ਈਰਾਨ- ਈਰਾਨ ਵਿਚ ਹਾਲ ਹੀ ਵਿਚ ਹੋਈਆਂ ਰਾਸ਼ਟਰਪਤੀ ਚੋਣਾਂ ਵਿਚ ਅਹਿਮਦੀਨਿਜ਼ਾਦ ਦੇ ਚੋਣ ਜਿੱਤਣ ਦੇ ਐਲਾਨ ਤੋਂ ਬਾਅਦ ਵਿਰੋਧੀਆਂ ਅਤੇ ਪੁਲਿਸ ਵਿਚ ਟਕਰਾਅ ਸ਼ੁਰੂ ਹੋ ਗਿਆ ਹੈ। ਰਾਸ਼ਟਰਪਤੀ ਅਹਿਮਦੀਨਿਜ਼ਾਦ ਨੇ ਰਾਸ਼ਟਰ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਈਰਾਨ ਦੇ ਲੋਕਾਂ ਨੂੰ ਪੁਰਾਣੇ ਦੌਰ ਵਿਚ ਵਾਪਸੀ ਅਤੇ ਭੱਵਿਖ ਵਿਚੋਂ ਇਕ ਨੂੰ ਚੁਣਨਾ ਸੀ ਅਤੇ ਲੋਕਾਂ ਨੇ ਭੱਵਿਖ ਨੂੰ ਚੁਣਿਆ। ਉਨ੍ਹਾਂ ਨੇ ਕਿਹਾ ਕਿ ਵਿਦੇਸ਼ੀ ਮੀਡੀਆ ਅਤੇ ਈਰਾਨ ਵਿਚਲੇ ਕੁਝ ਅਨਸਰ ਈਰਾਨ ਦੇ ਲੋਕਾਂ ਦੇ ਸੰਘਰਸ਼ ਦੇ ਖਿਲਾਫ ਗਲਤ ਪਰਚਾਰ ਵਿਚ ਲਗੇ ਹੋਏ ਹਨ।
ਸਾਬਕਾ ਪ੍ਰਧਾਨਮੰਤਰੀ ਮੀਰ ਹੁਸੈਨ ਮੁਸਾਵੀ ਜੋ ਕਿ ਅਹਿਮਦੀਨਿਜ਼ਾਦ ਦੇ ਵਿਰੋਧ ਵਿਚ ਰਾਸ਼ਟਰਪਤੀ ਪਦ ਦਾ ਉਮੀਦਵਾਰ ਸੀ। ਉਸ ਦਾ ਕਹਿਣਾ ਹੈ ਕਿ ਵੋਟਾਂ ਦੀ ਗਿਣਤੀ ਵਿਚ ਹੇਰਾਫੇਰੀ ਕੀਤੀ ਗਈ ਹੈ। ਇਸ ਤੋਂ ਪਹਿਲਾਂ ਅਹਿਮਦੀਨਿਜ਼ਾਦ ਦੀ ਜਿੱਤ ਦਾ ਐਲਾਨ ਕਰ ਦਿਤਾ ਗਿਆ ਸੀ। ਈਰਾਨ ਵਿਚ ਹੋਈਆਂ ਚੋਣਾਂ ਵਿਚ 85 ਫੀਸਦੀ ਲੋਕਾਂ ਨੇ ਵੋਟਾਂ ਪਾਈਆਂ। ਅਹਿਮਦੀਨਿਜ਼ਾਦ ਨੂੰ 62.2 ਫੀਸਦੀ ਵੋਟ ਮਿਲੇ। ਈਰਾਨ ਦੇ ਸਰਵਉਚ ਨੇਤਾ ਆਇਤੁਲਾ ਅਲੀ ਖਾਮਿਨੈਈ ਨੇ ਇਸ ਜਿੱਤ ਤੇ ਅਹਿਮਦੀਨਿਜ਼ਾਦ ਨੂੰ ਵਧਾਈ ਦਿਤੀ ਅਤੇ ਵਿਰੋਧੀ ਧਿਰਾਂ ਨੂੰ ਅਪੀਲ ਕੀਤੀ ਕਿ ਉਹ ਉਕਸਾਉਣ ਵਾਲੀਆਂ ਕਾਰਵਾਈਆਂ ਵਿਚ ਨਾਂ ਆਉਣ। ਖਾਮਿਨੈਈ ਨੇ ਵੋਟਾਂ ਵਿਚ ਲੋਕਾਂ ਵਲੋਂ ਵੱਧ ਚੜ੍ਹ ਕੇ ਹਿਸਾ ਲੈਣ ਤੇ ਲੋਕਾਂ ਨੂੰ ਵਧਾਈ ਦਿਤੀ ਅਤੇ ਕਿਹਾ ਕਿ ਦੁਸ਼ਮਣ ਗਲਤ ਭਾਵਨਾ ਨਾਲ ਲੋਕਾਂ ਨੂੰ ਭੜਕਾ ਕੇ ਇਸ ਜਿੱਤ ਦੀ ਖੁਸ਼ੀ ਨੂੰ ਖਰਾਬ ਕਰ ਸਕਦੇ ਹਨ। ਪੁਲਿਸ ਨੇ ਮੀਰ ਹੁਸੈਨ ਮੁਸਾਵੀ ਦੇ ਮੁੱਖ ਦਫਤਰ ਨੂੰ ਸੀਲ ਕਰ ਦਿਤਾ ਹੈ। ਮੁਸਾਵੀ ਨੂੰ ਉਮੀਦ ਸੀ ਕਿ ਉਹ ਅਹਿਮਦੀਨਿਜ਼ਾਦ ਨੂੰ 50 ਫੀਸਦੀ ਤੋਂ ਵੱਧ ਵੋਟਾਂ ਨਹੀਂ ਲੈਣ ਦੇਣਗੇ। ਇਸ ਨਾਲ ਦੁਬਾਰਾ ਵੋਟਾਂ ਕਰਵਾਉਣੀਆਂ ਪੈਣੀਆਂ ਸਨ। ਪਰ ਮੁਸਾਵੀ ਨੂੰ ਚੋਣਾਂ ਵਿਚ ਸਿਰਫ 34 ਫੀਸਦੀ ਹੀ ਵੋਟਾਂ ਮਿਲੀਆਂ।