ਅੰਮ੍ਰਿਤਸਰ: – ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਮਾਨਵਤਾ ਦੇ ਭਲੇ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸਿਰਜਨਾ ਅਤੇ ਮਾਨਵਤਾ ਦੇ ਸਬਰ ਸਾਂਝੇ ਧਰਮ ਗ੍ਰੰਥ ‘ਆਦਿ ਸ੍ਰੀ ਗੁਰੂ ਗੰ੍ਰਥ ਸਾਹਿਬ’ ਦੀ ਸੰਪਾਦਨਾ ਵਰਗੇ ਮਹਾਨ ਕਾਰਜਾਂ ਦੇ ਨਾਲ ਨਿਮਾਣੇ ਤੇ ਨਿਤਾਣੇ ਲੋਕਾਂ ਦੇ ਮਨਾਂ ’ਚੋਂ ਜ਼ਬਰ ਤੇ ਜ਼ੁਲਮ ਦੇ ਡਰ ਨੂੰ ਦੂਰ ਕਰਨ, ਸਵੈ-ਭਰੋਸੇ ਤੇ ਸਵੈਮਾਣ ਨੂੰ ਬਰਕਰਾਰ ਰੱਖਣ ਲਈ ਅਦੁਤੀ ਸ਼ਹਾਦਤ ਦਿੱਤੀ ਅਤੇ ਹੱਕ ਸੱਚ ਦੀ ਪ੍ਰਾਪਤੀ ਲਈ ਆਪਾ ਵਾਰਨ ਦਾ ਮਾਰਗ ਦਰਸਾਇਆ। ਸ਼ਹੀਦਾਂ ਦੇ ਸਿਰਤਾਜ, ਬਾਣੀ ਦੇ ਬੋਹਿਥ, ਮਹਾਨ ਬ੍ਰਹਮ ਗਿਆਨੀ, ਨਿਮਰਤਾ ਤੇ ਸਹਿਣਸ਼ੀਲਤਾ ਦੇ ਮੁਜਸਮੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸਖਸ਼ੀਅਤ ਦਾ ਸਿੱਖ ਜਗਤ ਵਿਚ ਵਿਲੱਖਣ ਸਥਾਨ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਸ੍ਰੀ ਨਗਰ ਵਿਖੇ ਗੁਰਦੁਆਰਾ ਸ਼ਹੀਦ ਬੁੰਗਾ ’ਚ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਸਮੇਂ ਜੁੜੀਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਕੀਤਾ। ਇਹ ਜਾਣਕਾਰੀ ਉਨ੍ਹਾਂ ਦੇ ਨਿੱਜੀ ਸਹਾਇਕ ਸ. ਪ੍ਰਮਜੀਤ ਸਿੰਘ ਨੇ ਟੈਲੀਫੋਨ ’ਤੇ ਦਿੱਤੀ।
ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਮਹਾਨ ਸ਼ਹਾਦਤ ਨੇ ਦੇਸ਼, ਕੌਮ ਤੇ ਸਮੁੱਚੀ ਲੋਕਾਈ ਨੂੰ ਗਿਆਨ ਤੇ ਚਾਨਣ ਦੀ ਬਖਸ਼ਿਸ਼ ਕੀਤੀ ਅਤੇ ਮਨੁੱਖਤਾ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣ ਦੀ ਪ੍ਰੇਰਨਾ ਕੀਤੀ। ਬੀਤੇ ਦਿਨੀਂ ਬਡਗਾਮ ਜ਼ਿਲ੍ਹੇ ਦੇ ਪਿੰਡ ਰੰਗਰੇਟ ਵਿਖੇ ਵਾਪਰੀ ਮੰਦਭਾਗੀ ਘਟਨਾ ਦੇ ਸਬੰਧ ’ਚ ਉਨ੍ਹਾਂ ਕਿਹਾ ਕਿ ਦੇਸ਼ ਦੀ ਵੰਡ ਤੋਂ ਲੈ ਕੇ ਹੁਣ ਤੀਕ ਸਿੱਖ ਤੇ ਮੁਸਲਮਾਨ ਭਾਈਚਾਰੇ ਦੇ ਬੜੇ ਪਿਆਰ ਵਾਲੇ ਸਬੰਧ ਰਹੇ ਹਨ ਅਤੇ ਭਵਿੱਖ ਵਿਚ ਵੀ ਆਪਸੀ ਪਿਆਰ ਬਣਾਈ ਰੱਖਣ ਲਈ ਦੇਸ਼ ਵਿਚ ਇਨ੍ਹਾਂ ਦੋਨਾਂ ਘੱਟ-ਗਿਣਤੀ ਕੌਮਾਂ ਨੂੰ ਇਕ ਦੂਜੇ ਦੀਆਂ ਬਾਹਾਂ ਬਣ ਕੇ ਰਹਿਣਾ ਚਾਹੀਦਾ ਹੈ। ਉਨ੍ਹਾਂ ਇਸ ਘਟਨਾਂ ’ਚ ਹੋਈ ਭੰਨਤੋੜ ਦੌਰਾਨ ਪ੍ਰਭਾਵਤ ਸਿੱਖ ਪ੍ਰੀਵਾਰਾਂ ਨੂੰ ਸ਼੍ਰੋਮਣੀ ਕਮੇਟੀ ਦੀ ਅੰਤਿੰ੍ਰਗ ਕਮੇਟੀ ਵਲੋਂ 10 ਲੱਖ ਰੁਪਏ ਦੀ ਸਹਾਇਤਾ ਪਾਸ ਕੀਤੇ ਜਾਣ ਦਾ ਵੀ ਜ਼ਿਕਰ ਕੀਤਾ। ਲੜਕੀਆਂ ਨੂੰ ਵਿੱਦਿਆ ਦੇਣ ਸਬੰਧੀ ਉਨ੍ਹਾਂ ਕਿਹਾ ਕਿ ਜੇਕਰ ਸ੍ਰੀ ਨਗਰ ਦੀਆਂ ਸੰਗਤਾਂ ਜ਼ਮੀਨ ਦਾ ਪ੍ਰਬੰਧ ਕਰ ਲੈਣ ਤਾਂ ਸ਼੍ਰੋਮਣੀ ਕਮੇਟੀ ਲੜਕੀਆਂ ਦਾ ਕਾਲਜ ਤਿਆਰ ਕਰ ਕੇ ਦੇਵੇਗੀ।
ਇਸ ਮੌਕੇ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਤੇ ਕੇਂਦਰੀ ਮੰਤਰੀ ਡਾ: ਫਾਰੂਖ ਅਬਦੁਲਾ ਨੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਵਿਲੱਖਣ ਸਖਸ਼ੀਅਤ ਪ੍ਰਤੀ ਆਸਥਾ ਅਤੇ ਸਿੱਖ ਭਾਈਚਾਰੇ ਨਾਲ ਪਿਆਰੇ ਭਰੇ ਸਬੰਧਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਿੱਖ ਸਾਡੇ ਭਾਈਚਾਰੇ ਦਾ ਅਹਿਮ ਹਿੱਸਾ ਹਨ। ਸਿੱਖ ਨੂੰ ਕੰਡਾ ਵੀ ਚੁਭੇ ਤਾਂ ਸਾਨੂੰ ਦਰਦ ਮਹਿਸੂਸ ਹੁੰਦਾ ਹੈ। ਰੰਗਰੇਟ ਵਿਖੇ ਵਾਪਰੀ ਮੰਦਭਾਗੀ ਘਟਨਾਂ ’ਤੇ ਦੁੱਖ ਪ੍ਰਗਟ ਕਰਦਿਆਂ ਉਨ੍ਹਾਂ ਘਟਨਾਂ ਦੇ ਦੋਸ਼ੀਆਂ ਦੀ ਨਿਸ਼ਾਨਦੇਹੀ ਕਰਨ ਤੇ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੇ ਜਾਣ ਅਤੇ ਸਿੱਖ ਭਾੲਚਾਰੇ ਨੂੰ ਹਰ ਪ੍ਰਕਾਰ ਦੀ ਸੁਰੱਖਿਆ ਤੇ ਸਹਿਯੋਗ ਦਾ ਭਰੋਸਾ ਦਿੱਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਨਗਰ ਦੇ ਵਿਧਾਇਕ ਜਨਾਬ ਨਾਸਰ ਸੁਖਾਨੀ, ਸ਼੍ਰੋਮਣੀ ਕਮੇਟੀ ਦੇ ਐਡੀ: ਸਕੱਤਰ ਸ. ਰੂਪ ਸਿੰਘ ਤੇ ਜੰਮੂ ਕਸ਼ਮੀਰ ਸਿੱਖ ਮਿਸ਼ਨ ਦੇ ਇੰਚਾਰਜ ਸ. ਸਵਰਨ ਸਿੰਘ ਨੇ ਵੀ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਕੀਤੀ। ਇਸ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਹਰਮਿੰਦਰ ਸਿੰਘ ਦੇ ਰਾਗੀ ਜਥੇ ਨੇ ਇਲਾਹੀ ਬਾਣੀ ਦਾ ਕੀਰਤਨ ਕੀਤਾ।ਗੁਰਦੁਆਰਾ ਸ਼ਹੀਦ ਬੁੰਗਾ ਦੇ ਪ੍ਰਬੰਧਕਾਂ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ, ਕੇਂਦਰੀ ਮੰਤਰੀ ਡਾ: ਫਾਰੂਖ ਅਬਦੁਲਾ, ਵਿਧਾਇਕ ਜਨਾਬ ਨਾਸਰ ਸੁਖਾਨੀ, ਐਡੀ: ਸਕੱਤਰ ਸ. ਰੂਪ ਸਿੰਘ ਨੂੰ ਸਿਰੋਪਾਓ ਨਾਲ ਸਨਮਾਨਤ ਕੀਤਾ। ਇਸ ਮੌਕੇ ਡਿਸਟ੍ਰਿਕ ਗੁਰਦੁਆਰਾ ਕਮੇਟੀ ਬਡਗਾਮ ਦੇ ਪ੍ਰਧਾਨ ਸ. ਗੁਰਜੀਤ ਸਿੰਘ, ਗੁਰਦੁਆਰਾ ਸ਼ਹੀਦ ਬੁੰਗਾ ਦੇ ਪ੍ਰਬੰਧਕ ਸ. ਦਿਦਾਰ ਸਿੰਘ, ਸ. ਮੋਹਨ ਸਿੰਘ ਡਰਾਲੀ ਤੋਂ ਇਲਾਵਾ ਇਲਾਕੇ ਦੇ ਪਤਵੰਤੇ ਤੇ ਸੱਜਣ ਮੌਜੂਦ ਸਨ।