ਬਰਕਲੇ-ਪੰਚਮ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਅਤੇ ਜੂਨ 84 ਮੌਕੇ ਵਾਪਰੇ ਦੁਖਦਾਈ ਘੱਲੂਘਾਰੇ ਨੂੰ ਸਮਰਪਿਤ ਨਗਰ ਕੀਰਤਨ ਦਾ ਆਯੋਜਨ ਗੁਰਦੁਆਰਾ ਸਾਹਿਬ ਐਲ ਸਬਰਾਂਟੇ ਦੀ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਕੀਤਾ ਗਿਆ। ਇਸਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪੀਸ ਮਾਰਚ ਦਾ ਨਾਮ ਦਿੱਤਾ ਗਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰਾਂ ਭਾਈ ਗੁਰਬਚਨ ਸਿੰਘ, ਭਾਈ ਗੁਰਮੇਲ ਸਿੰਘ, ਭਾਈ ਝਿਰਮਿਲ ਸਿੰਘ ਅਤੇ ਭਾਈ ਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਪੀਸ ਮਾਰਚ ਰਾਹੀਂ ਅਮਰੀਕਨ ਭਾਈਚਾਰੇ ਤੱਕ ਸਿੱਖ ਧਰਮ ਦਾ ਸੰਦੇਸ਼ ਪਹੁੰਚਾਉਣਾ ਸਾਡਾ ਮੁੱਖ ਫ਼ਰਜ਼ ਬਣਦਾ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਦਸਿਆ ਕਿ ਸਾਡੀ ਪਛਾਣ ਨੂੰ ਕਈ ਵਾਰ ਕੁਝ ਲੋਕਾਂ ਵਲੋਂ ਗਲਤ ਢੰਗ ਨਾਲ ਪੇਸ਼ ਕੀਤਾ ਜਾਂਦਾ ਰਿਹਾ ਹੈ। ਇਸ ਲਈ ਇਸ ਪੀਸ ਮਾਰਚ ਦਾ ਮੁੱਖ ਮਕਸਦ ਸਿੱਖ ਧਰਮ ਦੀ ਵਖਰੀ ਪਛਾਣ ਤੋਂ ਇਥੋਂ ਦੇ ਲੋਕਾਂ ਨੂੰ ਜਾਣੂੰ ਕਰਵਾਉਣਾ ਵੀ ਹੈ। ਉਨ੍ਹਾਂ ਨੇ ਦਸਿਆ ਕਿ 9/11 ਤੋਂ ਬਾਅਦ ਸਾਡੀ ਪਛਾਣ ਨੂੰ ਮਿਡਲ ਈਸਟ ਦੇ ਲੋਕਾਂ ਨਾਲ ਜੋੜਕੇ ਵੇਖਿਆ ਜਾ ਰਿਹਾ ਹੈ ਜਿਸ ਕਰਕੇ ਉਸ ਮੌਕੇ ਸਿੱਖਾਂ ਉਪਰ ਕਈ ਨਸਲੀ ਹਮਲੇ ਵੀ ਹੋਏ ਅਤੇ ਕਈ ਸਿੱਖਾਂ ਉਪਰ ਕੁਝ ਲੋਕਾਂ ਵਲੋਂ ਗਲਤ ਕਿਸਮ ਦੇ ਫਿਰਕੇ ਵੀ ਕੱਸੇ ਗਏ।
ਇਸ ਨਗਰ ਕੀਰਤਨ ਵਿਚ ਸਭ ਤੋਂ ਅੱਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਸਾਹਿਬ ਦੇ ਨਾਲ ਸੰਗਤਾਂ ਗੁਰੂ ਸਾਹਿਬਾਂ ਵਲੋਂ ਬਖ਼ਸ਼ੀ ਇਲਾਹੀ ਬਾਣੀ ਦਾ ਕੀਰਤਨ ਕਰਦੀਆਂ ਹੋਈਆਂ ਸੰਗਤਾਂ ਜਾ ਰਹੀਆਂ ਸਨ। ਇਸ ਦੌਰਾਨ ਇਥੋਂ ਦੇ ਅਮਰੀਕਨ ਲੋਕਾਂ ਵਲੋਂ ਬਹੁਤ ਹੀ ਉਤਸ਼ਾਹ ਪੂਰਣ ਢੰਗ ਨਾਲ ਇਸ ਨਜ਼ਾਰੇ ਨੂੰ ਵੇਖਿਆ ਜਾ ਰਿਹਾ ਸੀ। ਇਸਤੋਂ ਉਪਰੰਤ ਵੱਖ ਵੱਖ ਗੁਰੂ ਘਰਾਂ ਵਲੋਂ ਤਿਆਰ ਕੀਤੇ ਹੋਏ ਫਲੋਟਾਂ ਦੁਆਰਾ ਸਿੱਖ ਧਰਮ ਨੂੰ ਪ੍ਰਦਰਸਿ਼ਤ ਕਰਦੀਆਂ ਤਸਵੀਰਾਂ ਅਤੇ ਵੱਖ ਵੱਖ ਬੈਨਰਾਂ ਦੁਆਰਾ ਸਿੱਖ ਧਰਮ ਦੀ ਤਸਵੀਰ ਪੇਸ਼ ਕੀਤੀ ਜਾ ਰਹੀ ਸੀ। ਇਨ੍ਹਾਂ ਫਲੋਟਾਂ ਵਿਚ ਵੀ ਸੰਗਤਾਂ ਅਤੇ ਸਕੂਲਾਂ ਦੇ ਬੱਚਿਆਂ ਦੁਆਰਾ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਕੀਤਾ ਜਾ ਰਿਹਾ ਸੀ। ਇਸ ਕੀਰਤਨ ਦੁਆਰਾ ਬਰਕਲੇ ਦੀਆਂ ਸੜਕਾਂ ਦਾ ਮਾਹੌਲ ਇਕ ਵਖਰੀ ਹੀ ਨੁਹਾਰ ਅਤੇ ਰੰਗਤ ਪੇਸ਼ ਕਰ ਰਿਹਾ ਸੀ। ਸੜਕਾਂ ਦੇ ਕਿਨਾਰਿਆਂ ਦੇ ਖੜੇ ਅਮਰੀਕੀ ਵਸਨੀਕ ਆਪੋ ਆਪਣੇ ਕੈਮਰਿਆਂ ਅਤੇ ਫੋਨ ਵਿਚ ਲੱਗੇ ਕੈਮਰਿਆਂ ਦੁਆਰਾ ਇਸ ਨਜ਼ਾਰੇ ਨੂੰ ਬੰਦ ਕਰ ਵਿੱਚ ਲੱਗੇ ਹੋਏ ਸਨ। ਗਤਕਾ ਪਾਰਟੀ ਦੇ ਨੌਜਵਾਨ ਆਪਣੇ ਗਤਕੇ ਦੇ ਜੌਹਰ ਵਿਖਾਉਂਦੇ ਹੋਏ ਜਾ ਰਹੇ ਸਨ ਜਿਨ੍ਹਾਂ ਨੂੰ ਸੜਕਾਂ ਦੇ ਕਿਨਾਰੇ ਖੜੇ ਲੋਕ ਬੜੇ ਹੀ ਉਤਸ਼ਾਹ ਪੂਰਣ ਢੰਗ ਨਾਲ ਦੇਖ ਰਹੇ ਸਨ।
ਇਸ ਨਗਰ ਕੀਰਤਨ ਨੂੰ ਸਫ਼ਲ ਬਨਾਉਣ ਵਿਚ ਜਿਥੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਆਪਣਾ ਪੂਰਾ ਯੋਗਦਾਨ ਪਾਇਆ ਗਿਆ। ਇਸਦੇ ਨਾਲ ਹੀ ਬਰਕਲੇ ਸਿਟੀ ਦੇ ਪ੍ਰਸ਼ਾਸਨ ਵਲੋਂ ਵੀ ਇਸ ਨਗਰ ਕੀਰਤਨ ਦੇ ਰੂਟ ਵਿਚ ਕਿਸੇ ਪ੍ਰਕਾਰ ਦੀ ਰੁਕਾਵਟ ਪੇਸ਼ ਨਾ ਆਵੇ ਟਰੈਫਿਕ ਨੂੰ ਬੜੇ ਹੀ ਸੁੱਚਜੇ ਢੰਗ ਨਾਲ ਕੰਟਰੋਲ ਕੀਤਾ ਗਿਆ ਹੈ।
ਨਗਰ ਕੀਰਤਨ ਆਪਣੇ ਨੀਅਤ ਸਮੇਂ ਅਨੁਸਾਰ ਵਾਪਸ ਪਾਰਕ ਵਿਚ ਪਹੁੰਚਿਆ। ਇਥੇ ਸੰਗਤਾਂ ਦੇ ਭਾਰੀ ਇਕੱਠ ਵਿਚ ਲੰਗਰ, ਮਠਿਆਈਆਂ, ਫਰੂਟ ਚਾਹ ਦੀ ਸੇਵਾ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰਨਾਂ ਜਥੇਬੰਦੀਆਂ ਵਲੋਂ ਨਿਭਾਈ ਜਾ ਰਹੀ ਸੀ। ਸੰਗਤਾਂ ਇਕ ਪਾਸੇ ਜਿਥੇ ਸੰਗਤਾਂ ਲੰਗਰ ਛੱਕ ਰਹੀਆਂ ਸਨ। ਇਸਦੇ ਨਾਲ ਹੀ ਦੂਜੇ ਪਾਸੇ ਸਟਾਲਾਂ ਵਿਚ ਧਾਰਮਕ ਕੈਸਟਾਂ, ਲਿਟਰੇਚਰ ਅਤੇ ਬੱਚਿਆਂ ਲਈ ਖਿਡੌਣਿਆਂ ਦੇ ਸਟਾਲ ਲੱਗੇ ਹੋਏ ਸਨ। ਉਥੇ ਹੋਰ ਵੀ ਅਨੇਕਾਂ ਪ੍ਰਕਾਰ ਦੀ ਵਿਕਰੀ ਦੀਆਂ ਚੀਜ਼ਾਂ ਦੇ ਸਟਾਲ ਲੱਗੇ ਹੋਏ ਸਨ ਅਤੇ ਸੰਗਤਾਂ ਵਲੋਂ ਬੇਸ਼ੁਮਾਰ ਖਰੀਦਾਰੀ ਕੀਤੀ ਜਾ ਰਹੀ ਸੀ।
ਨਗਰ ਕੀਰਤਨ ਦੀ ਸਮਾਪਤੀ ਤੋਂ ਉਪਰੰਤ ਪ੍ਰਬੰਧਕਾਂ ਵਲੋਂ ਸਮੂਹ ਸਿੱਖ ਸੰਗਤ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਇੰਟਰਫੇਥ ਕਮਿਊਨੀਕੇਸ਼ਨ ਵਲੋਂ ਡਾ:ਜੀਨਾ ਰੋਜ਼ਾ, ਡਾ:ਡੇਬਰਾ ਲੀਅ, ਰਿਚਮੰਡ ਸਿਟੀ ਦੀ ਵਾਇਸ ਮੇਅਰ ਮਿਸ ਲੁੱਡਮਯਰਨਾ ਲੋਪੇਜ਼, ਬਰਕਲੇ ਸਿਟੀ ਦੇ ਕੌਂਸਲਮੈਨ ਕ੍ਰਿਸ ਵਰਥਿੰਗਟਨ, ਐਲ ਸਰੀਟੋ ਸਿਟੀ ਦੇ ਕੌਂਸਲਮੈਨ ਗਰੇਗ ਲਯਮੈਨ, ਰਿਚਮੰਡ ਸਿਟੀ ਦੇ ਕੌਂਸਲਮੈਨ ਹਰਪ੍ਰੀਤ ਸਿੰਘ ਸੰਧੂ ਵੱਖ ਵੱਖ ਸ਼ਹਿਰਾਂ ਦੇ ਨੁਮਾਇੰਦਿਆਂ ਵਜੋਂ ਸ਼ਾਮਲ ਹੋਏ। ਇਨ੍ਹਾਂ ਨੂੰ ਪ੍ਰਬੰਧਕ ਕਮੇਟੀ ਵਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਇਨ੍ਹਾਂ ਤੋਂ ਇਲਾਵਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਭਾ: ਗੁਰਬਚਨ ਸਿੰਘ, ਭਾਈ ਗੁਰਮੇਲ ਸਿੰਘ, ਭਾਈ ਝਿਰਮਿਲ ਸਿੰਘ, ਭਾਈ ਰਵਿੰਦਰ ਸਿੰਘ ਆਦਿ ਤੋਂ ਇਲਾਵਾ ਸ: ਬਲਜੀਤ ਸਿੰਘ ਮਾਨ, ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ, ਸ: ਗੁਰਚਰਨ ਸਿੰਘ ਮਾਨ, ਸ: ਕਰਨੈਲ ਸਿੰਘ ਗਿੱਲ, ਸ: ਹਰਜੀਤ ਸਿੰਘ ਸੰਧੂ, ਭਾਰੀ ਸੁਖਦੇਵ ਸਿੰਘ ਬੈਣੀਵਾਲ, ਭਾਈ ਸੁਰਿੰਦਰਜੀਤ ਸਿੰਘ ਬਾਜਵਾ, ਸ: ਕੁਲਵੰਤ ਸਿੰਘ, ਸ: ਅਮਰੀਕ ਸਿੰਘ ਪੰਨੂ, ਸ: ਕੁਲਵਿੰਦਰ ਸਿੰਘ ਪੰਨੂ, ਸ: ਹਰਜਾਪ ਸਿੰਘ, ਸ: ਕੁਲਵੰਤ ਸਿੰਘ ਖਹਿਰਾ ਰੈੱਡਵੁੱਡ ਸਿਟੀ, ਸ: ਅਵਨਿੰਦਰ ਸਿੰਘ, ਸ: ਅਵਤਾਰ ਸਿੰਘ ਤਾਰੀ, ਸ: ਕਸ਼ਮੀਰ ਸਿੰਘ ਸ਼ਾਹੀ, ਸ: ਰਵਿੰਦਰ ਸਿੰਘ ਰੰਧਾਵਾ, ਸ: ਨਰਿੰਦਰਪਾਲ ਸਿੰਘ ਹੁੰਦਲ, ਸ: ਗੁਰਨਾਮ ਸਿੰਘ ਭੰਡਾਲ ਅਤੇ ਹੋਰ ਅਨੇਕਾਂ ਪਤਵੰਤੇ ਸੱਜਣਾਂ ਅਤੇ ਸਿੱਖ ਸੰਗਤਾਂ ਨੇ ਹਜ਼ਾਰਾਂ ਦੀ ਗਿਣਤੀ ਹਾਜ਼ਰੀਆਂ ਭਰਕੇ ਇਸ ਪੀਸ ਮਾਰਚ ਦੇ ਮਨੋਰਥ ਨੂੰ ਸੰਪੂਰਨ ਕਰਨ ਵਿਚ ਆਪਣਾ ਉੱਘਾ ਯੋਗਦਾਨ ਪਾਇਆ।