ਵਸਿੰਗਟਨ- ਅਮਰੀਕੀ ਸੈਨਾ ਦੇ ਕਮਾਂਡਰ ਜਨਰਲ ਡੇਵਿਡ ਪੇਟ੍ਰਿਸ ਨੇ ਵਸਿ਼ਗਟਨ ਵਿਚ ਕਿਹਾ ਹੈ ਕਿ ਅਫਗਾਨਿਸਤਾਨ ਵਿਚ ਪਿੱਛਲੇ ਦੋ ਸਾਲਾਂ ਵਿਚ ਹਾਲਾਤ ਪਹਿਲਾਂ ਨਾਲੋਂ ਖਰਾਬ ਹੀ ਹੋਏ ਹਨ। ਪਿੱਛਲੇ ਕੁਝ ਦਿਨਾਂ ਵਿਚ ਹਮਲੇ ਕਾਫੀ ਉਚਾਈ ਤੇ ਪਹੁੰਚ ਗਏ ਹਨ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲਾ ਸਮਾਂ ਹੋਰ ਵੀ ਮੁਸ਼ਕਿਲਾਂ ਨਾਲ ਭਰਿਆ ਹੋਵੇਗਾ। ਅਮਰੀਕੀ ਜਨਰਲ ਨੇ ਇਸਦੀ ਵਜ੍ਹਾ ਅਮਰੀਕੀ ਸੈਨਾ ਵਲੋਂ ਅਤਵਾਦੀਆਂ ਦੇ ਗੜ੍ਹ ਅਤੇ ਉਨ੍ਹਾਂ ਦੀਆਂ ਛੁਪਣਗਾਹਾਂ ਨੂੰ ਨਿਸ਼ਾਨਾ ਬਣਾਉਣਾ ਹੈ। ਅਫਗਾਨਿਸਤਾਨ ਵਿਚ ਨੈਟੋ ਦੇ ਕੰਟਰੋਲ ਵਿਚ ਕੰਮ ਕਰ ਰਹੇ 70 ਹਜ਼ਾਰ ਤੋਂ ਜਿਆਦਾ ਵਿਦੇਸ਼ੀ ਸੈਨਿਕ ਹਨ। ਅਮਰੀਕਾ ਵਲੋਂ ਅਫਗਾਨਿਸਤਾਨ ਵਿਚ 21 ਹਜ਼ਾਰ ਹੋਰ ਸੈਨਿਕ ਭੇਜਣ ਦੀ ਯੋਜਨਾ ਤੇ ਵਿਚਾਰ ਕੀਤਾ ਜਾ ਰਿਹਾ ਹੈ।
2004 ਵਿਚ ਅਫਗਾਨਿਸਤਾਨ ਵਿਚ ਹਫਤੇ ਵਿਚ 50 ਅਤਵਾਦੀ ਹਮਲੇ ਹੁੰਦੇ ਸਨ ਪਰ ਹੁਣ ਪਿੱਛਲੇ ਹਫਤੇ ਇਨ੍ਹਾਂ ਅਤਵਾਦੀ ਹਮਲਿਆਂ ਦੀ ਗਿਣਤੀ 400 ਤੋਂ ਜਿਆਦਾ ਪਹੁੰਚ ਗਈ ਹੈ। ਜਨਰਲ ਪੇਟ੍ਰਿਸ ਨੇ ਕਿਹਾ, “ ਇਹ ਹਮਲੇ ਅਜੇ ਹੋਰ ਵਧਣਗੇ ਕਿਉਂਕਿ ਅਸੀਂ ਉਨ੍ਹਾਂ ਦੇ ਗੜ੍ਹ ਅਤੇ ਸੁਰੱਖਿਅਤ ਥਾਂਵਾਂ ਤੇ ਜਾ ਰਹੇ ਹਾਂ।” ਉਨ੍ਹਾਂ ਇਹ ਵੀ ਕਿਹਾ, “ ਇਸ ਗੱਲ ਵਿਚ ਵੀ ਕੋਈ ਸ਼ਕ ਨਹੀਂ ਹੈ ਕਿ ਹਾਲਾਤ ਪਿੱਛਲੇ ਦੋ ਸਾਲਾਂ ਵਿਚ ਵਿਗੜੇ ਹਨ ਅਤੇ ਆਉਣ ਵਾਲਾ ਸਮਾਂ ਮੁਸ਼ਕਿਲ ਹੋਵੇਗਾ।” ਉਨ੍ਹਾਂ ਨੇ ਕਿਹਾ ਕਿ ਅਫਗਾਨਿਸਤਾਨ ਵਿਚ ਉਨ੍ਹਾਂ ਨੂੰ ਕੁਝ ਅਜਿਹੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਨ੍ਹਾਂ ਦਾ ਉਨ੍ਹਾਂ ਨੂੰ ਇਰਾਕ ਵਿਚ ਨਹੀਂ ਸੀ ਕਰਨਾ ਪਿਆ। ਇਸ ਲਈ ਅਮਰੀਕੀ ਸੈਨਾ ਨੂੰ ਸਥਾਨਕ ਲੋਕਾਂ ਨਾਲ ਚੰਗੀ ਤਰ੍ਹਾਂ ਨਾਲ ਤਾਲਮੇਲ ਕਰਨਾ ਹੋਵੇਗਾ ਅਤੇ ਆਮ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਨੂੰ ਵੀ ਧਿਆਨ ਵਿਚ ਰੱਖਣਾ ਹੋਵੇਗਾ।