ਸਿਡਨੀ – ਇੰਡੀਅਨ ਓਵਰਸੀਜ ਕਾਂਗਰਸ ਆਸਟ੍ਰੇਲੀਆ ਦੇ ਪ੍ਰਧਾਨ ਡਾ.ਅਮਰਜੀਤ ਟਾਂਡਾ ਨੇ ਇਕ ਪਰੈਸ ਬਿਆਨ ਚ ਕਿਹਾ ਕਿ ਨਸਲੀ ਹਿੰਸਾ ਤੁਰੰਤ ਬੰਦ ਕੀਤੀ ਜਾਵੇ । ਕੱਲ ਭਾਰਤੀ ਵਿਦਿਆਰਥੀਆਂ ਦੀ ਇਕ ਮੀਟਿੰਗ ਬੁਲਾਈ ਗਈ। ਡਾ.ਅਮਰਜੀਤ ਟਾਂਡਾ ਨੇ ਕਿਹਾ ਕਿ ਨਸਲੀ ਹਿੰਸਾ ਦੇ ਸ਼ਿਕਾਰ ਵਿਦਿਆਰਥੀਆਂ ਨੂੰ ਜਲਦੀ ਨਿਆਂ ਦਿੱਤਾ ਜਾਵੇ। ਵਿਦਿਆਰਥੀਆਂ ਨੇ ਆਪਣੇ 2 ਨਾਲ ਹੋਈਆਂ ਵਾਰਦਾਤਾਂ ਬਾਰੇ ਵੇਰਵੇ ਵੀ ਦਿਤੇ।
ਡਾ.ਅਮਰਜੀਤ ਟਾਂਡਾ ਨੇ ਗਲੈਨਵੁੱਡ ਸਿਡਨੀ ਵਿਖੇ ਕਿਹਾ ਕਿ ਆਸਟਰੇਲੀਆ ਇੱਕ ਲੋਕਤੰਤਰਿਕ ਦੇਸ਼ ਹੈ, ਜਿੱਥੇ ਹਰ ਕਿਸੇ ਨੂੰ ਆਪਣੇ ਵਿਚਾਰਾਂ ਨੂੰ ਪ੍ਰਗਟਾਉਣ ਦਾ ਪੂਰਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਇਹ ਮੀਟਿੰਗ ਸ਼ਾਂਤੀ ਪੂਰਨ ਤਾਂ ਰਹੀ ਪਰ ਰੋਹ ਦਾ ਪ੍ਰਗਟਾਵਾ ਜਰੂਰ ਸੀ। ਜ਼ਿਕਰਯੋਗ ਹੈ ਕਿ ਇੱਕ ਹਸਪਤਾਲ ਵਿੱਚ ਜ਼ਿੰਦਗੀ ਮੌਤ ਨਾਲ ਜੂਝ ਰਹੇ ਭਾਰਤੀ ਵਿਦਿਆਰਥੀ ਸ਼ਰਵਨ ਦੇ ਟੈਲੀਵਿਜ਼ਨ ਫੁਟੇਜ ਨਾਲ ਆਸਟਰੇਲੀਆ ਵਿਖੇ ਰਹਿ ਰਹੇ 95 ਹਜ਼ਾਰ ਵਿਦਿਆਰਥੀਆਂ ਵਿੱਚ ਸ਼ੋਕ ਦੀ ਲਹਿਰ ਫੈਲ ਗਈ। ਡਾ.ਅਮਰਜੀਤ ਟਾਂਡਾ ਨੇ ਕਿਹਾ ਕਿ ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਦੂਜੇ ਦੇਸ਼ਾਂ ਦੇ ਕਰੀਬ 4 ਲੱਖ ਵਿਦਿਆਰਥੀ ਵੀ ਆਸਟਰੇਲੀਆ ਵਿੱਚ ਉਚ ਵਿੱਦਿਆ ਹਾਸਲ ਕਰ ਰਹੇ ਹਨ।
ਡਾ.ਅਮਰਜੀਤ ਟਾਂਡਾ ਨੇ ਕਿਹਾ ਕਿ ਆਸਟਰੇਲੀਆ ਦੇ ਹਾਈ ਕਮਿਸ਼ਨਰ ਜੌਨ ਮੈਕਾਰਥੀ ਨੇ ਕਿਹਾ ਹੈ ਕਿ ਸਾਨੂੰ ਇਹ ਨਿਸ਼ਚਤ ਕਰਨ ਵਿੱਚ ਸਹਿਯੋਗ ਕਰਨਾ ਚਾਹੀਦਾ ਹੈ ਕਿ ਅੱਤਿਆਚਾਰ ਦੀਆਂ ਘਟਨਾਵਾਂ ਨਾ ਵਾਪਰਨ। ਮੈਕਾਰਥੀ ਨੇ ਕਿਹਾ ਕਿ ਅਸੀਂ ਨਸਲੀ ਵਿਤਕਰੇ ਤੋਂ ਨਫਰਤ ਕਰਦੇ ਹਾਂ ਅਤੇ ਇਸ ਨੀਤੀ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਜੋ ਮੈਲਬੌਰਨ ਅਤੇ ਹੋਰਨਾਂ ਸ਼ਹਿਰਾਂ ਨੂੰ ਵਿਦੇਸ਼ੀ ਵਿਦਿਆਰਥੀਆਂ ਲਈ ਸੁਰੱਖਿਅਤ ਬਣਾ ਕੇ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਕਿਹਾ ਕਿ ਆਸਟਰੇਲੀਆ ਦੀ ਸਰਕਾਰ ਵਚਨਬੱਧ ਹੈ ਕਿ ਉਥੇ ਅਜਿਹੀਆਂ ਘਟਨਾਵਾਂ ਮੁੜ ਨਾ ਵਾਪਰਨ। ਉਨ੍ਹਾਂ ਕਿਹਾ ਕਿ ਵਿਸ਼ਵ ਦੇ ਕਈ ਦੇਸ਼ਾਂ ਵਿੱਚ ਕਿਸੇ ਹੱਦ ਤੱਕ ਨਸਲੀ ਵਿਤਕਰਾ ਹੁੰਦਾ ਹੈ ਅਤੇ ਸਾਡਾ ਮੰਨਣਾ ਹੈ ਕਿ ਇਸ ਮਾਮਲੇ ਵਿੱਚ ਆਸਟਰੇਲੀਆ ਦਾ ਰਿਕਾਰਡ ਕਾਫ਼ੀ ਠੀਕ ਹੈ।
ਡਾ.ਅਮਰਜੀਤ ਟਾਂਡਾ ਨੇ ਕਿਹਾ ਕਿ ਮੀਟਿੰਗ ਦੌਰਾਨ ਇਹ ਫੈਸਲਾ ਵੀ ਲਿਆ ਗਿਆ ਕਿ ਜੇ ਇਹ ਹਵਾ ਨਾ ਰੁਕੀ ਤਾਂ ਸਾਨੂੰ ਸ਼ਾਂਤੀ ਪੂਰਨ ਹੋਰ ਰੈਲੀਆਂ ਕਰਨੀਆਂ ਪੈਣਗੀਆਂ-ਗਰੁੱਪਾਂ ਚ ਦਸ਼ਾ ਨੂੰ ਜਾਚਣ ਲਈ ਵੀ ਸੁਝਾਅ ਸਨ।
ਟਕਰਾਅ ਦੀ ਭਾਵਨਾ ਚੰਗੀ ਤਾਂ ਨਹੀ ਹੁੰਦੀ, ਪਰ ਪਾਣੀ ਸਿਰ ਨੂੰ ਆ ਰਿਹਾ ਹੈ-
ਇਸੇ ਦੌਰਾਨ ਵਿਦਿਆਰਥੀਆਂ ‘ਤੇ ਨਸਲੀ ਹਮਲਿਆਂ ਨੂੰ ਲੈ ਕੇ ਆਲੋਚਨਾ ਦਾ ਸ਼ਿਕਾਰ ਹੋ ਰਹੇ ਆਸਟਰੇਲੀਆ ਨੇ ਅੱਜ ਕਿਹਾ ਕਿ ਭਾਰਤੀ ਵਿਦਿਆਰਥੀਆਂ ‘ਤੇ ਭਵਿੱਖ ਵਿੱਚ ਹੋਰ ਹਮਲੇ ਨਾ ਹੋਣ, ਇਸ ਲਈ ਆਸਟਰੇਲੀਆ ਹਰ ਸੰਭਵ ਕਦਮ ਚੁੱਕ ਰਿਹਾ ਹੈ।
ਆਸਟਰੇਲੀਆ ਦੇ ਵਿਦੇਸ਼ ਮੰਤਰੀ ਸਟੀਫਨ ਸਮਿੱਥ ਨੇ ਦੱਸਿਆ ਹੈ ਕਿ ਆਸਟਰੇਲੀਆ ਵਿੱਚ ਭਾਰਤੀ ਭਾਈਚਾਰੇ ਅਤੇ ਭਾਰਤ ਦੇ ਨਾਲ ਮਿਲ ਕੇ ਜੋ ਕੁਝ ਵੀ ਕੀਤਾ ਜਾ ਸਕਦਾ ਹੈ, ਕਰ ਰਹੇ ਹਾਂ। ਸਮਿੱਥ ਨੇ ਕਿਹਾ ਕਿ ਇਥੇ ਭਾਰਤੀ ਵਿਦਿਆਰਥੀਆਂ ਨਾਲ ਇਸ ਸਮੇਂ ਸਾਨੂੰ ਇੱਕ ਵਿਸ਼ੇਸ਼ ਸਮੱਸਿਆ ਪੇਸ਼ ਆ ਰਹੀ ਹੈ।
ਉਨ੍ਹਾਂ ਨਾਲ ਹੀ ਭਾਰਤੀ ਭਾਈਚਾਰੇ ਨੂੰ ਭਰੋਸਾ ਦਿੱਤਾ ਕਿ ਆਸਟਰੇਲੀਆ ਪ੍ਰਸ਼ਾਸਨ ਹਮਲਾਵਰਾਂ ਨੂੰ ਸਜ਼ਾ ਦੇਣ ਅਤੇ ਸਾਰੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸੁਰੱਖਿਅਤ ਮਾਹੌਲ ਨਿਸ਼ਚਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਆਸਟਰੇਲੀਆ ਵਿੱਚ ਆਮ ਤੌਰ ‘ਤੇ ਅਪਰਾਧ ਅਤੇ ਹਿੰਸਾ ਦੀ ਦਰ ਘੱਟ ਹੈ।