ਰਹੇ ਹਨ ਜਾਂ ਗੁਲਾਮੀਅਤ ਵੱਲ ਵਧਾ ਰਹੇ ਹਨ।
Ø ਟਕਸਾਲੀ ਆਗੂਆਂ ਅਤੇ ਵਰਕਰਾਂ ਨੂੰ ਨਜ਼ਰ ਅੰਦਾਜ਼ ਕਰਕੇ ਸਿੱਖੀ ਦੀਆਂ ਜੜ੍ਹਾਂ ਮਜ਼ਬੂਤ ਕਰ ਰਹੇ ਹਨ ਜਾਂ ਖੋਖਲੀਆਂ ਕਰ ਰਹੇ ਹਨ।
Ø ਪੰਜਾਬ ਦੀ ਨੌਜਵਾਨੀ ਨੂੰ ਖੇਡਾਂ ਅਤੇ ਸੱਭਿਆਚਾਰ ਵੱਲ ਪ੍ਰੇਰਿਤ ਕਰਨ ਦੀ ਜਿ਼ੰਮੇਵਾਰੀ ਨਿਭਾ ਰਹੇ ਹਨ ਜਾਂ ਨਸਿ਼ਆਂ ਅਤੇ ਸਮੱਗਲਿੰਗ, ਥਾਂ ਥਾਂ ‘ਤੇ ਠੇਕੇ ਖੋਲ ਕੇ ਨੌਜਵਾਨੀ ਨੂੰ ਕਮਜ਼ੋਰ ਕਰ ਰਹੇ ਹਨ।
Ø ਪੰਜਾਬ ਦੇ ਦਰਿਆਵਾਂ, ਨਹਿਰਾਂ ਦੇ ਕੀਮਤੀ ਪਾਣੀਆਂ ਨੂੰ ਦੂਸਰੇ ਸੂਬਿਆਂ ਨੂੰ ਵੰਡ ਕੇ ਪੰਜਾਬ ਦੀ ਧਰਤੀ ਨੂੰ ਉਪਜਾਊ ਬਣਾ ਰਹੇ ਹਨ ਜਾਂ ਬੰਜਰ ਕਰ ਰਹੇ ਹਨ।
Ø ਅਡਵਾਨੀ ਵਰਗੇ ਸਿੱਖਾਂ ਦੇ ਕਾਤਿਲ ਨੂੰ ਮੁਲਕ ਦਾ ਵਜ਼ੀਰ ਏ ਆਜਿ਼ਮ ਬਣਾਉਣ ਦੀ ਗੱਲ ਕਰਕੇ ਸਿੱਖ ਕੌਮ ਨੂੰ ਪ੍ਰਫੁੱਲਿਤ ਕਰਨ ਦੀ ਗੱਲ ਕਰ ਰਹੇ ਹਨ ਜਾਂ ਘਸਿਆਰਾ ਬਣਾਉਣ ਦੀ ਗੱਲ ਕਰ ਰਹੇ ਹਨ।
Ø ਆਪਣੇ ਨਾਕਾਬਿਲ ਪੁੱਤਰਾਂ, ਧੀਆਂ, ਭਤੀਜਿਆਂ, ਜਵਾਈਆਂ, ਨੂੰਹਾਂ ਆਦਿ ਨੂੰ ਸਿਆਸਤ ਵਿੱਚ ਅੱਗੇ ਲਿਆ ਕੇ ਉੱਚ ਕਦਰਾਂ ਕੀਮਤਾਂ ਕਾਇਮ ਕਰਨ ਵਿੱਚ ਯੋਗਦਾਨ ਪਾ ਰਹੇ ਹਨ ਜਾਂ ਸਿਆਸਤ ਤੇ ਇਖਲਾਕ ਨੂੰ ਨਿਘਾਰ ਵੱਲ ਲਿਜਾ ਰਹੇ ਹਨ।
Ø ਗੁਰਦੁਆਰਿਆਂ ਵਿੱਚ ਹਰ ਹਰ ਮਹਾਂਦੇਵ ਦੇ ਨਾਅਰੇ ਲਗਵਾ ਕੇ ਅਤੇ ਫਿਰਕੂਆਂ ਨੂੰ ਸਿਰੋਪਾਓ ਦੇ ਕੇ ਸਿੱਖੀ ਦੇ ਬੋਲਬਾਲੇ ਕਰ ਰਹੇ ਹਨ ਜਾਂ ਹਿੰਦੂਤਵ ਦੇ।
Ø ਤਖਤਾਂ ਦੇ ਜਥੇਦਾਰਾਂ ਨੂੰ ਹੁਕਮ ਦੇ ਕੇ ਫੈਸਲੇ ਕਰਾਉਣ ਦੀ ਕਾਰਵਾਈ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਬਰਕਰਾਰ ਰੱਖਣ ਵਾਲੀ ਹੈ ਜਾਂ ਚੁਣੌਤੀ ਦੇਣ ਵਾਲੀ।
Ø ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਕੁਰਸੀ ਡਾਹ ਕੇ ਬੈਠਣ ਅਤੇ ਦੇਹਧਾਰੀਆਂ ਅੱਗੇ ਭੁੰਜੇ ਬਹਿ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਕਾਇਮ ਕਰ ਰਹੇ ਹਨ ਜਾਂ ਅਪਮਾਨ ਕਰ ਰਹੇ ਹਨ।
Ø ਦੇਹਧਾਰੀਆਂ ਦੀਆਂ ਮ੍ਰਿਤਕ ਦੇਹਾਂ ਚਾਰਟਰਡ ਜਹਾਜਾਂ ਰਾਹੀਂ ਸਰਕਾਰੀ ਖਰਚੇ ‘ਤੇ ਮੰਗਵਾ ਕੇ ਦੇਹਧਾਰੀ ਸੋਚ ਨੂੰ ਰੱਦ ਕਰ ਰਹੇ ਹਨ ਜਾਂ ਮਾਨਤਾ ਦੇ ਰਹੇ ਹਨ।
25 ਸਾਲਾਂ ਦਾ ਲੰਮਾ ਸਮਾਂ ਗੁਜ਼ਰਨ ਉਪਰੰਤ ਵੀ ਸਾਨੂੰ ਇਹ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦਾ ਸਸਕਾਰ ਕਿੱਥੇ ਕੀਤਾ ਗਿਆ ਸੀ, ਉਹਨਾਂ ਦੇ ਫੁੱਲ ਕਿੱਥੇ ਪਾਏ ਗਏ ਸਨ, ਅਤੇ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਭੋਗ ਕਿੱਥੇ ਪਾਏ ਗਏ ਸਨ? ਸ: ਬਾਦਲ ਜਿਹੜੇ ਦੇਹਧਾਰੀਆਂ ਦੇ ਸਸਕਾਰ ਅਤੇ ਭੋਗ ਰਸਮਾਂ ਤੇ ਜਾ ਕੇ ਦੇਹਧਾਰੀ ਸਿੱਖੀ ਮਾਰੂ ਸੋਚ ਨੂੰ ਪ੍ਰਫੁੱਲਿਤ ਕਰ ਰਹੇ ਹਨ, ਕੀ ਉਹ ਦੱਸਣਗੇ ਕਿ ਸੰਤਾਂ ਦਾ ਸਸਕਾਰ, ਫੁੱਲਾਂ ਦੀ ਅਤੇ ਭੋਗ ਦੀ ਰਸਮ ਕਿੱਥੇ ਕੀਤੀ ਗਈ। 25 ਸਾਲ ਗੁਜ਼ਰਨ ਉਪਰੰਤ ਸਿੱਖ ਕੌਮ ਦੀਆਂ ਅਮੁੱਲ ਕੀਮਤੀ ਵਸਤਾਂ ਅਤੇ ਇਤਿਹਾਸਿਕ ਲਿਖਤਾਂ ਅੱਜ ਤੱਕ ਵਾਪਿਸ ਕਿਉਂ ਨਹੀਂ ਕਰਵਾਈਆਂ ਗਈਆਂ। ਸਿੱਖ ਕੌਮ ਦੇ 1984 ਵਿੱਚ ਬਲਿਊ ਸਟਾਰ ਦੀ ਕਾਰਵਾਈ ਸਮੇਂ ਸ਼ਹੀਦ ਹੋਏ ਸਿੰਘਾਂ ਦੀ ਯਾਦ ਵਿੱਚ ਸ਼੍ਰੀ ਦਰਬਾਰ ਸਾਹਿਬ ਸਮੂਹ ਕੰਪਲੈਕਸ ਵਿੱਚ ਅੱਜ ਤੱਕ ਉਹਨਾਂ ਦੀ ਯਾਦਗਾਰ ਮੀਨਾਰ ਏ ਸ਼ਹੀਦਾਂ ਕਿਉਂ ਨਹੀਂ ਕਾਇਮ ਕੀਤਾ ਗਿਆ। ਜਦੋਂ ਕਿ 2002 ਵਿੱਚ ਐਸ ਜੀ ਪੀ ਸੀ ਨੇ ਇਹ ਸਮਾਰਕ ਬਣਾਉਣ ਦਾ ਮਤਾ ਵੀ ਪਾਸ ਕਰ ਚੁੱਕੀ ਹੈ। ਫਿਰ ਇਸ ਮਤੇ ਨੂੰ ਅਮਲੀ ਰੂਪ ਦੇਣ ਤੋਂ ਹਿਚਕਚਾਹਟ ਕਿਉਂ ਕੀਤੀ ਜਾ ਰਹੀ ਹੈ।
ਜੇਕਰ ਉਪਰੋਕਤ ਉੱਠੇ ਸਵਾਲਾਂ ਦੇ ਜਵਾਬ ਕੌਮ ਕੋਲ ਨਾਂਹ ਵਿੱਚ ਹਨ ਤਾਂ ਸਿੱਖ ਕੌਮ ਨੂੰ ਸੰਜੀਦਗੀ ਨਾਲ ਇਹ ਸੋਚਣਾ ਪਵੇਗਾ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਪਵਿੱਤਰ ਧਰਤੀ ‘ਤੇ ਲੜੀ ਜਾਣ ਵਾਲੀ ਧਾਰਮਿਕ ਲੜਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਕਿਹੋ ਜਿਹੀਆਂ ਸਖਸੀਅਤਾਂ, ਨੁਮਾਇੰਦਿਆਂ ਨੂੰ ਅੱਗੇ ਲਿਆਉਣਾ ਹੈ ਜੋ ਇਮਾਨਦਾਰੀ ਅਤੇ ਦ੍ਰਿੜਤਾ ਨਾਲ ਧਰਮ ਉੱਤੇ ਪਏ ਹੋਏ ਸਿਆਸੀ ਕੁੰਡੇ ਦੀਆਂ ਜ਼ੰਜੀਰਾਂ ਨੂੰ ਤੋੜ ਕੇ ਧਰਮ ਨੂੰ ਸਿਆਸਤ ਤੋਂ ਉੱਪਰ ਲਿਜਾਉਣ ਦੀ ਸਮਰੱਥਾ ਰੱਖਦੇ ਹੋਣ ਅਤੇ ਜਦੋਂ ਵੀ ਪੰਜਾਬ ਅਤੇ ਸਿੱਖ ਕੌਮ ਦੀ ਸਿਆਸਤ ਦੀਆ ਚੋਣਾਂ ਹੋਣ, ਉਸ ਵਿੱਚ ਧਾਰਮਿਕ, ਸਮਾਜਿਕ, ਸੱਭਿਆਚਾਰਕ, ਸਿਆਸੀ ਅਤੇ ਇਖਲਾਕੀ ਕਦਰਾਂ ਕੀਮਤਾਂ ਨੂੰ ਕਾਇਮ ਰੱਖਣ ਵਾਲੀਆਂ ਸਖਸੀਅਤਾਂ ਅਤੇ ਨੁਮਾਇੰਦਿਆਂ ਦੀ ਬਹੁਗਿਣਤੀ ਨੂੰ ਅੱਗੇ ਲਿਆਉਣ ਦੀ ਸੋਚ ਉੱਤੇ ਪਹਿਰਾ ਦੇਣ ਵਾਲੇ ਹੋਣ। ਸਿੱਖ ਕੌਮ ਨੇ ਕਈ ਵਾਰ ਉਪਰੋਕਤ ਰਵਾਇਤੀ ਆਗੂਆਂ ਦੇ ਫਰੇਬ-ਧੋਖੇ ਵੇਖ ਲਏ ਹਨ। ਇਸ ਲਈ ਸਿੱਖ ਕੌਮ ਨੂੰ ਚਾਹੀਦਾ ਹੈ ਕਿ ਸਿੱਖ ਕੌਮ ਦੀ ਮੰਝਧਾਰ ਵਿੱਚ ਡਿਕਡੋਲੇ ਖਾਂਦੀ ਬੇੜੀ ਨੂੰ ਸੂਝਵਾਨਤਾ ਅਤੇ ਦਲੇਰੀ ਨਾਲ ਕੰਢੇ ‘ਤੇ ਲਾਇਆ ਜਾਵੇ। ਇਹ ਤਦ ਹੀ ਹੋ ਸਕੇਗਾ ਜੇਕਰ ਸਿੱਖ ਕੌਮ ਰਵਾਇਤੀ ਆਗੂਆਂ ਵੱਲੋਂ ਅਜਿਹੇ ਸਮੇ ਧਨ-ਦੌਲਤਾਂ ਅਤੇ ਲਾਲਸਾਵਾਂ ਦੇ ਖੋਲ੍ਹੇ ਜਾਣ ਵਾਲੇ ਭੰਡਾਰਾਂ ਤੋਂ ਨਿਰਲੇਪ ਰਹਿ ਕੇ ਗੁਰੂ ਸਾਹਿਬਾਨ ਦੀ ਮਨੁੱਖਤਾ ਪੱਖੀ ਸਰਬੱਤ ਦੇ ਭਲੇ ਵਾਲੀ ਅਤੇ ਬਰਾਬਰਤਾ ਦੇ ਅਧਿਕਾਰ ਪ੍ਰਦਾਨ ਕਰਨ ਵਾਲੀ ਸੋਚ ਉੱਤੇ ਅਮਲ ਕਰ ਸਕੇ। ਆਪਣੀ ਧਾਰਮਿਕ ਸੰਸਥਾ ਅਤੇ ਪੰਜਾਬ ਦੀ ਹਕੂਮਤ ਉੱਤੇ ਉੱਚੇ ਇਖਲਾਕ ਵਾਲੀਆਂ ਸਖਸੀਅਤਾਂ ਨੂੰ ਬਿਰਾਜਮਾਨ ਕਰਨ ਲਈ ਸਮੇ ਦੀ ਨਜ਼ਾਕਤ ਨੂੰ ਪਹਿਚਾਣ ਕੇ ਉੱਦਮ ਕਰ ਸਕੇ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਸ ਗੱਲ ਦੀ ਪੂਰਨ ਉਮੀਦ ਅਤੇ ਵਿਸ਼ਵਾਸ ਕਰਦਾ ਹੈ ਕਿ ਸਿੱਖ ਕੌਮ ਬੀਤੇ ਸਮੇਂ ਅਤੇ ਮੌਜੂਦਾ ਸਮੇਂ ਦੀਆਂ ਕਾਰਵਾਈਆਂ ਅਤੇ ਨਤੀਜਿਆਂ ਨੂੰ ਮੱਦੇਨਜ਼ਰ ਰੱਖਦੀ ਹੋਈ ਆਉਣ ਵਾਲੇ ਸਮੇਂ ਵਿੱਚ ਅਜਿਹੀ ਕੌਮ ਪੱਖੀ ਉਸਾਰੂ ਭੂਮਿਕਾ ਨਿਭਾਏਗੀ, ਜਿਸ ਨਾਲ ਸਿੱਖ ਕੌਮ ਦੀਆਂ ਦੁਸ਼ਮਣ ਜਮਾਤਾਂ ਕਾਂਗਰਸ, ਭਾਜਪਾ ਅਤੇ ਹੋਰ ਫਿਰਕੂ ਦਲ ਰਵਾਇਤੀ ਆਗੂਆਂ ਦੀ ਦੁਰਵਰਤੋਂ ਨਾ ਕਰ ਸਕਣ ਅਤੇ ਸਿੱਖ ਕੌਮ ਆਪਣੀ ਆਜ਼ਾਦੀ ਦੀ ਮੰਜਿ਼ਲ ਏ ਮਕਸੂਦ ਤੇ ਪਹੁੰਚਣ ਲਈ ਆਪਣੀਆਂ ਚਾਰੇ ਦਿਸ਼ਾਵਾਂ ਤੋਂ ਹੋਣ ਵਾਲੇ ਹਮਲਿਆਂ ਨੂੰ ਸੂਝਵਾਨਤਾ ਨਾਲ ਰੋਕਦੀ ਹੋਈ ਅਤੇ ਨੱਕ ਦੀ ਸੇਧ ਵਿੱਚ ਆਪਣੀ ਮੰਜਿ਼ਲ ਵੱਲ ਅਵੱਸ਼ ਵਧੇਗੀ ਅਤੇ ਖਾਲਿਸਤਾਨ ਨੂੰ ਹਰ ਕੀਮਤ ‘ਤੇ ਕਾਇਮ ਕਰਕੇ ਰਹੇਗੀ।