ਅੰਮ੍ਰਿਤਸਰ : – ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਵਲੋਂ ਸਿਰਜਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨਮੂਨੇ ’ਤੇ ਗੁਰਦੁਆਰੇ ਦੀ ਇਮਾਰਤ ਦੀ ਉਸਾਰੀ ਕਰਨ ਵਾਲੇ ਲੋਕਾਂ ਵਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਮਹਾਨਤਾ ਨੂੰ ਘਟਾਉਣ ਅਤੇ ਇਸ ਪ੍ਰਤੀ ਅਥਾਹ ਸ਼ਰਧਾ ਤੇ ਸਤਿਕਾਰ ਰੱਖਣ ਵਾਲੀਆਂ ਵਿਸ਼ਵ ਭਰ ਦੀਆਂ ਸੰਗਤਾਂ ਦੀ ਆਸਥਾ ਨੂੰ ਠੇਸ ਪਹੁੰਚਾਉਣ ਵਾਲੀ ਇਹ ਕਾਰਵਾਈ ਕਦੇ ਬ੍ਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਨਾ ਹੀ ਇਸ ਨੂੰ ਮੁਕੰਮਲ ਹੋਣ ਦਿੱਤਾ ਜਾਵੇਗਾ। ਇਸ ਮਸਲੇ ’ਤੇ ਵਿਚਾਰਾਂ ਕਰਨ ਲਈ ਸਿੱਖ ਜਥੇਬੰਦੀਆਂ ਦੀ ਵਿਸ਼ੇਸ਼ ਇਕੱਤਰਤਾ 20 ਜੂਨ ਨੂੰ ਅੰਮ੍ਰਿਤਸਰ ਵਿਖੇ ਬੁਲਾ ਲਈ ਗਈ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਬਰਨਾਲਾ-ਸੰਗਰੂਰ ਰੋਡ ’ਤੇ ਮਸਤੂਆਣਾ ਵਿਖੇ ਸ੍ਰੀ ਹਰਿਮੰਦਰ ਸਾਹਿਬ ਦੇ ਨਮੂਨੇ ’ਤੇ ਉਸਾਰੀ ਅਧੀਨ ਗੁਰਦੁਆਰੇ ਦੀ ਇਮਾਰਤ ਸਬੰਧੀ ਗਠਤ ‘ਜਾਂਚ ਕਮੇਟੀ’ ਵਲੋਂ ਪੁੱਜੀ ਰਿਪੋਰਟ ’ਤੇ ਤਿੱਖਾ ਰੋਸ ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਇਕ ਪ੍ਰੈਸ ਰਲੀਜ਼ ’ਚ ਕੀਤਾ।
ਉਨ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਇਤਿਹਾਸਕ ਮਹੱਤਤਾ ਤੇ ਸ਼ਰਧਾ ਭਾਵਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਤਿਹਾਸਕ ਨਗਰੀ ਸ੍ਰੀ ਅੰਮ੍ਰਿਤਸਰ ਦੀ ਸਥਾਪਨਾ ਦੀ ‘ਮੋੜ੍ਹੀ’ ਸ੍ਰੀ ਗੁਰੂ ਅਮਰਦਾਸ ਜੀ ਨੇ ਗੱਡੀ, ਪਿਛੋਂ ਸ੍ਰੀ ਗੁਰੂ ਰਾਮਦਾਸ ਜੀ ਨੇ ਸਰੋਵਰ ਤਿਆਰ ਕਰਵਾਇਆ ਤੇ ਸ਼ਹਿਰ ਦੀ ਰਚਨਾ ਕੀਤੀ ਉਪਰੰਤ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੀ ਦੇਖਰੇਖ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸਿਰਜਨਾ ਕਰਵਾਈ।“ਹਰਿ ਮੰਦਰੁ ਹਰਿ ਸਾਜਿਆ ਹਰਿ ਵਸੈ ਜਿਸੁ ਨਾਲਿ॥” ਅਨੁਸਾਰ ਸਪਸ਼ਟ ਹੈ ਕਿ ਇਸ ਦਾ ਸੰਕਲਪ ਤੇ ਸਿਧਾਂਤ ਇਲਾਹੀ ਸੰਦੇਸ਼ ਅਨੁਸਾਰ ਹੋਇਆ ਹੈ। ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਮਾਨਵਤਾ ਦੇ ਸਰਬ-ਸਾਂਝੇ ਹਰਿਮੰਦਰ ਦੀ ਸਿਰਜਨਾ ਕਰਕੇ ਮਾਨਵਤਾ ਦੇ ਸਰਬਸਾਂਝੇ ਧਰਮ ਗ੍ਰੰਥ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਅਤੇ ਬਾਬਾ ਬੁੱਢਾ ਜੀ ਨੂੰ ਪਹਿਲੇ ਗ੍ਰੰਥੀ ਹੋਣ ਦਾ ਮਾਣ ਬਖਸ਼ਿਸ਼ ਕੀਤਾ। ਉਨ੍ਹਾਂ ਕਿਹਾ ਕਿ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਪਵਿੱਤਰ ਅਸਥਾਨ ਪ੍ਰਥਾਏ “ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ ॥ ਬਧੋਹੁ ਪੁਰਖਿ ਬਿਧਾਤੈ ਤਾਂ ਤੂ ਸੋਹਿਆ॥” ਦੇ ਗੁਰਵਾਕ ਅਨੁਸਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸਰਵਉੱਚਤਾ ਨੂੰ ਪ੍ਰਗਟ ਕਰਦਿਆਂ ਕਿਹਾ ਕਿ ਇਸ ਪਾਵਨ ਅਸਥਾਨ ਵਰਗਾ ਕੋਈ ਹੋਰ ਅਸਥਾਨ ਨਹੀਂ ਹੋ ਸਕਦਾ। ਇਸ ਲਈ ਜੇ ਕੋਈ ਅਜਿਹੇ ਪਾਵਨ ਅਸਥਾਨ ਦੇ ਨਮੂਨੇ ’ਤੇ ਜਾਂ ਇਸ ਵਰਗਾ ਕੋਈ ਅਸਥਾਨ ਬਣਾਉਦਾ ਹੈ ਤਾਂ ਇਹ ਸਿੱਖ ਜਗਤ ਦੀਆਂ ਭਾਵਨਾਵਾਂ ਨਾਲ ਖਿਲਵਾੜ ਅਤੇ ਗੁਰੂ ਸਾਹਿਬ ਦੀ ਬਰਾਬਰੀ ਦੇ ਤੁਲ ਹੈ। ਇਸ ਪ੍ਰਥਾਏ ਗੁਰਵਾਕ ਹੈ: “ਸਤਿਗੁਰ ਕੀ ਰੀਸੈ ਹੋਰਿ ਕਚੁ ਪਿਚੁ ਬੋਲਦੇ ਸੇ ਕੂੜਿਆਰ ਕੂੜੇ ਝੜਿ ਪੜੀਐ ॥”।
ਉਨ੍ਹਾਂ ਕਿਹਾ ਕਿ ਭਵਨ ਨਿਰਮਾਣ ਕਲਾ ਦੇ ਅਦਭੁਤ ਨਮੂਨੇ ’ਤੇ ਕਿਸੇ ਗੁਰਦੁਆਰੇ ਦੀ ਇਮਾਰਤ ਦੀ ਉਸਾਰੀ ਕਰਨ ਵਾਲੇ ਲੋਕਾਂ ਵਲੋਂ ਇਹ ਕਹਿਣਾ ਕਿ ਇਸ ਅਸਥਾਨ ਨਾਲ 20 ਲੱਖ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ ਇਸ ਗੱਲ ਦਾ ਪ੍ਰਤੀਕ ਹੈ ਕਿ ਇਹ ‘ਪ੍ਰਬੰਧਕ’ ਗੁਰੂ ਨਾਨਕ ਨਾਮ-ਲੇਵਾ ਸੰਗਤਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਤੇ ਮਹੱਤਤਾ ਪ੍ਰਤੀ ਗੁੰਮ-ਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਗਿਆਨ ਵਿਹੂਣੇ ਪ੍ਰਬੰਧਕਾਂ ਨੂੰ ਇਹ ਨਹੀਂ ਪਤਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਦੇ ਨਾਲ ਸੰਸਾਰ ਭਰ ਦੇ ਸਿੱਖਾਂ ਅਤੇ ਵਿਸ਼ਵ ਭਰ ਦੇ ਧਰਮੀ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ 20 ਲੱਖ ਲੋਕ ਤਾਂ ਕਿਧਰੇ ਰਹੇ, ਇਨ੍ਹਾਂ ਪ੍ਰਬੰਧਕਾਂ ਤੋਂ ਇਲਾਵਾ ਕੋਈ ਇਕ ਵੀ ਸਿੱਖ ਸ੍ਰੀ ਹਰਿਮੰਦਰ ਸਾਹਿਬ ਦੀ ਬ੍ਰਾਬਰੀ, ਇਸ ਦੀ ਨਕਲ ਜਾਂ ਹੂ-ਬ-ਹੂ ਇਸ ਦੇ ਨਮੂਨੇ ਦੀ ਇਮਾਰਤ ਦੀ ਉਸਾਰੀ ਕੀਤੇ ਜਾਣਾ ਕਦੇ ਵੀ ਬ੍ਰਦਾਸ਼ਤ ਨਹੀਂ ਕਰੇਗਾ।
ਉਨ੍ਹਾਂ ਕਿਹਾ ਕਿ ਇਹ ਲੋਕ ਕਦੇ ਮੁਰੰਮਤ ਦੇ ਨਾਂ ’ਤੇ ਅਤੇ ਕਦੇ ਇਸ ਦੇ ਛੋਟੇ ਅਕਾਰ, ਕਦੇ ਦਰਸ਼ਨੀ ਡਿਉੜੀ ਉਲਟ ਪਾਸੇ ਹੋਣ ਜਾਂ ਕਿਸੇ ਸੰਤਾਂ ਮਹਾਂਪੁਰਸ਼ਾਂ ਦੇ ਬਚਨ ਕੀਤੇ ਹੋਣ ਦੀ ਗੱਲ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਰਜ ’ਤੇ ਅਜਿਹੀ ਉਸਾਰੀ ਕਰਕੇ ਸੰਗਤਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਨਾਜ਼ੁਕ, ਸਿੱਖੀ ਸਿਧਾਂਤਾਂ, ਮਰਿਆਦਾ, ਪ੍ਰੰਪਰਾਵਾਂ ਅਤੇ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਹੋਇਆ ਗੰਭੀਰ ਮਸਲਾ ਹੈ। ਉਨ੍ਹਾਂ ਕਿਹਾ ਕਿ ਇਥੇ ਹੀ ਬੱਸ ਨਹੀਂ ਇਹ ਮੁਠੀ ਭਰ ਲੋਕ (ਪ੍ਰਬੰਧਕ) ਸੰਗਤਾਂ ਨੂੰ ਗੁੰਮਰਾਹ ਕਰਨ ਦੇ ਨਾਲ-ਨਾਲ ਨਿੱਜੀ ਸੌੜੇ ਹਿਤਾਂ, ਕੌਮ ਵਿਚ ਖਾਨਾ-ਜ਼ੰਗੀ ਅਤੇ ਸੰਤ ਅਤਰ ਸਿੰਘ ਜੀ ਵਰਗੀ ਪੰਥਕ ਸਖਸ਼ੀਅਤ, ਜਿਨ੍ਹਾਂ ਨੇ ਵਿੱਦਿਆ ਦੇ ਪ੍ਰਸਾਰ ਤੇ ਸਿੱਖੀ ਦੇ ਪ੍ਰਚਾਰ ਲਈ ਵੱਡੀ ਘਾਲਣਾ ਘਾਲੀ, ਦੀ ਸਖਸ਼ੀਅਤ ਨੂੰ ਵੀ ਛੁਟਿਆ ਰਹੇ ਹਨ। ਉਨ੍ਹਾਂ ਕਿਹਾ ਕਿ ਸੰਤ ਅਤਰ ਸਿੰਘ ਜੀ ਮਸਤੂਆਣਾ ਵਰਗੀ ਪੰਥਕ ਸਖਸ਼ੀਅਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਵਰਗਾ ਕੋਈ ਹੋਰ ਸ੍ਰੀ ਹਰਿਮੰਦਰ ਸਾਹਿਬ ਤਿਆਰ ਕਰਨ ਬਾਰੇ ਕਦੇ ਕਿਆਸ ਵੀ ਨਹੀਂ ਸੀ ਕਰ ਸਕਦੇ। ਅਜਿਹੀ ਸੌੜੀ ਸੋਚ ਕੇਵਲ ਤੇ ਕੇਵਲ ਮੁੱਠੀ ਭਰ ਪ੍ਰਬੰਧਕਾਂ ਦੀ ਆਪਣੀ ਹੀ ਹੈ ਜਿਸ ਨੂੰ ਸਿੱਖ ਜਗਤ ਕਦੇ ਬ੍ਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਇਹ ਲੋਕ ਪੰਥ ਦੋਖੀ ਹਨ, ਇਹ ਇਸ ਇਮਾਰਤ ਦੀ ਉਸਾਰੀ ਤੁਰੰਤ ਬੰਦ ਕਰਨ ਅਤੇ ਆਪਣੇ ਕੀਤੇ ’ਤੇ, ਗੁਰੂ ਪੰਥ ਤੋਂ ਮੁਆਫੀ ਮੰਗਣ ਨਹੀਂ ਤਾਂ ਗੁਰੂ ਪੰਥ ਵਲੋਂ ਇਸ ਮਸਲੇ ’ਤੇ ਲਏ ਫੈਸਲੇ ਦੇ ਨਿਕਲਣ ਵਾਲੇ ਸਿੱਟਿਆ ਦੇ ਜ਼ਿੰਮੇਵਾਰ ਇਹ ਖੁਦ ਹੋਣਗੇ।
ਉਨ੍ਹਾਂ ਕਿਹਾ ਕਿ ਇਸ ਮਸਲੇ ਲਈ ਗਠਤ ਕੀਤੀ ਤਿੰਨ ਮੈਂਬਰੀ ਜਾਂਚ ਕਮੇਟੀ ਦੀ ਰਿਪੋਰਟ ਉਨ੍ਹਾਂ ਨੂੰ ਉੜੀਸਾ ਦੇ ਸਫਰ ਦੌਰਾਨ ਟੈਲੀਫੋਨ ਪੁਰ ਮਿਲੀ ਹੈ ਅਤੇ ਸਫਰ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਵੀ ਉਨ੍ਹਾਂ ਦੇ ਨਾਲ ਹੋਣ ਕਾਰਨ ਉਨ੍ਹਾਂ ਨਾਲ ਵਿਚਾਰ ਵਿਟਾਂਦਰਾ ਵੀ ਕਰ ਲਿਆ ਹੈ ਅਤੇ ਉਨ੍ਹਾਂ ਦੇ ਆਦੇਸ਼ ਅਨੁਸਾਰ, ਸਿੰਘ ਸਾਹਿਬਾਨ, ਸੰਤ ਸਮਾਜ, ਸਮੁੱਚੀਆਂ ਸਿੱਖ ਸੰਪ੍ਰਦਾਵਾਂ, ਟਕਸਾਲਾਂ, ਨਿਹੰਗ ਸਿੰਘ ਜਥੇਬੰਦੀਆਂ, ਸਿੰਘ ਸਭਾਵਾਂ, ਧਾਰਮਿਕ ਸਭਾ-ਸੁਸਾਇਟੀਆਂ, ਸਿੱਖ ਮਿਸ਼ਨਰੀ ਕਾਲਜਾਂ, ਵਿਦੇਸ਼ਾਂ ਵਿਚ ਸਥਾਪਤ ਧਾਰਮਿਕ ਸਿੱਖ ਸੰਸਥਾਵਾਂ ਦੇ ਪ੍ਰਤੀਨਿਧੀਆਂ ਦੀ ਇਕੱਤਰਤਾ 20 ਜੂਨ ਨੂੰ ਬਾਅਦ ਦੁਪਹਿਰ ਇਕ ਵਜੇ ਤੇਜਾ ਸਿੰਘ ਸਮੁੰਦਰੀ ਹਾਲ ਸ੍ਰੀ ਅੰਮ੍ਰਿਤਸਰ ਵਿਖੇ ਬੁਲਾਈ ਗਈ ਹੈ ਜਿਥੇ ਇਸ ਗੰਭੀਰ ਮਸਲੇ ਉਪਰ ਵਿਚਾਰ-ਵਟਾਂਦਰਾ ਕਰਕੇ ਸੰਗਤਾਂ ਦੀਆਂ ਭਾਵਨਾਵਾਂ ਅਨੁਸਾਰ ਫੈਸਲਾ ਲਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਗੁਰਧਾਮਾਂ ਦੀ ਅਜਮਤ ਖਾਤਰ ਆਪਾ ਵਾਰਨ ਵਾਲੀ ਸਿੱਖ ਕੌਮ ਸ੍ਰੀ ਹਰਿਮੰਦਰ ਸਾਹਿਬ ਦੀ ਤਰਜ ’ਤੇ ਸੰਸਾਰ ਦੇ ਕਿਸੇ ਵੀ ਹਿੱਸੇ ’ਚ ਕੋਈ ਇਮਾਰਤ ਤਿਆਰ ਕੀਤੇ ਜਾਣ ਦੀ ਘਿਨੌਣੀ ਕਾਰਵਾਈ ਨੂੰ ਬਰਦਾਸ਼ਤ ਨਹੀਂ ਕਰੇਗੀ। ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਪੰਚਮ ਪਾਤਸ਼ਾਹ ਜੀ ਵਲੋਂ ਸਿਰਜਤ ਇਤਿਹਾਸਕ ਤੇ ਪਾਵਨ ਪਵਿੱਤਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ’ਚ ਆਸਥਾ ਰੱਖਣ ਵਾਲੇ ਲੋਕਾਂ ਦੇ ਹੜ੍ਹ ਅੱਗੇ ਇਹ ਮੁੱਠੀ ਭਰ ਲੋਕ ਟਿਕ ਨਹੀਂ ਸਕਣਗੇ।