ਯੇਕਾਤੇਰਿਨਬਰਗ- ਭਾਰਤ ਦੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਅਤੇ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਨੇ ਮੁੰਬਈ ਹਮਲਿਆਂ ਤੋਂ ਬਾਅਦ ਪਹਿਲੀ ਵਾਰ ਮੁਲਾਕਾਤ ਕੀਤੀ। ਇਸ ਗੱਲਬਾਤ ਦੌਰਾਨ ਪ੍ਰਧਾਨਮੰਤਰੀ ਮਨਮੋਹਨ ਸਿੰਘ ਵਲੋਂ ਇਹ ਸਾਫ ਸ਼ਬਦਾਂ ਵਿਚ ਕਿਹਾ ਗਿਆ ਕਿ ਪਾਕਿਸਤਾਨ ਦੀ ਜਮੀਨ ਦਾ ਭਾਰਤ ਵਿਚ ਅਤਵਾਦੀ ਕਾਰਵਾਈਆਂ ਕਰਨ ਲਈ ਇਸਤੇਮਾਲ ਨਹੀਂ ਹੋਣਾ ਚਾਹੀਦਾ।
ਭਾਰਤ ਦੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਸ਼ੰਘਈ ਸਹਿਯੋਗ ਸੰਗਠਨ ਦੀ ਬੈਠਕ ਵਿਚ ਭਾਗ ਲੈਣ ਲਈ ਆਏ ਹਨ। ਰਸਮੀਂ ਮੁਲਾਕਾਤ ਤੋਂ ਪਹਿਲਾਂ ਪ੍ਰਧਾਨਮੰਤਰੀ ਮਨਮੋਹਨ ਸਿੰਘ ਅਤੇ ਪਾਕਿਸਤਾਨ ਦੇ ਰਾਸ਼ਟਰਪਤੀ ਜਰਦਾਰੀ ਨੇ ਇਕ ਦੂਸਰੇ ਨਾਲ ਹੱਥ ਮਿਲਾਇਆ ਜਦੋਂ ਐਸਸੀਓ ਦੇ ਦੂਸਰੇ ਨੇਤਾਵਾਂ ਨਾਲ ਸਮੂਹਿਕ ਫੋਟੋਗਰਾਫ ਤੋਂ ਬਾਅਦ ਦੋਵਾਂ ਦਾ ਆਹਮਣਾ ਸਾਹਮਣਾ ਹੋਇਆ। ਇਸ ਦੌਰਾਨ ਡਾ: ਮਨਮੋਹਨ ਸਿੰਘ ਨੇ ਜਰਦਾਰੀ ਨੂੰ ਕਿਹਾ, “ ਮੈਂ ਤੁਹਾਨੂੰ ਮਿਲ ਕੇ ਖੁਸ਼ ਹਾਂ ਪਰ ਮੇਰੀ ਇਹ ਜਿੰਮੇਵਾਰੀ ਹੈ ਕਿ ਮੈਨ ਤੁਹਾਨੂੰ ਦਸ ਦੇਵਾਂ ਕਿ ਪਾਕਿਸਤਾਨ ਦੀ ਜਮੀਨ ਦੀ ਵਰਤੋਂ ਭਾਰਤ ਦੇ ਖਿਲਾਫ ਅਤਵਾਦੀ ਕਾਰਵਾਈਆਂ ਲਈ ਨਹੀਂ ਹੋਣੀ ਚਾਹੀਦੀ।”
ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਮੈਂ ਇਸ ਨੂੰ ਤਲਖ ਰਵਈਆ ਨਹੀਂ ਮੰਨਦਾ, ਮੁੰਬਈ ਦੀ ਦੁਖਦ ਘਟਨਾ ਤੋਂ ਬਾਅਦ ਦੋਵੇਂ ਨੇਤਾ ਪਹਿਲੀ ਵਾਰ ਮਿਲੇ ਹਨ, ਇਹ ਆਪਣੇ ਆਪ ਵਿਚ ਇਕ ਸਕਾਰਤਮਕ ਕਦਮ ਹੈ। ਕੁਰੈਸ਼ੀ ਨੇ ਕਿਹਾ ਕਿ ਅਤਵਾਦ ਦਾ ਸਾਹਮਣਾ ਸਾਰੇ ਦੇਸ਼ਾ ਨੇ ਮਿਲ ਕੇ ਕਰਨਾ ਹੈ। ਭਾਂਵੇ ਕੋਈ ਵੀ ਦੇਸ਼ ਹੋਵੇ।
ਭਾਰਤ ਪਾਕਿਸਤਾਨ ਨੇਤਾਵਾਂ ਦੀ ਬੈਠਕ ਤੋਂ ਪਹਿਲਾਂ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਸ਼ੰਘਈ ਸਹਿਯੋਗ ਸੰਗਠਨ ਦੇ ਦੌਰਾਨ ਅੰਤਰਰਾਸ਼ਟਰੀ ਭਾਈਚਾਰੇ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ “ ਇਹ ਜਰੂਰੀ ਹੈ ਕਿ ਅਸੀਂ ਵਿਸ਼ਵ ਪੱਧਰ ਤੇ ਸੱਚੇ ਦਿਲ ਤੋਂ ਇਕ ਦੂਸਰੇ ਨਾਲ ਸਹਿਯੋਗ ਕਰ ਕੇ ਅੰਤਰਰਾਸ਼ਟਰੀ ਅਤਵਾਦ ਨੂੰ ਹਰਾਈਏ।” ਉਨ੍ਹਾਂ ਦਾ ਕਹਿਣਾ ਸੀ, ਅਸੀਂ ਸ਼ੰਘਈ ਸਹਿਯੋਗ ਸੰਗਠਨ ਦੇ ਖੇਤਰ ਵਿਚ ਸ਼ਾਂਤੀ, ਖੁਸ਼ਹਾਲੀ ਅਤੇ ਸਥਿਰਤਾ ਚਾਹੁੰਦੇ ਹਾਂ। ਅਸੀਂ ਇਕ ਦੂਸਰੇ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ ਅਤੇ ਇਸ ਤੋਂ ਲਾਭ ਉਠਾ ਸਕਦੇ ਹਾਂ। ਅਸੀਂ ਇਸ ਉਦੇਸ਼ ਨਾਲ ਸ਼ੰਘਈ ਸਹਿਯੋਗ ਸੰਗਠਨ ਦੀਆਂ ਵੱਖ-ਵੱਖ ਸ਼ਾਖਾ ਦੇ ਸੰਪਰਕ ਵਿਚ ਹਾਂ। ਪ੍ਰਧਾਨਮੰਤਰੀ ਨੇ ਇਹ ਵੀ ਕਿਹਾ ਕਿ “ਅਸੀਂ ਦੇਸ਼ ਦੇ ਬਾਹਰ ਅਜਿਹਾ ਵਾਤਾਵਰਣ ਚਾਹੁੰਦੇ ਹਾਂ ਜਿਸ ਨਾਲ ਸਾਡੇ ਦੇਸ਼ ਦੇ ਲੋਕਾਂ ਦੀਆਂ ਉਮੀਦਾਂ ਪੂਰੀਆਂ ਹੋ ਸਕਣ। ਸਾਡੇ ਖੇਤਰ ਵਿਚ ਅਤਵਾਦ, ਚਰਮਪੰਥੀ ਵਿਚਾਰਧਾਰਾ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵੱਡੀਆਂ ਸਮਸਿਆਵਾਂ ਹਨ।” ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਅੱਜ ਦੁਨੀਆ ਵਿਚ ਜੋ ਵੀ ਅਤਵਾਦੀ ਘਟਨਾਵਾਂ ਹੁੰਦੀਆਂ ਹਨ, ਉਹ ਕਈਆਂ ਦੇਸ਼ਾ ਨਾਲ ਜੁੜੀਆਂ ਹੁੰਦੀਆਂ ਹਨ ਅਤੇ ਕੋਈ ਵੀ ਦੇਸ਼ ਮੁਕਤ ਨਹੀਂ ਹੈ।