ਨਾਭਾ, (ਪਰਮਿੰਦਰ ਸਿੰਘ)-‘‘ ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਜਮੀਨ ਹੇਠਲੇ ਪਾਣੀ ਦੇ ਘੱਟ ਰਹੇ ਪੱਧਰ ਨੂੰ ਰੋਕਣ ਅਤੇ ਦਿਨੋਂ ਦਿਨ ਲੇਬਰ ਦੀ ਵੱਧ ਰਹੀ ਸਮੱਸਿਆ ਦੇ ਹੱਲ ਲਈ 10 ਜੂਨ ਤੋਂ ਪਹਿਲਾਂ ਝੋਨਾਂ ਨਾ ਲਗਾਉਣ ਦੇ ਕੀਤੇ ਫੈਸਲੇ ਦਾ ਪੰਜਾਬ ਦੇ ਕਿਸਾਨਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ ।’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਵੀਜ਼ਨਲ ਕਮਿਸ਼ਨਰ ਸ੍ਰ: ਜਸਬੀਰ ਸਿੰਘ ਬੀਰ ਨੇ ਨੇੜਨੇ ਪਿੰਡ ਗਦਾਈਆਂ ਵਿਖੇ ਖੇਤੀਬਾੜੀ ਵਿਭਾਗ ਪੰਜਾਬ ਵੱਲੋਂ 50 ਫੀਸਦੀ ਸਬਸਿਡੀ ’ਤੇ ਦਿੱਤੀ ਝੌਨਾਂ ਲਗਾਉਣ ਵਾਲੀ ਮਸ਼ੀਨ ਨਾਲ 10 ਜੂਨ ਤੋਂ ਪੰਜਾਬ ਵਿੱਚ ਝੋਨਾਂ ਲਗਾਉਣ ਦਾ ਰਸਮੀ ਤੌਰ ’ਤੇ ਉਦਘਾਟਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਕਰਦਿਆਂ ਕੀਤਾ । ਸ੍ਰ: ਬੀਰ ਨੇ ਕਿਹਾ ਕਿ ਚੀਨ ਤੋਂ ਕਿਸਾਨ ਦੁਆਰਾ 2.25 ਲੱਖ ਰੁਪਏ ਨਾਲ ਆਯਾਤ ਕੀਤੀ ਮਸ਼ੀਨ ਪੈਡੀ ਟਰਾਂਸਪਲਾਂਟਰ ਜਿਸ ’ਤੇ ਰਾਜ ਸਰਕਾਰ ਵੱਲੋਂ ਕਰੀਬ 1 ਲੱਖ 12 ਹਜ਼ਾਰ ਰੁਪਏ ਦੀ ਸਬਸਿਡੀ ਦਿੱਤੀ ਗਈ ਹੈ । ਇਸ ਮਸ਼ੀਨ ਦੀ ਵਰਤੋਂ ਨਾਲ ਜਿਥੇ ਕਿਸਾਨਾਂ ਨੂੰ ਦਰਪੇਸ਼ ਆਉਣ ਵਾਲੀ ਲੇਬਰ ਦੀ ਸਮੱਸਿਆ ਵੱਡੇ ਪੱਧਰ ’ਤੇ ਹੱਲ ਹੋਵੇਗੀ, ਉਥੇ ਹੀ ਉਹਨਾਂ ਦੀ ਆਰਥਿਕਤਾ ਵੀ ਮਜਬੂਤ ਹੋਵੇਗੀ। ਉਹਨਾਂ ਦੱਸਿਆ ਕਿ ਇਹ ਮਸ਼ੀਨ ਜਿਥੇ 64 ਵਿਅਕਤੀਆਂ ਦਾ ਕੰਮ ਇਕੱਲਿਆਂ ਹੀ ਕਰੇਗੀ ਉਥੇ ਪ੍ਰਤੀ ਵਰਗ ਮੀਟਰ ਮੈਨੂਅਲ ਢੰਗ ਨਾਲ ਲਗਾਏ ਜਾਂਦੇ 17 ਬੂਟਿਆਂ ਦੀ ਥਾਂ ’ਤੇ 34 ਬੂਟੇ ਲਗਾਵੇਗੀ ਅਤੇ ਇਸ ਨਾਲ ਝਾੜ ਵਿੱਚ ਵੀ ਵਾਧਾ ਹੋਵੇਗਾ।
ਸ੍ਰ: ਬੀਰ ਨੇ ਆਖਿਆ ਕਿ ਮੁੱਖ ਮੰਤਰੀ ਪੰਜਾਬ ਸ੍ਰ: ਪਰਕਾਸ਼ ਸਿੰਘ ਬਾਦਲ ਰਾਜ ਦੇ ਕਿਸਾਨਾਂ ਦੀ ਆਰਥਿਕਤਾ ਨੂੰ ਉਚਾ ਚੁੱਕਣ ਲਈ ਗੰਭੀਰਤਾ ਪੂਰਬਕ ਯਤਨ ਕਰ ਰਹੇ ਹਨ ਜਿਹਨਾਂ ਵਿਚੋਂ ਇੱਕ ਰਾਜ ਦੇ ਕਿਸਾਨਾਂ ਨੂੰ ਲੇਬਰ ਦੀ ਸਮੱਸਿਆਂ ਤੋਂ ਛੁਟਕਾਰਾ ਦਿਵਾਉਣ ਲਈ ਖੇਤੀਬਾੜੀ ਵਿਭਾਗ ਰਾਹੀਂ 50 ਫੀਸਦੀ ਸਬਸਿਡੀ ’ਤੇ ਝੋਨਾ ਬੀਜਣ ਦੀਆਂ ਮਸ਼ੀਨਾਂ ਦੇਣ ਦਾ ਫੈਸਲਾ ਕੀਤਾ ਗਿਆ ਹੈ ਅਤੇ ਸਰਕਾਰ ਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਹਦਾਇਤ ਵੀ ਕੀਤੀ ਹੈ ਕਿ ਕਿਸਾਨਾਂ ਨੂੰ ਇਸ ਮਸ਼ੀਨ ਬਾਰੇ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ । ਇਥੇ ਇਹ ਵਰਨਣਯੋਗ ਹੈ ਕਿ ਝੋਨਾ ਲਗਾਉਣ ਵਾਲੀ ਇਹ ਮਸ਼ੀਨ ਚੀਨ, ਜਾਪਾਨ ਅਤੇ ਜਰਮਨੀ ਦੀਆਂ ਬਣੀਆਂ ਹੋਈਆਂ ਹਨ ਅਤੇ ਇਸ ਨਾਲ ਬੀਜਾਈ ਕਰਨ ਲਈ ਵਿਸ਼ੇਸ਼ ਮੈਟ ਟਾਈਪ ਦੀ ਨਰਸਰੀ ’ਤੇ ਪਨੀਰੀ ਲਗਾਈ ਜਾਂਦੀ ਹੈ । ਸ੍ਰ: ਬੀਰ ਨੇ ਆਖਿਆ ਕਿ ਜਿਹੜੇ ਕਿਸਾਨ ਇਸ ਤਰ੍ਹਾਂ ਪਨੀਰੀ ਲਗਾਉਣਗੇ ਉਹਨਾਂ ਨੂੰ 4000/-ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਸਬਸਿਡੀ ਵੀ ਦਿੱਤੀ ਜਾਵੇਗੀ । ਉਹਨਾਂ ਦੱਸਿਆ ਕਿ ਰਾਜ ਸਰਕਾਰ ਨੇ ਇਸ ਤਰ੍ਹਾਂ ਦੀਆਂ 700 ਮਸ਼ੀਨਾਂ ਖਰੀਦੀਆਂ ਹਨ ਜਿਹਨਾਂ ਵਿਚੋਂ 17 ਪਟਿਆਲਾ ਜ਼ਿਲ੍ਹੇ ਦੇ ਕਿਸਾਨਾਂ ਨੂੰ ਦਿੱਤੀਆਂ ਗਈਆਂ ਹਨ । ਉਹਨਾਂ ਕਿਹਾ ਕਿ ਪਹਿਲਾਂ ਕਿਸਾਨਾਂ ਨੂੰ ਇਸ ਗੱਲ ਦਾ ਸ਼ੱਕ ਸੀ ਕਿ ਇਸ ਮਸ਼ੀਨ ਨਾਲ ਲਗਾਏ ਝੋਨੇ ਦਾ ਝਾੜ ਘੱਟ ਹੋਵੇਗਾ ਪ੍ਰੰਤੂ ਇਸ ਮਸ਼ੀਨ ਦੇ ਕੰਮ ਕਾਰ ਨੂੰ ਵੇਖ ਕੇ ਉਹਨਾਂ ਦਾ ਇਹ ਖਦਸ਼ਾ ਦੂਰ ਹੋ ਗਿਆ ਹੈ।
ਸ੍ਰ: ਬੀਰ ਨੇ ਹੋਰ ਕਿਹਾ ਕਿ ਪੰਜਾਬ ਵਿੱਚ ਲਗਾਤਾਰ ਪਾਣੀ ਦੇ ਗਿਰ ਰਹੇ ਪੱਧਰ ਨੂੰ ਰੋਕਣ ਹਿੱਤ ਰਾਜ ਸਰਕਾਰ ਵੱਲੋਂ ‘‘ ਦਿ ਪੰਜਾਬ ਪ੍ਰੀਜ਼ਰਵੇਸ਼ਨ ਆਫ ਸਬ-ਸਾਇਲ ਵਾਟਰ ਐਕਟ 2009 ’’ ਬਣਾਇਆ ਗਿਆ ਸੀ ਜਿਸ ਤਹਿਤ ਝੋਨੇ ਦੀ ਲਵਾਈ 10 ਜੂਨ ਤੋਂ ਪਹਿਲਾਂ ਕਰਨ ਵਾਲੇ ਕਿਸਾਨਾਂ ਨੂੰ ਜੁਰਮਾਨੇ ਤੋਂ ਇਲਾਵਾ ਆਪਣੀ ਫਸਲ ਨੂੰ ਵਾਹੁਣਾ ਵੀ ਪੈ ਸਕਦਾ ਸੀ । ਉਹਨਾਂ ਕਿਹਾ ਕਿ ਕਿਸਾਨਾਂ ਵੱਲੋਂ ਇਸ ਐਕਟ ਦੀ ਪਾਲਣਾ ਕਰਕੇ ਜਿਥੇ ਪਾਣੀ ਦੇ ਦਿਨੋਂ ਦਿਨ ਹੇਠਾਂ ਜਾ ਰਹੇ ਪੱਧਰ ਨੂੰ ਰੋਕਣ ਵਿੱਚ ਆਪਣਾ ਯੋਗਦਾਨ ਪਾਇਆ ਹੈ ਉਥੇ ਉਹਨਾਂ ਆਪਣੇ ਭਵਿੱਖ ਨੂੰ ਵੀ ਖੁਸ਼ਹਾਲ ਬਣਾਉਣ ਨੂੰ ਯਕੀਨੀ ਬਣਾਇਆ ਹੈ। ਉਹਨਾਂ ਨੇ ਕਿਸਾਨਾਂ ਵੱਲੋਂ ਇਸ ਐਕਟ ਦੀ ਪਾਲਣਾਂ ਕਰਨ ’ਤੇ ਉਹਨਾਂ ਨੂੰ ਮੁਬਾਰਕਬਾਦ ਦਿੱਤੀ। ਇਸ ਤੋਂ ਪਹਿਲਾਂ ਸ੍ਰ: ਬੀਰ ਨੇ ਪਿੰਡ ਕਲਿਆਣ ਵਿਖੇ ਸਿੱਧੀ ਬਿਜਾਈ ਨਾਲ ਬੀਜੇ ਝੋਨੇ ਦੇ ਪ੍ਰਦਰਸ਼ਨੀ ਪਲਾਟ ਦਾ ਜਾਇਜਾ ਵੀ ਲਿਆ ਅਤੇ ਇਸ ਤੋਂ ਉਹ ਬਹੁਤ ਪ੍ਰਭਾਵਿਤ ਹੋਏ। ਸ੍ਰ: ਬੀਰ ਨੇ ਕਿਹਾ ਕਿ ਝੌਨੇ ਦੀ ਸਿੱਧੀ ਬਿਜਾਈ ਨਾਲ ਜਿਥੇ ਪਾਣੀ ਦੀ ਘੱਟ ਵਰਤੋਂ ਹੋਣ ਨਾਲ ਜ਼ਮੀਨੀ ਪਾਣੀ ਦਾ ਪੱਧਰ ਉਪਰ ਆਵੇਗਾ ਉਥੇ ਜਮੀਨ ਦੀ ਉਪਜਾਉ ਸ਼ਕਤੀ ਵੀ ਵਧੇਗੀ ਉਹਨਾਂ ਕਿਹਾ ਕਿ ਇਸ ਵਿਧੀ ਨਾਲ ਝੋਨੇ ਦੀ ਬਿਜਾਈ ਕਰਕੇ ਕਿਸਾਨ ਸਿੱਧੇ ਤੌਰ ’ਤੇ 6000/-ਰੁਪਏ ਦੀ ਬਚਤ ਕਰ ਸਕਦਾ ਹੈ। ਸ੍ਰ: ਬੀਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਮੀਨ ਦੀ ਬਿਗੜ ਰਹੀ ਉਪਜਾਊ ਸ਼ਕਤੀ ਨੂੰ ਪੂਰਾ ਕਰਨ ਲਈ ਜੰਤਰ ਦਾ ਬੀਜ ਜਿਸ ਨੂੰ ਦੁਆਬੇ ਵਿੱਚ ਢੈਂਚਾ ਅਤੇ ਮਾਝੇ ਵਿੱਚ ਢਿੰਝਣ ਦੇ ਤੌਰ ’ਤੇ ਜਾਣਿਆਂ ਜਾਂਦਾ ਹੈ ਕਿਸਾਨਾਂ ਨੂੰ ਮੁਫਤ ਦੇਣ ਵਾਸਤੇ 2 ਕਰੋੜ ਰੁਪਏ ਦਾ ਬੀਜ ਮੁਹੱਈਆ ਕਰਵਾਇਆ ਹੈ ।
ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਡਾ: ਬਲਵਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਪਿਛਲੇ ਸਾਲ ਪੰਜਾਬ ਵਿੱਚ 27.74 ਲੱਖ ਹੈਕਟੇਅਰ ਰਕਬਾ ਧਾਨ ਦੀ ਫਸਲ ਥੱਲੇ 10 ਜੂਨ ਤੋਂ ਬੀਜਿਆ ਗਿਆ ਸੀ ਜਿਸ ਨਾਲ ਪੰਜਾਬ ਵਿੱਚ ਕੁੱਲ 111.50 ਲੱਖ ਮੀਟਰਕ ਟਨ ਚਾਵਲ ਦੀ ਪੈਦਾਵਾਰ ਹੋਈ । ਇਸ ਸਾਲ ਪੰਜਾਬ ਵਿੱਚ 26 ਲੱਖ ਹੈਕਟੇਅਰ ਰਕਬਾ ਧਾਨ ਦੀ ਫਸਲ ਥੱਲੇ ਬੀਜਣ ਦਾ ਸਰਕਾਰ ਵੱਲੋਂ ਟੀਚਾ ਮਿਥਿਆ ਗਿਆ ਹੈ ਜਿਸ ਤੋਂ 103 ਲੱਖ ਟਨ ਚਾਵਲ ਪੈਦਾ ਹੋਣ ਦੀ ਆਸ ਹੈ। ਉਹਨਾਂ ਕਿਹਾ ਕਿ ਇਸ ਮਸ਼ੀਨ ਨੂੰ ਕਿਸਾਨਾਂ ਤੱਕ ਪਹੁੰਚਾਣ ਲਈ ਪਿੰਡ ਪੱਧਰ ’ਤੇ ਕੈਂਪ ਲਗਾ ਕੇ ਵੱਡੀ ਪੱਧਰ ’ਤੇ ਯਤਨ ਕੀਤੇ ਜਾਣਗੇ ।
ਇਸ ਮੌਕੇ ਐਸ.ਡੀ.ਐਮ. ਨਾਭਾ ਸ੍ਰ: ਬਲਰਾਜ ਸਿੰਘ ਸੇਖੋਂ, ਡੀ.ਐਸ.ਪੀ.ਨਾਭਾ ਸ੍ਰ: ਅਰਸ਼ਦੀਪ ਸਿੰਘ ਗਿੱਲ, ਡਾ. ਵਰਿੰਦਰ ਸਿੰਘ ਜੋਸ਼ਨ ਖੇਤੀਬਾੜੀ ਅਫਸਰ ਨਾਭਾ, ਡਾ: ਗੁਰਮੀਤ ਸਿੰਘ, ਡਾ: ਅਬਨਿੰਦਰ ਸਿੰਘ ਮਾਨ, ਡਾ. ਕੁਲਦੀਪ ਸਿੰਘ ਅਤੇ ਡਾ. ਸੰਤੋਖ ਸਿੰਘ ਢੀਂਡਸਾ ਤੋਂ ਇਲਾਵਾ ਇਲਾਕੇ ਦੇ ਕਿਸਾਨ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ।