ਅੰਮ੍ਰਿਤਸਰ : – ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਵਲੋਂ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਗੁਰਮਤਿ ਟ੍ਰੇਨਿੰਗ ਕੈਂਪਾਂ ਦੇ ਰੂਪ ’ਚ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ। ਕੈਂਪਾਂ ਦੋਰਾਨ ਹਰ ਵਰਗ ਦੇ ਬੱਚਿਆਂ ਨੂੰ ਗੁਰਮਤਿ ਪੱਖੋਂ ਇਕ ਦੂਜੇ ਦੇ ਨੇੜੇ ਹੋਣ ਦਾ ਸਬੱਬ ਬਣਦਾ ਹੈ ਅਤੇ ਗੁਰਮਤਿ ’ਚ ਜਾਣਕਾਰੀ ਪ੍ਰਾਪਤ ਕਰਨ ਲਈ ਉਤਸ਼ਾਹ ਪੈਦਾ ਹੁੰਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਆਲ ਉੜੀਸਾ ਗੁਰਮਤਿ ਕੈਂਪ ਦੇ 10 ਜੂਨ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਟੇਸ਼ਨ ਰੋਡ, ਰੌੜ ਕਿਲ੍ਹਾ ਵਿਖੇ ਮੁੱਖ ਸਮਾਗਮ ਸਮੇਂ ਜੁੜੀਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਕੀਤਾ ਇਹ ਜਾਣਕਾਰੀ ਉਨ੍ਹਾਂ ਦੇ ਨਿੱਜੀ ਸਹਾਇਕ ਸ. ਜਸਵਿੰਦਰ ਪਾਲ ਸਿੰਘ ਨੇ ਫੋਨ ਰਾਹੀਂ ਦਿੱਤੀ। ਉਨ੍ਹਾਂ ਕਿਹਾ ਕਿ ਬੱਚੇ ਕੌਮ ਦਾ ਭਵਿੱਖ ਹੁੰਦੇ ਹਨ ਅਤੇ ਭਵਿੱਖ ਦੇ ਵਾਰਸਾਂ ਨੂੰ ਧਰਮ ’ਚ ਪ੍ਰਪੱਕ ਕਰਨ ਤੇ ਆਪਣੇ ਵਿਰਸੇ ਪ੍ਰਤੀ ਜਾਣੂੰ ਕਰਾਉਣ ਲਈ ਅਜਿਹੇ ਕੈਂਪ ਬਹੁਤ ਕਾਰਗਰ ਸਾਬਤ ਹੁੰਦੇ ਹਨ। ਉਨ੍ਹਾਂ ਇਸ ਕਾਰਜ ਨੂੰ ਸਫਲ ਬਨਾਉਣ ਲਈ ਸੰਭਲਪੁਰ ਸਿੱਖ ਕੌਂਸਲ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਧਰਮ ਪ੍ਰਚਾਰ ਦੀ ਲਹਿਰ ਵੱਡੇ ਪੱਧਰ ’ਤੇ ਚਲਾਈ ਜਾ ਰਹੀ ਹੈ ਅਤੇ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਸਿੱਖ ਮਿਸ਼ਨ ਸਥਾਪਤ ਕੀਤੇ ਹਨ ਜਿਸ ਦੇ ਸਿੱਟੇ ਵਜੋਂ ਸ਼੍ਰੋਮਣੀ ਕਮੇਟੀ ਦੀ ਸਰਪ੍ਰਸਤੀ ਹੇਠ 5 ਮਈ ਤੋਂ 4 ਜੂਨ ਤੀਕ ਉੜੀਸਾ ਸੂਬੇ ਦੇ 18 ਜਿਲਿਆਂ ਦੇ ਗੁਰਦੁਆਰਾ ਸਾਹਿਬਾਨ ’ਚ ਗੁਰਮਤਿ ਟ੍ਰੇਨਿੰਗ ਕੈਂਪ ਆਯੋਜਿਤ ਹੋਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਮਾਗਮਾਂ ਨੂੰ ਸਫਲ ਬਨਾਉਣ ਲਈ ਸੰਭਲਪੁਰ ਸਿੱਖ ਕੌਂਸਲ ਤੇ ਉੜੀਸਾ ਸਿੱਖ ਪ੍ਰਤੀਨਿਧ ਬੋਰਡ ਦੇ ਸਰਗਰਮ ਮੈਂਬਰਾਂ ਦਾ ਵੱਡਾ ਯੋਗਦਾਨ ਹੈ ਜਿਸ ਲਈ ਉਹ ਵਧਾਈ ਦੇ ਪਾਤਰ ਹਨ।ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ. ਜਸਵਿੰਦਰ ਸਿੰਘ ਐਡਵੋਕੇਟ ਨੇ ਕੈਂਪ ’ਚ ਭਾਗ ਲੈਣ ਵਾਲੇ ਸਮੁੱਚੇ ਵਿਦਿਆਰਥੀਆਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਕੀਤੀ।
ਇਸ ਕੈਂਪ ’ਚ 2000 ਬੱਚਿਆਂ ਨੇ ਸ਼ਿਰਕਤ ਕੀਤੀ। ਇਸ ਕੈਂਪ ਦੇ ਆਖਰੀ ਦਿਨ ਗੁਰਬਾਣੀ ਦੀ ਲਿਖਤੀ ਪ੍ਰੀਖਿਆ, ਗੁਰਬਾਣੀ ਕੰਠ, ਡਰਾਇੰਗ, ਕਵਿਤਾ, ਗੁਰਬਾਣੀ ਦੀ ਕਥਾ, ਗੁਰਮਤਿ ’ਤੇ ਅਧਾਰਿਤ ਕੁਇਜ਼ ਮੁਕਾਬਲੇ ਕਰਵਾਏ ਗਏ ਅਤੇ ਪਹਿਲੇ, ਦੂਜੇ ਤੇ ਤੀਜੇ ਨੰਬਰ ’ਤੇ ਆਉਣ ਵਾਲਿਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਯਾਦਗਾਰੀ ਚਿੰਨ੍ਹ ਤੇ ਸਿਰੋਪਾਓ ਬਖਸ਼ਿਸ਼ ਕੀਤੇ। ਕੈਂਪ ਦੌਰਾਨ ਹੋਏ ਅੰਮ੍ਰਿਤ ਸੰਚਾਰ ਸਮਾਗਮ ’ਚ 100 ਬੱਚੇ ਖੰਡੇ ਬਾਟੇ ਦੀ ਪਾਹੁਲ ਛਕ ਗੁਰੂ ਵਾਲੇ ਬਣੇ।
ਕੈਂਪ ਨੂੰ ਸਫਲ ਬਨਾਉਣ ਲਈ ਸਿੱਖ ਮਿਸ਼ਨਰੀਆਂ ਤੋਂ ਇਲਾਵਾ ਸੰਭਲਪੁਰ ਸਿੱਖ ਕੌਂਸਲ ਦੇ ਮੈਂਬਰਾਨ ਸ. ਗੁਰਮੀਤ ਸਿੰਘ, ਸ. ਸੁਰਜੀਤ ਸਿੰਘ, ਸ. ਰਣਜੀਤ ਸਿੰਘ, ਸ. ਭਗਤ ਸਿੰਘ, ਸ. ਰਵਿੰਦਰ ਸਿੰਘ, ਸ. ਸੁਰਜੀਤ ਸਿੰਘ (ਜੌਲੀ), ਸ. ਲਖਬੀਰ ਸਿੰਘ, ਸ. ਹਰਮਿੰਦਰ ਸਿੰਘ ਆਦਿ ਨੇ ਵੱਡਾ ਯੋਗਦਾਨ ਪਾਇਆ।