ਲਾਸ ਐਂਜਲਿਸ- ਮਸ਼ਹੂਰ ਪਾਪ ਸਿੰਗਰ ਮਾਈਕਲ ਜੈਕਸਨ ਦੀ ਲਾਸ ਐਂਜਲਿਸ ਵਿਚ ਦਿਲ ਦੇ ਦੌਰੇ ਨਾਲ ਮੌਤ ਹੋ ਗਈ। ਮਾਈਕਲ ਜੈਕਸਨ ਨੂੰ ਦਿਲ ਦੇ ਦੌਰੇ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ। ਇਲਾਜ ਦੌਰਾਨ ਹੀ ਉਨ੍ਹਾਂ ਦੀ ਦਿਲ ਦੀ ਧੜਕਣ ਬੰਦ ਹੋ ਗਈ। ਉਹ 50 ਸਾਲ ਦੇ ਸਨ।
ਮਾਈਕਲ ਜੈਕਸਨ ਦੇ ਹਾਰਟ ਅਟੈਕ ਤੋਂ ਬਾਅਦ ਡਾਕਟਰਾਂ ਦੀ ਟੀਮ ਉਨ੍ਹਾਂ ਦੇ ਘਰ ਪਹੁੰਚੀ ਤਾਂ ਉਹ ਬੇਸੁਧ ਪਏ ਸਨ ਅਤੇ ਸਾਹ ਵੀਨਹੀਂ ਸੀ ਚਲ ਰਿਹਾ। ਮਾਈਕਲ ਨੂੰ ਝਟ ਰੋਨਾਲਡ ਰੀਗਨ ਯੂਸੀਐਲਏ ਮੈਡੀਕਲ ਸੈਂਟਰ ਲਿਜਾਇਆ ਗਿਆ। ਉਥੇ ਉਹ ਕੌਮਾ ਵਿਚ ਸਨ। ਉਨ੍ਹਾਂ ਨਾਲ ਉਨ੍ਹਾਂ ਦੇ ਪਰੀਵਾਰ ਦੇ ਮੈਂਬਰ ਵੀ ਸਨ। ਡਾਕਟਰਾਂ ਦੀਆਂ ਲੱਖ ਕੋਸਿ਼ਸ਼ਾਂ ਦੇ ਬਾਵਜੂਦ ਵੀ ਇਸ ਸੁਪਰਸਟਾਰ ਨੂੰ ਬਚਾਇਆ ਨਹੀਂ ਜਾ ਸਕਿਆ। ਉਹ ਦੁਪਹਿਰ ਦੇ 2 ਵਜ ਕੇ 26 ਮਿੰਟ ਤੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਮਾਈਕਲ ਜੈਕਸਨ ਦੀ ਮੌਤ ਦੀ ਖਬਰ ਬਾਹਰ ਆਉਣ ਤੇ ਉਸ ਦੇ ਫੈਨਸ ਦੀ ਭੀੜ ਹਸਪਤਾਲ ਦੇ ਬਾਹਰ ਇਕਠੀ ਹੋ ਗਈ। ਪੁਲਿਸ ਨੇ ਸੁਰੱਖਿਆ ਦੇ ਮੱਦੇਨਜ਼ਰ ਹਸਪਤਾਲ ਨੂੰ ਸੁਰੱਖਿਆ ਦੇ ਘੇਰੇ ਵਿਚ ਲੈ ਲਿਆ।
ਪਾਪ ਸਟਾਰ ਮਾਈਕਲ ਜੈਕਸਨ ਦਾ ਜਨਮ 29 ਅਗੱਸਤ 1958 ਨੂੰ ਹੋਇਆ। ਉਹ ਸਾਰੀ ਉਮਰ ਚਰਚਿਆਂ ਵਿਚ ਹੀ ਰਹੇ। ਕਦੇ ਆਪਣੇ ਹਿਟ ਗਾਣਿਆਂ ਕਰਕੇ ਅਤੇ ਕਦੇ ਬੱਚਿਆਂ ਦੇ ਰੇਪ ਦੇ ਅਰੋਪਾਂ ਕਰਕੇ। ਜਦੋਂ ਉਨ੍ਹਾਂ ਨੇ ਆਪਣੇ ਆਪ ਨੂੰ ਦਿਵਾਲੀਆ ਐਲਾਨ ਕੀਤਾ, ਉਸ ਸਮੇਂ ਵੀ ਉਹ ਸੁਰਖੀਆਂ ਵਿਚ ਛਾਏ ਰਹੇ।ਮਾਈਕਲ ਜੈਕਸਨ ਦੀ ਐਲਬੰਮ ਆਫ ਦੀ ਵਾਲ (1979), ਥ੍ਰਿਲਰ (1982), ਬੈਡ (1987) ਅਤੇ ਡੇਂਜਰਸ (1991) ਨੇ ਪਾਪ ਸੰਗੀਤ ਦੀ ਦੁਨੀਆ ਵਿਚ ਧੂਮ ਮਚਾਈ ਸੀ। ਮਾਈਕਲ ਜੈਕਸਨ ਨੇ ਦੋ ਵਿਆਹ ਕਰਵਾਏ ਸਨ ਅਤੇ ਉਨ੍ਹਾਂ ਦੇ 3 ਬੱਚੇ ਹਨ।