15 ਅਗਸਤ 2005 ਨੂੰ ਜਦੋਂ ਭਾਰਤ ਵਿੱਚ ਅੰਗਰੇਜਾਂ ਤੋਂ ਲਈ ਅਜਾਦੀ ਦੀ ਅਠਵੰਜਵੀਂ ਵਰ੍ਹੇ ਗੰਢ ਦੇ ਜਸ਼ਨ ਮਨਾਏ ਜਾ ਰਹੇ ਸਨ। ਮੈਂ ਅੰਗਰੇਜਾਂ ਦੇ ਦੇਸ਼ ਵਿੱਚ ਲੰਦਨ ਦੇ ਹਾਈਡ ਪਾਰਕ ਵਿੱਚ ਬੈਠਾ ਸੀ। ਮੈਂ ਸਵੇਰੇ ਹੀ ਚੈਸਲੇ ਹਰਟਸ ਜਿੱਥੇ ਮੈਂ ਆਪਣੇ ਰਿਸ਼ਤੇਦਾਰਾਂ ਕੋਲ ਠਹਿਰਿਆ ਹੋਇਆ ਸੀ, ਦੇ ਸਟੇ਼ਸ਼ਨ ਤੋਂ ਰੇਲ ਫੜ੍ਹਕੇ ਰੋਜਾਨਾਂ ਦੀ ਤਰਾਂ ਟਰੈਫਲਰਗਾਰ ਚੌਂਕ ਪਹੁੰਚ ਗਿਆ ਸੀ। ਮੈਂ ਟਰੈਫਲਰਗਾਰ ਚੌਂਕ ਤੋਂ ਪੈਦਲ ਚੱਲਦਾ ਸਦੀਆਂ ਪੁਰਾਣੀਆਂ ਇਮਾਰਤਾਂ ਤੇ ਬਜਾਰ ਵੇਖਦਾ ਹੋਇਆ ਹਾਈਡ ਪਾਰਕ ਆ ਗਿਆ । ਦੁਪਹਿਰ ਦੇ ਦੋ ਵੱਜੇ ਸਨ। ਅਸਮਾਂਨ ਵਿੱਚ ਬੱਦਲਵਾਈ ਸੀ। ਥੋੜ੍ਹੀ ਦੇਰ ਇੱਕ ਬੈਂਚ ਤੇ ਬੈਠਕੇ ਮੈਂ ਪਾਰਕ ਦਾ ਚੱਕਰ ਲਾਉਣ ਲੱਗ ਪਿਆ। ਹਰੇ ਕਚੂਰ ਘਾਹ ਅਤੇ ਤੁਰਨ ਲਈ ਬਣੀਆਂ ਸੜਕਾਂ ਤੇ ਕਬੁਤਰ ਤੇ ਕਾਟੋਆਂ ਦੌੜੇ ਫਿਰ ਰਹੇ ਸਨ। ਪਾਰਕ ਵਿੱਚ ਇੱਕ ਪੱਤਾ ਜਾਂ ਕਾਗਜ ਵੀ ਸੁੱਟਿਆ ਨਹੀਂ ਮਿਲਦਾ। 350 ਏਕੜ ਵਿੱਚ ਫੈਲਿਆ ਅਤੇ ਅਸਮਾਂਨ ਛੂੰਹਦੇ ਚਾਰ ਹਜਾਰ ਦਰੱਖਤਾਂ ਵਾਲਾ ਇਹ ਹਾਈਡ ਪਾਰਕ ਲੰਦਨ ਦੇ ਰੌਆਇਲ ਪਾਰਕਾਂ ਵਿੱਚੋਂ ਸੱਭ ਤੋਂ ਵੱਡਾ ਹੈ। ਅਮਰੀਕਾ ਅਤੇ ਕਨੇਡਾ ਵੱਡੇ ਦੇਸ਼ ਹਨ। ਉੱਥੇ ਹਜਾਰ ਹਜਾਰ ਏਕੜ ਦੇ ਪਾਰਕ ਆਂਮ ਹੀ ਹਨ। ਕਦੀ ਇਹ ਥਾਂ ਰਾਜਿਆਂ ਦੀ ਸਿ਼ਕਾਰਗਾਹ ਹੁੰਦੀ ਸੀ। 1637 ਵਿੱਚ ਇਹ ਆਂਮ ਜਨਤਾ ਲਈ ਖੋਲ੍ਹਿਆ ਗਿਆ ਸੀ। ਹਾਈਡ ਪਾਰਕ ਦੇ ਨਾਲ ਹੀ ਕੇਨਸਿੰਗਟਨ ਗਾਰਡਨਜ ਹੈ। ਦੋਵਾਂ ਹਿੱਸਿਆਂ ਨੂੰ 28 ਏਕੜ ਵਿੱਚ ਫੈਲੀ ਲੰਬੀ ਸਰਪਨਟਾਈਨ ਝੀਲ ਵੰਡਦੀ ਹੈ।ਇਸ ਝੀਲ ਦੇ ਪੱਛਮੀਂ ਪਾਸੇ 275 ਏਕੜ ਵਿੱਚ ਫੈਲਿਆ ਕੇਨਸਿੰਗਟਨ ਗਾਰਡਨਜ ਹੈ। ਝੀਲ ਦੇ ਦੋਨਾਂ ਕੰਢਿਆਂ ਤੇ ਦੋ ਛੋਟੇ ਛੋਟੇ ਰੇਸਟੋਰੈਂਟ ਹਨ। 1730 ਵਿੱਚ ਬਾਦਸ਼ਾਹ ਜਾਰਜ ਦੂਜੇ ਦੀ ਮਹਾਰਾਣੀ ਕੈਰੋਲੀਂਨ ਜੋ ਕਲਾਕਾਰਾਂ,ਲੇਖਕਾਂ ਤੇ ਬੁੱਧੀਜੀਵੀਆਂ ਦੀ ਕਦਰਦਾਂਨ ਸੀ, ਨੇ ਹਾਈਡ ਪਾਰਕ ਨੂੰ ਸੁੰਦਰ ਬਨਾਉਣ ਲਈ ਚੰਡੀਗੜ੍ਹ ਦੀ ਸੁਖਣਾ ਝੀਲ ਵਾਂਗ ਇਹ ਨਕਲੀ ਝੀ਼ਲ ਬਣਵਾਈ ਸੀ ਜਿਸ ਵਿੱਚ ਦਰਿਆ ਥੇਂਮਜ ਤੋਂ ਪਾਣੀ ਪਾਇਆ ਗਿਆ। ਇਹ ਝੀਲ ਦੇ ਉੱਤਰੀ ਸਿਰੇ ਤੇ ਲਾਏ ਗਏ ਚਾਰ ਫੁਹਾਰਿਆਂ ਨਾਲ ਝੀਲ ਵਿੱਚ ਡਿੱਗਦਾ ਹੈ।
ਉਸ ਦਿਨ ਰੇਸਟੋਰੈਂਟ ਕੋਲ ਹੀ ਇੱਕ ਦਰਜਨ ਮੁਰਗਾਬੀਆਂ ਤੈਰ ਰਹੀਆਂ ਸਨ। ਗੋਰੇ ਜੱਫੀਆਂ ਪਾਈ ਘੁੰਮ ਰਹੇ ਸਨ। ਕੋਈ ਕੋਈ ਜੋੜਾ ਰੁਕ ਕੇ ਇੱਕ ਦੂਜੇ ਨੂੰ ਚੁੰਮਣ ਲੱਗ ਜਾਦਾ। ਇਹ ਗੋਰੇ ਜੋ ਵੀ ਕਰਦੇ ਹਨ ਸ਼ਰੇਆਂਮ ਕਰਦੇ ਹਨ। ਅਸੀਂ ਉਹੀ ਕੁੱਝ ਕਰਕੇ ਸ਼ਰੇਆਂਮ ਮੁੱਕਰਦੇ ਹਾਂ। ਸਦੀਆਂ ਤੋਂ ਗੁਲਾਂਮੀ ਅਤੇ ਬਚਪਣ ਵਿੱਚ ਗਰੀਬੀ ਹੰਢਾਉਣ ਕਰਕੇ ਭਾਰਤੀ ਮੱਧਵਰਗ ਵਿੱਚ ਹੀਣ ਭਾਵਣਾ ਤੇ ਅਸੁਰੱਖਿਆ ਦੀ ਭਾਵਨਾ ਭਾਰੂ ਹੈ। ਇਸੇ ਕਾਰਨ ਜਿੰਦਗੀ ਵਿੱਚ ਬੇਅੰਤ ਸੱਤਾ ਅਤੇ ਪੈਸਾ ਇਕੱਠਾ ਕਰਨ ਦੇ ਬਾਵਜੂਦ ਵੀ ਸਾਡੇ ਮੁੱਖ ਮੰਤਰੀ ਤੇ ਕਰੋੜਪਤੀ ਵੀ ਝੂਠ ਬੋਲਦੇ ਤੇ ਗੱਪ ਮਾਰਦੇ ਹਨ। ਗੋਰੇ ਕੋਈ ਦੇਵਤੇ ਨਹੀਂ ਹਨ ਪਰ ਇਤਿਹਾਸ ਦਾ ਇਹ ਦੌਰ ਉਹ ਕਈ ਸਦੀਆਂ ਪਹਿਲਾਂ ਪਾਰ ਕਰ ਗਏ ਹਨ। ਅਜਿਹੀਆਂ ਗੱਲਾਂ ਸੋਚਦੇ ਨੂੰ ਮੈਨੂੰ ਪਿਆਸ ਲੱਗ ਆਈ। ਟੂਟੀ ਕਿੱਥੇ ਹੈ? ਮੈਂ ਪਾਣੀ ਦੀ ਤਲਾਸ਼ ਵਿੱਚ ਹੌਲੀ ਹੌਲੀ ਟਹਿਲਦਾ ਤੁਰਿਆ ਗਿਆ। ਪਾਰਕ ਵਿੱਚ ਤਿੰਨ ਚਾਰ ਟੂਟੀਆਂ ਲੱਗੀਆਂ ਹੋਈਆਂ ਸਨ। ਮੈਂ ਟੂਟੀ ਤੋਂ ਠੰਢਾ ਪਾਣੀ ਪੀਤਾ। ਇਹ ਟੂਟੀ ਵਿੱਚੋਂ ਫੁਹਾਰੇ ਵਾਂਗ ਪਾਣੀ ਦੀ ਧਾਰ ਨਿੱਕਲਦੀ ਹੈ ਜਿਸ ਨੂੰ ਮੂੰਹ੍ਹ ਲਾ ਕੇ ਪਾਣੀ ਪੀਤਾ ਜਾ ਸਕਦਾ। ਓਕ ਜਾਂ ਬੁੱਕ ਕਰਨ ਦੀ ਲੋੜ ਨਹੀਂ ਪੈਂਦੀ।
ਤਿੰਨ ਸੌ ਪੰਜਾਹ ਏਕੜ ਵਿੱਚ ਫੈਲੇ ਇਸ ਪਾਰਕ ਦੇ ਇੱਕ ਕੋਨੇਂ ਵਿੱਚ ਜਨਤਾ ਨੂੰ ਮਨ ਮਰਜੀ ਦੇ ਭਾਸ਼ਨ ਕਰਨ ਦੀ ਖੁੱਲ੍ਹ ਹੈ। ਕਈ ਵਾਰ ਇੱਥੇ ਵੱਡੇ ਸਮਾਰੋਹਾਂ ਵਿੱਚ ਪੰਜਾਹ ਹਜਾਰ ਲੋਕਾਂ ਦਾ ਇਕੱਠ ਹੋ ਜਾਂਦਾ। ਫਰਵਰੀ ਦੋ ਹਜਾਰ ਤਿੰਨ ਵਿੱਚ ਇੱਥੇ ਬਹੁਤ ਵੱਡਾ ਇਰਾਕ ਜੰਗ ਵਿਰੋਧੀ ਮੁਜਾਹਰਾ ਹੋਇਆ ਸੀ। ‘ਸਪੀਕਰ ਕਾਰਨਰ’ ਨਾਂਅ ਨਾਲ ਮਸ਼ਹੂਰ ਇਸ ਜਗਾਹ ਵਿੱਚ ਵਿਦੇਸ਼ੀ ਹਮਲਿਆਂ ਵਿਰੁੱਧ ਬੜੀ ਵਾਰ ਧੂੰਆਂਧਾਰ ਭਾਸ਼ਨ ਹੋਏ ਹਨ। ਪਾਰਕ ਦਾ ਮੁਖ ਦਰਵਾਜਾ ਕਿਲਿਆਂ ਵਾਲੀ ਭਵਨਕਲਾ ਨਾਲ ਬਣਾਇਆ ਗਿਆ ਹੈ। ਪਾਰਕ ਦੇ ਦੱਖਣੀ ਸਿਰੇ ਤੇ ਅਨੇਕਾਂ ਯੁੱਧਾਂ ਦੇ ਯਾਦਗਾਰੀ ਚਿੱਨ੍ਹ ਹਨ। ਜੋ ਅੰਗਰੇਜਾਂ ਵੱਲੋਂ ਲੜੀਆਂ ਗਈਆਂ ਕੌਮਾਂਤਰੀ ਮਹੱਤਤਾ ਵਾਲੀਆਂ ਜਿੱਤਾਂ ਦੇ ਯਾਦਗਾਰੀ ਚਿੰਨ੍ਹ ਹਨ।
ਕੱਲ੍ਹ ਸ਼ਾਂਮ ਨੂੰ ਦੋ ਤਿੰਨ ਲੇਖਕ ਮਿੱਤਰਾਂ ਨੇ ਆਪਣੇ ਯਾਰਾਂ ਦੀ ਢਾਣੀ ‘ਚ ਘਰ ਬੁਲਾਇਆ ਸੀ ਪਰ ਮੇਰੇ ਕੋਲ ਸਵਾਰੀ ਦਾ ਪ੍ਰਬੰਧ ਨਾ ਹੋਣ ਕਰਕੇ ਜਾ ਨਹੀਂ ਸੀ ਸਕਿਆ।ਇੰਗਲੈਂਡ ਦੀ ਇਸ ਫੇਰੀ ਦੌਰਾਂਨ ਮੈਨੂੰ ਕਈ ਅਖਬਾਰਾਂ ਵਾਲੇ ਦੋਸਤਾਂ ਮਿੱਤਰਾਂ ਨੇ ਰਸਮੀਂ ਸੱਦਾ ਵੀ ਦਿੱਤਾ ਸੀ। ਪਰ ਮੈਂ ਆਪਣੇ ਸੰਗਾਊ ਸੁਭਾਅ ਕਾਰਨ ਕਿਸੇ ਨੂੰ ਇਹ ਨਹੀਂ ਕਹਿ ਸਕਿਆ ਕਿ ਮੈਨੂੰ ਆ ਕੇ ਲੈ ਜਾਵੋ ਤੇ ਖੁਦ ਮੇਰੇ ਕੋਲ ਕਾਰ ਨਹੀਂ ਸੀ। ੳੋੱਤੋਂ ਪਚਾਸੀਆਂ ਦਾ ਇੱਕ ਲੈਕੇ ਖਰਚਣੇ ਔਖੇ ਸਨ। ਇਹ ਗੱਲ ਬੁਲਾਉਣ ਵਾਲੇ ਮਿੱਤਰਾਂ ਨੂੰ ਦੱਸਣੀ ਵੀ ਔਖੀ ਸੀ।
ਮੇਰਾ ਸੰਕੋਚਵਾਂ ਤੇ ਅੰਤਰਮੁਖੀ ਸੁਭਾਅ ਕਾਲਜ ਸਮੇਂ ਗੁਰਬਖਸ਼ ਸਿੰਘ ਪ੍ਰੀਤਲੜੀ ਦੀਆਂ ਲਿਖਤਾਂ ਪੜ੍ਹਣ ਕਾਰਨ ਬਣਿਆ ਸੀ। ਪ੍ਰੀਤਲੜੀ ਵਿੱਚ ਆਦਰਸ਼ਵਾਦੀ ਮੱਤ ਦਿੱਤੀ ਹੁੰਦੀ ਸੀ ਕਿ ਕਿਸੇ ਨੂੰ ਸਵਾਲ ਨਾ ਪਾਉ,ਦੁਸਰਿਆਂ ਤੇ ਬੋਝ ਨਾ ਬਣੋ,ਪਿਆਰ ਕਬਜਾ ਨਹੀਂ ਪਹਿਚਾਣ ਹੈ, ਜੇ ਤੁਹਾਡੇ ਅੱਗੇ ਮਹਿਮਾਂਨ ਨੇ ੳੇਹ ਸਬਜੀ ਰੱਖ ਦਿੱਤੀ ਹੈ ਜਿਹੜੀ ਤੁਸੀਂ ਉੱਕਾ ਹੀ ਪਸੰਦ ਨਹੀਂ ਕਰਦੇ ਤਾਂ ਤੁਸੀਂ ਨਾਂਹ ਕਰਨ ਦੀ ਥਾਂ ਸਵਾਦ ਲੈ ਕੇ ਖਾਉ ਅਤੇ ਕਹੋ ਕਿ ਇਹ ਮੇਰੀ ਮਨਪਸੰਦ ਸਬਜੀ ਹੈ, ਵਗੈਰਾ ਵਗੈਰਾ । ਪਰ ਬਾਅਦ ਦੀ ਜਿੰਦਗੀ ਦੇ ਤਲਖ ਤਜਰਬਿਆਂ ਨੇ ਸਿਖਾਇਆ ਕਿ ਡਿਆਨਾਂ ਵਰਗੀ ਲੇਡੀ ਨੂੰ ਵੇਖਕੇ ਤਾਂ ਵਿਸ਼ਵਾਮਿੱਤਰ ਦਾ ਸੰਘਾਸ਼ਣ ਵੀ ਡੋਲ ਜਾਂਦਾ ਹੈ। ਫਿਰ ਸਧਾਰਣ ਮਨੁੱਖ ਪਿਆਰ ਨੂੰ ਪਹਿਚਾਣ ਕਿਵੇਂ ਕਹੇਗਾ? ਬੈਂਗਣ ਅਤੇ ਤੋਰੀ ਦੀ ਨਿਕੰਮੀਂ ਸਬਜੀ ਨੂੰ ਚਿਕਣ ਕਰੀ ਵਰਗੀ ਕਵੇਂ ਕਹਾਂਗੇ? ਪਰ ਮੈ ਇਵੇਂ ਹੀ ਕਰਦਾ ਰਿਹਾ ਹਾਂ। ਇਸ ‘ਗਲਤ’ ਸਿੱਖਿਆ ਨੇ ਮੇਰਾ ਸਦਾ ਨੁਕਸਾਂਨ ਹੀ ਕੀਤਾ ਹੈ।
ਦੋ ਹਫਤੇ ਪਹਿਲਾਂ ਹੀ ਮੈਂ ਮੇਰੇ ਪਿੰਡ ਕੋਟਫੱਤੇ ਦੇ ਪੁਰਾਣੇ ਮਿੱਤਰ ਮਹਿੰਦਰ ਨੂੰ ਮਿਲਣ ਸਾਊਥੈਂਪਟਨ ਗਿਆ ਸੀ। ਪਹਿਲਾਂ ਘਰੋਂ ਵਿਕਟੋਰੀਆ ਸਟੇਸ਼ਨ ਤੱਕ ਦੇ ਸਾਢੇ ਚਾਰ ਪੌਂਡ ਤੇ ਫਿਰ ਅਗਾਂਹ ਵਿਕਟੋਰੀਆ ਬੱਸ ਅੱਡੇ ਤੋਂ ਸਾਊਥਐਂਪਟਨ ਤੱਕ ਸਾਢੇ ਤੇਰਾਂ ਪੌਂਡ ਕੋਚ ਦੇ ਲੱਗੇ ਸਨ। ਇੰਜ ਇੱਕ ਮਿੱਤਰ ਨੂੰ ਮਿਲਣ ਜਾਣਾ ਅਠਾਰਾਂ ਪੌਂਡ ( 1500) ਵਿੱਚ ਪਿਆ ਸੀ। ਇੰਨੀ ਮਹਿੰਗੀ ਯਾਰੀ ਪੁਗਾੳਣੀ ਮੇਰੇ ਵੱਸ ਦੀ ਗੱਲ ਨਹੀਂ ਸੀ।ਅੱਗੇ ਮੇਰੇ ਮਿੱਤਰ ਵੀ ਪਤੰਦਰ ਮੇਰਾ ਸਫਰ ਦਾ ਪ੍ਰਬੰਧ ਪੁੱਛਣ ਦੀ ਥਾਂ ਚੌਦਾਂ ਪੌਂਡ ਦੀ ਸਕਾਚ ਦੀ ਬੋਤਲ ਲੈਣ ਲੱਗੇ ਵਾਖਰੂ ਵੀ ਨਹੀਂ ਸਨ ਕਹਿੰਦੇ। ਉਸ ਦਿਨ ਪਿੱਛੋਂ ਮੈਂ ਕਿਸੇ ਨੂੰ ਮਿਲਣ ਜਾਣ ਨਾਲੋਂ ਸਾਢੇ ਚਾਰ ਪੌਂਡ ਵਾਲੀ ਸਾਰੇ ਦਿਨ ਦੀ ਟਿਕਟ ਲੈ ਕਿ ਇਕੱਲਿਆਂ ਹੀ ਲੰਦਨ ਵੇਖਣ ਦਾ ਮਨ ਬਣਾ ਲਿਆ ਸੀ। ਲੰਦਨ ਵਿੱਚ ਵਾਟਰਲੂ ਤੇ ਚੈਰੀਕਰਾਸਿੰਗ ਵਰਗੇ ਸਟੇਸ਼ਨਾਂ ਤੇ ਟੁਆਇਲੱਟ ਜਾਣ ਦੇ ਵੀ 20 ਪੈਂਸ ( 17 ਰੁਪੈ) ਲੱਗਦੇ ਹਨ।
ਹਾਈਡ ਪਾਰਕ ਦੇ ਦੱਖਣੀ ਸਿਰੇ ਉੱਤੇ ਅਤਿ ਖੂਬਸੂਰਤ ਗੇਟ ਬਣਾਇਆ ਗਿਆ ਹੈ। ਪਾਰਕ ਦੇ ਉੱਤਰੀ ਸਿਰੇ ਉੱਤੇ ਵਿਕਟੋਰੀਆ ਗੇਟ ਦੇ ਸਾਹਮਣੇ ਮਾਰਬਲ ਆਰਕ ਦੇ ਕੋਲ ‘ਟਾਇਬਰਨ ਗੈਲੋਜ’ ਦੀ ਯਾਦ ਵਿੱਚ ਪੱਥਰ ਲੱਗਾ ਹੋਇਆ ਹੈ। ਕਦੀ ਇਸ ਥਾਂ ਇਸ ਨਾਂਮ ਦਾ ਪਿੰਡ ਹੁੰਦਾ ਸੀ।ਇਸ ਥਾਂ “ਅਪਰਾਧੀਆਂ” ਨੂੰ ਜਨਤਕ ਤੌਰ ਤੇ ਫਾਸੀ ਲਾਇਆ ਜਾਂਦਾ ਸੀ। ਹਜਾਰਾਂ ਲੋਕਾਂ ਦੀ ਭੀੜ ਵੇਖਿਆ ਕਰਦੀ ਸੀ। ਸੱਭ ਤੋਂ ਪਹਿਲਾਂ ਇੱਥੇ 1196 ਵਿੱਚ ਲੰਦਨ ਟੈਕਸ ਦੰਗਿਆਂ ਦੇ ਨੇਤਾ ਨੂੰ ਫਾਸੀ ਦਿੱਤੀ ਗਈ ਸੀ। ਉਸਨੂੰ ਜੇਲ੍ਹ ਤੋਂ ਘੋੜੇ ਪਿੱਛੇ ਨੰਗਾ ਘਸੀਟਕੇ ਲਿਆਂਦਾ ਗਿਆ ਸੀ।ਉਸ ਪਿੱਛੋਂ ਰਾਜ ਦੇ ਵਿਦਰੋਹੀਆਂ ਨੂੰ ਇਸ ਥਾਂ ਫਾਸੀ ਦਿੱਤੀ ਜਾਣ ਲੱਗੀ।ਬਾਦਸ਼ਾਹ ਹੈਨਰੀ ਅੱਠਵੇਂ ਦੇ ਇੱਕ ਦਰਬਾਰੀ ਥੌਮਸ ਕਲਪਿਪਰ ਨੂੰ ਉਸਦੀ ਪੰਜਵੀਂ ਮਹਾਰਾਣੀ ਕੈਥਰੀਂ ਹਾਵਰਡ ਨਾਲ ਪਿਆਰ ਕਰਨ ਕਰਕੇ ਇਸੇ ਥਾਂ ਫਾਸੀ ਲਾਇਆ ਗਿਆ ਸੀ। ਇਹ ਪੱਥਰ ਬਾਦਸ਼ਾਹਾਂ ਦੇ ਜੁਲਮਾਂ ਦੀ ਕਹਾਣੀ ਕਹਿ ਰਿਹਾ ਹੈ।
ਅੱਜ ਦਾ ਸਾਰਾ ਦਿਨ ਹੀ ਪਾਰਕ ਵਿੱਚ ਬਤਾ ਦਿੱਤਾ। ਦੁਪਹਿਰੇ ਭੁੱਖ ਲੱਗੀ ਤੋਂ ਮੈਂ ਲੇਕ ਕੰਢੇ ਬਣੇ ਛੋਟੇ ਕਾਹਵਾ ਘਰ ਤੋਂ ਕੌਫੀ ਪੀਤੀ। ਕੁਝ ਦੇਰ ਬੈਂਚ ਤੇ ਬੈਠਕੇ ਮੈਂ ਪਾਰਕ ਵਿੱਚ ਦੱਖਣੀ ਹਿੱਸੇ ਵਿੱਚ ਝੀਲ ਦੇ ਸਿਰੇ ਤੇ ਬਣੀ ਪ੍ਰਿੰਸੈੱਸ ਲੇਡੀ ਡਿਆਨਾਂ ਦੀ ਯਾਦਗਾਰ ਵੇਖੀ । ਇਸਦਾ ਉਦਘਾਟਣ ਅਜੇ ਪਿਛਲੇ ਸਾਲ ਹੀ ਸਾਰੇ ਸ਼ਾਹੀ ਪ੍ਰੀਵਾਰ ਦੀ ਹਾਜਰੀ ਵਿੱਚ ਮਹਾਰਾਣੀ ਐਲਿਜਾਬਿੱਥ ਨੇ ਕੀਤਾ ਸੀ। ਚੰਡੀਗੜ੍ਹ ਦੇ ਰੋਜਗਾਰਡਨ ਅਤੇ ਲਇਯਰ ਵੈਲੀ ਤਾਂ ਹਾਈਡ ਪਾਰਕ ਦਾ ਮੁਕਾਬਲਾ ਕਰਦੇ ਹਨ ਪਰ ਪੰਜਾਬ ਦੇ ਪਿੰਡਾਂ ਤੋਂ ਗਿਆਂ ਲੋਕਾਂ ਲਈ ਇਹ ਪਾਰਕ ਬਹੁਤ ਰਮਨੀਕ ਤੇ ਲੁਭਾਉਣੇ ਹਨ। ਹਾਈਡ ਪਾਰਕ ਦੀ ਹਰਿਆਲੀ ਨਾਲ ਅੱਖਾਂ ਠੰਡੀਆਂ (ਤੱਤੀਆਂ ਨਹੀਂ) ਕਰਕੇ ਮੈਂ ਵਾਪਸ ਚੱਲ ਪਿਆ।
ਹਮੇਸ਼ਾ ਦੀ ਤਰ੍ਹਾਂ ਤੁਹਾਡਾ ਲੇਖ ਪੜ੍ਹਨ ਵਿੱਚ ਬਹੁਤ ਸੁਆਦ ਆਇਆ। ਮੈਂ ਵਿੱਚੋਂ ਵਿੱਚੋਂ ਹਿੱਸਿਆਂ ਬਾਰੇ ਲਿਖਣ ਲਈ ਮੁਆਫੀ ਚਾਹੁੰਦਾ ਹਾਂ,
ਗੁਰਬਖ਼ਸ਼ ਸਿੰਘ ਪ੍ਰੀਤਲੜੀ ਬਾਰੇ ਤੁਹਾਡੇ ਵਿਚਾਰ ਪੜ੍ਹਨ ਕੇ ਮੈਨੂੰ ਇਹ ਅਹਿਸਾਸ ਹੁੰਦਾ ਹੈ ਕਿ ਇਹ ਗੱਲਾਂ ਕਿਤੇ ਨਾ ਕਿਤੇ ਮੇਰੇ ਖੁਦ ਨਾਲ
ਵਾਪਰ ਰਹੀਆਂ ਹਨ। ਮੇਰੇ ਨਾਨਾ ਜੀ ਪ੍ਰੀਤਲੜੀ ਹੋਰਾਂ ਦੇ ਪਾਠਕ ਸਨ ਅਤੇ ਉਨ੍ਹਾਂ ਨੇ ਮੈਨੂੰ ਇਹ ਪੜ੍ਹਨ ਬਾਰੇ ਪ੍ਰੇਰਿਆ ਅਤੇ ਮੈਂ ਖੁਦ
ਇਹ ਮਹਿਸੂਸ ਕਰਦਾ ਸਾਂ, ਜੋ ਤੁਸੀਂ ਲਿਖਿਆ ਅਤੇ ਤੁਸੀਂ ਆਪਣੇ ਤਜਰਬੇ ਤੋਂ ਇਹ ਵੀ ਦੱਸਿਆ ਕਿ ਅਸਲੀ ਜ਼ਿੰਦਗੀ (ਰੀਅਲ ਲਾਈਫ)
ਵਿੱਚ ਇਹ ਗੱਲਾਂ ਤਕਲੀਫ਼ ਰਹੀਆਂ ਅਤੇ ਮੈਂ ਕੋਸ਼ਿਸ਼ ਕਰਾਂਗਾ ਕਿ ਮੈਂ ਇਹ ਸਭ ਕੁਝ ਸੁਧਾਰ ਲਵਾਂ।
ਤੁਹਾਡੇ ਲੇਖ ਲਈ ਧੰਨਵਾਦ,
ਆਲਮ