ਚੰਡੀਗੜ੍ਹ :- ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜੰਮੂ ਕਸ਼ਮੀਰ ਦੀ ਉਮਰ ਅਬਦੁੱਲਾ ਸਰਕਾਰ ਦੀ ਉਸ ਕਾਰਵਾਈ ਦੀ ਪੁਰਜ਼ੋਰ ਨਿਖੇਧੀ ਕੀਤੀ ਹੈ। ਜਿਸ ਵਿੱਚ ਉੱਥੋ ਦੀ ਸਰਕਾਰ ਨੇ ਹੂਰੀਅਤ ਕਾਨਫਰੰਸ ਦੇ ਆਗੂਆਂ ਅਤੇ ਹੋਰ ਮੁਸਲਿਮ ਹੱਕਾਂ ਲਈ ਜੱਦੋ ਜਹਿਦ ਕਰ ਰਹੀਆਂ ਮੁਸਲਿਮ ਜਥੇਬੰਦੀਆਂ ਦੇ ਆਗੂਆਂ ਨੂੰ ਗ੍ਰਿਫਤਾਰ ਕਰਕੇ ਸ਼੍ਰੀਨਗਰ ਤੋਂ ਜੰਮੂ ਲਿਆ ਕੇ ਬੰਦੀ ਬਣਾਉਣ ਦੀ ਕਾਰਵਾਈ ਜਿੱਥੇ ਅਣਮਨੁੱਖੀ ਹੈ, ੳੁੱਥੇ ਗਰਮੀ ਦੇ ਇਸ ਮੌਸਮ ਵਿੱਚ ਜੰਮੂ ਲਿਆ ਕੇ ਦਿਮਾਗੀ ਤੌਰ ‘ਤੇ ਤਸ਼ੱਦਦ ਢਾਹੁਣ ਦੀ ਵੀ ਕਾਰਵਾਈ ਹੈ।
ਉਹਨਾਂ ਕਿਹਾ ਕਿ ਮੁਲਕ ਦੀ ਹਕੂਮਤ ਉੱਤੇ ਰਾਜ ਕਰ ਰਹੀਆਂ ਬਹੁਗਿਣਤੀ ਜਮਾਤਾਂ ਨਾਲ ਸੰਬੰਧਿਤ ਹੁਕਮਰਾਨ ਬਹੁਤ ਲੰਮੇ ਸਮੇਂ ਤੋਂ ਮੁਸਲਿਮ, ਇਸਾਈ ਅਤੇ ਸਿੱਖਾਂ ਨਾਲ ਦੂਜੇ ਦਰਜੇ ਦੇ ਸ਼ਹਿਰੀ ਦੀ ਤਰ੍ਹਾ ਵਿਵਹਾਰ ਕਰਕੇ ਉਹਨਾਂ ਨੂੰ ਜਲੀਲ ਕਰਦੀਆਂ ਆ ਰਹੀਆਂ ਹਨ। ਪਰ ਬਹੁਤ ਦੁੱਖ ਅਤੇ ਅਫਸੋਸ ਹੈ ਕਿ ਜਿਸ ਮੁਸਲਿਮ ਕੌਮ ਦੀਆਂ ਵੋਟਾਂ ਨਾਲ ਸ਼੍ਰੀ ਉਮਰ ਅਬਦੁੱਲਾ ਅਤੇ ਉਹਨਾਂ ਦੀ ਪਾਰਟੀ ਜਿੱਤੀ ਹੈ, ਉਹਨਾਂ ਲੋਕਾਂ ਨਾਲ ਹੀ ਮੌਜੂਦਾ ਜੰਮੂ ਕਸ਼ਮੀਰ ਦੀ ਸਰਕਾਰ ਵੱਲੋਂ ਗੈਰ ਕਾਨੂੰਨੀ ਕਾਰਵਾਈ ਕਰਨਾ ਹੋਰ ਵੀ ਦੁੱਖਦਾਇਕ ਹੈ। ਸ: ਮਾਨ ਨੇ ਕਿਹਾ ਕਿ ਸ਼੍ਰੀ ਸ਼ਬੀਰ ਅਹਿਮਦ ਸ਼ਾਹ, ਜਨਾਬ ਨਈਮ ਖਾਨ, ਸੁਨੀਲ ਨਾਨਾ ਜੀ, ਜਨਾਬ ਅਸ਼ਰਫ ਸਰਾਏ, ਜਨਾਬ ਮਹਿਸੂਦ ਹਮੀ ਆਦਿ ਆਗੂ ਜੋ ਕਸ਼ਮੀਰ ਨਿਵਾਸੀਆਂ ਦੀ ਵਿਧਾਨਿਕ ਅਤੇ ਆਰਥਿਕ ਆਜ਼ਾਦੀ ਲਈ ਅਤੇ ਉਹਨਾਂ ਦੀ ਅਣਖ ਗੈਰਤ ਨੂੰ ਕਾਇਮ ਰੱਖਣ ਲਈ ਜਮਹੂਰੀਅਤ ਅਤੇ ਅਮਨਮਈ ਤਰੀਕੇ ਸੰਘਰਸ਼ ਕਰਦੇ ਆ ਰਹੇ ਹਨ। ਅਜਿਹੇ ਆਗੂਆਂ ਨੂੰ ਜੰਮੂ ਕਸ਼ਮੀਰ ਦੀ ਸਰਕਾਰ ਵੱਲੋਂ ਕਦੀ ਨਜ਼ਰਬੰਦ ਕਰ ਦੇਣਾ ਅਤੇ ਕਦੀ ਜ਼ਬਰੀ ਗ੍ਰਿਫਤਾਰ ਕਰਕੇ ਤੀਜੇ ਦਰਜੇ ਦੀਆਂ ਜੇ਼ਲ੍ਹਾਂ ਅਤੇ ਕਾਲ ਕੋਠਰੀਆਂ ਵਿੱਚ ਬੰਦੀ ਬਣਾ ਦੇਣਾ, ਅਸਲੀਅਤ ਵਿੱਚ ਕਸ਼ਮੀਰ ਨਿਵਾਸੀਆਂ ਦੀ ਸੱਚ-ਹੱਕ ਦੀ ਆਵਾਜ਼ ਨੂੰ ਦਬਾਉਣ ਦੀ ਸ਼ਾਜਿਸ ਹੈ। ਜਿਸਨੂੰ ਕੋਈ ਵੀ ਸੱਚਾ ਕਸ਼ਮੀਰੀ ਕਦੀ ਪ੍ਰਵਾਨ ਨਹੀਂ ਕਰ ਸਕਦਾ। ਉਹਨਾਂ ਕਿਹਾ ਕਿ ਕਿਉਂਕਿ ਸਿੱਖ ਕੌਮ ਪੰਜਾਬ ਦੀ ਜ਼ਰਖੇਜ ਧਰਤੀ ਖਾਲਿਸਤਾਨ ਨੂੰ ਆਜ਼ਾਦ ਕਰਾਉਣ ਲਈ ਅਮਨਮਈ ਢੰਗਾਂ ਦੀ ਵਰਤੋਂ ਕਰਦੀ ਹੋਈ ਜੱਦੋ ਜਹਿਦ ਕਰ ਰਹੀ ਹੈ। ਕਸ਼ਮੀਰੀਆਂ ਅਤੇ ਪੰਜਾਬੀਆਂ ਦਾ ਸੰਘਰਸ਼ ਉਹਨਾਂ ਦੀਆਂ ਕੌਮੀ ਆਜ਼ਾਦੀਆਂ ਦੇ ਲਈ ਹੈ। ਇਸ ਲਈ ਸਿੱਖ ਕੌਮ ਅਤੇ ਮੁਸਲਿਮ ਕੌਮ ਦੀ ਹਮਦਰਦੀ ਇੱਕ ਦੂਜੇ ਨਾਲ ਹੋਣੀ ਕੁਦਰਤੀ ਹੈ। ਫਿਰ ਸਿੱਖ ਕੌਮ ਅਤੇ ਮੁਸਲਿਮ ਕੌਮ ਦੀਆਂ ਇਤਿਹਾਸਿਕ ਸਾਂਝਾ ਹਨ। ਇਸ ਲਈ ਅਸੀਂ ਜੰਮੂ ਕਸ਼ਮੀਰ ਦੀ ਹਕੂਮਤ ਨੂੰ ਖਬਰਦਾਰ ਕਰਦੇ ਹਾਂ ਕਿ ਉਹ ਅਮਨ ਪਸੰਦ ਕਸ਼ਮੀਰੀ ਆਗੂਆਂ ਨਾਲ ਕੀਤਾ ਜਾ ਰਿਹਾ ਗੈਰ ਕਾਨੂੰਨੀ ਵਿਵਹਾਰ ਤੁਰੰਤ ਬੰਦ ਕਰੇ ਅਤੇ ਉਹਨਾਂ ਨੂੰ ਆਪਣੇ ਕਸ਼ਮੀਰ ਵਿੱਚ ਆਜ਼ਾਦੀ ਪੱਖੀ ਖਿਆਲਾਤਾ ਨੂੰ ਪ੍ਰਗਟਾਉਣ, ਇਕੱਤਰਤਾਵਾਂ ਕਰਨ ਅਤੇ ਆਪਣੀਆਂ ਸਰਗਰਮੀਆਂ ਕਰਨ ਦੇ ਵਿਧਾਨਿਕ ਹੱਕ ਦੀ ਤੁਰੰਤ ਖੁੱਲ੍ਹ ਦੇਵੇ।
ਸ: ਮਾਨ ਨੇ ਉਪਰੋਕਤ ਕਸ਼ਮੀਰੀ ਆਗੂਆਂ ਨੂੰ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਮੌਜੂਦਾ ਕਸ਼ਮੀਰ ਦੀ ਅਬਦੁੱਲਾ ਸਰਕਾਰ ਵੀ ਹਿੰਦੂਤਵ ਤਾਕਤਾਂ ਦੇ ਚੁੱਗਲ ਵਿੱਚ ਫਸ ਕੇ ਕਸ਼ਮੀਰੀ ਆਗੂਆਂ ਅਤੇ ਕਸ਼ਮੀਰ ਨਿਵਾਸੀਆਂ ਉੱਤੇ ਜੋ ਤਸੱ਼ਦਦ ਜੁਲਮ ਕਰ ਰਹੀ ਹੈ, ਅਜਿਹਾ ਵਰਤਾਰਾ ਲੰਮਾ ਸਮਾ ਨਹੀਂ ਚਲ ਸਕੇਗਾ। ਕਿਉਂਕਿ ਕਸ਼ਮੀਰ ਨਿਵਾਸੀ ਸੈਂਟਰ ਦੀ ਕੱਠਪੁਤਲੀ ਸਰਕਾਰ ਦੀਆਂ ਅਜਿਹੀਆਂ ਕਾਰਵਾਈਆਂ ਨੂੰ ਕਦੀ ਵੀ ਬਰਦਾਸ਼ਤ ਨਹੀਂ ਕਰਨਗੇ। ਜੇਕਰ ਅਬਦੁੱਲਾ ਸਰਕਾਰ ਇਹ ਸੋਚਦੀ ਹੈ ਕਿ ਹੂਰੀਅਤ ਕਾਨਫਰੰਸ ਅਤੇ ਹੋਰ ਮੁਸਲਿਮ ਆਗੂਆਂ ਨੂੰ ਗ੍ਰਿਫਤਾਰ ਕਰਕੇ ਜਾਂ ਤਸ਼ੱਦਦ ਢਾਹ ਕੇ ਕਸ਼ਮੀਰੀਆਂ ਵਿੱਚ ਉੱਠੀ ਆਜ਼ਾਦੀ ਦੀ ਆਵਾਜ਼ ਨੂੰ ਉਹ ਕੁੱਚਲ ਦੇਵੇਗੀ ਤਾਂ ਜੰਮੂ ਕਸ਼ਮੀਰ ਸਰਕਾਰ ਬਹੁਤ ਵੱਡੇ ਭੁਲੇਖੇ ਵਿੱਚ ਹੈ। ਕਿਉਂਕਿ ਮੁਸਲਿਮ ਅਤੇ ਸਿੱਖ ਕੌਮ ਦਾ ਇਤਿਹਾਸ ਫਖਰ ਵਾਲਾ ਹੈ। ਇਹਨਾਂ ਕੌਮਾਂ ਨੂੰ ਕੋਈ ਵੀ ਹਕੂਮਤ ਲੰਮਾ ਸਮਾਂ ਦਬਾ ਕੇ ਜਾਂ ਗੁਲਾਮ ਬਣਾ ਕੇ ਨਹੀਂ ਰੱਖ ਸਕਦੀ। ਇਸ ਲਈ ਅਬਦੁੱਲਾ ਸਰਕਾਰ ਅਤੇ ਸੈਂਟਰ ਦੀ ਹਿੰਦ ਹਕੂਮਤ ਲਈ ਇਹ ਬਿਹਤਰ ਹੋਵੇਗਾ ਕਿ ਮੁਸਲਿਮ ਆਗੂਆਂ ਉਤੇ ਤਸੱ਼ਦਦ ਜੁਲਮ ਢਾਹੁਣ ਦੀ ਬਜਾਏ, ਉਹਨਾਂ ਨੂੰ ਪੂਰਨ ਤੌਰ ‘ਤੇ ਆਜ਼ਾਦੀ ਪ੍ਰਦਾਨ ਕਰੇ ਤਾਂ ਕਿ ਜੰਮੂ ਕਸ਼ਮੀਰ ਵਿੱਚ ਵੱਸਣ ਵਾਲੀ ਮੁਸਲਿਮ ਕੌਮ ਹਰ ਖੇਤਰ ਵਿੱਚ ਆਪਣੀ ਪੂਰਨ ਆਜ਼ਾਦੀ ਨਾਲ ਅੱਗੇ ਵੱਧ ਸਕੇ ਅਤੇ ਕੌਮਾਂਤਰੀ ਪੱਧਰ ਉੱਤੇ ਉੱਚ ਇਖਲਾਕੀ ਕਦਰਾਂ ਕੀਮਤਾਂ ਕਾਇਮ ਕਰਨ ਵਿੱਚ ਭੂਮਿਕਾ ਨਿਭਾ ਸਕੇ। ਅੰਤ ਵਿੱਚ ਸ: ਮਾਨ ਨੇ ਕਸ਼ਮੀਰ ਨਿਵਾਸੀਆਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਦੀ ਪੂਰਨ ਤੌਰ ‘ਤੇ ਹਮਾਇਤ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਕਸ਼ਮੀਰੀਆਂ ਦੀ ਆਜ਼ਾਦੀ ਲਈ ਉੱਨੀ ਹੀ ਸੁਹਿਰਦ ਹੈ ਜਿੰਨੀ ਸਿੱਖ ਕੌਮ ਦੀ ਆਜ਼ਾਦੀ ਦੀ ਪ੍ਰਾਪਤੀ ਲਈ। ਇਸ ਲਈ ਹਿੰਦ ਹਕੂਮਤ ਜਾਂ ਕਸ਼ਮੀਰ ਦੀ ਹਕੂਮਤ ਦੀਆਂ ਸ਼ਾਜਿਸਾਂ ਤੋਂ ਸੁਚੇਤ ਰਹਿੰਦੇ ਹੋਏ ਆਪਣੇ ਸੰਘਰਸ਼ ਨੂੰ ਜਮਹੂਰੀਅਤ ਲੀਹਾਂ ਉੱਤੇ ਤੋਰਦੇ ਹੋਏ ਮੰਜਿ਼ਲ ਵੱਲ ਲਿਜਾਉਂਦੀਆਂ ਰਹਿਣ। ਦੁਨੀਆ ਦੀ ਕੋਈ ਵੀ ਤਾਕਤ ਮੁਸਲਿਮ ਕੌਮ ਅਤੇ ਸਿੱਖ ਕੌਮ ਨੂੰ ਆਜ਼ਾਦ ਹੋਣ ਤੋਂ ਕਤਈ ਨਹੀਂ ਰੋਕ ਸਕੇਗੀ। ਇਹ ਦੋਵੇਂ ਮਾਰਸ਼ਲ ਕੌਮਾਂ ਹਰ ਕੀਮਤ ਉੱਤੇ ਆਜ਼ਾਦੀ ਪ੍ਰਾਪਤ ਕਰਕੇ ਰਹਿਣਗੀਆਂ।