“
ਕੈਲੀਫੋਰਨੀਆਂ (ਹੁਸਨ ਲੜੋਆ ਬੰਗਾ) – ਕੇਂਦਰੀ ਖੇਡ ਮੰਤਰੀ ਸ. ਮਨੋਹਰ ਸਿੰਘ ਗਿੱਲ ਨੇ ਆਪਣੇ ਦਫਤਰ ਤੋਂ ਭੇਜੀ ਗਈ ਵਿਸੇਸ ਚਿੱਠੀ ਵਿਚ ‘ਤੇਰੀ ਸਿੱਖੀ‘ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਤੱਕ ਬੰਦ ਲਾਂਘਾ ਖੁੱਲ੍ਹਵਾਉਣ ਲਈ ਵਿੱਢੀ ਮੁਹਿੰਮ ਦੀ ਜਿੱਥੇ ਭਰਪੂਰ ਸ਼ਲਾਘਾ ਕੀਤੀ, ਉਥੇ ਹੀ ਇਸ ਮੁਹਿੰਮ ਵਿਚ ਪੂਰਨ ਸਹਿਯੋਗ ਦੇਣ ਦਾ ਵਾਅਦਾ ਕਰਦਿਆਂ ਅਗਲੇ ਨਵੰਬਰ ਵਿੱਚ ਤੇਰੀ ਸਿੱਖੀ ਵਲੋਂ ਕਰਵਾਏ ਜਾਣ ਵਾਲੇ ਪ੍ਰੌਗਰਾਮ ਵਿੱਚ ਸਾਮਲ ਹੋਣ ਦਾ ਵਾਅਦਾ ਕੀਤਾ। ਸ. ਗਿੱਲ ਨੇ ਭੇਜੇ ਗਏ ਵਿਸ਼ੇਸ਼ ਪੱਤਰ ਵਿਚ ਕਿਹਾ ਹੈ ਕਿ “ਸੰਸਥਾ ਨੇ ਜਿਸ ਤਰੀਕੇ ਨਾਲ ਗੁਰੂ ਘਰ ਤੱਕ ਲਾਂਘਾ ਖੁੱਲ੍ਹਵਾਉਣ ਲਈ ਜ਼ੋਰਦਾਰ ਮੁਹਿੰਮ ਚਲਾਈ, ਉਸ ਲਈ ਮੈਂ ਸੰਸਥਾ ਦਾ ਧੰਨਵਾਦੀ ਹਾਂ”।
‘ਤੇਰੀ ਸਿੱਖੀ‘ ਹੋਰ ਸਿੱਖ ਸੰਸਥਾਵਾਂ ਨਾਲ ਮਿਲ ਕੇ ਨੂੰ ਡੇਰਾ ਬਾਬਾ ਨਾਨਕ, ਜ਼ਿਲ੍ਹਾ ਗੁਰਦਾਸਪੁਰ ਵਿਖੇ ਕਰਤਾਰਪੁਰ ਸਾਹਿਬ ਤੋਂ ਭਾਰਤ ਦੀ ਸਰਹੱਦ ਤੱਕ ਇਕ ਕਿਲੋਮੀਟਰ ਦੀ ਸੜਕ ਬਣਨ ਦੇ ਸੰਦਰਭ ਵਿਚ ‘ ਸਾਝੀਂਵਾਲਤਾ ਦਾ ਇਕ ਪੁਲ‘ (ਦਾ ਬ੍ਰਿਜ ਆਫ ਹਾਰਮਨੀ) ਸਮਾਗਮ ਆਯੋਜਿਤ ਕਰ ਰਹੀ ਹੈ
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕੌਮਾਂਤਰੀ ਭਾਈਚਾਰਕ ਅਤੇ ਸਾਝੀਂਵਾਲਤਾ ਦੇ ਮਿਸ਼ਨ ਨੂੰ ਲੈ ਕੇ ਅਸੀਂ ਭਾਰਤ ਅਤੇ ਪਾਕਿਸਤਾਨ ਦੇ ਸਬੰਧਾਂ ਵਿਚ ਇਕ ਨਵਾਂ ਅਧਿਆਇ ਸ਼ੁਰੂ ਕਰਨ ਜਾ ਰਹੇ ਹਾਂ, ਜਦੋਂ ਇਕ ਪਾਸੇ ਦੇ ਲੋਕ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਨੂੰ ਸੱਚ ਵਿਚ ਬਦਲਦਿਆਂ ਇਕ ਪਾਸੇ ਤੋਂ ਦੂਜੇ ਪਾਸੇ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਨੂੰ ਨਤਮਸਤਕ ਹੋਣ ਲਈ ਪਹੁੰਚ ਸਕਣਗੇ। ਨਵੰਬਰ 7, 2009 ਨੂੰ ‘ਦਾ ਬ੍ਰਿਜ ਆਫ ਹਾਰਮੋਨੀ‘ ਈਵੈਂਟ ਡੇਰਾ ਬਾਬਾ ਨਾਨਕ, ਜ਼ਿਲ੍ਹਾ ਗੁਰਦਾਸਪੁਰ, ਪੰਜਾਬ, ਇੰਡੀਆ ਤੋਂ ਸ਼ੁਰੂ ਹੋ ਰਹੀ ਹੈ।
ਤੇਰੀ ਸਿੱਖੀ ਇਕ ਮੁਨਾਫਾ ਰਹਿਤ ਸੰਸਥਾ ਹੈ, ਜਿਸ ਨੇ 20 ਮਿਲੀਅਨ ਲੋਕਾਂ ਤੋਂ ਦਸਤਖਤ ਕਰਵਾ ਕੇ ਕਰਤਾਰਪੁਰ ਸਾਹਿਬ ਕਾਰੀਡੋਰ ਦਾ ਰਾਹ ਪੱਧਰਾ ਕੀਤਾ। ਸਮੁੱਚੇ ਸੰਸਾਰ ਵਿਚ ਹਿੰਦੂ, ਸਿੱਖ, ਮੁਸਲਿਮ ਅਤੇ ਇਸਾਈ ਧਰਮ ਦੇ ਲੋਕਾਂ ਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਲਈ ਖਿੜੇ ਮੱਥੇ ਦਸਤਖਤ ਮੁਹਿੰਮ ਵਿਚ ਭਾਗ ਲਿਆ।