ਲਓ ਜੀ, ਛਿੱਤਰ ਭਲਵਾਨ ‘ਤੇ ਪਿਛਲੇ ਸਾਲ ਦਸੰਬਰ ਤੋਂ ਲੈ ਕੇ ਹੁਣ ਤੱਕ ਬਹੁਤ ਕੁਛ ਲਿਖਿਆ ਗਿਆ। ਮੈਂ ਚੁੱਪ ਜਿਹਾ ਬੈਠਾ ਰਿਹਾ! ਇਕ ਕਠੋਰ ਚੁੱਪ ਵੱਟੀ ਰੱਖੀ! ਸੋਚਿਆ ਕਿ ਛਿੱਤਰ ਭਲਵਾਨ ਦੀ ਪ੍ਰੀਭਾਸ਼ਾ ਮੇਰੇ ਕੋਲੋਂ ਲਿਖੀ ਨਹੀਂ ਜਾਣੀ..! ਸਿਆਣੇ ਆਖਦੇ ਹਨ ਕਿ ਜਿਸ ਦਾ ਖਾਈਏ, ਉਸ ਦੇ ਗੁਣ ਗਾਈਏ..! ਇਸ ਛਿੱਤਰ ਭਲਵਾਨ ਜੀ ਦੀ ਮੇਰੇ ‘ਤੇ ਐਨੀ ਕਿਰਪਾ ਰਹੀ ਹੈ ਕਿ ਸਕੂਲ ਦੇ ਮਾਸਟਰਾਂ ਤੋਂ ਲੈ ਕੇ ਮੇਰੇ ਘਰਵਾਲ਼ੀ ਤੱਕ, ਛਿੱਤਰ ਭਲਵਾਨ ਜੀ ਮੇਰੇ ‘ਤੇ ਮਿਹਰਬਾਨ ਹੀ ਰਹੇ ਹਨ! ਮੈਂ ਛਿੱਤਰ ਭਲਵਾਨ ਜੀ ਦੀ ਬਦਖ਼ੋਹੀ ਕਿਉਂ ਕਰਾਂ..? ਬਦਖੋਹੀ ਬੰਦਾ ਉਸ ਦੀ ਕਰਦਾ ਹੈ, ਜੋ ਆਪ ਦੀ ਸਿਹਤ ਅਤੇ ਮੱਤ ਵਾਸਤੇ ਹਾਨੀਕਾਰਕ ਹੋਵੇ! ਪਰ ਜੋ ਚੀਜ਼ ਤੁਹਾਡੇ ਲਈ ਫ਼ਾਇਦੇਮੰਦ ਸਾਬਤ ਹੁੰਦੀ ਹੈ, ਬੰਦਾ ਉਸ ਨਾਲ਼ ਛਿੱਤਰੋ-ਛਿੱਤਰੀ ਕਿਉਂ ਹੋਵੇ..? ਮੈਨੂੰ ਛਿੱਤਰ ਦੀ ਯਾਦ ਕਿੱਥੋਂ ਆਈ..? ਮੈਂ ਮਹੀਨਾ ਭਰ ਆਪਦੇ ਘਰ ਦੇ ਅੰਦਰਲੇ ਅਤੇ ਬਾਹਰਲੇ ਗਾਰਡਨ ਵਿਚ ਮੱਥਾ ਮਾਰਦਾ ਰਿਹਾ। ਹਰ ਵੀਕ-ਐਂਡ ਵੀ ਦੋਨੋਂ ਗਾਰਡਨਾਂ ਦੀ ਭੇਂਟ ਚੜ੍ਹ ਜਾਂਦਾ! 14 ਤਰ੍ਹਾਂ ਦੇ ਵੱਖੋ ਵੱਖਰੇ ਗੁਲਾਬ ਲਾਏ। ਜਦ ਗੁਲਾਬ ਖਿੜ ਗਏ ਅਤੇ ਗਾਰਡਨ ਮਹਿਕਣ ਲੱਗਣ ਲੱਗ ਪਿਆ ਤਾਂ ਮੇਰੀ ਬੱਤੀ ਸੁਲੱਖਣੀਂ ਘਰਵਾਲ਼ੀ ਨੇ ਅੰਦਰਲੇ ਗਾਰਡਨ ਵਿਚ ਡੰਡੇ ਦੇ ਸਿਰ ‘ਤੇ ਛਿੱਤਰ ਟੰਗ ਦਿੱਤਾ! ਅਖੇ ਕਿਸੇ ਚੰਦਰੇ ਦੀ ਨਜ਼ਰ ਨਾ ਲੱਗ ਜਾਵੇ..! ਮੈਂ ਕਿਹਾ ਆਪਣੇ ਘਰ ਵਿਚ ਜਾਂ ਤਾਂ ਆਪਣੇ ਬੱਚੇ ਹਨ ਅਤੇ ਜਾਂ ਮੈਂ ਅਤੇ ਤੂੰ..! ਨਜ਼ਰ ਕੀਹਦੀ ਲੱਗਣੀ ਐਂ..? ਮੈਂ ਛਿੱਤਰ ਪੱਟ ਕੇ ਪਰਾਂਹ ਮਾਰਿਆ ਅਤੇ ਮੈਨੂੰ ‘ਛਿੱਤਰ’ ‘ਤੇ ਲਿਖਣ ਦਾ ਹਲ਼ਕ ਜਿਹਾ ਉਠ ਖੜ੍ਹਿਆ!
ਮੈਂ ਕਿਸੇ ਏਅਰਪੋਰਟ ‘ਤੇ ਜਾਂ ਕਿਸੇ ਗੁਰੂ ਘਰ ਜਾਵਾਂ, ਜਾਂ ਕਿਤੇ ਸੜਕ ‘ਤੇ ਹੀ ਤੁਰਿਆ ਜਾਂਦਾ ਹੋਵਾਂ, ਤਾਂ ਮੈਨੂੰ ਦੋ ਚਾਰ ਬੀਬੀਆਂ ਜਾਂ ਬੰਦੇ ਐਹੋ ਜਿਹੇ ਜ਼ਰੂਰ ਮਿਲ ਜਾਂਦੇ ਹਨ, ਜੋ ਪੁੱਛਦੇ ਹਨ, “ਬਾਈ ਤੂੰ ‘ਓਹੀ’ ਐਂ..?” ਉਹਨਾਂ ਦਾ ਇਸ਼ਾਰਾ ਮੇਰੇ ਲੇਖਕ ਹੋਣ ਵੱਲ ਹੁੰਦਾ ਹੈ! ਬਹੁਤਾ ਰੌਲ਼ਾ ਜਿਹਾ ਪਾਉਣ ਦਾ ਆਦੀ ਮੈਂ ਵੀ ਨਹੀਂ! ਮੈਂ ਵੀ ਹੱਸ ਕੇ ਬੜਾ ਸੰਖੇਪ ਆਖਦਾ ਹੁੰਦਾ ਹਾਂ, “ਬਿਲਕੁਲ ਈ ‘ਓਹੀ’ ਐਂ ਬਾਈ ਜੀ..!” ਸਾਨੂੰ ਦੇਖਣ ਵਾਲ਼ੇ ਜਾਂ ਮੈਨੂੰ ਨਾ ਜਾਨਣ ਵਾਲ਼ੇ ਲੋਕ ਆਚੰਭੇ ਜਿਹੇ ਵਿਚ ਪੈ ਜਾਂਦੇ ਹਨ ਕਿ ਇਹ ‘ਓਹੀ’ ਕੀ ‘ਬਲਾਅ’ ਹੋਈ..? ਹਾਲਾਂ ਕਿ ਜੇ ਤੁਸੀਂ ਮਾਲਵੇ ਵਿਚ ਕਿਸੇ ਨੂੰ ਆਖ ਦੇਵੋਂ, “ਜਾਹ ਯਾਰ..! ਤੂੰ ਓਹੀ ਦਾ ਓਹੀ ਰਿਹਾ ਨ੍ਹਾਂ…!” ਇਕ ਤਰ੍ਹਾਂ ਦੀ ‘ਗਾਲ਼’ ਮੰਨੀ ਜਾਂਦੀ ਐ! ਤੇ ਹੁਣ ਜੇ ਕਿਸੇ ਸਮਾਗਮ ‘ਤੇ ਜਾਈਏ ਤਾਂ ਲੋਕ ਆਪਸ ਵਿਚ ‘ਘੁਸਰ-ਮੁਸਰ’ ਕਰਨ ਲੱਗ ਪੈਂਦੇ ਹਨ, “ਇਹ ਤਾਂ ‘ਓਹੀ’ ਐ ਯਾਰ..! ਇਹਦੀ ਜੁੱਤੀ ਬਾਹਰ ਈ ਲੁਹਾ ਲਓ, ਹੋਰ ਨਾ ਕਿਸੇ ਦੀ ਪੁੜਪੜੀ ‘ਚ ‘ਚਿੱਬ’ ਪਾ ਦੇਵੇ..!” ਹੁਣ ‘ਜਿ਼ੰਮੇਵਾਰ’ ਲੋਕ ਕਲਮਾਂ ਵਾਲਿ਼ਆਂ ਨੂੰ ਵੀ ‘ਓਹੀ’ ਦੱਸਣ ਲੱਗ ਪਏ ਹਨ ਕਿਉਂਕਿ ਇਰਾਕ ਦੇ ਪੱਤਰਕਾਰ ਮੁਨਤਾਦਹਾਰ ਅਲ-ਜਾਇਦੀ ਤੋਂ ਲੈ ਕੇ ਪੱਤਰਕਾਰ ਜਰਨੈਲ ਸਿੰਘ ਤੱਕ ਵੱਲੋਂ ਮੰਤਰੀਆਂ ‘ਤੇ ਤਕਰੀਬਨ ਇੱਕੋ ਤਰ੍ਹਾਂ ਦਾ ‘ਹਥਿਆਰ’ ਵਰਤਿਆ ਗਿਆ! ਅਜੇ ਤਾਂ ਮੈਂ ਸ਼ੁਕਰ ਕਰਦਾ ਹਾਂ ਕਿ ਜ਼ਮਾਨਾ ਬਦਲ ਗਿਆ ਹੈ ਅਤੇ ਲੋਕ ਮੁਲਾਇਮ ਬੂਟ ਪਹਿਨਣ ਲੱਗ ਪਏ ਹਨ। ਜੇ ਕਿਤੇ ਜ਼ਮਾਨਾ ਪੁਰਾਣਾ ਹੁੰਦਾ ਅਤੇ ਲੋਕ ‘ਖੜਾਵਾਂ’ ਪਾਉਂਦੇ ਹੁੰਦੇ। ਮੰਤਰੀਆਂ ਦਾ ਤਾਂ ਫ਼ੇਰ ਰੱਬ ਹੀ ਰਾਖਾ ਸੀ! ਅੱਗੇ ਜੁੱਤੀ ‘ਕਸੂਰ’ ਦੀ ਮਸ਼ਹੂਰ ਮੰਨੀ ਜਾਂਦੀ ਸੀ ਅਤੇ ਹੁਣ ਕਿਸੇ ਨਾ ਕਿਸੇ ਦੇਸ਼ ਦੀ ਜੁੱਤੀ ਆਏ ਦਿਨ ਮਸ਼ਹੂਰੀ ਪ੍ਰਾਪਤ ਕਰਦੀ ਹੀ ਰਹਿੰਦੀ ਐ..! ਇਹਦੇ ਵਿਚ ਕੋਈ ਸ਼ੱਕ ਨਹੀਂ ਕਿ ਅਲ-ਜਾਇਦੀ ਦੀ ‘ਕਿਰਪਾ’ ਨਾਲ਼ ਸਭ ਤੋਂ ਪਹਿਲਾਂ ਜੁੱਤੀ ਇਰਾਕ ਦੀ ਮਸ਼ਹੂਰ ਹੋਈ! ਲੋਕਾਂ ਨੇ ਉਸ ਨੂੰ ਖਰੀਦਣ ਲਈ ਆਪਣੀ ‘ਬੋਲੀ’ ਲਾ ਦਿੱਤੀ। ਪਰ ਬੁਸ਼ ਬਾਬਾ ਜੀ ਦੀ ਇੱਜ਼ਤ-ਆਬਰੂ ਨੂੰ ਮੁੱਖ ਰੱਖ ਕੇ ਉਹ ਜੁੱਤੀ ਹੀ ‘ਨਸ਼ਟ’ ਕਰ ਦਿੱਤੀ ਗਈ। ਨਾ ਚੋਰ ਲੱਗੇ ਤੇ ਨਾ ਕੁੱਤੀ ਭੌਂਕੇ!
ਜੁੱਤੀਆਂ ਚੱਲਣ ਦੇ ਕਈ ਅੰਦਾਜ਼ ਰਹੇ ਹਨ। ਹਰ ਚੀਜ਼ ਨੂੰ ਚਲਾਉਣ ਦਾ ਢੰਗ ਹੁੰਦਾ ਹੈ! ਇਕ ਵਾਰ ਸਾਡੇ ਪਿੰਡ ਵਿਚ ਕਾਮਰੇਡਾਂ ਵੱਲੋਂ ਕੋਈ ਡਰਾਮਾ ਖੇਡਿਆ ਜਾ ਰਿਹਾ ਸੀ। ਪਿੰਡ ਦੇ ਕੁਝ ਲੋਕਾਂ ਦੀ ਦਾਰੂ ਪੀਤੀ ਹੋਈ ਸੀ। ਮੈਨੂੰ ਉਮੀਦ ਹੈ ਕਿ ਮੇਰੇ ਮਾਲਵੇ ਦੇ ਲੋਕ ਸਿਰਫ਼ ਮਕਾਣ ਹੀ ‘ਸੋਫ਼ੀ’ ਜਾਂਦੇ ਹਨ। ਨਹੀਂ ਕੋਈ ਕਿੱਤਾ ਐਹੋ ਜਿਹਾ ਨਹੀਂ ਹੋਵੇਗਾ, ਜਿੱਥੇ ਮਲਵਈ ਦਾਰੂ ਨਹੀਂ ਪੀਂਦੇ! ਕਿਸੇ ਗੱਲ ਤੋਂ ਸ਼ਰਾਬੀ ਬੰਦੇ ਡਰਾਮਾ ਦੇਖਦੇ ਦੇਖਦੇ ਆਪਸ ਵਿਚ ਲੜ ਪਏ। ਦੁਨੀਆਂ ਖਿੰਡ ਗਈ। ਧੂਤਕੜਾ ਪੈਣ ਸਾਰ ਡਰਾਮਾਕਾਰੀ ਵੀ ਸਟੇਜ਼ ਵਿਹਲੀ ਕਰ ਗਏ। ਸਟੇਜ਼ ‘ਤੇ ਇਕ ਗੈਸ ਜਗੀ ਜਾ ਰਿਹਾ ਸੀ। ਉਦੋਂ ਪਿੰਡਾਂ ਵਿਚ ਬਿਜਲੀ ਨਹੀਂ ਆਈ ਸੀ। ਸਟੇਜ਼ਾਂ ‘ਤੇ ਚਾਨਣ ਕਰਨ ਲਈ ਗੈਸ ਨਾਲ਼ ਹੀ ਕੰਮ ਚਲਾਇਆ ਜਾਂਦਾ ਸੀ। ਇਕ ਅਮਲੀ ਨੇ ਆਪਣੀ ਜੁੱਤੀ ‘ਚ ਰੋੜਾ ਪਾ ਕੇ ਗੈਸ ਵੱਲ ਨੂੰ ਚਲਾਇਆ ਤੇ ਬਣਾ ਸੁਆਰ ਕੇ ਕਹਿੰਦਾ, “ਜਲਸੇ ਆਲ਼ੇ ਤਾਂ ਤਿੱਤਰ ਹੋਗੇ ਤੇ ਆਹ ਭੈਣ ਦੇਣੇ ਦਾ ‘ਕੱਲਾ ਈ ਜਗੀ ਜਾਂਦੈ..?” ਜੁੱਤੀ ‘ਚ ਪਾਏ ਰੋੜੇ ਨਾਲ਼ ਗੈਸ ਖੱਖੜੀਆਂ ਹੋ ਗਿਆ ਸੀ।
ਇਸੇ ਤਰ੍ਹਾਂ ਹੀ ਮੈਂ ਬੱਸ ਵਿਚ ਛਿੱਤਰ-ਪਰੇਡ ਹੁੰਦੀ ਦੇਖੀ। ਉਦੋਂ ਮੈਂ ਡੀ.ਐੱਮ. ਕਾਲਜ ਮੋਗੇ ਪੜ੍ਹਦਾ ਸੀ। ਅਸੀਂ ਬੌਡਿਆਂ ਤੋਂ ਬੱਸ ਫ਼ੜਕੇ ਮੋਗੇ ਆਉਂਦੇ ਹੁੰਦੇ ਸਾਂ। ਸਾਡੇ ਪਿੰਡ ਅਜੇ ਬੱਸ ਨਹੀਂ ਆਉਣ ਲੱਗੀ ਸੀ। ਜੇ ਕਦੇ ਕਦਾਈਂ ਕੋਈ ਆਉਂਦੀ ਵੀ ਸੀ ਤਾਂ ਲੋਕ ਉਸ ਦੀ ਇਉਂ ਉਡੀਕ ਕਰਦੇ ਜਿਵੇਂ ਕਰਵਾ ਚੌਥ ਦਾ ਵਰਤ ਰੱਖੀ ਬੀਬੀਆਂ ਰਾਤ ਨੂੰ ‘ਅਰਘ’ ਦੇਣ ਲਈ ਚੰਦਰਮਾਂ ਦੀ ਉਡੀਕ ਕਰਦੀਆਂ ਹਨ! ਮੋਗੇ ਦੇ ਬੱਸ ਸਟੈਂਡ ‘ਤੇ ਖੜ੍ਹੀਆਂ ਬੱਸਾਂ ਵਿਚ ਇਕ ਬੰਦਾ ਇਕ-ਇਕ ਰੁਪਈਏ ਦੀ ਜਲਧਾਰੇ ਦੀ ਸ਼ੀਸ਼ੀ ਵੇਚਦਾ ਹੁੰਦਾ ਸੀ। ਇਕ ਰੁਪਏ ਦੀ ਇਸ ਸ਼ੀਸ਼ੀ ਦੇ ਗੁਣ ਜਦ ਉਹ ਦੱਸਣ ਲੱਗਦਾ ਤਾਂ ਲੋਕ ਉਸ ਦੇ ਇੰਜ ਕਾਇਲ ਹੋ ਜਾਂਦੇ ਜਿਵੇਂ ਉਹ ਲੰਡਨ ਦਾ ਕਿੰਗ ਜੌਰਜ ਹਸਪਤਾਲ਼ ਨਾਲ਼ ਹੀ ਚੁੱਕੀ ਫਿ਼ਰਦਾ ਹੋਵੇ। ਸ਼ੀਸ਼ੀ ਦੇ ਗੁਣਾਂ ਵਿਚ ਇਹ ਵੀ ਸ਼ਾਮਲ ਸੀ ਕਿ ਜੇ ਕਿਤੇ ਰਾਤ ਬਰਾਤੇ ਕਿਸੇ ਦੇ ਕੱਟਰੂ-ਵੱਛਰੂ ਨੂੰ ਅਫ਼ਰੇਵਾਂ ਹੋ ਜਾਵੇ ਤਾਂ ਪਸ਼ੂ ਦੀ ਅੱਖ ਵਿਚ ਇਕ ਤੁਪਕਾ ‘ਜਲਧਾਰੇ’ ਦਾ ਪਾਓ! ਅਫ਼ਰੇਵਾਂ ਖ਼ਤਮ ਹੋ ਜਾਵੇਗਾ। ਖ਼ੈਰ, ਸਾਡੇ ਪਿੰਡ ਦੇ ਧਿਆਨੇ ਨੇ ਉਸ ਸ਼ੀਸ਼ੀ ਦੇ ਵੀਹ-ਪੱਚੀ ਗੁਣ ਸੁਣ ਕੇ ਇਕ ਰੁਪਈਆ ਖ਼ਰਚ ਦਿੱਤਾ ਅਤੇ ਜਲਧਾਰੇ ਦੀ ਸ਼ੀਸ਼ੀ ਖ਼ਰੀਦ ਲਈ। ਕੁਦਰਤ ਰੱਬ ਦੀ ਇਕ ਦਿਨ ਗੁਆਂਢੀਆਂ ਦੀ ਮੱਝ ਨੂੰ ਸਪਰੇਅ ਵਾਲ਼ਾ ਗੁਆਰਾ ਖਾ ਕੇ ਅਫ਼ਰੇਵਾਂ ਹੋ ਗਿਆ। ਧਿਆਨ ਸਿੰਘ ਨੇ ਜਦ ਰੌਲ਼ਾ ਜਿਹਾ ਸੁਣਿਆਂ ਤਾਂ ਉਹ ਆਪਣੀ ਸ਼ੀਸ਼ੀ ਗੀਝੇ ਵਿਚ ਪਾ ਕੇ ਗੁਆਂਢੀਆਂ ਦੇ ਘਰੇ ਚਲਾ ਗਿਆ।
-”ਕੀ ਗੱਲ ਐ ਭਤੀਜ…?”
-”ਕਾਹਦੀ ਗੱਲ ਐ ਤਾਇਆ..! ਮੱਝ ਨੂੰ ‘ਫ਼ਰੇਮਾਂ ਹੋ ਗਿਆ..!” ਗੁਆਂਢੀ ਮੁੰਡੇ ਨੇ ਦੁਖੀ ਜਿਹੇ ਮਨ ਨਾਲ਼ ਦੱਸਿਆ।
-”ਦੁਆਈ ਮੇਰੇ ਕੋਲ਼ੇ ਐ – ਤੁਸੀਂ ਇਹਨੂੰ ਕੇਰਾਂ ਮੂਧੀ ਪਾਓ!” ਉਸ ਨੇ ਹਕੀਮ ਵਾਂਗ ਕਿਹਾ।
-”ਮੂਧੀ ਪਾਉਣ ਨੂੰ ਕੋਈ ਟੀਕਾ ਟੂਕਾ ਲਾਉਣੈਂ ਭਾਈ ਜੀ..?” ਮੁੰਡੇ ਦੀ ਮਾਂ ਨੇ ਪੁੱਛਿਆ।
-”ਕਾਹਨੂੰ ਲਾਣੇਦਾਰਨੀਏਂ..! ਤੂੰ ਆਬਦੀਆਂ ਦੁੱਧ ਰਿੜਕਣ ਆਲ਼ੀਆਂ ਗੱਲਾਂ ਨਾ ਕਰ..! ਦੁਆਈ ਇਹਦੀ ਅੱਖ ‘ਚ ਪਾਉਣੀਂ ਐਂ..! ਦੇਖੀ ਜਾਈਂ..! ਚੱਕਦੂ ਅੱਖਾਂ ਦੀ ਲਾਲੀ..!”
-”ਫ਼ੇਰ ਮੂਧੀ ਪਾਉਣ ਦੀ ਕੀ ਲੋੜ ਐ ਤਾਇਆ..? ਮੂਧਾ ਤਾਂ ਪਸ਼ੂ ਪਹਿਲਾਂ ਈ ਹੁੰਦੈ..!”
-”ਹਾਂ..! ਇਹ ਗੱਲ ਵੀ ਸਹੀ ਐ..! ਚਲੋ ਫ਼ੇਰ ਇਹਨੂੰ ਟੇਢੀ ਪਾਓ..!”
ਮੁੰਡਿਆਂ ਨੇ ਬਿਮਾਰ ਮੱਝ ਔਖੇ ਸੌਖੇ ਹੋ ਕੇ ਟੇਢੀ ਕਰ ਲਈ।
ਮੱਝ ਦੀ ਅੱਖ ਵਿਚ ਜਲਧਾਰਾ ਪਾ ਦਿੱਤਾ ਗਿਆ। ਪਰ ਕੋਈ ਫ਼ਰਕ ਨਾ ਪਿਆ। ਮੱਝ ਹੋਰ ਵੀ ਔਖੇ ਔਖੇ ਸਾਹ ਲੈਣ ਲੱਗ ਪਈ।
-”ਦੇਬੂ..! ਮੱਝ ਤੰਗ ਐ ਭਾਈ..! ਕਿਸੇ ਸਲੋਤਰੀ ਨੂੰ ਬੁਲਾਓ..!” ਦੇਬੂ ਦੀ ਮਾਂ ਚਿੰਤਾ ਵਿਚ ਬੋਲੀ।
-”ਲਾਣੇਦਾਰਨੀਏਂ ਤੂੰ ਫਿ਼ਕਰ ਕਿਉਂ ਕਰਦੀ ਐਂ..? ਸਲੋਤਰੀ ਨੇ ਆ ਕੇ ਕਿਹੜਾ ਟੂਣਾਂ ਕਰ ਜਾਣੈਂ..? ਦੁਆਈ ਆਪਣੇ ਕੋਲ਼ੇ ਐ..! ਇਕ ਵਾਰੀ ਹੋਰ ਚਾੜ੍ਹ ਦਿਆਂਗੇ..!”
-”ਵੇ ਭਾਈ ਉਹਨਾਂ ਦੀਆਂ ਪੜ੍ਹਾਈਆਂ ਕੀਤੀਆਂ ਹੁੰਦੀਐਂ, ਅਗਲੇ ਮਿੰਟ ‘ਚ ਰੋਗ ਬੁੱਝ ਲੈਂਦੇ ਐ..!”
-”ਲੈ ਭੜ੍ਹਾਈਆਂ ਕਰਕੇ ਉਹਨਾਂ ਕੋਲ਼ੇ ਕਿਹੜਾ ਗਿੱਦੜਸਿੰਗੀ ਆ ਜਾਂਦੀ ਐ..? ਆਹ ਬਰਾੜਾਂ ਦਾ ਬੱਲੀ ਸਾਰੇ ਪਿੰਡ ਜਿੰਨਾਂ ‘ਕੱਲਾ ਈ ਪੜ੍ਹ ਗਿਆ..! ਉਹਦਾ ਡਮਾਕ ਹਿੱਲ ਗਿਆ..! ਆਬਦੇ ਬਾਪੂ ਨੂੰ ‘ਭਾਅਪਾ’ ਈ ਦੱਸਦੈ..! ਉਏ ਮੁੰਡਿਓ..! ਹੁਣ ਮੈਨੂੰ ਇਹਦੀ ਦੂਜੀ ਅੱਖ ‘ਚ ਪਾਉਣ ਦਿਓ ਇਕ ਤੁਪਕੀ..! ਦੇਖਿਓ ਕਿਮੇ ਫ਼ੁੱਲ ਮਾਂਗੂੰ ਹੌਲ਼ੀ ਹੁੰਦੀ ਐ..! ਇਹ ਤਾਂ ਦਸਾਂ ਮਿੰਟਾਂ ‘ਚ ਸੀਟੀਆਂ ਮਾਰੂ, ਸੀਟੀਆਂ..! ਸੀਸੀ ‘ਤੇ ਮੇਰਾ ਪੂਰਾ ਰੁਪਈਆ ਲਾਇਆ ਵਿਐ..! ਜਿਹੜੇ ਬੱਸਾਂ ‘ਚ ‘ਪਰਾਟੀਸ’ ਕਰਦੇ ਫਿ਼ਰਦੇ ਐ, ਕਿਤੇ ਝੂਠ ਤੁਫ਼ਾਨ ਤਾਂ ਨ੍ਹੀ ਤੋਲਦੇ..! ਕਰੋ ਇਹਨੂੰ ਮਾੜਾ ਜਿਆ ਬੱਤ ਕੇਰਾਂ..! ਫੜ ਬਈ ਇਹਦਾ ਕੰਨ..! ਡਰਦਾ ਕਾਹਤੋਂ ਐਂ..? ਇਹ ਸ਼ਾਟ ਤਾਂ ਨ੍ਹੀ ਮਾਰਦੀ..!” ਮੁੰਡਿਆਂ ਨੇ ਉਸ ਦੇ ਆਖੇ ਲੱਗ ਕੇ ਦੁਆਈ ਮੱਝ ਦੀ ਦੂਜੀ ਅੱਖ ਵਿਚ ਵੀ ਪੁਆ ਦਿੱਤੀ। ਪਰ ਰਾਜ਼ੀ ਹੋਣ ਦੀ ਜਗਾਹ ਮੱਝ ਅੱਧੇ ਕੁ ਘੰਟੇ ਬਾਅਦ ਇਸ ‘ਫ਼ਾਨੀ ਸੰਸਾਰ’ ਨੂੰ ‘ਫ਼ਤਹਿ’ ਬੁਲਾ ਗਈ। ਦਸ ਕਿਲੋ ਦੁੱਧ ਦੇਣ ਵਾਲ਼ੀ ਮੱਝ ਦੇ ਵਿਯੋਗ ਵਿਚ ਬੁੜ੍ਹੀ ਦੇ ਪਿੱਟ-ਸਿਆਪਾ ਜਿਹਾ ਕਰਨ ‘ਤੇ ਮੁੰਡਿਆਂ ਨੇ ਧਿਆਨਾ ਮੱਝ ਵਾਂਗ ਹੀ ਮੂਧਾ ਪਾ ਲਿਆ ਅਤੇ ਤਕੜੀ ਦੁਰਬੜੀ ਲਾ ਦਿੱਤੀ। ਕੁੱਟ ਖਾ ਕੇ ਸਤਿਆ ਧਿਆਨਾਂ ਅਗਲੇ ਦਿਨ ਮੋਗੇ ਨੂੰ ਬੱਸ ਚੜ੍ਹ ਗਿਆ। ਜਾਣ ਸਾਰ ਉਸ ਨੇ ਉਹ ਸ਼ੀਸ਼ੀਆਂ ਵੇਚਣ ਵਾਲ਼ਾ ਬਾਈ ਲੱਭ ਲਿਆ ਅਤੇ ਉਸ ‘ਤੇ ਧੌੜੀ ਦੀ ਜੁੱਤੀ ‘ਫ਼ੇਰਨੀ’ ਸ਼ੁਰੂ ਕਰ ਦਿੱਤੀ।
ਇਕ ਸੱਭਿਆਚਾਰਕ ਮੇਲੇ ਵਿਚ ਇਕ ਗਾਇਕ ਲੋਕਾਂ ਨੂੰ ਅਤੇ ਗਾਇਕਾਂ ਨੂੰ ‘ਉਪਦੇਸ਼’ ਜਿਹਾ ਦੇਈ ਜਾ ਰਿਹਾ ਸੀ, “ਮੇਰੀ ਗਾਇਕ ਵੀਰਾਂ ਨੂੰ ਬੇਨਤੀ ਹੈ ਕਿ ਪ੍ਰਸਿੱਧੀ ਲਈ ਲੱਚਰ ਗੀਤਾਂ ਦਾ ਸਹਾਰਾ ਨਾ ਲੈਣ..! ਜਿੱਥੋਂ ਤੱਕ ਹੋ ਸਕੇ, ਗੀਤ ਧੀਆਂ ਭੈਣਾਂ ਵਿਚ ਸੁਣਨ ਵਾਲ਼ੇ ਹੀ ਗਾਏ ਜਾਣ..! ਮੇਰੀ ਗੀਤਕਾਰ ਭਰਾਵਾਂ ਨੂੰ ਵੀ ਗੁਜ਼ਾਰਿਸ਼ ਹੈ ਕਿ ਉਹ ਅਸ਼ਲੀਲ ਗੀਤ ਨਾ ਸਿਰਜਿਆ ਕਰਨ..! ਸੱਭਿਆਚਾਰਕ ਗੀਤ ਹੀ ਲਿਖਿਆ ਕਰਨ ਤਾਂ ਕਿ ਅਸੀਂ ਆਪਣਾ ਵਿਰਸਾ ਬਚਾ ਸਕੀਏ..!” ਤੇ ਜਦ ਉਸੇ ਗਾਇਕ ਨੇ “ਨਾਲ਼ੋਂ ਜਾ ਕੇ ਨਾਇਣ ਚੱਕ ਲਈ – ਮੈਂ ਤਾਂ ਸੋਚਿਆ ਪਟੋਲ੍ਹਾ ਹੱਥ ਆ ਗਿਆ..!” ਸ਼ੁਰੂ ਕੀਤਾ ਤਾਂ ਉਥੇ ਉਸ ਦੇ ਸਿਰ ਵਿਚ ਕਿੰਨੇ ਅਤੇ ਕਿੰਨੀ ਤਰ੍ਹਾਂ ਦੇ ਛਿੱਤਰ ਵਰ੍ਹੇ..? ਦੱਸਣਾ ਮੁਸ਼ਕਿਲ ਹੈ..! ਇਹ ਤਾਂ ਸ਼ਾਇਦ ਕੋਈ ਡਾਕਟਰੀ ਰਿਪੋਰਟ ਹੀ ਦੱਸ ਸਕੇਗੀ!
ਸਾਡੇ ਪਿੰਡ ਵਿਚ ਇਕ ਤਾਈ ਹਰਨਾਮੀ ਹੁੰਦੀ ਸੀ। ਉਮਰ ਉਸ ਦੀ ਅੱਸੀਆਂ ਦੇ ਨੇੜ ਅਤੇ ਸੋਟੀ ਆਸਰੇ ਹੀ ਤੁਰਦੀ ਸੀ! ਆਦਤ ਉਸ ਦੀ ਵੀ ਬਹੁਤ ਭੈੜ੍ਹੀ ਸੀ। ਜਦ ਕਿਸੇ ਪਿੰਡ ਦੀ ਨੂੰਹ ਨੇ ਖੇਤ ਰੋਟੀ ਲਈ ਜਾਂਦੀ ਨੇ ਉਸ ਨੂੰ, “ਬੇਬੇ ਜੀ ਮੱਥਾ ਟੇਕਦੀ ਆਂ” ਆਖ ਜਾਣਾ ਤਾਂ ਤਾਈ ਹਰਨਾਮੀ ਨੇ ਸੋਟੀ ਆਸਰੇ ਉਥੇ ਹੀ ਖੜ੍ਹ ਕੇ ਅਸੀਸਾਂ ਦੇਣ ਲੱਗ ਜਾਣਾ, “ਵੀਰ ਜਿਉਣ, ਮਹਾਰਾਜ ਬੱਚਾ ਦੇਵੇ, ਰੱਬ ਭਾਗ ਲਾਵੇ, ਬੁੱਢ ਸੁਹਾਗਣ ਰਹੇਂ..!” ਮੱਥਾ ਟੇਕਣ ਵਾਲ਼ੀ ਨੇ ਰੋਟੀ ਲੈ ਕੇ ਖੇਤ ਪਹੁੰਚ ਜਾਣਾ। ਪਰ ਤਾਈ ਨੇ ਉਥੇ ਖੜ੍ਹੀ ਨੇ ਹੀ ਅਸੀਸਾਂ ਦੇਈ ਜਾਣੀਆਂ! ਤੇ ਜੇ ਕਿਸੇ ਨੇ ਬੇਧਿਆਨੀ ਜਾਂ ਤੇਜੀ ਵਿਚ ਤਾਈ ਹਰਨਾਮੀ ਨੂੰ ਮੱਥਾ ਟੇਕਣੋਂ ਭੁੱਲ ਜਾਣਾ ਤਾਂ ਉਦੋਂ ਤਾਂ ਤਾਈ ਨੇ ਕੁਝ ਨਾ ਬੋਲਣਾ। ਪਰ ਜਦ ਅਗਲੀ ਨੇ ਕਿੱਲਾ ਦੋ ਕਿੱਲੇ ਵਾਟ ਅੱਗੇ ਲੰਘ ਜਾਣਾ ਤਾਂ ਤਾਈ ਨੇ ਆਪਣਾ ‘ਸੋਲ੍ਹਾ’ ਛਿੱਤਰ ਲਾਹ ਕੇ ਅਗਲੀ ਦੇ ਪੈਰ ਦੀ ਪੈੜ ਕੁੱਟਣ ਲੱਗ ਜਾਣੀ, “ਇਹ ਤਾਂ ਕਿਸੇ ਗਏ ਘਰ ਦੀ ਐ..! ਇਹਨੂੰ ਅਕਲ ਨ੍ਹੀ ਭਾਈ..!” ਤੇ ਜੇ ਕਿਸੇ ਨੇ ਉਸ ਨੂੰ ਜੁੱਤੀ ਨਾਲ਼ ਪੈੜ ਕੁੱਟਣ ਦਾ ਕਾਰਨ ਪੁੱਛਣਾ ਤਾਂ ਉਸ ਨੇ ਛਿੱਤਰ ਦੀ ਸੱਟ ਹੋਰ ਕਰੜੀ ਕਰ ਦੇਣੀਂ ਅਤੇ ਨਾਲ਼ੇ ਪੈੜ ‘ਤੇ ਥੁੱਕਣਾ, “ਕਿਸੇ ਮਾੜੇ ਪੈੜੇ ਆਲ਼ੀ ਦੀ ਪੈੜ ਕੁੱਟਦੀ ਐਂ ਭਾਈ..! ਐਹੋ ਜੀ ਦਾ ਤਾਂ ਪਿੰਡ ‘ਤੇ ਪਰਛਾਵਾਂ ਪਿਆ ਵੀ ਮਾੜੈ..!” ਉਸ ਨੇ ਮੱਥਾ ਨਾ ਟੇਕਣ ਦਾ ਗੁੱਸਾ ਅਗਲੀ ਦੀ ਪੈੜ ਕੁੱਟ ਕੇ ਲੈਣਾਂ! ਕਦੇ ਕਦੇ ਉਸ ਨੇ ਬਿਨਾ ਗੱਲੋਂ ਵੀਹੀ ਵਿਚ ਖੜ੍ਹ ਕੇ ਆਪਣਾ ਗੁੱਸਾ ਕੱਢਣ ਲੱਗ ਪੈਣਾਂ, “ਪੰਜ ਦਿਨ ਹੋ ਗਏ, ਆਹ ਟੁੱਟੜਾ ਮਿਸਤਰੀ ਮੇਰੀ ਪੀੜ੍ਹੀ ਨ੍ਹੀ ਠੋਕ ਕੇ ਦਿੰਦਾ..! ਮੈਂ ਇਕ ਅੱਧਾ ਦਿਨ ਹੋਰ ਦੇਖਣੈਂ, ਰੁੜ੍ਹ ਜਾਣੇ ਦੇ ਘਰੇ ਸਿਆਪਾ ਕਰ ਕੇ ਆਊਂ..!” ਤੇ ਨਾਲ਼ ਦੀ ਨਾਲ਼ ਉਸ ਨੇ ਅੰਦਰੋਂ ਛੱਜ ਲਿਆ ਕੇ ਉਸ ‘ਤੇ ਆਪਣਾ ਛਿੱਤਰ ਖੜਕਾਉਣਾ ਸ਼ੁਰੂ ਕਰ ਦੇਣਾ!
ਇਕ ਗੱਲ ਹੋਰ ਦੱਸਦਾ ਜਾਂਵਾਂ ਕਿ ਛਿੱਤਰ ਸਿਰਫ਼ ਕੁੱਟਣ ਵਾਸਤੇ ਹੀ ਨਹੀਂ ਹੁੰਦਾ! ਛਿੱਤਰ ਕਦੇ ਕਦੇ ਦੁਆਈ ਵਾਂਗ ਲਾਹੇਵੰਦ ਵੀ ਸਾਬਤ ਹੁੰਦਾ ਹੈ! ਆਮ ਲੋਕਾਂ ਦਾ ਕਥਨ ਹੈ ਕਿ ਜੇ ਕਿਸੇ ਨੂੰ ਮਿਰਗੀ ਪੈ ਜਾਵੇ, ਤਾਂ ਉਸ ਰੋਗੀ ਨੂੰ ਛਿੱਤਰ ਸੁੰਘਾਓ! ਠੀਕ ਹੋ ਜਾਵੇਗਾ! ਜੁੱਤੀ ਉਤਨੀ ਬਦਨਾਮ ਨਹੀਂ, ਜਿੰਨੀ ਲੋਕਾਂ ਨੇ ਬਦਨਾਮ ਕਰ ਮਾਰੀ ਹੈ! ਜਦ ਅਸੀਂ ਗੁਰੂ ਘਰ ਜਾਂਦੇ ਹਾਂ ਤਾਂ ਜੋੜਿਆਂ ਦੀ ਸੇਵਾ ਨੂੰ ਉੱਤਮ ਸਮਝ ਕੇ ਕਰਦੇ ਹਾਂ! ਜੋੜਿਆਂ ਦੀ ਸੇਵਾ ਕਰਨ ਨਾਲ਼ ਮਨ ਦੀ ਮੈਲ਼ ਅਤੇ ਪਾਪ ਧੋਤੇ ਜਾਂਦੇ ਹਨ। ਇਕ ਵਾਰੀ ਧੰਨੇ ਅਮਲੀ ਨੂੰ ਕੋਈ ਜੋਗੀ ‘ਮਣਕਾ’ ਦੇ ਗਿਆ। ਅਖੇ ਜੇ ਕਿਸੇ ਦੇ ਸੱਪ ਲੜ ਜਾਵੇ ਤਾਂ ਇਹ ਮਣਕਾ ਉਪਰ ਲਾ ਦੇਵੀਂ। ਇਹ ਮਣਕਾ ਸਾਰੀ ਜ਼ਹਿਰ ਚੂਸ ਲਵੇਗਾ। ਅਮਲੀ ਸੀ ਕਮਲ਼ਾ! ਉਸ ਨੇ ਖੇਤਾਂ ਦੀਆਂ ਉੱਜੜੀਆਂ ਖੱਡਾਂ ਵਿਚ ਹੱਥ ਮਾਰਨੇ ਸ਼ੁਰੂ ਕਰ ਦਿੱਤੇ ਕਿ ਕਦੋਂ ਸੱਪ ਮੇਰੇ ਲੜੇ, ਤੇ ਕਦੋਂ ਮੈਂ ਮਣਕਾ ਅਜ਼ਮਾਵਾਂ..! ਸਾਡੇ ਗੁਆਂਢੀ ਤਾਏ ਨੇ ਹੱਸਦਿਆਂ ਕਿਹਾ, “ਦੇਖੋ ਉਏ ਮੁੰਡਿਓ..! ਇਹਦੀਆਂ ਲੱਕੜਾਂ ਦਾ ਪ੍ਰਬੰਧ ਕਰੋ ਉਏ..! ਔਹ ਧੰਨੇ ਨੂੰ ਮਣਕੇ ਦਾ ਕੀ ਕਮਲ਼ ਚੜ੍ਹਿਐ..! ਦਿਨ ਰਾਤ ਸੱਪਾਂ ਦੀਆਂ ਖੱਡਾਂ ਵਿਚ ਹੱਥ ਪਾ ਪਾ ਕੇ ਸੱਪ ਟੋਂਹਦੈ ਫਿ਼ਰਦੈ..! ਇਹ ਕਿਸੇ ਦਿਨ ਸੱਪ ਫੜਦਾ ਫੜਦਾ ਕਿਤੇ ਬੰਦੇ ਨਾ ਫੜਨ ਲੱਗ ਪਵੇ? ਕਿਸੇ ਦਿਨ ਸੱਪ ਆਉਣੈਂ ਨਿਕਲ਼ ਤੇ ਉਹਨੇ ਮਾਰਨੈਂ ਇਹਦੇ ਡੰਗ, ਮਣਕੇ ਨੇ ਕੁਛ ਕਰਨਾ ਨ੍ਹੀ ਤੇ ਇਹਨੇ ਮਰ ਜਾਣੈਂ..! ਲੱਕੜਾਂ ਆਪਾਂ ਨੂੰ ਈ ਲਾਉਣੀਆਂ ਪੈਣੀਐਂ..!” ਇਕ ਦਿਨ ਕਿਸੇ ਖੱਡ ‘ਚੋਂ ਕੋਈ ਚੂਹੇ ਖਾਣਾ ਸੱਪ ਨਿਕਲ਼ ਆਇਆ ਤੇ ਧੰਨੇ ਦੇ ਦੰਦੀ ਜਿਹੀ ਵੱਢ ਗਿਆ। ਸੱਪ ਦੀਆਂ ਕਈ ਨਸਲਾਂ ਐਹੋ ਜਿਹੀਆਂ ਹੁੰਦੀਆਂ ਨੇ, ਜਿੰਨ੍ਹਾਂ ਦੇ ਡੰਗ ਵਿਚ ਜ਼ਹਿਰ ਹੀ ਨਹੀਂ ਹੁੰਦਾ। ਸੱਪ ਦੇ ਡੰਗਣ ਨਾਲ਼ ਧੰਨੇ ਨੂੰ ਬਹੁਤਾ ਕੁਛ ਤਾਂ ਨਾ ਹੋਇਆ ਅਤੇ ਨਾ ਹੀ ਉਸ ਦੇ ਮਣਕੇ ਨੇ ਕੋਈ ਕੰਮ ਕੀਤਾ! ਪਿੰਡ ਵਾਲ਼ੇ ਕਿਤੋਂ ਕਿਸੇ ਜੋਗੀ ਨੂੰ ਲੱਭ ਲਿਆਏ। ਉਸ ਨੇ ਸਲਾਹ ਦਿੱਤੀ ਕਿ ਚੂਹੇ ਖਾਣੇ ਸੱਪ ਦੇ ਡੰਗਣ ਨਾਲ਼ ਬੰਦਾ ਮਰਦਾ ਨਹੀਂ। ਬੱਸ ‘ਘਾਊਂ-ਮਾਊਂ’ ਜਿਹਾ ਹੋ ਜਾਂਦੈ ਤੇ ਡੰਗ ਵਾਲ਼ੀ ਜਗਾਹ ‘ਤੇ ਸੋਜ਼ ਜਿਹੀ ਹੋ ਜਾਂਦੀ ਐ!
-”ਇਹਦਾ ‘ਲਾਜ ਵੀ ਦੱਸ ਦਿਓ ਜੋਗੀ ਜੀ..! ਇਹਦੀ ਸੋਜ ਦਾ ਕੀ ਕਰੀਏ..?” ਕਿਸੇ ਰਹਿਮ ਦਿਲ ਨੇ ਪੁੱਛਿਆ।
-”ਇਹਦੇ ਸੋਜ਼ ਵਾਲ਼ੀ ਥਾਂ ‘ਤੇ ਨਿੰਮ੍ਹ ਦਾ ਪਾਣੀ ਲਾ ਕੇ ਸੁੱਕਿਆ ਛਿੱਤਰ ਰਗੜੋ..! ਲੋਟ ਹੋਜੂ..!” ਆਖ ਕੇ ਜੋਗੀ ਚਲਾ ਗਿਆ।
ਸੋ ਮਿੱਤਰੋ! ਛਿੱਤਰ ਇਕੱਲਾ ਦੁੱਖ ਦੇਣ ਵਾਲ਼ਾ ਹੀ ਨਹੀਂ, ਦੁਆਈ ਦਾ ਕੰਮ ਵੀ ਕਰਦਾ ਹੈ! ਇਹ ਤਾਂ ਵਰਤਣ ਦਾ ਢੰਗ ਆਉਣਾ ਚਾਹੀਦਾ ਹੈ! ਬਹੁਤੀਆਂ ਗੱਲਾਂ ਦੱਸਣ ਵਾਲ਼ੀਆਂ ਨਹੀਂ ਹੁੰਦੀਆਂ! ਇਸੇ ਲਈ ਹੀ ਤਾਂ ਮੈਂ ਆਖਦਾ ਹਾਂ ਕਿ ਬੋਲ ਛਿੱਤਰ ਭਲਵਾਨ ਕੀ..! ਅੱਗੇ ਥੋਡਾ ਕੰਮ ਹੈ..!