ਪੈਰਿਸ- ਫਰਾਂਸ ਦੇ ਰਾਸ਼ਟਰਪਤੀ ਸਰਕੋਜ਼ੀ ਦੇ ਇਕ ਤਾਜ਼ਾ ਬਿਆਨ ਨਾਲ ਫਰਾਂਸ ਵਿਚ ਨਸਲੀ ਤਣਾਅ ਵਧਣ ਬਾਰੇ ਸ਼ਕ ਕੀਤਾ ਜਾ ਰਿਹਾ ਹੈ। ਸਰਕੋਜ਼ੀ ਨੇ ਫਰਾਂਸੀਸੀ ਸੰਸਦ ਵਿਚ ਆਪਣੇ ਭਾਸ਼ਣ ਵਿਚ ਕਿਹਾ ਹੈ ਕਿ ਬੁਰਕਾ ਸੰਸਕ੍ਰਿਤੀ ਦਾ ਫਰਾਂਸ ਵਿਚ ਸਵਾਗਤ ਨਹੀਂ ਹੈ। ੳਸਦੇ ਇਸ ਬਿਆਨ ਨਾਲ ਕਟੜਪੰਥੀ ਮੁਸਲਮਾਨ ਵਿਰੋਧ ਵਿਚ ਖੜ੍ਹੇ ਹੋ ਸਕਦੇ ਹਨ। ਪੱਛਮੀ ਯੌਰਪ ਵਿਚ ਫਰਾਂਸ ਵਿਚ ਮੁਸਲਮਾਨਾਂ ਦੀ ਅਬਾਦੀ ਸੱਭ ਤੋਂ ਜਿਆਦਾ ਹੈ।
ਫਰਾਂਸ ਵਿਚ ਵੱਖ-ਵੱਖ ਦਲਾਂ ਦੇ 65 ਸੰਸਦ ਇਹ ਮੰਗ ਕਰ ਰਹੇ ਹਨ ਕਿ ਮਹਿਲਾਵਾਂ ਦੇ ਬੁਰਕਾ ਪਹਿਨਣ ਦੇ ਅਧਿਕਾਰ ਦੀ ਸਮੀਖਿਆ ਕੀਤੀ ਜਾਵੇ ਅਤੇ ਇਸ ਗੱਲ ਦੀ ਵੀ ਜਾਂਚ ਕੀਤੀ ਜਾਵੇ ਕਿ ਕੀ ਬੁਰਕਾ ਫਰਾਂਸ ਦੀ ਧਰਮ ਨਿਰਪੇਖਤਾ ਦੇ ਅਕਸ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਸੋਮਵਾਰ ਨੂੰ ਸਰਕੋਜ਼ੀ ਨੇ ਸੰਸਦ ਦੇ ਵਿਸ਼ੇਸ਼ ਇਜਲਾਸ ਦੌਰਾਨ ਇਨ੍ਹਾਂ ਸੰਸਦਾਂ ਦੀਆਂ ਮੰਗਾਂ ਮੰਨਦੇ ਹੋਏ ਕਿਹਾ ਕਿ ਬੁਰਕਾ ਕੋਈ ਧਾਰਮਿਕ ਚਿੰਨ੍ਹ ਨਹੀਂ ਹੈ। ਸਗੋਂ ਮਹਿਲਾਵਾਂ ਦੀ ਗੁਲਾਮੀ ਨਾਲ ਜੁੜਿਆ ਮਾਮਲਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਇਸ ਗੱਲ ਨੂੰ ਸਵੀਕਾਰ ਨਹੀਂ ਕਰ ਸਕਦੇ ਕਿ ਸਾਡੇ ਦੇਸ਼ ਦੀਆਂ ਮਹਿਲਾਵਾਂ ਇਕ ਪਰਦੇ ਦੇ ਅੰਦਰ ਗੁਲਾਮਾਂ ਵਾਂਗ ਜੀਵਨ ਬਤੀਤ ਕਰਨ। ਉਹ ਸਮਾਜਿਕ ਜੀਵਨ ਵਿਚ ਅਲੱਗ-ਥਲੱਗ ਰਹਿਣ ਅਤੇ ਆਪਣੀ ਪਛਾਣ ਖੋਹ ਦੇਣ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਰਕਾਰ ਮਹਿਲਾਵਾਂ ਤੋਂ ਉਨ੍ਹਾਂ ਦੀ ਮਾਣ-ਮਰਿਆਦਾ ਨਹੀਂ ਖੋਹਣਾ ਚਾਹੁੰਦੀ।
ਫਰਾਂਸ ਦੇ ਰਾਸ਼ਟਰਪਤੀ ਦੇ ਇਸ ਬਿਆਨ ਨਾਲ ਫਰਾਂਸ ਸਮੇਤ ਪੂਰੇ ਯੌਰਪ ਵਿਚ ਨਸ਼ੀ ਤਣਾਅ ਵਧਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਫਰਾਂਸੀਸੀ ਸੰਸਦਾਂ ਦੇ ਪ੍ਰਸਤਾਵ ਤੇ ਦੇਸ਼ ਵਿਚ ਰਹਿਣ ਵਾਲੇ ਮੁਸਲਮਾਨਾਂ ਦੀ ਪ੍ਰਤੀਨਿਧੀ ਸੰਸਥਾ ਮੁਸਲਿਮ ਕੌਂਸਿਲ ਪਹਿਲਾਂ ਹੀ ਇਤਰਾਜ਼ ਜਾਹਿਰ ਕਰ ਚੁਕੀ ਹੈ। ਕੌਂਸਿਲ ਦੇ ਆਗੂ ਮੁਹੰਮਦ ਮੌਸਾਈ ਨੇ ਕਿਹਾ ਸੀ ਕਿ ਇਹ ਬਹੁਤ ਹੀ ਤੁਛ ਜਿਹਾ ਮਸਲਾ ਹੈ, ਇਸ ਬਾਰੇ ਸੰਸਦ ਵਿਚ ਕਿਸੇ ਵੀ ਤਰ੍ਹਾਂ ਦੀ ਚਰਚਾ ਜਾਂ ਪ੍ਰਸਤਾਵ ਬਾਰੇ ਨਹੀਂ ਸੋਚਿਆ ਜਾ ਸਕਦਾ। ਫਰਾਂਸ ਵਿਚ 2004 ਵਿਚ ਇਕ ਕਨੂੰਨ ਪਾਸ ਕਰਕੇ ਸਕੂਲਾਂ ਵਿਚ ਮੁਸਲਮਾਨ ਲੜਕੀਆਂ ਦੁਆਰਾ ਹਿਜਾਬ ਪਹਿਨਣ ਅਤੇ ਹੋਰ ਸਾਰੇ ਧਾਰਮਿਕ ਚਿੰਨ੍ਹਾਂ ਤੇ ਪਬੰਦੀ ਲਗਾ ਦਿਤੀ ਸੀ। ਇਸ ਬਿਆਨ ਨਾਲ ਮੁਸਲਮਾਨ ਵਿਰੋਧ ਵਿਚ ਖੜ੍ਹੇ ਹੋ ਸਕਦੇ ਹਨ। ਇਹ ਬਿਆਨ ਐਸੇ ਸਮੇਂ ਆਇਆ ਹੈ ਜਦੋਂ ਸਰਕੋਜ਼ੀ ਖੁਦ ਕਤਰ ਦੇ ਸ਼ੇਖ ਹਾਮਿਦ ਬਿਨ ਜਾਸਿਮ ਅਲ ਥਾਨੀ ਦੇ ਸਨਮਾਨ ਵਿਚ ਭੋਜਨ ਦੇਣ ਦੀ ਤਿਆਰੀ ਕਰ ਰਹੇ ਹਨ।