ਇਸਲਾਮਾਬਾਦ-ਪਾਕਿਸਤਾਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਫੌਜਾਂ ਨੂੰ ਤਾਲਿਬਾਨ ਦੇ ਚੋਟੀ ਦੇ ਲੀਡਰ ਬੈਤੁਲਾ ਮਹਿਸੂਦ ਦੇ ਖਿਲਾਫ਼ ਦੱਖਣੀ ਵਜ਼ੀਰਿਸਤਾਨ ਵਿਚ ਵਿਆਪਕ ਮੁਹਿੰਮ ਚਲਾਉਣ ਦਾ ਹੁਕਮ ਦਿੱਤਾ ਗਿਆ ਹੈ। ਸਰਹੱਦੀ ਸੂਬੇ ਦੇ ਗਵਰਨਰ ਓਵੇਸ ਗ਼ਨੀ ਨੇ ਦਸਿਆ ਕਿ ਫੌਜਾਂ ਨੂੰ ਕਿਹਾ ਗਿਆ ਹੈ ਕਿ ਉਹ ਬੈਤੁਲਾ ਮਹਿਸੂਦ ਅਤੇ ਉਸਦੇ ਲੜਾਕਿਆ ਨੂੰ ਨਿਸ਼ਾਨਾ ਬਨਾਉਣ। ਹਾਲਾਂਕਿ ਉਨ੍ਹਾਂ ਨੇ ਸਪਸ਼ਟ ਨਹੀਂ ਕੀਤਾ ਕਿ ਮੁਹਿੰਮ ਕਦੋਂ ਸ਼ੁਰੂ ਹੋਵੇਗਾ, ਬਸ ਇੰਨਾ ਹੀ ਕਿਹਾ ਕਿ ਇਹ ਜਲਦੀ ਸ਼ੁਰੂ ਹੋਵੇਗੀ।
ਓਵੇਸ ਗ਼ਨੀ ਨੇ ਬੈਤੁਲਾ ਮਹਿਸੂਦ ਨੂੰ ਪਾਕਿਸਤਾਨ ਦੀਆਂ ਪਰੇਸ਼ਾਨੀਆਂ ਦੀ ਜੜ੍ਹ ਦਸਿਆ ਹੈ ਅਤੇ ਉਨ੍ਹਾਂ ਨੇ ਪਾਕਿਸਤਾਨ ਵਿਚ ਹਾਲ ਵਿਚ ਹੋਏ ਆਤਮਘਾਤੀ ਧਮਾਕਿਆਂ ਲਈ ਦੋਸ਼ੀ ਦਸਿਆ ਹੈ। ਉਨ੍ਹਾਂ ਦੇ ਇਸ ਬਿਆਨ ਤੋਂ ਇਸ ਗੱਲ ਦੀ ਪੁਸ਼ਟੀ ਹੁੰਦੀ ਹੈ ਕਿ ਸਵਾਤ ਘਾਟੀ ਤੋਂ ਬਾਅਦ ਪਾਕਿਸਤਾਨੀ ਫੌਜਾਂ ਦੂਜਾ ਮੋਰਚਾ ਖੋਲ੍ਹਣ ਜਾ ਰਹੀਆਂ ਹਨ। ਪਰ ਮਾਹਿਰਾਂ ਦਾ ਮੰਨਣਾ ਹੈ ਕਿ ਦੱਖਣੀ ਵਜ਼ੀਰੀਸਤਾਨ ਵਿਚ ਫੌਜਾਂ ਦੀ ਮੁਹਿੰਮ ਸਵਾਤ ਘਾਟੀ ਤੋਂ ਕਿਤੇ ਮੁਸ਼ਕਲ ਹੋਵੇਗੀ।
ਜਿ਼ਕਰਯੋਗ ਹੈ ਕਿ ਬੈਤੁਲਾ ਮਹਿਸੂਦ ਪਾਕਿਸਤਾਨ ਦੇ ਦੱਖਣੀ ਵਜ਼ੀਰੀਸਤਾਨ ਇਲਾਕੇ ਵਿਚ ਤਾਲਿਬਾਨ ਦਾ ਅਹਿਮ ਲੀਡਰ ਮੰਨਿਆ ਜਾਂਦਾ ਹੈ। ਜਨਵਰੀ, 2007 ਵਿਚ ਮੈਰੀਅਟ ਹੋਟਲ ਵਿਚ ਹੋਏ ਆਤਮਘਾਤੀ ਹਮਲੇ ਵਿਚ ਉਸਦੇ ਹਿਮਾਇਤੀਆਂ ਦਾ ਹੱਥ ਹੋਣ ਦਾ ਸ਼ੱਕ ਕੀਤਾ ਗਿਆ ਸੀ। ਉਸਦਾ ਨਾਮ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੇ ਕਤਲ ਨਾਲ ਵੀ ਜੋੜਿਆ ਗਿਆ ਸੀ। ਹਾਲਾਂਕਿ ਉਨ੍ਹਾਂ ਦਾ ਕਹਿਣਾ ਕਿ ਬੇਨਜ਼ੀਰ ‘ਤੇ ਹੋਏ ਹਮਲੇ ਨਾਲ ਉਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਸੀ। ਖ਼ਬਰਾਂ ਮੁਤਾਬਕ ਬੈਤੁਲਾ ਦੇ ਕੋਲ ਅੰਦਾਜ਼ਨ 20 ਹਜ਼ਾਰ ਤਾਲਿਬਾਨ ਹਿਮਾਇਤੀ ਲੜਾਕੇ ਹਨ। ਇਨ੍ਹਾਂ ਚੋਂ ਵਧੇਰੇ ਮਹਿਸੂਦ ਕਬੀਲੇ ਤੋਂ ਹਨ। ਇਹ ਇਲਾਕਾ ਅਲ ਕਾਇਦਾ ਅਤੇ ਤਾਲਿਬਾਨ ਦੇ ਲਈ ਸੁਰੱਖਿਅਤ ਪਨਾਹਗਾਹ ਮੰਨਿਆ ਜਾਂਦਾ ਹੈ।
ਬੈਤੁਲਾ ਮਹਿਸੂਦ ਬਾਰੇ ਕਿਹਾ ਜਾਂਦਾ ਹੈ ਕਿ ਉਸਨੇ ਇਸ ਇਲਾਕੇ ਵਿਚ ਵੱਡੀ ਗਿਣਤੀ ਵਿਚ ਉਨ੍ਹਾਂ ਲੜਾਕਿਆਂ ਨੂੰ ਪਨਾਹ ਦਿੱਤੀ ਹੈ ਜਿਹੜੇ ਅਫ਼ਗਾਨਿਸਤਾਨ ਵਿਚ ਹਮਲੇ ਕਰਦੇ ਹਨ। ਇਸ ਵਿਚ ਆਤਮਘਾਤੀ ਧਾਮਕੇ ਅਤੇ ਅਫ਼ਗਾਨਿਸਤਾਨ ਵਿਚ ਮੌਜੂਦ ਕੌਮਾਤਰੀ ਫੌਜਾਂ ਦੇ ਖਿਲਾਫ਼ ਸਰਹੱਦ ਪਾਰੋਂ ਹਮਲੇ ਕਰਨਾ ਸ਼ਾਮਲ ਹੈ। ਪਾਕਿਸਤਾਨੀ ਫੌਜਾਂ ਨੇ ਦੱਖਣੀ ਵਜ਼ੀਰੀਸਤਾਨ ਦੇ ਇਸ ਇਲਾਕੇ ਨੂੰ ਦਹਿਸ਼ਤਗਰਦਾਂ ਤੋਂ ਮੁਕਤ ਕਰਾਉਣ ਲਈ ਪਹਿਲਾਂ ਵੀ ਕਈ ਮੁਹਿੰਮਾਂ ਚਲਾਈਆਂ ਪਰ ਕਾਮਯਾਬੀ ਨਹੀਂ ਮਿਲੀ।