ਕੀ ਲੀਡਰਾਂ ਨੂੰ ਆਮ ਆਦਮੀ ਦੀ ਕੁਝ ਪ੍ਰਵਾਹ ਹੈ
ਪਿਛਲੇ ਦਿਨੀਂ ਦਿਕ ਖ਼ਬਰ ਆਈ ਕਿ ਨਵਜੋਤ ਸਿੱਧੂ ਦੀ ਕਾਰ ਸੜਕ ਉੇਪਰ ਰਫ਼ਤਾਰ ਨਾਲੋਂ ਕਿਤੇ ਵੱਧ ਸਪੀਡ ਨਾਲ ਭੱਜੀ ਜਾ ਰਹੀ ਸੀ। ਜਿਸ ਨੇ ਰਾਹ ਜਾਂਦੇ ਇਕ ਸ਼ਖ਼ਸ ਅਤੇ ਉਸਦੇ ਬੇਟੇ ਨੂੰ ਜ਼ਖ਼ਮੀ ਕਰ ਦਿੱਤਾ। ਪਰ ਸਾਡੇ ਇਹ ਲੀਡਰ ਸਾਹਿਬ ਪੂਰੀ ਰਫ਼ਤਾਰ ਨਾਲ ਆਪਣੀ ਕਾਰ ਭਜਾਕੇ ਰਫੂ ਚੱਕਰ ਹੋ ਗਏ। ਕੀ ਸਾਡੇ ਇਹੋ ਜਿਹੇ ਲੀਡਰ ਦੇਸ਼ ਦਾ ਕੁਝ ਸਵਾਰ ਸਕਣ ਦੇ ਕਾਬਲ ਹਨ। ਜਿਹੜੇ ਲੀਡਰ ਨੂੰ ਸੜਕ ਉਪਰ ਜਾਂਦਾ ਇਕ ਆਮ ਆਦਮੀ ਕੀੜੇ ਮਕੌੜੇ ਵਾਂਗ ਲਗਦਾ ਹੈ ਉਹ ਕਰੋੜਾਂ ਆਦਮੀ ਨਾਲ ਭਰੇ ਭਾਰਤ ਵਿਚਲੇ ਲੋਕਾਂ ਦੀ ਭਲਾਈ ਕਿਵੇਂ ਕਰ ਸਕਦਾ ਹੈ ਅਤੇ ਅਸੀਂ ਉਸ ਪਾਸੋਂ ਦੇਸ਼ ਦੇ ਭਲਾਈ ਦੀ ਆਸ ਕਿਵੇਂ ਰੱਖ ਸਕਦੇ ਹਾਂ।
ਗੱਲ ਕੁਝ ਇੰਝ ਹੋਈ ਕਿ ਪਿਛਲੇ ਦਿਨੀਂ ਇਕ ਫੌਜੀ ਆਪਣੇ ਬੱਚੇ ਨੂੰ ਆਪਣੇ ਦੋ ਪਹੀਆ ਮੋਟਰਸਾਈਕਲ ਦੇ ਪਿਛੇ ਬਿਠਾਕੇ ਜਾ ਰਿਹਾ ਸੀ ਅਤੇ ਪੂਰੀ ਰਫ਼ਤਾਰ ਨਾਲ ਭੱਜੀ ਆਉਂਦੀ ਸਿੱਧੂ ਦੀ ਕਾਰ ਉਸ ਫੌਜੀ ਨਾਲ ਐਕਸੀਡੈਂਟ ਮਾਰਕੇ ਨੌ ਦੋ ਗਿਆਰਾਂ ਹੋ ਗਈ। ਉਹ ਵਿਚਾਰਾ ਫੌਜੀ ਆਪਣੇ ਜ਼ਖ਼ਮੀ ਬੇਟੇ ਦੇ ਨਾਲ ਸੜਕ ਉਪਰ ਪਿਆ ਰਿਹਾ। ਪੰਜਾਬ ਦੇ ਪ੍ਰਸ਼ਾਸਨ ਜਾਂ ਭਾਰਤ ਦੇ ਪ੍ਰਸ਼ਾਸਨ ਦੀ ਅਤਿ ਦੀ ਹੱਦ ਇਥੇ ਹੀ ਖ਼ਤਮ ਨਹੀਂ ਹੋਈ। ਜਦੋਂ ਉਹ ਫੌਜੀ ਪੁਲਿਸ ਪਾਸ ਰਿਪੋਰਟ ਦਰਜ ਕਰਾਉਣ ਗਿਆ ਤਾਂ ਪੁਲਿਸ ਵਲੋਂ ਵੀ ਉਸ ਫੌਜੀ ਨੂੰ ਹੀ ਦੋਸ਼ੀ ਠਹਿਰਾਇਆ ਗਿਆ। ਇਥੋਂ ਤੱਕ ਕਿ ਜਦੋਂ ਉਸ ਫੌਜੀ ਵਲੋਂ ਆਪਣੇ ਆਲਾ ਅਫ਼ਸਰਾਂ ਪਾਸ ਸਿ਼ਕਾਇਤ ਕੀਤੀ ਗਈ ਤਾਂ ਉਨ੍ਹਾਂ ਫੌਜੀ ਅਫ਼ਸਰਾਂ ਵਲੋਂ ਵੀ ਉਸ ਨੂੰ ਹੀ ਦੋਸ਼ੀ ਠਹਿਰਾਇਆ ਗਿਆ। ਇਸਤੋਂ ਸਾਬਤ ਹੁੰਦਾ ਹੈ ਕਿ ਪੰਜਾਬ ਵਿਚ ਇਕ ਆਮ ਆਦਮੀ ਕਿੰਨਾ ਕੁ ਸੁਰੱਖਿਅਤ ਹੈ। ਜਦੋਂ ਪੰਜਾਬ ਦੇ ਆਮ ਲੋਕਾਂ ਦੀਆਂ ਵੋਟਾਂ ਨਾਲ ਜੇਤੂ ਹੋਏ ਸਾਡੇ ਇਹ ਹੰਕਾਰ ਦੇ ਘੋੜੇ ‘ਤੇ ਸਵਾਰ ਲੀਡਰ ਇਹੋ ਜਿਹੀਆਂ ਹਰਕਤਾਂ ਕਰ ਰਹੇ ਹਨ ਤਾਂ ਫਿਰ ਹੇਠਲੇ ਅਫ਼ਸਰਾਂ ਦੀਆਂ ਤਾਂ ਗੱਲਾਂ ਹੀ ਛੱਡ ਦਿਓ।
ਭਾਵੇਂ ਸਿੱਧੂ ਨੂੰ ਅੰਮ੍ਰਿਤਸਰ ਵਾਲਿਆਂ ਨੇ ਫਿਰ ਚੁਣ ਲਿਆ ਹੈ ਪਰ ਜੇਕਰ ਵੇਖਿਆ ਜਾਵੇ ਤਾਂ ਸਿੱਧੂ ਉਪਰ ਪਹਿਲਾਂ ਵੀ ਇਕ ਆਦਮੀ ਦੇ ਕਤਲ ਦਾ ਇਲਜ਼ਾਮ ਬਰਕਰਾਰ ਹੈ। ਇਸ ਵਲੋਂ ਆਪਣੇ ਹੰਕਾਰ ਵਿਚ ਆਏ ਹੋਏ ਵਲੋਂ ਪਹਿਲਾਂ ਵੀ ਇਕ ਆਦਮੀ ਦਾ ਕਤਲ ਕੀਤਾ ਜਾ ਚੁੱਕਿਆ ਹੈ ਜਾਂ ਹੋ ਚੁਕਿਆ ਹੈ। ਪਰ ਗੱਲ ਚਲ ਰਹੀ ਹੈ ਦੇਸ਼ ਵਿਚਲੇ ਅਮਨ ਕਾਨੂੰਨ ਦੀ। ਕੀ ਇਕ ਆਮ ਆਦਮੀ ਇਨ੍ਹਾਂ ਹਾਲਾਤ ਵਿਚ ਆਪਣੇ ਆਪ ਨੂੰ ਸੁਰੱਖਿਅਤ ਕਹਿ ਸਕਦਾ ਹੈ। ਇਹੀ ਕਾਰਨ ਹੈ ਕਿ ਪੰਜਾਬ ਵਿਚ ਮੌਜੂਦਾ ਸਮੇਂ ਅਮਨ ਕਾਨੂੰਨ ਪੂਰੀ ਤਰ੍ਹਾਂ ਅਕਾਲੀ ਸਰਕਾਰ ਦੇ ਹੱਥਾਂ ਚੋਂ ਨਿਕਲ ਚੁਕਿਆ ਹੈ। ਅਕਾਲੀ ਹੀ ਕਿਉਂ ਜਦੋਂ ਪੰਜਾਬ ਵਿਚ ਕਾਂਗਰਸ ਦਾ ਰਾਜ ਸੀ ਉਦੋਂ ਵੀ ਬਲਾਤਕਾਰ, ਅਗਵਾ, ਕਤਲ, ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਆਮ ਸੁਣਨ ਨੂੰ ਮਿਲਦੀਆਂ ਰਹੀਆਂ। ਮੌਜੂਦਾ ਸਮੇਂ ਵੀ ਉਹੀ ਸਿਲਸਿਲਾ ਜਾਰੀ ਹੈ।
ਇਸ ਸਬੰਧੀ ਸਾਡੇ ਲੀਡਰਾਂ ਨੂੰ ਨੇਕ ਨੀਅਤ ਨਾਲ ਸੋਚਣ ਦੀ ਬਹੁਤ ਲੋੜ ਹੈ। ਇਹੀ ਕਾਰਨ ਹੈ ਕਿ ਜਦੋਂ ਇਨ੍ਹਾਂ ਪਾਰਟੀਆਂ ਵਲੋਂ ਕੋਈ ਚੰਗੀ ਕਾਰਗੁਜ਼ਾਰੀ ਨਹੀਂ ਕੀਤੀ ਜਾਂਦੀ ਤਾਂ ਅੱਕੇ ਥੱਕੇ ਲੋਕੀਂ ਦੂਜੀ ਪਾਰਟੀ ਨੂੰ ਚੁਣ ਲੈਂਦੇ ਹਨ। ਪਰ ਹਾਲਾਤ ਇਹ ਹਨ ਕਿ ਇਸ ਸਮੇਂ ਪੰਜਾਬ ਵਿਚ ਕਾਂਗਰਸ ਅਤੇ ਅਕਾਲੀਆਂ ਦਾ ਕੋਈ ਬਦਲ ਮੌਜੂਦ ਨਹੀਂ ਹੈ। ਇਸ ਲਈ ਇਕ ਵਾਰ ਹਾਰੀ ਹੋਈ ਪਾਰਟੀ ਨੂੰ ਅਗਲੀ ਵਾਰ ਪੂਰਨ ਆਸ ਹੁੰਦੀ ਹੈ ਕਿ ਮੌਜੂਦਾ ਸਰਕਾਰ ਪਾਸੋਂ ਕੋਈ ਚੰਗੀ ਕਾਰਗੁਜ਼ਾਰੀ ਹੋਣੀ ਨਹੀਂ ਇਸ ਲਈ ਪੰਜਾਂ ਸਾਲਾਂ ਬਾਅਦ ਉਨ੍ਹਾਂ ਦੀ ਵਾਰੀ ਆਉਣੀ ਪੱਕੀ ਹੈ।
ਇਹੀ ਕਾਰਨ ਹੈ ਕਿ ਪੰਜਾਬ ਵਿਚ ਹੀ ਨਹੀਂ ਪੂਰੇ ਦੇਸ਼ ਵਿਚ ਲੀਡਰਾਂ ਦਾ ਦਬਦਬਾ ਪੂਰੀ ਤਰ੍ਹਾਂ ਬਰਕਰਾਰ ਹੈ। ਹੋਰ ਤਾਂ ਹੋਰ ਪਿਛਲੇ ਦਿਨੀਂ ਕੈਪਟਨ ਕੰਵਲਜੀਤ ਸਿੰਘ ਦੀ ਹੋਈ ਮੌਤ ਬਾਰੇ ਵੀ ਮੌਜੂਦਾ ਸਰਕਾਰ ਕੋਈ ਪਤਾ ਨਹੀਂ ਲਾ ਸਕੀ। ਹਾਂ ਜਦੋਂ ਕਿਤੇ ਮੌਕਾ ਮਿਲਿਆ ਤਾਂ ਕਿਸੇ ਆਮ ਆਦਮੀ ਨੂੰ ਫੜਕੇ ਉਸਦੀਆਂ ਮੁੱਛਕਾਂ ਜ਼ਰੂਰ ਕੱਸ ਲਈਆਂ ਜਾਣਗੀਆਂ ਅਤੇ ਇਸਤੋਂ ਬਾਅਦ ਇਸ ਕੇਸ ਦਾ ਸਾਰਾ ਇਲਜ਼ਾਮ ਉਸ ਉਪਰ ਲਾਕੇ ਸਰਕਾਰ ਆਪਣੇ ਆਪ ਨੂੰ ਸੁਰ ਖਰੂ ਹੋਇਆ ਮਹਿਸੂਸ ਕਰੇਗੀ।
ਇਸ ਭ੍ਰਿਸ਼ਟਾਚਾਰ ਦੇ ਜ਼ਮਾਨੇ ਵਿਚ ਰਾਤ ਬਿਰਾਤੇ ਕਿਸੇ ਇੱਕਲੀ ਔਰਤ ਦਾ ਘਰੋਂ ਨਿਕਲਣਾ ਦੁਸ਼ਵਾਰ ਹੋਇਆ ਪਿਆ ਹੈ। ਅਮਰੀਕਾ ਵਿਚ ਔਰਤਾਂ ਭਾਵੇਂ ਡੇਅ ਸਿ਼ਫਟ ਕਰਨ, ਸਵਿੰਗ ਜਾਂ ਗਰੇਵ ਸਿ਼ਫਟ ਉਨ੍ਹਾਂ ਨੂੰ ਅਜਿਹੇ ਹਾਲਾਤ ਦਾ ਕੋਈ ਡਰ ਨਹੀਂ ਹੁੰਦਾ। ਪਰ ਭਾਰਤ ਵਿਚ ਕਈ ਵਾਰ ਤਾਂ ਲੀਡਰਾਂ ਵਲੋਂ ਹੀ ਔਰਤਾਂ ਦੀ ਇੱਜ਼ਤ ਨੂੰ ਹੱਥ ਪਾ ਲਿਆ ਜਾਂਦਾ ਹੈ। ਆਪਣੀ ਕਾਮ ਪੂਰਤੀ ਲਈ ਇਹ ਲੋਕ ਔਰਤਾਂ ਦੀ ਇੱਜ਼ਤ ਨਾਲ ਖੇਡਣੋਂ ਵੀ ਬਾਜ਼ ਨਹੀਂ ਆਉਂਦੇ।
ਭਾਰਤ ਵਿਚਲੇ ਲੀਡਰਾਂ ਵਲੋਂ ਕਾਨੂੰਨ ਆਪਣੀ ਮੁੱਠੀ ਵਿਚ ਲੈਣ ਦਾ ਦਾਅਵਾ ਕੀਤਾ ਜਾਂਦਾ ਹੈ। ਜੋ ਬਿਲਕੁਲ ਸੱਚ ਹੈ। ਹਾਂ ਉਦੋਂ ਇਨ੍ਹਾਂ ਦੀ ਹਾਲਤ ਕੁਝ ਮਾੜੀ ਜ਼ਰੂਰ ਹੋ ਜਾਂਦੀ ਹੈ ਜਦੋਂ ਵਿਰੋਧੀ ਪਾਰਟੀ ਦਾ ਕੋਈ ਲੀਡਰ ਰਾਜ ਸੱਤਾ ਹਾਸਲ ਕਰਨ ਤੋਂ ਬਾਅਦ ਇਨ੍ਹਾਂ ਲੋਕਾਂ ਦੀਆਂ ਕਾਲੀਆਂ ਕਰਤੂਤਾਂ ਨੂੰ ਬਦਲਾ ਲੈਣ ਦੀ ਨੀਤੀ ਨਾਲ ਉਜਾਗਰ ਕਰਕੇ ਇਨ੍ਹਾਂ ਨੂੰ ਜੇਲ੍ਹ ਵਿਚ ਸੁੱਟ ਦਿੰਦਾ ਹੈ। ਪਰ ਇਨ੍ਹਾਂ ਲੀਡਰਾਂ ਨੂੰ ਵੀ ਉਥੇ ਪੂਰੀ ਸਹੂਲਤਾਂ ਮਿਲ ਰਹੀਆਂ ਹੁੰਦੀਆਂ ਹਨ। ਨਾਲੇ ਇਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਇਸਨੂੰ ਉਹ ਬਦਲਾ ਲਊ ਨੀਤੀ ਦਾ ਨਾਮ ਦੇ ਕੇ ਬੜੀ ਆਸਾਨੀ ਨਾਲ ਆਪਣੀ ਰਾਜਨੀਤੀ ਖੇਡਣ ਵਿਚ ਕਾਮਯਾਬ ਹੋ ਜਾਣਗੇ। ਜ਼ਮਾਨਤ ਲੈਕੇ ਬਾਹਰ ਨਿਕਲਕੇ ਇਨ੍ਹਾਂ ਲੀਡਰਾਂ ਵਲੋਂ ਆਪਣੀਆਂ ਅਪਰਾਧੀ ਕਾਰਵਾਈਆਂ ਉਵੇਂ ਦੀਆਂ ਉਵੇਂ ਕਾਇਮ ਰਹਿੰਦੀਆਂ ਹਨ। ਇਥੋਂ ਤੱਕ ਕਿ ਕਈ ਵਾਰ ਤਾਂ ਉਹ ਆਕੜ ਵਿਚ ਆਏ ਇਨ੍ਹਾਂ ਕਾਰਵਾਈਆਂ ਵਿਚ ਹੋਰ ਵੀ ਇਜ਼ਾਫ਼ਾ ਕਰ ਦਿੰਦੇ ਹਨ। ਇਥੋਂ ਤੱਕ ਕਿ ਪੁਲਿਸ ਪ੍ਰਸ਼ਾਸਨ ਵੀ ਉਨ੍ਹਾਂ ਨੂੰ ਨਹੀਂ ਰੋਕਦਾ ਇਸਦਾ ਕਾਰਨ ਇਹ ਹੁੰਦਾ ਹੈ ਕਿ ਜਦੋਂ ਪੰਜਾਂ ਸਾਲਾਂ ਬਾਅਦ ਇਹ ਲੀਡਰ ਫਿਰ ਸੱਤਾ ਵਿਚ ਆ ਗਿਆ ਤਾਂ ਕਿਤੇ ਪੁਲਿਸ ਅਫ਼ਸਰ ਦਾ ਹੀ ਮੱਕੂ ਨਾ ਠੱਪ ਦੇਵੇ। ਇਨ੍ਹਾਂ ਹਾਲਾਤ ਵਿਚ ਇਹ ਲੀਡਰ ਕਾਨੂੰਨ ਨੂੰ ਆਪਣੇ ਖੀਸੇ ਵਿਚ ਪਾਈ ਆਪਣੀਆਂ ਮਨ ਆਈਆਂ ਕਰਦੇ ਫਿਰਦੇ ਹਨ ਅਤੇ ਆਮ ਜਨਤਾ ਨਿਰਦੋਸ਼ ਹੁੰਦੇ ਹੋਏ ਵੀ ਇਨ੍ਹਾਂ ਦੀਆਂ ਆਪ ਹੁਦਰੀਆਂ ਆਦਤਾਂ ਦਾ ਸਿ਼ਕਾਰ ਹੋਈ ਕੁਝ ਵੀ ਨਹੀਂ ਕਰ ਪਾਉਂਦੀ।