ਲੰਡਨ- ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਵਿਸ਼ਵ ਪੱਧਰ ਤੇ ਅਤਵਾਦੀਆਂ ਨਾਲ ਸਬੰਧਾਂ ਕਰਕੇ ਕਾਫੀ ਚਰਚਿਆਂ ਵਿਚ ਰਹੀ ਹੈ ਅਤੇ ਅਤਵਾਦ ਦੀਆਂ ਕਾਰਵਾਈਆਂ ਲਈ ਸਮੇਂ-ਸਮੇਂ ਤੇ ਉਸ ਅਪਰ ਉਂਗਲ ਉਠਦੀ ਰਹੀ ਹੈ। ਹੁਣ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰਫ ਨੇ ਵੀ ਇਹ ਸਵੀਕਾਰ ਕੀਤਾ ਹੈ ਕਿ ਆਈਐਸਆਈ ਦੇ ਕਟੜਪੰਥੀਆਂ ਨਾਲ ਸਬੰਧ ਹਨ। ਕਾਬਲ ਵਿਚ ਭਾਰਤੀ ਅੰਬੈਸੀ ਤੇ ਹਮਲੇ ਦਾ ਮਾਸਟਰ ਮਾਈਂਡ ਮੰਨੇ ਜਾਣ ਵਾਲੇ ਸਿਰਾਜੂਦੀਨ ਹਕਾਨੀ ਨਾਲ ਵੀ ਆਈਐਸਆਈ ਦੇ ਸਬੰਧ ਹਨ।
ਸਾਬਕਾ ਰਾਸ਼ਟਰਪਤੀ ਨੇ ਕਿਹਾ ਕਿ ਹਕਾਨੀ ਦਾ ਤਹਿਰੀਕ-ਏ-ਤਾਲਿਬਾਨ ਦੇ ਚੀਫ ਬੈਤੁਲਾ ਮਹਿਸੂਦ ਤੇ ਪ੍ਰਭਾਵ ਹੈ। ਆਈਐਸਆਈ ਨੇ ਅਫਗਾਨਿਸਤਾਨ ਵਿਚ ਕਿਡਨੈਪ ਕੀਤੇ ਗਏ ਪਾਕਿਸਤਾਨੀ ਰਾਜਦੂਤ ਨੂੰ ਰਿਹਾ ਕਰਵਾਉਣ ਵਿਚ ਹਕਾਨੀ ਦੀ ਮਦਦ ਲਈ ਸੀ। ਰਾਜਦੂਤ ਨੂੰ ਤਹਿਰੀਕ-ਏ-ਤਾਲਿਬਾਨ ਨੇ ਕਿਡਨੈਪ ਕੀਤਾ ਸੀ। ਇਕ ਜਰਮਨ ਮੈਗਜੀਨ ਨਾਲ ਗੱਲਬਾਤ ਦੌਰਾਨ ਮੁਸ਼ਰਫ ਨੇ ਕਿਹਾ ਕਿ ਬੈਤੁਲਾ ਹਕਾਨੀ ਦੀ ਗੱਲ ਮੰਨਦਾ ਹੈ। ਬੈਤੁਲਾ ਦਖਣੀ ਵਜ਼ੀਰਸਤਾਨ ਦਾ ਸੱਭ ਤੋਂ ਖਤਰਨਾਕ ਅਤਵਾਦੀ ਅਤੇ ਬੇਨਜ਼ੀਰ ਭੁਟੋ ਦਾ ਹਤਿਆਰਾ ਹੈ।
ਉਨ੍ਹਾਂ ਨੇ ਕਿਹਾ ਕਿ ਇਸਦਾ ਇਹ ਮਤਲਬ ਨਹੀਂ ਕਿ ਸਰਕਾਰ ਹਕਾਨੀ ਨੂੰ ਸਮਰਥਨ ਦਿੰਦੀ ਹੈ। ਕਈ ਵਾਰ ਕੁਝ ਖਾਸ ਸਥਿਤੀਆਂ ਵਿਚ ਸਾਰੀਆਂ ਖੁਫੀਆ ਏਜੰਸੀਆਂ ਕੁਝ ਦੁਸ਼ਮਣਾਂ ਦਾ ਇਸਤੇਮਾਲ ਦੁਸ਼ਮਣ ਦੇ ਖਿਲਾਫ ਕਰਦੀਆਂ ਹਨ। ਉਨ੍ਹਾਂ ਮੀਡੀਆ ਰਿਪੋਰਟਾਂ ਦੇ ਮੁਤਾਬਿਕ ਆਈਐਸਆਈ ਇਕ ਯੋਜਨਾ ਦੇ ਤਹਿਤ ਤਾਲਿਬਾਨ ਨੂੰ ਸਮਰਥਨ ਦੇ ਰਿਹਾ ਹੈ। ਖੁਫੀਆ ਏਜੰਸੀਆਂ ਸਦਾ ਦੂਸਰਿਆਂ ਦੇ ਨੈਟਵਰਕ ਦਾ ਪਤਾ ਲਗਾਉਣ ਦੀ ਕੋਸਿ਼ਸ਼ ਕਰਦੀਆਂ ਹਨ। ਅਮਰੀਕਾ ਨੇ ਵੀ ਰੂਸੀ ਖੁਫੀਆ ਏਜੰਸੀ ਕੇਜੀਬੀ ਦੇ ਨਾਲ ਇਹੋ ਕੀਤਾ ਸੀ। ਆਈਐਸਆਈ ਵੀ ਅਜਿਹਾ ਹੀ ਕਰ ਰਹੀ ਹੈ। ਮੁਜਾਹਿਦੀਨ ਆਗੂ ਜਲਾਲੂਦੀਨ ਹਕਾਨੀ ਦਾ ਪੁੱਤਰ ਸਿਰਾਜੂਦੀਨ ਹਕਾਨੀ ਅਫਗਾਨਿਸਤਾਨ ਤਾਲਿਬਾਨ ਦਾ ਮੁੱਖ ਕਮਾਂਡਰ ਹੈ। ਮੁਸ਼ਰਫ ਨੇ ਖੁਫੀਆ ਏਜੰਸੀ ਰਾਅ ਤੇ ਵੀ ਸਵਾਤ ਘਾਟੀ ਵਿਚ ਦਖਲ ਅੰਦਾਜ਼ੀ ਕਰਨ ਦਾ ਅਰੋਪ ਲਗਾਇਆ। ਉਨ੍ਹਾਂ ਕਿਹਾ ਕਿ ਰਾਅ ਬਲੋਚ ਵਿਦਰੋਹੀਆਂ ਨੂੰ ਹਥਿਆਰ ਅਤੇ ਧਨ ਮੁਹਈਆ ਕਰਵਾ ਰਹੀ ਹੈ।