ਲੰਡਨ ਅੰਡਰਗਰਾਊਂਡ ਟਿਊਬ ਹੜਤਾਲ ਨਾਲ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ
ਲੰਡਨ (ਕੌਮੀ ਏਕਤਾ ਨਿਊਜ਼) ਮੰਗਲਵਾਰ ਸ਼ਾਮ 6:59 ‘ਤੇ ਸ਼ੁਰੂ ਹੋਈ ਅੰਡਰਗਰਾਊਂਡ ਰੇਲਵੇ ਕਰਮਚਾਰੀਆਂ ਦੀ ਹੜਤਾਲ ਕਾਰਨ ਲੰਡਨ ਦਾ ਟਰਾਂਸਪੋਰਟ ਸਿਸਟਮ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਕੇ ਰਹਿ ਗਿਆ! ਇਸ ਹੜਤਾਲ ਕਾਰਨ 30 ਲੱਖ ਤੋਂ ਵੀ ਜਿ਼ਆਦਾ ਮੁਸਾਫ਼ਰ ਪ੍ਰਭਾਵਿਤ ਹੋਏ ਹਨ। ਪੂਰੇ ਲੰਡਨ ਵਿਚ ਇਸ ਸਮੇਂ ਬੱਸਾਂ ਵਿਚ ਸਫ਼ਰ ਕਰਨ ਵਾਲਿਆਂ ਦੀਆਂ ਬੱਸ ਸਟੈਂਡਾਂ ‘ਤੇ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ ਅਤੇ ਹਰ ਬੱਸ ਸਟੌਪ ‘ਤੇ ਲੋਕਾਂ ਦੀ ਭੀੜ ਜਮ੍ਹਾਂ ਹੈ। ਬੱਸਾਂ ‘ਫ਼ੁੱਲ-ਪੈਕ’ ਜਾ ਰਹੀਆਂ ਹਨ ਅਤੇ ਮੁਸਾਫਿ਼ਰਾਂ ਨੂੰ ਆਪਣੀ ਮੰਜਿ਼ਲ ਤੱਕ ਪਹੁੰਚਣ ਲਈ ਘੰਟਿਆਂ ਬੱਧੀ ਇੰਤਜ਼ਾਰ ਕਰਨਾ ਪੈ ਰਿਹਾ ਹੈ! ਦਫ਼ਤਰ ਜਾਣ ਵਾਲੇ ਕਰਮਚਾਰੀ ਸਮੇਂ ਸਿਰ ਦਫ਼ਤਰ ਨਹੀਂ ਪਹੁੰਚ ਰਹੇ। ਇਸ ਹੜਤਾਲ ਦੌਰਾਨ ਸਿਰਫ਼ ਡੌਕਲੈਂਡ ਲਾਈਟ ਰੇਲਵੇ ਅਤੇ ਲੰਡਨ ਓਵਰਗਰਾਊਂਡ ਹੀ ਚੱਲ ਰਹੀ ਹੈ। ਜਦ ਕਿ ਬਾਕੀ ਦੀਆਂ 10 ਅੰਡਰਗਰਾਊਂਡ ਲਾਈਨਾਂ ਮੁਕੰਮਲ ਤੌਰ ‘ਤੇ 48 ਘੰਟੇ ਲਈ ਬੰਦ ਹਨ। ਕਿਸੇ ਵੀ ਟਿਊਬ ਲਾਈਨ ਦੀ ਅੰਡਰਗਰਾਊਂਡ ਸਰਵਿਸ ਨਹੀਂ ਚੱਲ ਰਹੀ। ਅੰਡਰਗਰਾਊਂਡ ਸਰਵਿਸ ‘ਤੇ ਹਰ ਰੋਜ਼ 30 ਲੱਖ ਲੋਕ ਸਫ਼ਰ ਕਰਦੇ ਹਨ। ਪਰ ਹੁਣ ਇਸ ਸਮੁੱਚੀ ਟਿਊਬ ਸਰਵਿਸ ਦੀ ਹੜਤਾਲ ਕਾਰਨ ਲੋਕਾਂ ਨੂੰ ਬੱਸਾਂ ਵਿਚ ਸਫ਼ਰ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਜਿੰਨ੍ਹਾਂ ਨੇ ਕਦੇ ਬੱਸ ਵਿਚ ਸਫ਼ਰ ਨਹੀਂ ਕੀਤਾ, ਉਹਨਾਂ ਨੂੰ ਸਭ ਤੋਂ ਜਿ਼ਆਦਾ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਉਹ ਕਿਸ ਪਾਸੇ ਨੂੰ ਕਿਹੜੇ ਨੰਬਰ ਦੀ ਬੱਸ ਫ਼ੜ੍ਹਨ? ਚਾਹੇ ਟਰਾਂਸਪੋਰਟ ਵਿਭਾਗ ਨੇ ਵਿਸ਼ੇਸ਼ ਬੱਸ ਸਰਵਿਸ ਸ਼ੁਰੂ ਕੀਤੀ ਹੈ ਅਤੇ ਪੂਰੇ ਲੰਡਨ ਵਿਚ 7000 ਬੱਸਾਂ ਹੋਰ ਲਾਈਆਂ ਹਨ। ਪਰ ਅਜੇ ਵੀ ਲੱਖਾਂ ਲੋਕ ਇਸ ਹੜਤਾਲ ਦਾ ਸੰਕਟ ਭੋਗ ਰਹੇ ਹਨ। ਸੈਂਟਰਲ ਲੰਡਨ ਜਾਣ ਲਈ ਕਾਰਾਂ ‘ਤੇ ਸਫ਼ਰ ਕਰਨ ਵਾਲਿਆਂ ਨੂੰ ਅੱਠ ਪੌਂਡ ਪ੍ਰਤੀ ਦਿਨ “ਕੌਂਜੈੱਸ਼ਚਨ ਟੈਕਸ” ਭਰਨਾ ਪੈ ਰਿਹਾ ਹੈ, ਜੋ ਗੌਰਮਿੰਟ ਨੇ ਸੈਂਟਰਲ ਲੰਡਨ ਵਿਚ ਪ੍ਰਦੂਸ਼ਣ ਨੂੰ ਘਟਾਉਣ ਲਈ ਲਾਇਆ ਹੋਇਆ ਹੈ! ਤਮਾਮ ਅੰਡਰਗਰਾਊਂਡ ਟਿਊਬ ਸਟੇਸ਼ਨ ਬੰਦ ਹਨ। ਇਕ ਲੱਖ ਦੇ ਕਰੀਬ ਮੁਸਾਫ਼ਰਾਂ ਨੂੰ ਟੈਕਸੀਆਂ ਫ਼ੜਨ ਲਈ ਮਜਬੂਰ ਹੋਣਾ ਪੈ ਰਿਹਾ ਹੈ ਅਤੇ ਸੜਕਾਂ ‘ਤੇ ਟਰੈਫਿ਼ਕ ਕੀੜੀ ਦੀ ਤੋਰ ਤੁਰ ਰਹੀ ਹੈ। ਇਸ ਹੜਤਾਲ ਦੌਰਾਨ ਚਾਹੇ ਲੰਡਨ ਕੌਂਸਲ ਨੇ ਸੈਂਟਰਲ ਲੰਡਨ ਜਾਣ ਲਈ ਟੈਕਸੀਆਂ ਦੇ ਸਸਤੇ ਕਿਰਾਏ ਨਿਰਧਾਰਤ ਕੀਤੇ ਹਨ। ਪਰ ਫਿ਼ਰ ਵੀ ਟੈਕਸੀਆਂ ਵਾਲਿਆਂ ਦੀ ਚਾਂਦੀ ਹੈ। ਅੰਡਰਗਰਾਊਂਡ ਰੇਲਵੇ ਕਰਮਚਾਰੀ ਆਪਣੀ ਤਨਖ਼ਾਹ ‘ਚ ਪੰਜ ਫ਼ੀਸਦੀ ਵਾਧੇ ਦੀ ਮੰਗ ਕਰ ਰਹੇ ਹਨ। ਇਸ ਤੋਂ ਇਲਾਵਾ ਟਿਊਬ ਦੇ ਦੋ ਡਰਾਈਵਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ, ਜਿਹਨਾਂ ਵਿਚੋਂ ਇਕ ਨੇ ਇਕ ਸਟੇਸ਼ਨ ‘ਤੇ ਗਲਤ ਪਾਸੇ ਦੇ ਦਰਵਾਜੇ ਖੋਲ੍ਹ ਦਿੱਤੇ ਸਨ ਅਤੇ ਦੂਜੇ ਡਰਾਈਵਰ ਬਾਰੇ ਅਜੇ ਤੱਕ ਕੁਝ ਦੱਸਿਆ ਨਹੀਂ ਗਿਆ ਕਿ ਉਸ ਦਾ ਕੀ ਕਸੂਰ ਸੀ? ਟਿਊਬ ਕਰਮਚਾਰੀ ਉਹਨਾਂ ਦੀਆਂ ਨੌਕਰੀਆਂ ਦੀ ਵਾਪਸੀ ਦੀ ਮੰਗ ਵੀ ਕਰ ਰਹੇ ਹਨ। ਇਹ ਹੜਤਾਲ ਸ਼ੁੱਕਰਵਾਰ ਸਵੇਰ ਦੇ 6:59 ਤੱਕ ਚੱਲੇਗੀ ਅਤੇ ਇਸ ਨਾਲ ਟਰਾਂਸਪੋਰਟ ਵਿਭਾਗ ਨੂੰ ਬਿਲੀਅਨ ਪੌਂਡ ਦਾ ਘਾਟਾ ਪਵੇਗਾ। ਯਾਦ ਰਹੇ ਅੰਡਰ ਗਰਾਊਂਡ ਟਿਊਬ ਕਰਮਚਾਰੀਆਂ ਵੱਲੋਂ 48 ਘੰਟੇ ਦੀ ਹੜਤਾਲ ਦਾ ਐਲਾਨ ਕੀਤਾ ਗਿਆ ਸੀ। ਆਪਣੀਆਂ ਮੰਗਾਂ ਪ੍ਰਤੀ ਲੰਡਨ ਦੇ ਮੇਅਰ ਬੋਰੀਸ ਜੌਹਨਸਨ ਨਾਲ 11 ਘੰਟੇ ਚੱਲੀ ਗੱਲ ਬਾਤ ਕਿਸੇ ਸਿਰੇ ਨਹੀਂ ਚੜ੍ਹ ਸਕੀ ਸੀ ਅਤੇ ਉਸੇ ਦਿਨ ਸ਼ਾਮ ਨੂੰ 48 ਘੰਟੇ ਦੀ ਹੜਤਾਲ ਸ਼ੁਰੂ ਹੋ ਗਈ ਸੀ, ਜੋ ਸ਼ੁੱਕਰਵਾਰ ਸਵੇਰ 6:59 ‘ਤੇ ਜਾ ਕੇ ਪੂਰੀ ਹੋਵੇਗੀ।