“ਆ ਕੀ, ਮਨਜੀਤ ਸਿਆਂ ਕੀ ਲਿਜਾ ਰਿਹਾ ਐਂ?” ਮੈਂ ਪੁੱਛਿਆ।
ਮੱਥੇ ਤੋਂ ਪਸੀਨਾ ਪੂੰਝਦਿਆਂ ਮਨਜੀਤ ਨੇ ਜਵਾਬ ਦਿੱਤਾ-“ਕੁੱਝ ਨਹੀਂ ਬਾਈ ਜੀ, ਬਸ ਦੋ ਕੁ ਬੂਟੇ ਹਨ।”
“ਕਾਹਦੇ?”
“ਛਾਂ ਵਾਲੇ ਰੁੱਖਾਂ ਦੇ”
“ਪਰ ਤੈਨੂੰ ਕੀ ਲੋੜ ਪੈ ਗਈ?”
“ਪਿਛਲੇ ਸਾਲ ਬਿਜਲੀ ਦੇ ਕੱਟਾਂ ਤੋਂ ਤੰਗ ਆਕੇ ਇਨਵਰਟਰ ਲਵਾਇਆ ਸੀ, ਪਰ ਬੱਤੀ ਤਾਂ ਐਮ.ਐਲ.ਏ. ਦੇ ਘਰ ਪਰਤਣ ਵਾਂਗੂ ਹੋ ਗਈ ਹੈ। ਇਨਵਰਟਰ ਵੀ ਚਾਰਜ਼ ਕਿੱਥੋਂ ਹੋਣੇ ਹਨ।”
“ਮਨਜੀਤ ਸਿਆਂ, ਇਹੀ ਤਾਂ ਹੈ ਰਾਮਰਾਜ” ਮੈਂ ਕਿਹਾ, “ਸਾਡੀ ਸਰਕਾਰ ਦਾ ਨਾਰ੍ਹਾ।”
“ਰਾਮਰਾਜ” ਚੌਂਕਦਿਆਂ ਹੋਇਆਂ ਮਨਜੀਤ ਨੇ ਕਿਹਾ, “ਉਹ ਕਿਵੇਂ”
“ਬਾਈ, ਤ੍ਰੇਤਾ ਯੁੱਗ ਵਿੱਚ ਨਾ ਤਾਂ ਮੋਟਰ-ਕਾਰਾਂ ਸਨ ਤੇ ਨਾ ਹੀ ਪੱਖੇ, ਨਾਲੇ ਜੀਵਨ ਵੀ ਸਾਧਾਰਣ ਸੀ। ਊਠਾਂ-ਬੈਲਾਂ ਦੀ ਸਵਾਰੀ, ਨਾ ਬਿਜਲੀ ਦੀ ਚਿੰਤਾ। ਇਸੇ ਫਾਰਮੂਲੇ ਤੇ ਤਾਂ ਅਮਲ ਕੀਤਾ ਜਾ ਰਿਹੈ,” ਮੈਂ ਜੁਆਬ ਦਿੰਦੇ ਕਿਹਾ।
“ਉਹ ਕਿਵੇਂ?”
“ਬਾਈ, ਜੇ ਬੱਤੀ ਆਊ ਤਾਂ ਕਾਰਖਾਣੇ ਚੱਲਣਗੇ, ਮਾਲ ਵਿਕੂਗਾ ਤਾਂ ਖਜਾਨੇ ਵਿੱਚ ਪੈਸੇ ਆਉਣਗੇ। ਪਰ ਜੇ ਅਸੀਂ ਤਰੱਕੀ ਕਰ ਗਏ ਤਾਂ ਰਾਮਰਾਜ ਕਿਵੇਂ ਆਊ? ਮੈਂ ਕਿਹਾ।
“ਪਰ, ਕੀ ਮੰਤਰੀ ਜੀ ਦੀ ਬੱਤੀ ਵੀ ਜਾਂਦੀ ਹੈ? ਉਹਨਾਂ ਦੇ ਜਨਰੇਟਰ ਵਿੱਚ ਵੀ ਤੇਲ ਖਤਮ ਹੋ ਜਾਂਦਾ ਹੈ?” ਮਨਜੀਤ ਨੇ ਪੁੱਛਿਆ।
“ਨਹੀਂ ਜੀ, ਜੇ ਮੰਤਰੀ ਜੀ ਦੇ ਮੱਥੇ ਤੇ ਪਸੀਨਾ ਆ ਗਿਆ ਤਾਂ ਆਪਣੇ ਬਾਰੇ ਕੌਣ ਸੋਚੇਗਾ? ਤਰੱਕੀ ਦੇ ਕਾਗਜ਼ਾਂ ਤੇ ਦਸਤਖਤ ਕਰਨ ਲਈ ਸਾਹਿਬ ਦਾ ਏ.ਸੀ. ਬੰਦ ਨਹੀਂ ਹੋਣਾ ਚਾਹੀਦਾ। ਅੱਡੇ ਤੇ ਖੜੀ ਬੱਸ ਉਡੀਕਦੀ ਸਵਾਰੀ ਨੂੰ ਭਾਵੇਂ ਸਵੇਰ ਤੋਂ ਸ਼ਾਮ ਹੋ ਜਾਵੇ ਪਰ ਮੰਤਰੀ ਜੀ ਲਈ ਤਾਂ ਕੈਮਰੀ ਕਾਰ ਹਰ ਵੇਲੇ ਤਿਆਰ ਚਾਹੀਦੀ ਹੈ। ਆਪਾਂ ਘਰੋਂ ਬਾਹਰ ਨਿਕਲਣਾ ਹੈ ਤਾਂ ਦੇਵੋ ਟੋਲ-ਟੈਕਸ।” ਮੈਂ ਹੱਸਦਿਆਂ ਕਿਹਾ, “ਜਿਹੜੇ ਪੈਸੇ ਭਰਦੇ ਹਨ, ਉਹਨਾਂ ਨੂੰ ਤਾਂ ਵੇਖਣ ਨੂੰ ਨਹੀਂ ਮਿਲਦੀ ਬਿਜਲੀ ਅਤੇ ਜਿਹੜੇ ਮੁਫਤ ਬਾਲਦੇ ਹਨ, ਉੁਹਨਾਂ ਨੂੰ ਪੂਰਾ ਸਮਾ।”
“ਹੁਣ ਤਾਂ ਆਟੇ-ਦਾਲ ਦੀ ਸਕੀਮ ਦੇ ਨਾਲ ਦੋ-ਦੋ ਛਾਂ ਵਾਲੇ ਬੂਟੇ ਵੀ ਸਰਕਾਰ ਨੂੰ ਮੁਫਤ ਵੰਡਣੇ ਚਾਹੀਦੇ ਹਨ। ਪਰ ਜੇ ਸਰਕਾਰ ਨੇ ਜਨਤਾ ਬਾਰੇ ਸੋਚ ਲਿਆ ਤਾਂ ਇਹ ਰਾਮਰਾਜ ਕਿੱਦਾਂ ਆਊ?”
ਸਹੀ ਗੱਲ ਆ ਜੀ ਸਰਕਾਰ ਨੂੰ ਆਟੇ-ਦਾਲ ਦੀ ਸਕੀਮ ਦੇ ਨਾਲ ਦੋ-ਦੋ ਛਾਂ ਵਾਲੇ ਬੂਟੇ ਵੀ ਮੁਫਤ ਵੰਡਣੇ ਚਾਹੀਦੇ ਹਨ |
ਅਖੇ “ਆਟਾ ਦਾਲ , ਬਿੱਜਲੀ , ਪਾਣੀ ਮੁੱਫਤ ਦਿਆਗੇ ” ਏਹਨਾ ਨੂੰ ਭਲਾ ਕੋਈ ਪੁੱਛੇ ਤਨਖਾਹਾਂ ਦੇਣ ਲਈ ਤੁਹਾਡੇ ਕੋਲ ਪੈਸੇ ਨਹੀਂ ਮੁਫ਼ੱਤ ਦੇਣ ਲਈ ਕਿਥੋ ਆਉਣਗੇ | ਏਹਨਾ ਨੂੰ ਕੋਈ ਸਮਝਾਵੇ ਭਲਿਓ ਲੋਕੋ ਲੋਕਾਂ ਨੂੰ ਰੋਜਗਾਰ ਦੇਵੋ ਆਟਾ ਦਾਲ ਓਹ ਖੁਦ ਕਮਾਂ ਲੈਣਗੇ |