ਸਾਂਭਦਾ ਸੀ ਸੱਭ ਨੂੰ ਵਾਂਗ ਪੁੱਤਾਂ ਉਸ ਪੰਜਾਬ ਨੂੰ ਕੀ ਹੋ ਗਿਆ
ਦਸਦੀ ਸੀ ਰਾਹ ਜਿਊਣ ਦੇ ਖਬਰੇ ਉਸ ਕਿਤਾਬ ਨੂੰ ਕੀ ਹੋ ਗਿਆ
ਕਿਸੇ ਨੂੰ ਕਹੀਏ ਕੀ ਦੱਸ ਰੁੱਖ ਜਦ ਆਪਣਿਆ ਨੂੰ ਹੀ ਮਾਰਦੇ
ਜੋ ਲਹੂ ਪਾ ਵੱਡਾ ਕੀਤਾ ਪਤਾ ਨਹੀ ਉਸ ਗੁਲਾਬ ਨੂੰ ਕੀ ਹੋ ਗਿਆ
ਘਰਾਂ ਦਰਾਂ ਤੇ ਖ਼ੂਨ ਹੈ ਅਤੇ ਗਲੀਆਂ ਰਾਹ ਸੂਹੇ ਜੇਹੇ
ਪਾਉਂਦਾ ਸੀ ਜੋ ਮੁਹੱਬਤ ਦੀ ਬਾਤ ਉਸ ਚਨਾਬ ਨੂੰ ਕੀ ਹੋ ਗਿਆ
ਬਹੁਤ ਚਿਰ ਗਾਉਂਦੀ ਰਹੀ ਸੁਰ ਤਾਲ ਦੇ ਅੱਥਰੂ
ਲੱਗਾ ਪਤਾ ਨਾ ਪਲਾਂ ਚ ਉਸ ਰਬਾਬ ਨੂੰ ਕੀ ਹੋ ਗਿਆ
ਆਈ ਕਿਤਿਓਂ ਲੱਗੀ ਕਿਤੇ ਸ਼ਹਿਰਾਂ ਦੇ ਸ਼ਹਿਰ ਖਾ ਗਈ
ਡੈਣ ਬਣੀ ਕੋਈ ਅੱਗ ਸੀ ਖਬਰੇ ਓਹਦੇ ਸ਼ਬਾਬ ਨੂੰ ਕੀ ਹੋ ਗਿਆ
ਅੱਲ੍ਹਾ ਦੇ ਨਾਂ ਕੋਈ ਤੁਰ ਗਿਆ ਦੱਸਦਾ ਸੀ ਭੇਤ ਰੱਬ ਦੇ
ਬੜਾ ਹਿਸਾਬੀ ਸੀ ਬੰਦਾ ਖਬਰੇ ਓਦੇ ਹਿਸਾਬ ਨੂੰ ਕੀ ਹੋ ਗਿਆ