ਰਾਵੀ ਦਿਆ ਪਾਣੀਆ ਛੱਲਾਂ ਨਾ ਮਾਰ ਉਏ।
ਮਾਹੀ ਦੇ ਪਿੰਡੇ ਉੱਤੇ ਛਾਲੇ ਹਜ਼ਾਰ ਉਏ।
ਭਾਨੀ ਜੀ ਦਾ ਲਾਲ ਤੱਤੀ ਲੋਹ ਤੇ ਬਹਿ ਗਿਆ;
ਤੇਰਾ ਭਾਣਾ ਮਿੱਠਾ ਲੱਗੇ ਸਭ ਨੂੰ ਕਹਿ ਗਿਆ।
ਵਾਹਿਗੁਰੂ ਜਪੋ ਆਖੇ, ਧੰਨ ਸੱਚੀ ਸਰਕਾਰ ਉਏ,
ਮਾਹੀ ਦੇ ਪਿੰਡੇ ਉੱਤੇ ਛਾਲੇ ਹਜ਼ਾਰ ਉਏ।
ਗੁਰੂ ਅਰਜਨ ਦੇਵ ਜਦੋਂ ਦੇਗ ਵਿੱਚ ਬਹਿ ਗਿਆ,
ਦੇਖਦਾ ਜ਼ਮਾਨਾ ਸਾਰਾ ਦੇਖਦਾ ਹੀ ਰਹਿ ਗਿਆ।
ਸਾਰੇ ਸੰਸਾਰ ਵਿਚ ਮਚੀ ਹਾਹਾਕਾਰ ਉਏ,
ਮਾਹੀ ਦੇ ਪਿੰਡੇ ਉੱਤੇ ਛਾਲੇ ਹਜ਼ਾਰ ਉਏ।
ਮੀਆਂ ਮੀਰ ਆਖੇ ਐਸਾ ਕਹਿਰ ਮੈ ਮਚਾ ਦਿਆਂ,
ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦਿਆਂ।
ਇਕੋ ਨਿਗਾਹ ਨਾਲ ਉੁਹਨੂੰ ਕੀਤਾ ਠੰਡਾ-ਠਾਰ ਉਏ,
ਮਾਹੀ ਦੇ ਪਿੰਡੇ ਉੱਤੇ ਛਾਲੇ ਹਜ਼ਾਰ ਉਏ।
ਯਾਦ ਕਰੋ ਜ਼ਰਾ ਉਹਨਾ ਕੁਰਬਾਨੀਆਂ ਨੂੰ,
ਬਾਣੀ ਦੇ ਬਾਨੀ, ਬਾਣੀ ਦੇ ਬਾਨੀਆਂ ਨੂੰ।
ਸੁਆਸ ਸੁਆਸ ਜਪੋ ਆਖੋ ਧੰਨ ਨਿਰੰਕਾਰ ਉਏ,
ਮਾਹੀ ਦੇ ਪਿੰਡੇ ਤੇ ਛਾਲੇ ਹਜ਼ਾਰ ਉਏ।
ਅੱਜ ਦੀ ਨਾ ਗੱਲ ਕਰਾਂ, ਗੱਲ ਕਰਾਂ ਤੱਦ ਦੀ,
ਹੁੰਦੇ ਨਾ ਗੁਰੂ ਸਾਡੇ ਸੁਨੰਤ ਹੁੰਦੀ ਸਭ ਦੀ।
ਹਿਦੂੰ ਧਰਮ ਤਾਂਈ ਮੁਗਲ ਦਿੰਦੇ ਜੜਾਂ ਤੋਂ ਉਖਾੜ ਉਏ,
ਮਾਹੀ ਦੇ ਪਿੰਡੇ ਉੱਤੇ ਛਾਲੇ ਹਜ਼ਾਰ ਉਏ।
ਸ਼ਰਨ ਤੇਰੀ ਸ਼ਰਨ ਆਈ, ਸ਼ਰਨ ਦਾ ਉਧਾਰ ਕਰ,
ਪਾਪਣ ਹਾਂ ਅਤਿ ਭਾਰੀ ,ਬੇੜਾ ਤਾਂ ਪਾਰ ਕਰ।
ਬੱਖਸ਼ਸ ਦਾ ਦਰ ਤੇਰਾ ਸੁਣਿਆ ਦਾਤਾਰ ਉਏ,
ਮਾਹੀ ਦੇ ਪਿੰਡੇ ਉੱਤੇ ਛਾਲੇ ਹਜ਼ਾਰ ਉਏ।
ਰਾਵੀ ਦਿਆ ਪਾਣੀਆ ਛੱਲਾਂ ਨਾ ਮਾਰ ਉਏ,
ਮਾਹੀ ਦੇ ਪਿੰਡੇ ਉੱਤੇ ਛਾਲੇ ਹਜ਼ਾਰ ਉਏ।