ਅੰਮ੍ਰਿਤਸਰ- ਜੰਡਪੀਰ ਕਲੋਨੀ ਵਿਚ ਰਹਿਣ ਵਾਲਾ ਤਿੰਨ ਮਸੂਮ ਬੱਚਿਆਂ ਦਾ ਪਿਓ ੳਸੇ ਕਲੋਨੀ ਵਿਚ ਰਹਿਣ ਵਾਲੀ ਵਿਆਹੁਤਾ ਅਤੇ ਦੋ ਬੱਚਿਆਂ ਦੀ ਮਾਂ ਨੂੰ ਲੈ ਕੇ ਫਰਾਰ ਹੋ ਗਿਆ। ਦੋਵਾਂ ਨੇ ਨਾਂ ਤਾਂ ਆਪਣੇ ਬੱਚਿਆਂ ਦੀ ਪ੍ਰਵਾਹ ਕੀਤੀ ਹੈ ਅਤੇ ਨਾਂ ਹੀ ਸਮਾਜ ਦੀ।
ਦੂਸਰੇ ਪਾਸੇ ਪੀੜਤ ਪਤੀ ਅਤੇ ਫਰਾਰ ਹੋਏ ਵਿਅਕਤੀ ਦੀ ਪੀੜਤ ਪਤਨੀ ਕਨੂੰਨੀ ਸਹਾਇਤਾ ਲੈਣ ਲਈ ਕਚੈਹਿਰੀ ਪਹੁੰਚੇ। ਜੰਡਪੀਰ ਕਲੋਨੀ ਦੇ ਨਿਵਾਸੀ ਮਨੋਜ ਕੁਮਾਰ (34) ਦਾ ਕਹਿਣਾ ਹੈ ਕਿ ਉਹ ਮੂਲ ਰੂਪ ਵਿਚ ਕਲਕਤੇ ਦਾ ਰਹਿਣ ਵਾਲਾ ਹੈ। ਉਹ 1994 ਵਿਚ ਇਥੇ ਆਇਆ ਸੀ ਅਤੇ ਸ਼ਰਾਬ ਦੇ ਠੇਕੇ ਤੇ ਸੇਲਜਮੈਨ ਦਾ ਕੰਮ ਕਰਨ ਲਗਿਆ ਸੀ। 2001 ਵਿਚ ਉਸਦਾ ਵਿਆਹ ਕੋਟ ਖਾਲਸਾ ਦੀ ਸਵਿਤਾ ਨਾਲ ਹੋਇਆ ਸੀ। ਮਨੋਜ ਕੁਮਾਰ ਦਾ ਬੇਟਾ 8 ਸਾਲ ਦਾ ਅਤੇ ਬੇਟੀ ਦੀ ਉਮਰ 4 ਸਾਲ ਹੈ। ਹਰਜਿੰਦਰ ਦੇ ਸਹੁਰੇ ਜੰਡਪੀਰ ਕਲੋਨੀ ਵਿਚ ਹਨ। ਹਰਜਿੰਦਰ ਦੀ ਸਾਲੀ ਉਸਦੀ ਪਤਨੀ ਦੀ ਸਹੇਲੀ ਸੀ। ਉਹ ਹਰਜਿੰਦਰ ਅਤੇ ਆਪਣੀ ਪਤਨੀ ਦੇ ਨਜਾਇਜ ਸਬੰਧਾਂ ਤੋਂ ਬਿਲਕੁਲ ਅਨਜਾਣ ਸੀ। ਉਸ ਨੂੰ ਇਸ ਗੱਲ ਦਾ ਪਤਾ ਉਸ ਸਮੇਂ ਲਗਿਆ ਜਦੋਂ ਹਰਜਿੰਦਰ ਅਤੇ ਉਸ ਦੀ ਪਤਨੀ ਦੋਵੇਂ ਫਰਾਰ ਹੋ ਗਏ।
ਦੂਸਰੇ ਪਾਸੇ ਹਰਜਿੰਦਰ ਦੀ ਪਤਨੀ ਦਾ ਕਹਿਣਾ ਹੈ ਕਿ ਉਸ ਦਾ ਵਿਆਹ 2000 ਵਿਚ ਹੋਇਆ ਸੀ। ਉਸ ਦੇ ਦੋ ਬੇਟੇ 7 ਸਾਲ ਅਤੇ 8 ਮਹੀਨੇ ਦੀ ਉਮਰ ਦੇ ਹਨ ਅਤੇ ਇਕ 5 ਸਾਲ ਦੀ ਉਮਰ ਦੀ ਬੇਟੀ ਹੈ। ਉਸ ਦਾ ਪਤੀ ਪਹਿਲਾਂ ਪਲੇਦਾਰੀ ਦਾ ਕੰਮ ਕਰਦਾ ਸੀ। ਫਰਾਰ ਹੋਣ ਤੋਂ ਤਿੰਨ ਦਿਨ ਪਹਿਲਾਂ ਉਸ ਨੇ ਜੂਸ ਦੀ ਰੇਹੜੀ ਲਗਾਉਣੀ ਸ਼ੁਰੂ ਕੀਤੀ ਸੀ। ਉਹ ਬਹੁਤ ਪਰੇਸ਼ਾਨ ਹੈ ਕਿ ਉਹ ਆਪਣੇ ਬੱਚਿਆਂ ਦਾ ਪਾਲਣ ਪੋਸਣ ਕਿਸ ਤਰ੍ਹਾਂ ਕਰੇ। ਉਸ ਨੂੰ ਤਾਂ ਰੋਟੀ ਦੇ ਲਾਲੇ ਪੈ ਗਏ ਹਨ।
ਮਨੋਜ ਕੁਮਾਰ ਤੇ ਉਸ ਦੇ ਸਹੁਰਿਆਂ ਨੇ ਕੇਸ ਦਰਜ ਕਰਵਾਇਆ ਹੋਇਆ ਹੈ ਕਿ ਉਨ੍ਹਾਂ ਦੀ ਲੜਕੀ ਦੀ ਹਤਿਆ ਕਰਨ ਦੀ ਨੀਤ ਨਾਲ ਉਸ ਨੂੰ ਗੁੰਮ ਕੀਤਾ ਹੋਇਆ ਹੈ। ਉਸ ਦਾ ਮਕਾਨ ਵੀ ਪਤੀ ਪਤਨੀ ਦੋਵਾਂ ਦੇ ਨਾਂ ਤੇ ਸਾਂਝਾ ਹੈ। ਜਦੋਂ ਕਿ ਦੂਸਰੇ ਦੋ ਪਲਾਟ ਉਸ ਦੀ ਪਤਨੀ ਦੇ ਨਾਂ ਤੇ ਹਨ। ਉਸ ਦੀ ਮਾਂ ਵੀ ਕਲਕਤੇ ਤੋਂ ਉਸ ਕੋਲ ਪਹੁੰਚ ਗਈ ਹੈ। ਮਨੋਜ ਅਤੇ ਉਸ ਦੀ ਮਾਂ ਨੇ ਐਸਐਸਪੀ ਦੇ ਸਾਹਮਣੇ ਪੇਸ਼ ਹੋ ਕੇ ਕੇਸ ਦੀ ਦੁਬਾਰਾ ਜਾਂਚ ਕਰਨ ਦੀ ਮੰਗ ਕੀਤੀ ਹੈ। ਇਸ ਤੇ ਐਸਐਸਪੀ ਨੇ ਕੇਸ ਦੀ ਦੁਬਾਰਾ ਜਾਂਚ ਦੇ ਹੁਕਮ ਦੇ ਦਿਤੇ ਹਨ।