ਅੰਮ੍ਰਿਤਸਰ, - ਸ੍ਰ ਬਿਕਰਮ ਸਿੰਘ ਮਜੀਠੀਆ,ਵਿਧਾਇਕ ਹਲਕਾ ਮਜੀਠਾ ਅਤੇ ਸਰਪ੍ਰਸਤ ਯੂਥ ਅਕਾਲੀ ਦਲ ਦੀ ਮੌਜੂਦਗੀ ਵਿੱਚ ਅੱਜ ਸ੍ਰ ਹਰਭਜਨ ਸਿੰਘ ਸੁਪਾਰੀਵਿੰਡ ਨੇ ਦਾਣਾ ਮੰਡੀ ਮਜੀਠਾ ਦੇ ਨੇੜੇ ਸਥਿਤ ਦਫ਼ਤਰ ਵਿਖੇ ਬਤੌਰ ਚੇਅਰਮੈਨ ਮਾਰਕੀਟ ਕਮੇਟੀ ਮਜੀਠਾ ਵਜੋਂ ਆਹੁਦਾ ਸੰਭਾਲਿਆ।
ਇਸ ਮੌਕੇ ਸ੍ਰ ਹਰਭਜਨ ਸਿੰਘ ਸੁਪਾਰੀਵਿੰਡ ਨੂੰ ਵਧਾਈ ਦਿੰਦਿਆਂ ਸ੍ਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸ੍ਰ ਸੁਪਾਰੀਵਿੰਡ ਪੁਰਾਣੇ ਟਕਸਾਲੀ ਆਗੂ ਅਤੇ ਮਜੀਠਾ ਸਰਕਲ ਦੇ ਪ੍ਰਧਾਨ ਵਜੋਂ ਤਨਦੇਹੀ ਨਾਲ ਅਕਾਲੀ ਪਾਰਟੀ ਦੀ ਸੇਵਾ ਕਰਦੇ ਰਹੇ ਹਨ। ਉਨ੍ਹਾਂ ਆਸ ਕੀਤੀ ਕਿ ਸ੍ਰ ਸੁਪਾਰੀਵਿੰਡ ਪਹਿਲਾਂ ਵਾਂਗ ਹੀ ਪੂਰੀ ਇਮਾਨਦਾਰੀ ਨਾਲ ਕੰਮ ਕਰਨਗੇ ਅਤੇ ਨਵੇਂ ਮਿਲੇ ਆਹੁਦੇ ਦੀ ਜਿੰਮੇਵਾਰੀ ਨੂੰ ਨਿਭਾਉਣਗੇ। ਸ੍ਰ ਮਜੀਠੀਆ ਨੇ ਅੱਗੇ ਕਿਹਾ ਕਿ ਸ੍ਰ ਪਰਕਾਸ਼ ਸਿੰਘ ਬਾਦਲ, ਮੁੱਖ ਮੰਤਰੀ ਪੰਜਾਬ ਅਤੇ ਸ੍ਰ ਸੁਖਬੀਰ ਸਿੰਘ ਬਾਦਲ, ਉਪ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਪੰਜਾਬ ਦੇ ਅਰਥਚਾਰੇ ਨੂੰ ਮਜਬੂਤ ਕਰਨ ਅਤੇ ਵਿਕਾਸ ਲਈ ਲੋੜੀਂਦੇ ਮੁੱਢਲੇ ਢਾਂਚੇ ਦੀ ਉਸਾਰੀ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ, ਜਿਸ ਸਦਕਾ ਮਜੀਠਾ ਹਲਕੇ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਮੰਡੀਆਂ ਦਾ ਵਿਸਥਾਰ ਅਤੇ ਸੁਧਾਰ ਕੀਤਾ ਗਿਆ, ਸੜਕਾਂ ਦੀ ਮੁਰੰਮਤ ਅਤੇ ਸੀਵਰੇਜ ਪ੍ਰਣਾਲੀ ਵਿੱਚ ਸੁਧਾਰ ਅਤੇ ਬਿਜਲੀ ਸਪਲਾਈ ਲਈ ਨਵੀਂਆਂ ਗਰਿਡਾਂ ਉਸਾਰਨ ਤੋਂ ਇਲਾਵਾ ਸਾਫ ਸੁਥਰੇ ਪੀਣ ਵਾਲੇ ਪਾਣੀ ਦੀ ਸਪਲਾਈ ਘਰ ਘਰ ਯਕੀਨੀ ਬਣਾਉਣ ਲਈ ਯੋਗ ਉਪਰਾਲੇ ਕੀਤੇ ਗਏ ਹਨ।
ਬੀਤੇ ਦਿਨੀਂ ਹੋਈਆਂ ਲੋਕ ਸੁਭਾਈ ਚੋਣਾਂ ਦੌਰਾਨ ਅਕਾਲੀ-ਭਾਜਪਾ ਆਗੂ ਸ੍ਰ ਨਵਜੋਤ ਸਿੰਘ ਸਿੱਧੂ ਨੂੰ ਹਲਕਾ ਮਜੀਠਾ ਤੋਂ ਵੱਡੀ ਜਿੱਤ ਦਿਵਾ ਕੇ ਅਕਾਲੀ-ਭਾਜਪਾ ਸਰਕਾਰ ਦੀਆਂ ਪਾਲਿਸੀਆਂ ਵਿੱਚ ਆਪਣਾ ਵਿਸ਼ਵਾਸ਼ ਜਿਤਾਉਣ ਲਈ ਸ੍ਰ ਮਜੀਠੀਆ ਨੇ ਇਸ ਮੌਕੇ ਹਾਜਰ ਲੋਕਾਂ ਦੇ ਭਰਵੇਂ ਇਕੱਠ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਹ ਹਲਕਾ ਮਜੀਠਾ ਦੇ ਲੋਕਾਂ ਵੱਲੋਂ ਦਰਸਾਏ ਵਿਸ਼ਵਾਸ਼ ਨੂੰ ਬਣਾਏ ਰੱਖਣਗੇ ਅਤੇ ਮਜੀਠਾ ਹਲਕੇ ਨੂੰ ਵਿਕਾਸ ਦੇ ਉਸ ਸ਼ਿਖਰ ਤੇ ਲਿਜਾਣ ਲਈ ਤਨੋ-ਮਨੋ ਉਪਰਾਲੇ ਕਰਨਗੇ ਜਿਥੇ ਪੁਜ ਕੇ ਲੋਕ ਇਸ ਹਲਕੇ ਨੂੰ ਸੋਨੇ ਦੀ ਚਿੜੀ ਕਹਿਣਗੇ।
ਸ੍ਰ ਹਰਭਜਨ ਸਿੰਘ ਸੁਪਾਰੀਵਿੰਡ ਨੇ ਬਤੌਰ ਚੇਅਰਮੈਨ ਮਾਰਕੀਟ ਕਮੇਟੀ ਮਜੀਠਾ ਥਾਪੇ ਜਾਣ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਉਹ ਤਕਰੀਬਨ 50 ਸਾਲਾਂ ਤੋਂ ਲੋਕ ਭਲਾਈ ਅਤੇ ਕਿਸਾਨ ਹਿਤੈਸ਼ੀ ਸੋਚ ਦੇ ਧਾਰਨੀ ਸ੍ਰ ਪਰਕਾਸ਼ ਸਿੰਘ ਬਾਦਲ, ਮੁੱਖ ਮੰਤਰੀ ਪੰਜਾਬ ਅਤੇ ਉਨ੍ਹਾਂ ਦੀ ਸਰਪ੍ਰਸਤੀ ਹੇਠ ਚੱਲ ਰਹੀ ਅਕਾਲੀ ਦਲ ਪਾਰਟੀ ਦੇ ਸੇਵਾਦਾਰ ਰਹੇ ਹਨ ਅਤੇ ਉਹ ਸ੍ਰ ਬਾਦਲ ਵੱਲੋਂ ਦਿਖਾਏ ਰਸਤੇ ਤੇ ਚੱਲਦਿਆਂ ਹੋਇਆਂ ਹਲਕਾ ਮਜੀਠਾ ਦੇ ਵਿਕਾਸ ਅਤੇ ਕਿਸਾਨਾਂ ਦੀ ਭਲਾਈ ਲਈ ਲਗਾਤਾਰ ਯਤਨਸ਼ੀਲ ਰਹਿਣਗੇ। ਉਨ੍ਹਾਂ ਕਿਹਾ ਕਿ ਸ੍ਰ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਵਿੱਚ ਹਲਕਾ ਮਜੀਠਾ ਨੂੰ ਜਿਸ ਵਿਕਾਸ ਰਾਹ ਤੇ ਤੋਰਿਆ ਗਿਆ ਹੈ ਉਸ ਦੀ ਗਤੀ ਨੂੰ ਹੋਰ ਤੇਜ ਕਰਨ ਲਈ ਉਹ ਆਪਣੇ ਸਾਥੀਆਂ ਸਮੇਤ ਪੂਰਾ ਸਹਿਯੋਗ ਦੇਣਗੇ ਅਤੇ ਕਿਸਾਨਾਂ ਅਤੇ ਆੜਤੀ ਭਰਾਵਾਂ ਨੂੰ ਮੰਡੀਆਂ ਵਿੱਚ ਲੋੜੀਂਦਾ ਮੁੱਢਲਾ ਢਾਂਚਾ ਪ੍ਰਦਾਨ ਕਰਵਾਉਣ ਲਈ ਕੋਸ਼ਿਸ਼ ਕਰਨਗੇ।
ਅੱਜ ਸ੍ਰ ਹਰਭਜਨ ਸਿੰਘ ਸੁਪਾਰੀਵਿੰਡ ਨੇ ਬਤੌਰ ਚੇਅਰਮੈਨ ਆਪਣੇ 14 ਸਾਥੀਆਂ ਜਿੰਨਾਂ ਵਿੱਚ ਸ੍ਰ ਹਰਕੀਰਤ ਸਿੰਘ ਨਾਗ ਕਲਾਂ, ਉਪ ਚੇਅਰਮੈਨ ਅਤੇ ਸ੍ਰ ਕੁਲਦੀਪ ਸਿੰਘ ਪਿੰਡ ਗੌਸਲ, ਸ੍ਰ ਹਰਦੀਪ ਸਿੰਘ ਰੁਮਾਣਾ ਚੱਕ, ਸ੍ਰੀ ਪ੍ਰਭਪਾਲ ਸਿੰਘ ਝੰਡੇ, ਸ੍ਰੀ ਸਮੀਰ ਸਿੰਘ ਤਲਵੰਡੀ ਖੁੰਮਣ, ਸ੍ਰੀ ਤਰਸੇਮ ਸਿੰਘ ਭੋਮਾ, ਸ੍ਰੀ ਅਮਰ ਸਿੰਘ ਜੇਠੂਨੰਗਲ, ਸ੍ਰੀਮਤੀ ਗੁਰਮੀਤ ਕੌਰ ਮੱਝਵਿੰਡ, ਸ੍ਰ ਅਨੂਪ ਸਿੰਘ ਮਜੀਠਾ, ਸ੍ਰ ਕਾਹਨ ਸਿੰਘ ਸੋਹੀਆਂ ਕਲਾਂ, ਸ੍ਰੀ ਸੰਤ ਪ੍ਰਕਾਸ਼ ਮਜੀਠਾ, ਸ੍ਰੀ ਯੂਨਿਸ ਮਸੀਹ ਮਜੀਠਾ, ਸ੍ਰੀ ਦਾਰਾ ਸਿੰਘ ਬਾਬੋਵਾਲ (ਸਾਰੇ ਮੈਂਬਰ ਮਾਰਕੀਟ ਕਮੇਟੀ ਮਜੀਠਾ) ਸਮੇਤ ਆਹੁਦਾ ਸੰਭਾਲਿਆ।
ਇਸ ਮੌਕੇ ਸ੍ਰੀ ਰਜਿੰਦਰ ਕੁਮਾਰ ਪੱਪੂ, ਚੇਅਰਮੈਨ ਜਿਲ੍ਹਾ ਪ੍ਰੀਸ਼ਦ, ਸ੍ਰ ਸੰਤੋਖ ਸਿੰਘ ਸਮਰਾ, ਮੈਂਬਰ ਐਸ:ਜੀ:ਪੀ:ਸੀ, ਸ੍ਰ ਸਲਵੰਤ ਸਿੰਘ ਸੇਠ, ਪ੍ਰਧਾਨ ਨਗਰ ਕੌਂਸਲ ਮਜੀਠਾ, ਸ੍ਰ ਸਰਬਜੀਤ ਸਿੰਘ ਸੁਪਾਰੀਵਿੰਡ ਅਤੇ ਸ੍ਰ ਕੁਲਵਿੰਦਰ ਸਿੰਘ ਗਿਲਵਾਲੀ ਯੂਥ ਅਕਾਲੀ ਆਗੂ ਤੇ ਸ੍ਰ ਮਨਜੀਤ ਸਿੰਘ ਸੰਧੂ ਸਕੱਤਰ ਮਾਰਕੀਟ ਕਮੇਟੀ ਮਜੀਠਾ ਵਿਸ਼ੇਸ਼ ਤੌਰ ਤੇ ਹਾਜਰ ਸਨ। – - – - -