ਜਲੰਧਰ- ਭਾਜਪਾ ਨੇ ਲੋਕ ਸਭਾ ਚੋਣਾਂ ਵਿਚ ਮਿਲੀ ਹਾਰ ਪਿੱਛੇ ਖਾਮੀਆਂ ਤੋਂ ਇਲਾਵਾ ਅਕਾਲੀ ਦਲ ਦੀਆਂ ਨੀਤੀਆਂ ਅਤੇ ਆਗੂਆਂ ਦੇ ਤਾਨਾਸ਼ਾਹੀ ਰਵਈਏ ਨੂੰ ਮੁੱਖ ਕਾਰਣ ਮੰਨਿਆਂ ਹੈ। ਭਾਜਪਾ ਦੀ ਰਾਜ ਦੀ ਇਕਾਈ ਦੀ ਦੋ ਦਿਨ ਦੀ ਬੈਠਕ ਵਿਚ ਇਹ ਮੰਨਿਆ ਕਿ ਅਕਾਲੀ ਆਗੂਆਂ ਨੇ ਢਾਈ ਸਾਲ ਦੇ ਰਾਜ ਵਿਚ ਪੁਲਿਸ ਅਤੇ ਪ੍ਰਸ਼ਾਸਨ ਅਮਲੇ ਨੂੰ ਆਪਣੀਆਂ ਉਂਗਲੀਆਂ ਤੇ ਨਚਾਇਆ ਹੈ।
ਇਸ ਬੈਠਕ ਵਿਚ ਅੰਦਰੂਨੀ ਕਲੇਸ਼ ਦਾ ਜਿਕਰ ਨਹੀਂ ਕੀਤਾ ਗਿਆ, ਸਗੋਂ ਇਸ ਨੂੰ ਛੁਪਾਉਣ ਦਾ ਪੂਰਾ ਯਤਨ ਕੀਤਾ ਗਿਆ ਹੈ। ਭਾਜਪਾ ਨੇ ਸ਼ਹਿਰੀ ਇਲਾਕੇ ਵਿਚ ਵੋਟਾਂ ਘਟਣ ਦਾ ਭਾਂਡਾ ਵੀ ਅਕਾਲੀਆਂ ਸਿਰ ਹੀ ਭੰਨਿਆ ਹੈ। ਭਾਜਪਾ ਆਗੂਆਂ ਨੂੰ ਵੀ ਅਕਾਲੀਆਂ ਨੇ ਆਪਣੀ ਧੱਕੇਸ਼ਾਹੀ ਦਾ ਸਿ਼ਕਾਰ ਬਣਾਇਆ। ਬਲਬੀਰ ਪੁੰਜ ਨੇ ਬੈਠਕ ਦੇ ਅਖੀਰ ਵਿਚ ਕਿਹਾ ਕਿ ਸਾਡੀ ਮੁੱਖ ਦੁਸ਼ਮਣ ਭਾਂਵੇ ਕਾਂਗਰਸ ਹੀ ਹੈ ਪਰ ਅਕਾਲੀ ਦਲ ਵੀ ਜੇ ਉਨ੍ਹਾਂ ਨਾਲ ਦੁਸ਼ਮਣਾਂ ਵਰਗਾ ਹੀ ਵਿਹਾਰ ਕਰੇਗੀ ਤਾਂ ਜਲਦੀ ਹੀ ਭੱਵਿਖ ਦੀ ਰਣਨੀਤੀ ਤਹਿ ਕਰਨੀ ਪਵੇਗੀ। ਸ਼ਹਿਰੀ ਵੋਟਾਂ ਦੇ ਘਟਣ ਦਾ ਕਾਰਣ ਸਰਕਾਰ ਦੀ ਲਾਅ ਐਂਡ ਆਰਡਰ ਕਾਇਮ ਕਰਨ ਵਿਚ ਅਸਫਲ ਰਹਿਣ ਨੂੰ ਦਸਿਆ ਗਿਆ। ਪੁੰਜ ਤੋਂ ਇਲਾਵਾ ਮਨੋਹਰ ਲਾਲ, ਰਜਿੰਦਰ ਭੰਡਾਰੀ, ਮਨੋਰੰਜਨ ਕਾਲੀਆ ਅਤੇ ਨਵਜੋਤ ਸਿਧੂ ਨੇ ਆਪਣੇ ਵਿਚਾਰ ਰੱਖੇ। ਸਿਧੁ ਨੇ ਕਿਹਾ ਕਿ ਵਿਧਾਇਕ ਇਕਲੇ ਹੀ ਸਤਾ ਦਾ ਸਵਾਦ ਨਾਂ ਵੇਖਣ ਸਗੋਂ ਵਰਕਰਾਂ ਨੂੰ ਵੀ ਚਖਾਉਣ।
ਭਾਜਪਾ ਦੀ ਰਾਜ ਦੀ ਇਕਾਈ ਨੇ ਅਕਾਲੀ ਦਲ ਨੂੰ ਨਿਸ਼ਾਨਾ ਬਣਾਉਦੇ ਹੋਏ ਕਿਹਾ ਕਿ ਉਹ ਤਾਨਾਸ਼ਾਹੀ ਨਹੀਂ ਚਲਣ ਦੇਣਗੇ। ਬੈਠਕ ਵਿਚ ਤਹਿਸੀਲਦਾਰ ਦੀ ਕੁਟਮਾਰ ਦਾ ਮਾਮਲਾ ਵੀ ਛਾਇਆ ਰਿਹਾ। ਅਕਾਲੀ ਵਿਧਾਇਕ ਵਲੋਂ ਕਾਲੀਆ ਨਾਲ ਕੀਤੇ ਗਏ ਦੁਰਵਿਹਾਰ ਨੂੰ ਵੀ ਵਿਚਾਰਿਆ ਗਿਆ। ਭਾਜਪਾ ਆਗੂਆਂ ਨੇ ਇਕ ਸੁਰ ਵਿਚ ਇਹ ਕਿਹਾ ਕਿ ਅਕਾਲੀ ਦਲ ਦੀ ਦੂਸਰੀ ਪੀੜ੍ਹੀ ਧੌਂਸ ਦੀ ਰਾਜਨੀਤੀ ਕਰ ਰਹੀ ਹੈ ਜਿਸ ਨਾਲ ਸਰਕਾਰ ਦਾ ਅਕਸ ਖਰਾਬ ਹੋਇਆ ਹੈ। ਤਹਿਸੀਲਦਾਰ ਦੇ ਮੁੱਦੇ ਤੇ ਭਾਜਪਾ ਨੇ ਕਿਹਾ ਕਿ ਉਹ ਸਰਕਾਰੀ ਅਫਸਰਾਂ ਦੇ ਨਾਲ ਹਨ ਅਤੇ ਇਸ ਦਾ ਸਖਤ ਵਿਰੋਧ ਕਰਦੇ ਹਨ। ਇਹ ਮੁੱਦਾ ਅਕਾਲੀ ਦਲ ਨਾਲ ਹੋਣ ਵਾਲੀ ਤਾਲਮੇਲ ਕਮੇਟੀ ਦੀ ਮੀਟਿੰਗ ਵਿਚ ਵੀ ੳਠਾਇਆ ਜਾਵੇਗਾ। ਮੁੱਖਮੰਤਰੀ ਬਾਦਲ ਨੂੰ ਕਿਹਾ ਜਾਵੇਗਾ ਕਿ ਉਹ ਆਪਣੇ ਆਗੂਆਂ ਨੂੰ ਆਪਣਾ ਵਿਹਾਰ ਬਦਲਣ ਲਈ ਕਹਿਣ। ਅਸਿਧੇ ਤੌਰ ਤੇ ਸੁਖਬੀਰ ਬਾਦਲ ਨੂੰ ਨਿਸ਼ਾਨਾ ਬਣਾਇਆ ਗਿਆ। ਭਾਜਪਾ ਨੇ ਅਰੋਪ ਲਗਾਇਆ ਕਿ ਸੁਖਬੀਰ ਕਰਕੇ ਯੂਥ ਅਕਾਲੀ ਦਲ ਦੇ ਆਗੂ ਉਨ੍ਹਾਂ ਨਾਲ ਬੁਰਾ ਵਰਤਾਅ ਕਰਦੇ ਹਨ। ਇਸ ਦੋ ਦਿਨ ਦੀ ਬੈਠਕ ਵਿਚ ਕਾਂਗਰਸ ਨੂੰ ਘੱਟ ਅਤੇ ਅਕਾਲੀਆਂ ਨੂੰ ਹੀ ਜਿਆਦਾ ਕੋਸਿਆ ਗਿਆ।