ਕਾਂਡ 2
ਦਸ ਕੁ ਮਿੰਟਾਂ ਦੀ ਇਕੱਲਤਾ ਦੀ ਹੋਂਦ ਅਤੇ ਸੋਚ ਵਿਚਾਰ ਤੋਂ ਬਾਅਦ ਮੈਂ ਸਾਡੇ ਕਮਿਸ਼ਨਰ ਟੌਮ ਨੂੰ ਫ਼ੋਨ ਕੀਤਾ ਅਤੇ ਉਸ ਨੂੰ ਬਾਪੂ ਦੀ ਮੌਤ ਬਾਰੇ ਜਾਣੂੰ ਕਰਵਾਇਆ। ਟੌਮ ਨੂੰ ਪਤਾ ਹੈ ਕਿ ਮੈਂ ‘ਕੱਲਾ ‘ਕੱਲਾ ਪੁੱਤ ਹਾਂ, ਮੇਰੇ ਮਾਤਾ ਜੀ ਅੱਜ ਤੋਂ ਤਿੰਨ ਸਾਲ ਪਹਿਲਾਂ ਚੜ੍ਹਾਈ ਕਰ ਗਏ ਸਨ ਅਤੇ ਹੁਣ ਸਿਰਫ਼ ਮੇਰੇ ਬਾਪੂ ਜੀ ਹੀ ਜਿ਼ੰਦਾ ਸਨ, ਜੋ ਹੁਣ ਅਕਾਲ ਚਲਾਣਾ ਕਰ ਗਏ ਹਨ। ਟੌਮ ਨੇ ਮੈਨੂੰ ਇੱਕੋ ਗੱਲ ਆਖ ਦਿੱਤੀ ਕਿ ਜਦ ਜੀਅ ਚਾਹੇ ਤੂੰ ਜਾ ਸਕਦਾ ਹੈਂ। ਜਦ ਮੈਂ “ਕਿੰਨੇ ਚਿਰ ਲਈ?” ਪੁੱਛਿਆ ਤਾਂ ਉਸ ਨੇ ਕਿਹਾ ਕਿ ਤੈਨੂੰ ਖੁੱਲ੍ਹੀ ਛੁੱਟੀ ਹੈ, ਜਿੰਨਾਂ ਚਿਰ ਮਰਜ਼ੀ ਐ ਲਾ ਆਵੀਂ, ਟੇਕ ਇੱਟ ਇਜ਼ੀ..! ਡੋਂਟ ਵਰੀ ਅਬਾਊਟ ਐਨੀਥਿੰਗ..! ਮੈਂ ਉਸ ਦਾ ਧੰਨਵਾਦ ਕੀਤਾ ਅਤੇ ਟਿਕਟਾਂ ਵਾਲ਼ੇ ਮਿੱਤਰ ਵਿਜੇ ਨੂੰ ਫ਼ੋਨ ਮਿਲ਼ਾ ਲਿਆ। ਮੈਂ ਜਾਂ ਮੇਰਾ ਪ੍ਰੀਵਾਰ ਜਦ ਵੀ ਇੰਡੀਆ ਜਾਂ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਗਿਆ ਹੈ, ਅਸੀਂ ਜਹਾਜ ਦੀਆਂ ਟਿਕਟਾਂ ਵਿਜੇ ਤੋਂ ਹੀ ਲਈਆਂ ਹਨ। ਕੁਝ ਸਮੇਂ ਅਜਿਹੇ ਵੀ ਆਏ ਕਿ ਮੇਰੀ ਮਾਂ ਜਾਂ ਬਾਪੂ ਜੀ ਅਚਾਨਕ ਬਿਮਾਰ ਹੋਏ ਅਤੇ ਮੈਂ ਟਿਕਟ ਲੈ ਕੇ ਚਲਿਆ ਜਾਂਦਾ ਅਤੇ ਟਿਕਟ ਦੇ ਪੈਸੇ ਵੀ ਵਿਜੇ ਨੂੰ ਆ ਕੇ ਹੀ ਦਿੰਦਾ। ਇਸ ਪੱਖੋਂ ਵਿਜੇ ਮੇਰੇ ਬਹੁਤ ਕੰਮ ਆਇਆ ਹੈ!
-”ਹਾਂ ਜੀ ਬਾਈ ਜੀ..! ਕੀ ਹਾਲ ਐ..?” ਵਿਜੇ ਨੇ ਮੇਰਾ ਮੋਬਾਇਲ ਨੰਬਰ ਪਹਿਚਾਣ ਕੇ ਹੀ ਬੋਲਣਾ ਸ਼ੁਰੂ ਕਰ ਦਿੱਤਾ। ਵਿਜੇ ਦਾ ਪੂਰਾ ਨਾਂ ਵਿਜੇ ਕੁਮਾਰ ਅਵਸਥੀ ਹੈ ਅਤੇ ਔਕਸਫ਼ੋਰਡ ਸਰਕਸ ਵਿਚ ਉਸ ਦੀ ਆਪਣੀ ‘ਟਰੈਵੇਲ ਟਰੈਵਲ’ ਏਜੰਸੀ ਹੈ!
-”ਕਾਹਦੇ ਹਾਲ ਐ ਬਾਈ, ਆਪਣਾ ਬਾਪੂ ਚੜ੍ਹਾਈ ਕਰ ਗਿਆ…!”
-”ਉਹੋ…! ਕਦੋਂ…?” ਉਸ ਨੇ ਦਿਲੋਂ ਦੁੱਖ ਜਿਹਾ ਮੰਨਿਆਂ। ਉਸ ਨੂੰ ਪਤਾ ਸੀ ਕਿ ਜਦ ਬਾਪੂ ਨੂੰ ਕੰਡੇ ਜਿੰਨੀ ਤਕਲੀਫ਼ ਹੁੰਦੀ ਸੀ ਤਾਂ ਮੈਂ ਪੈਰ ਜੁੱਤੀ ਨਹੀਂ ਸੀ ਪਾਉਂਦਾ ਅਤੇ ਅੱਧੀ ਰਾਤੋਂ ਵੀ ਲੰਡਨ ਤੋਂ ਨੰਗੇ ਪੈਰੀਂ ਪੰਜਾਬ ਨੂੰ ਭੱਜ ਲੈਂਦਾ ਸੀ।
-”ਬੱਸ ਅਜੇ ਪੰਦਰਾਂ ਕੁ ਮਿੰਟ ਈ ਹੋਏ ਐ…!”
-”ਕੋਂਡੋਲੈਂਸ…! ਬਾਪੂ ਜੀ ਦਾ ਤਾਂ ਬਹੁਤ ਅਫ਼ਸੋਸ ਹੋਇਆ ਯਾਰ..! ਮੇਰੇ ਲਈ ਹੁਕਮ ਕਰੋ…!” ਵਿਜੇ ਨਾਲ਼ ਮੇਰਾ ਭਰਾਵਾਂ ਵਾਲ਼ਾ ਪਿਆਰ ਹੈ ਅਤੇ ਉਸ ਦੀ ਪਤਨੀ ਮੇਰੇ ਨਾਵਲਾਂ ਦੀ ਕੱਟੜ ਪਾਠਕ ਹੈ। ਮੇਰੀ ਸ਼ਾਇਦ ਹੀ ਕੋਈ ਕਿਤਾਬ ਜਾਂ ਰਚਨਾਂ ਹੋਵੇ, ਜੋ ਵਿਜੇ ਦੀ ਘਰਵਾਲ਼ੀ ਨੇ ਨਾ ਪੜ੍ਹੀ ਹੋਵੇ? ਵਿਜੇ ਵੀ ਮੋਗੇ ਵਿਆਹਿਆ ਹੋਣ ਕਰਕੇ ਮੈਂ ਉਸ ਨੂੰ ਕਦੇ ਕਦੇ ਮਜ਼ਾਕ ਨਾਲ਼ ‘ਸਾਢੂ’ ਵੀ ਆਖ ਦਿੰਦਾ ਹਾਂ। ਵੈਸੇ ਮੇਰੇ ਸਹੁਰਿਆਂ ਦਾ ਪਿੰਡ ਚੜਿੱਕ ਹੈ ਅਤੇ ਸਹੁਰਾ ਸਾਹਿਬ ਅਧਿਆਪਕ ਰਹੇ ਹੋਣ ਕਰਕੇ ਵਸੇਬਾ ਉਹਨਾਂ ਦਾ ਮੋਗੇ ਹੀ ਰਿਹਾ।
-”ਹੁਕਮ ਕਾਹਦੈ ਯਾਰ ਬਾਈ? ਹੁਣ ਜਿੰਨੀ ਜਲਦੀ ਹੋ ਸਕੇ ਪਿੰਡ ਪਹੁੰਚਣੈਂ ਤੇ ਬਾਪੂ ਦਾ ਸਸਕਾਰ ਮੈਂ ਆਪਦੇ ਹੱਥੀਂ ਕਰਨੈਂ…!” ਮੈਂ ਉਸ ਨੂੰ ਸਿਰੇ ਦੀ ਗੱਲ ਹੀ ਆਖ ਦਿੱਤੀ।
-”ਪਰ ਅੱਜ ਬੱਚਿਆਂ ਨੂੰ ਸਕੂਲਾਂ ਵਿਚੋਂ ਛੁੱਟੀਆਂ ਹੋ ਗਈਆਂ। ਫ਼ਲਾਈਟਾਂ ਤਾਂ ਸਾਰੀਆਂ ਈ ‘ਫ਼ੁੱਲ’ ਜਾ ਰਹੀਐਂ, ਕੋਈ ਸੀਟ ਖਾਲੀ ਨ੍ਹੀ…!” ਆਖ ਕੇ ਉਸ ਨੇ ਮੇਰੇ ਸਿਰ ਵਿਚ ਇਕ ਹੋਰ ‘ਬੰਬ’ ਸੁੱਟ ਦਿੱਤਾ।
-”ਬਾਈ ਵਿਜੇ..! ਜੋ ਮਰਜ਼ੀ ਐ ਕਰ..! ਮੈਂ ਜਿੰਨੀ ਜਲਦੀ ਹੋ ਸਕੇ ਪੰਜਾਬ ਪਹੁੰਚਣੈਂ ਤੇ ਬਾਪੂ ਦਾ ਸਸਕਾਰ ਆਪਦੇ ਹੱਥੀਂ ਕਰਨੈਂ, ਮੈਨੂੰ ਜਿੰਨੀ ਜਲਦੀ ਹੋ ਸਕੇ ਸੀਟ ਚਾਹੀਦੀ ਐ, ਜਿਵੇਂ ਮਰਜ਼ੀ ਐ ਕਰ…! ਦੇਖ ਲੈ ਮੇਰੇ ‘ਤੇ ਅਚਾਨਕ ਕਿੱਡਾ ਸੰਕਟ ਆ ਡਿੱਗਿਆ..!”
-”ਮੈਂ ਤੁਹਾਡੀ ਗੱਲ ਸਮਝਦੈਂ ਭਾਅ ਜੀ..! ਪਰ ਸੀਟ ਕੋਈ ਖਾਲੀ ਨਹੀਂ ਜਾ ਰਹੀ! ਬੱਚਿਆਂ ਨੂੰ ਦੋ ਹਫ਼ਤੇ ਦੀਆਂ ਛੁੱਟੀਆਂ ਹੋਣ ਕਰਕੇ ਫ਼ਲਾਈਟਾਂ ਭਰੀਆਂ ਜਾ ਰਹੀਐਂ! ਇਕ ਵੀ ਸੀਟ ਖਾਲੀ ਨ੍ਹੀ ਭਾਅ ਜੀ! ਪਰ ਮੈਂ ਟਰਾਈ ਕਰ ਕੇ ਦੇਖ ਲੈਨੈਂ ਤੇ ਸਾਰੀਆਂ ਏਅਰਲਾਈਨਾਂ ਨੂੰ ‘ਰੁਕਿਸਟ’ ਕਰ ਦਿੰਨੈਂ ਬਈ ਆਪਣਾ ਘਰ ਦਾ ਬੰਦੈ ਤੇ ਜੇ ਕੋਈ ਸੀਟ ਖਾਲੀ ਹੋਵੇ, ਸਾਡੇ ਬੰਦੇ ਨੂੰ ਚਾੜ੍ਹੋ..!” ਉਹ ਨਾਲ਼ ਦੀ ਨਾਲ਼ ਕੰਪਿਊਟਰ ‘ਤੇ ਕੁਝ ‘ਚੈਕ’ ਕਰੀ ਜਾ ਰਿਹਾ ਸੀ। ਮੈਨੂੰ ਉਸ ਦੀ ‘ਟਿੱਕ-ਟਿੱਕ’ ਸਾਫ਼ ਸੁਣੀ ਜਾ ਰਹੀ ਸੀ।
-”ਬਾਈ ਕੁਛ ਕਰ..! ਬੱਸ ਮੈਨੂੰ ਸੀਟ ਚਾਹੀਦੀ ਐ ਤੇ ਚਾਹੀਦੀ ਵੀ ਤੁਰੰਤ ਈ ਐ, ਜਾਂ ਜਿੰਨੀ ਵੀ ਜਲਦੀ ਹੋ ਸਕੇ…!”
-”ਤੁਸੀਂ ਮੇਰੇ ਫ਼ੋਨ ਦੀ ‘ਵੇਟ’ ਕਰੋ! ਮੈਂ ਤੁਹਾਨੂੰ ਫ਼ੋਨ ਕਰਦੈਂ..!”
ਫ਼ੋਨ ਰੱਖ ਕੇ ਮੈਂ ਪਿੰਡ ਫ਼ੇਰ ਫ਼ੋਨ ਮਿਲ਼ਾ ਲਿਆ।
ਫ਼ੋਨ ਘਰਵਾਲ਼ੀ ਨੇ ਚੁੱਕਿਆ।
-”ਥੋਡੀ ਟਿਕਟ ਦਾ ਬਣਿਆਂ ਕੁਛ..?” ਉਸ ਨੇ ਪੈਂਦੀ ਸੱਟ ਹੀ ਪੁੱਛਿਆ।
-”ਅਜੇ ਕੁਛ ਨ੍ਹੀ ਬਣਿਆਂ…! ਜੁਆਕਾਂ ਨੂੰ ਅੱਜ ਸਕੂਲੋਂ ਦੋ ਹਫ਼ਤੇ ਦੀਆਂ ਛੁੱਟੀਆਂ ਹੋ ਗਈਆਂ, ਕੋਈ ਵੀ ਸੀਟ ਖਾਲੀ ਨ੍ਹੀ ਆ ਰਹੀ! ਮੈਂ ਵਿਜੇ ਨੂੰ ਫ਼ੋਨ ਕੀਤੈ! ਉਹ ਜੱਦੋਜਹਿਦ ਕਰੀ ਜਾਂਦੈ, ਦੇਖੋ ਕੀ ਬਣਦੈ..?”
ਫ਼ੋਨ ਭੈਣ ਨੇ ਫੜ ਲਿਆ।
-”ਵੀਰੇ ਕਦੋਂ ਆ ਰਿਹੈਂ..?” ਮੈਨੂੰ ਵਾਰ ਵਾਰ ਇੱਕੋ ਗੱਲ ਹੀ ਪੁੱਛੀ ਜਾ ਰਹੀ ਸੀ। ਜਿਵੇਂ ਮੈਂ ਬੱਧਨੀ ਤੋਂ ਟੈਂਪੂ ਫੜ ਕੇ ਪਿੰਡ ਆ ਵੱਜਣਾ ਸੀ।
-”ਅਜੇ ਭੈਣ ਜੀ ਮੇਰਾ ਕੋਈ ਪਤਾ ਨ੍ਹੀ! ਪਰ ਮੈਂ ਆਊਂ ਲਾਜ਼ਮੀਂ! ਜਦੋਂ ਵੀ ਮੈਨੂੰ ਮੇਰੀ ਸੀਟ ਦਾ ਪਤਾ ਚੱਲਿਆ, ਮੈਂ ਉਦੋਂ ਈ ਫ਼ੋਨ ਕਰੂੰ! ਪਰ ਤੁਸੀਂ ਮੇਰੇ ਬਿਨਾ ਬਾਪੂ ਦਾ ਸਸਕਾਰ ਨਾ ਕਰ ਦਿਓ!” ਮੇਰੀ ਵੀ ਵਾਰ ਵਾਰ ਇੱਕੋ ਹੀ ਨਸੀਹਤ ਸੀ।
-”ਨਹੀਂ ਕਰਦੇ..! ਪਰ ਸਾਨੂੰ ਮਾੜਾ ਮੋਟਾ ਤਾਂ ਆਉਣ ਬਾਰੇ ਤਾਂ ਦੱਸ? ਅਸੀਂ ਕੱਲ੍ਹ ਨੂੰ ਰਿਸ਼ਤੇਦਾਰਾਂ ਨੂੰ ਸਸਕਾਰ ਬਾਰੇ ਵੀ ਦੱਸਣੈਂ..!” ਭੈਣ ਮੇਰਾ ਪਿੱਛਾ ਨਹੀਂ ਛੱਡ ਰਹੀ ਸੀ।
-”ਜਦੋਂ ਅਜੇ ਮੈਨੂੰ ਖ਼ੁਦ ਨੂੰ ਨ੍ਹੀ ਪਤਾ, ਥੋਨੂੰ ਬਿਨਾ ਗੱਲੋਂ ਕਿਹੜਾ ਲਾਰਾ ਲਾ ਦਿਆਂ…? ਰਿਸ਼ਤੇਦਾਰਾਂ ਨੂੰ ਆਖ ਦਿਓ ਬਈ ਜਿੱਦੇਂ ਜੱਗੇ ਦੇ ਆਉਣ ਦਾ ਪਤਾ ਲੱਗਿਆ, ਅਸੀਂ ਥੋਨੂੰ ਸਸਕਾਰ ਬਾਰੇ ਫ਼ੋਨ ਕਰ ਦਿਆਂਗੇ! ਪਰ ਮੈਂ ਜਿੰਨੀ ਜਲਦੀ ਹੋ ਸਕੇ, ਆ ਰਿਹੈਂ ਨਿਸ਼ਚਿੰਤ ਰਹੋ..! ਪਰ ਮੇਰੇ ਬਿਨਾ ਸਸਕਾਰ ਨ੍ਹੀ ਕਰਨਾ ਬਾਪੂ ਦਾ..!” ਵੱਸ ਮੇਰੇ ਵੀ ਕੋਈ ਨਹੀਂ ਸੀ ਅਤੇ ਝੂਠਾ ਲਾਰਾ ਅਤੇ ਫ਼ੋਕੀ ਤਸੱਲੀ ਮੈਂ ਕਿਸੇ ਨੂੰ ਦੇਣੀਂ ਨਹੀਂ ਚਾਹੁੰਦਾ ਸੀ। ਜਦ ਮੈਨੂੰ ਸੀਟ ਦਾ ਖ਼ੁਦ ਨੂੰ ਨਹੀਂ ਸੀ ਪਤਾ ਤਾਂ ਪਿਛਲਿਆਂ ਨੂੰ ਕੀ ਦੱਸਦਾ…?
-”ਲੈ ਭਾਬੀ ਨਾਲ਼ ਗੱਲ ਕਰਲਾ…!” ਭੈਣ ਨੇ ਫ਼ੋਨ ਮੇਰੇ ਘਰਵਾਲ਼ੀ ਨੂੰ ਫੜਾ ਦਿੱਤਾ।
-”ਹਾਂ ਦੱਸੋ..?” ਘਰਵਾਲ਼ੀ ਬੋਲੀ।
-”ਚੱਲ ਇਹਨਾਂ ਨੂੰ ਤਾਂ ਵਿਚਾਰਿਆਂ ਨੂੰ ਨਹੀਂ ਪਤਾ, ਪਰ ਤੂੰ ਤਾਂ ਇਹਨਾਂ ਨੂੰ ਸਮਝਾ ਦੇ ਬਈ ਜਦੋਂ ਸੀਟ ਮਿਲੂ ਫ਼ੇਰ ਈ ਆਊ! ਤੇ ਲੰਡਨ ਤੋਂ ਸੀਟ ਮਿਲਣੀ ਕੋਈ ਖੇਡ ਦੀ ਗੱਲ ਨ੍ਹੀ! ਜੁਆਕਾਂ ਨੂੰ ਛੁੱਟੀਆਂ ਹੋਣ ਕਰਕੇ ਸਾਰੇ ਲੋਕ ਦੋ ਹਫ਼ਤੇ ਲਈ ਇੰਡੀਆ ਨੂੰ ਤੁਰ ਪੈਂਦੇ ਐ, ਸੀਟ ਕਿੱਥੋਂ ਮਿਲ਼ੇ…?” ਮੈਂ ਘਰਵਾਲ਼ੀ ਦੇ ਮਗਰ ਪੈ ਗਿਆ।
-”ਸੀਟ ਬਾਰੇ ਕਦੋਂ ਕੁ ਦੱਸੋਂਗੇ..?” ਘਰਵਾਲ਼ੀ ਨੇ ਉਲਟਾ ਸੁਆਲ ਕੀਤਾ।
-”ਮੇਰੇ ਬਾਪੂ ਦੀ ਏਅਰਲਾਈਨ ਚੱਲਦੀ ਹੁੰਦੀ, ਤਾਂ ਹੁਣੇਂ ਈ ਦੱਸ ਦਿੰਦਾ…!” ਮੈਨੂੰ ਵੀ ਵੱਟ ਚੜ੍ਹ ਗਿਆ।
-”ਤਾਂ ਵੀ..?” ਘਰਵਾਲ਼ੀ ਵੀ ਮੇਰੇ ਗਲ਼ ‘ਤੇ ਚੜ੍ਹਦੀ ਆ ਰਹੀ ਸੀ।
-”ਜਦੋਂ ਵਿਜੇ ਦਾ ਫ਼ੋਨ ਆਇਆ ਉਦੋਂ ਈ ਦੱਸੂੰ..! ਹੁਣ ਮੈਂ ਪੱਤਰੀ ਖੋਲ੍ਹ ਕੇ ਤਾਂ ਦੱਸਣੋਂ ਰਿਹਾ!”
-”ਡੈਡੀ ਨੂੰ ਫ਼ੇਰ ਫ਼ਰੀਜ਼ਰ ‘ਚ ਲੁਆ ਦੇਈਏ?” ਘਰਵਾਲ਼ੀ ਦਾ ਅਗਲਾ ਸੁਆਲ ਸੀ। ਉਹ ਪੁਲ਼ਸ ਵਾਲਿ਼ਆਂ ਵਾਂਗ ਤੱਟ-ਫ਼ੱਟ ਸੁਆਲ ਕਰੀ ਜਾ ਰਹੀ ਸੀ।
-”ਅਜੇ ਹੁਣ ਤਾਂ ਡੈਡੀ ਦੀ ‘ਡੈਥ’ ਹੋਈ ਐ! ਅਜੇ ਸਵੇਰ ਤੱਕ ਡੈਡੀ ਦਾ ਕੁਛ ਨ੍ਹੀ ਵਿਗੜਦਾ!” ਘਰਵਾਲ਼ੀ ਨਾਲ਼ ਮੈਂ ਸੰਖੇਪ ਗੱਲ ਬਾਤ ਕਰ ਰਿਹਾ ਸਾਂ।
-”ਪਰ ਜਨਾਬ ਜੇ ਤੁਹਾਨੂੰ ਅੱਜ ਰਾਤ ਦੀ ਸੀਟ ਵੀ ਮਿਲ਼ੀ, ਐਥੇ ਪਹੁੰਚਣ ਨੂੰ ਥੋਨੂੰ ਦੋ ਦਿਨ ਲੱਗ ਜਾਣੇ ਐਂ…! ਡੈਡੀ ਨੂੰ ਫ਼ਰੀਜ਼ਰ ਵਿਚ ਤਾਂ ਲੁਆਉਣਾ ਈ ਪੈਣੈਂ..!” ਘਰਵਾਲ਼ੀ ਦੀ ਗੱਲ ਸੱਚੀ ਅਤੇ ਸਿਧਾਂਤਕ ਸੀ। ਜੇ ਮੈਨੂੰ ਰਾਤ ਦੀ ਦਿੱਲੀ ਦੀ ਸੀਟ ਮਿਲ਼ਦੀ ਸੀ ਤਾਂ ਅੱਠ-ਨੌਂ ਘੰਟੇ ਦਿੱਲੀ ਪਹੁੰਚਣ ਨੂੰ ਅਤੇ ਅੱਠ-ਨੌਂ ਘੰਟੇ ਦਿੱਲੀ ਤੋਂ ਪੰਜਾਬ ਪਹੁੰਚਣ ਲਈ ਚਾਹੀਦੇ ਸਨ। ਘਰਵਾਲ਼ੀ ਸਹੀ ਸੀ ਅਤੇ ਮੈਂ ਸਰਾਸਰ ਗਲਤ..! ਅਸਲ ਵਿਚ ਗਲਤ ਮੈਂ ਵੀ ਨਹੀਂ ਸੀ। ਮੇਰਾ ਦਿਮਾਗ ਹੀ ਸੋਚਣੋਂ ਜਵਾਬ ਦੇਈ ਬੈਠਾ ਸੀ। ਮੇਰੇ ਹਰ ਗੱਲ ਸਿਰ ਉਪਰੋਂ ਰਾਕਟ ਵਾਂਗ ਲੰਘ ਰਹੀ ਸੀ ਅਤੇ ਸੋਚਣੋਂ ਆਹਰੀ ਮੈਂ ਬੇਵੱਸ ਹੋਇਆ ਪਿਆ ਸੀ। ਮੇਰੇ ਜਿ਼ਹਨ ਵਿਚ ਡੈਡੀ ਦਾ ਜੀਵਤ ਅਤੇ ਮ੍ਰਿਤਕ ਸਰੀਰ ਘੁੰਮੀ ਜਾ ਰਿਹਾ ਸੀ ਕਿ ਉਹ ਬਾਪੂ ਸੱਚੀਂ ਮਰ ਗਿਆ, ਜਿਹੜਾ ਹਰ ਗੱਲ ਬੜ੍ਹਕ ਮਾਰਨ ਵਾਂਗ ਕਰਦਾ ਸੀ? ਉਹ ਸੱਚੀਂ ਮਰ ਗਿਆ, ਜਿਹੜਾ ਆਖਦਾ ਹੁੰਦਾ ਸੀ, “ਜੱਗਿਆ, ਮੈਂ ਤਾਂ ਕਬੀਰ ਦਾ ਵਿਆਹ ਕਰਕੇ ਮਰੂੰ..!” ਉਹ ਸੱਚੀਂ ਮਰ ਗਿਆ, ਜਿਸ ਦਾ ਖੰਘੂਰਾ ਤੀਜੇ ਘਰੇ ਸੁਣਦਾ ਹੁੰਦਾ ਸੀ…? ਜਦੋਂ ਬਾਪੂ ਨੇ ਸਵੇਰੇ ਚਾਰ ਜਾਂ ਸਾਢੇ ਚਾਰ ਵਜੇ ਉਠਣਾ ਤਾਂ ਉਸ ਨੇ ਵਿਹੜੇ ਵਿਚ ਜਾ ਕੇ ਖੰਘੂਰਾ ਮਾਰਨਾ! ਤਾਂ ਸਾਡੇ ਗੁਆਂਢੀ ਨੰਜੂ ਅਤੇ ਬਿੰਦੇ ਹੋਰਾਂ ਨੇ ਆਖਣਾ, “ਉਠ ਖੜ੍ਹਿਆ ਬਈ ਬਾਬਾ…!”
ਘਰਵਾਲ਼ੀ ਦਾ ਕਸੂਰ ਕੋਈ ਨਹੀਂ ਸੀ।
ਉਹ ਤਾਂ ਮੇਰੇ ਕੋਲ਼ੋਂ ਜਾਇਜ਼ ਰਾਇ ਲੈ ਰਹੀ ਸੀ ਅਤੇ ਮੈਂ ਉਸ ਨੂੰ ਖਿਝ-ਖਿਝ ਕੇ ਪੈ ਰਿਹਾ ਸਾਂ। ਮੇਰੇ ਕੋਲ਼ੋਂ ਸੁਆਲ ਹੀ ਅਜਿਹੇ ਪੁੱਛੇ ਜਾ ਰਹੇ ਸਨ। ਜਿਹਨਾਂ ਦਾ ਉਤਰ ਦੇਣ ਵਿਚ ਮੈਂ ਸਮਰੱਥ ਹੀ ਨਹੀਂ ਸਾਂ! ਮੇਰੀ ਚੁੱਪ ਦੇਖ ਕੇ ਘਰਵਾਲ਼ੀ ਨੇ ਫਿ਼ਰ ਆਖਣਾ ਸ਼ੁਰੂ ਕੀਤਾ।
-”ਮੈਂ ਇੰਦਰ ਨੂੰ ਫ਼ੋਨ ਕਰ ਦਿਆਂ…?”
-”ਆਹੋ ਉਹਨੂੰ ਫ਼ੋਨ ਕਰ..! ਉਹ ਤੈਨੂੰ ਸਹੀ ਰੈਅ ਦਿਊ! ਮੇਰਾ ਤਾਂ ਦਿਮਾਗ ਕੰਮ ਨ੍ਹੀ ਕਰਦਾ!” ਮੈਂ ਕਿਹਾ। ਇੰਦਰ ਮੇਰਾ ਸਾਢੂ ਹੈ। ਪਰ ਸਾਢੂਆਂ ਵਾਲ਼ਾ ਰਿਸ਼ਤਾ ਅਸੀਂ ਕਦੇ ਰੱਖਿਆ ਹੀ ਨਹੀਂ! ਸਾਡਾ ਰਿਸ਼ਤਾ ਭਰਾਵਾਂ ਵਾਲ਼ਾ ਹੈ। ਉਹ ਮੇਰੇ ਤੋਂ ਉਮਰ ਵਿਚ ਵੀ ਅਤੇ ਦਿਮਾਗੀ ਤੌਰ ‘ਤੇ ਵੀ ਵੱਡਾ ਹੈ। ਸਾਡੀ ਬਹੁਤ ਵਾਰ “ਤੂੰ-ਤੂੰ, ਮੈਂ-ਮੈਂ” ਵੀ ਹੋਈ। ਪਰ ਰੋਟੀ ਅਸੀਂ ਹਮੇਸ਼ਾ ਇਕੱਠਿਆਂ ਨੇ ਹੀ ਇਕ ਥਾਲ਼ੀ ਵਿਚ ਖਾਧੀ ਹੈ! ਸੁਭਾਅ ਪੱਖੋਂ ਉਹ ਥੋੜ੍ਹਾ ‘ਖੁਰਦਰਾ’ ਬੰਦਾ ਹੈ! ਉਹ ਨਾਸਤਿਕ ਕਾਮਰੇਡ ਅਤੇ ਮੈਂ ਰੱਬ ਪੱਖੀ ਬੰਦਾ! ਲੜਾਈ ਸਾਡੀ ਸਿਰਫ਼ ਸਿਧਾਂਤਾਂ ਦੀ ਹੈ। ਜਦ ਮੈਂ ਪੰਜਾਬ ਜਾਂਦਾ ਹਾਂ, ਉਹ ਦਿਨ ਕੋਈ ਨਹੀਂ ਹੋਵੇਗਾ, ਜਿਸ ਦਿਨ ਅਸੀਂ ਨਾ ਲੜੇ ਹੋਈਏ! ਦਲੀਲਾਂ ਦੀ ਜੰਗ..! ਪਰ ਸਾਡੇ ਵਿਚੋਂ ਦਿਲ ਵਿਚ ਗੱਲ ਕੋਈ ਵੀ ਨਹੀਂ ਰੱਖਦਾ। ਉਸ ਦਾ ਇਕ ਤਕੀਆ ਕਲਾਮ ਹੈ, “ਹਮ ਤੋ ਫਿ਼ਰ ਹਮ ਹੈਂ!” ਤੇ ਜਾਂ ਆਖੇਗਾ, “ਮੇਰੇ ਵਿਚ ਹਾਉਮੈ ਹੈ ਤੇ ਇਹ ਮੈਂ ਰੱਖਣੀਂ ਐਂ!” ਉਸ ਦੀ ਇਸ ਗੱਲ ਤੋਂ ਮੈਨੂੰ ਐਨੀ ਖਿਝ ਆਉਂਦੀ ਹੈ ਕਿ ਇਸ ਬੰਦੇ ਨੂੰ ਸ਼ਰੇਆਮ ਖੜ੍ਹਾ ਕਰ ਕੇ ਕੋਰੜੇ ਮਾਰਨੇ ਚਾਹੀਦੇ ਹਨ! ਪਰ ਦਿਲ ਦਾ ਉਹ ਐਨਾਂ ਸਾਫ਼ ਹੈ ਕਿ ਜਿ਼ੰਦਗੀ ਵਿਚ ਮੈਨੂੰ ਕੋਈ ਸ਼ਕਾਇਤ ਹੀ ਨਹੀਂ! ਜਦ ਕਦੇ ਵੀ ਮੇਰੇ ‘ਤੇ ਕੋਈ ਬਿਪਤਾ ਪਈ ਹੈ, ਸਭ ਤੋਂ ਮੂਹਰੇ ਮੈਂ ਉਸ ਨੂੰ ਹੀ ਦੇਖਿਆ ਹੈ! ਮੈਂ ਉਸ ਦੀ ਦਿਲੋਂ ਕਦਰ ਵੀ ਕਰਦਾ ਹਾਂ ਅਤੇ ਸਤਿਕਾਰ ਵੀ! ਇਕ ਸਮਾਂ ਅਜਿਹਾ ਵੀ ਆਇਆ ਕਿ ਸਾਡੀ ਬੋਲ-ਬਾਣੀ ਲੰਮਾਂ ਸਮਾਂ ਬੰਦ ਰਹੀ। ਪਰ ਸਾਡੇ ਦਿਲਾਂ ਵਿਚੋਂ ਇਕ ਦੂਜੇ ਪ੍ਰਤੀ ਪਿਆਰ-ਸਤਿਕਾਰ ਫਿ਼ਰ ਵੀ ਨਹੀਂ ਘਟਿਆ। ਨਾਂ ਤਾਂ ਅਸੀਂ ਕਦੇ ਇਕ ਦੂਜੇ ਦੀ ਵਿਰੋਧਤਾ ਕੀਤੀ ਅਤੇ ਨਾ ਹੀ ਨਿਖੇਧੀ! ਹਾਂ, ਕਿਸੇ ਮਜਬੂਰੀ ਕਾਰਨ ਚੁੱਪ ਜ਼ਰੂਰ ਰਹੇ। ਬੋਲੇ ਨਹੀਂ। ਪਰ ਜਦ ਸੁਭਾਇਕ ਸਮਾਂ ਆਇਆ ਤਾਂ ਸਾਡੀਆਂ ਜੱਫ਼ੀਆਂ ਪਹਿਲਾਂ ਨਾਲੋਂ ਵੀ ਵੱਧ ਕਸੀਆਂ ਗਈਆਂ ਅਤੇ ਦਿਲ ਹੋਰ ਨੇੜੇ ਹੋ ਗਏ।
ਜਦ ਮੈਂ ਉਸ ‘ਤੇ ਅੱਕਿਆ ਹੋਵਾਂ ਤਾਂ ਬਾਈ ਇੰਦਰ ਨੂੰ ‘ਟੁੰਡਾ’ ਆਖਦਾ ਹਾਂ। ਉਸ ਦੇ ਇਕ ਹੱਥ ਦੀ ਚ੍ਹੀਚੀ ਵੱਢੀ ਹੋਈ ਹੈ। ਜਿਸ ਕਰਕੇ ਮੈਂ ਉਸ ਦੀ ‘ਟੁੰਡਾ’ ਅੱਲ ਪਾਈ ਹੋਈ ਹੈ। ਪਰ ਮੇਰੇ ਤੋਂ ਬਿਨਾ ਉਹ ਕਿਸੇ ਤੋਂ ਵੀ ਟੁੰਡਾ ਨਹੀਂ ਅਖਵਾਉਂਦਾ! ਇਕ ਵਾਰੀ ਮੇਰਾ ਦੂਜਾ ਸਾਢੂ ਜਗਦੇਵ ਮੇਰੀ ਰੀਸ ਨਾਲ਼ ਪੀਤੀ ਵਿਚ ਉਸ ਨੂੰ ‘ਬਾਈ ਟੁੰਡਿਆ’ ਆਖ ਬੈਠਾ। ਬੱਸ ਫਿ਼ਰ ਕੀ ਸੀ…? ਟੁੰਡਾ ਜੀ ਨੇ ਤੂਫ਼ਾਨ ਖੜ੍ਹਾ ਕਰ ਲਿਆ। ਅਖੇ ਹਾਂ-ਹਾਂ ਤੂੰ ਮੈਨੂੰ ਟੁੰਡਾ ਆਖਿਆ ਤਾਂ ਕਿਵੇਂ ਆਖਿਆ! ਅੱਗਿਓਂ ਜਗਦੇਵ ਵੀ ਪਿੱਟ ਉਠਿਆ, “ਜੱਗਾ ਵੀ ਤਾਂ ਤੈਨੂੰ ਨਿੱਤ ਟੁੰਡਾ ਆਖਦਾ ਈ ਐ…! ਮੇਰੇ ਆਖੇ ਤੋਂ ਤੂੰ ਕਿਉਂ ਮੱਚਦੈਂ…?”
-”ਤੂੰ ਸਾਲਿ਼ਆ ਜੱਗਾ ਬਣਜੇਂਗਾ…? ਤੂੰ ਤਾਂ ਦਸ ਵਾਰੀ ਮਰ ਕੇ ਜੰਮ ਪਵੇਂ ਤਾਂ ਨ੍ਹੀ ਜੱਗਾ ਬਣ ਸਕਦਾ…!” ਟੁੰਡਾ ਉਸ ਦੇ ਗਲ਼ ਸੱਪ ਬਣ ਕੇ ਪੈ ਚੱਲਿਆ ਸੀ। ਮੈਂ ਆਪਣੀ ਸੱਸ ਨਾਲ਼ ਰਸੋਈ ਵਿਚ ਗੱਲਾਂ ਬਾਤਾਂ ਕਰ ਰਿਹਾ ਸੀ। ਜਦ ਮੈਨੂੰ ਉਹਨਾਂ ਦਾ ਬੋਲ ਬੁਲਾਰਾ ਜਿਹਾ ਸੁਣਿਆਂ। ਮੈਂ ਰਸੋਈ ‘ਚੋਂ ਉਹਨਾਂ ਦੇ ਕਮਰੇ ‘ਚ ਆ ਕੇ ਉਹਨਾਂ ਦਾ ਰੌਲ਼ਾ ਬੰਦ ਕਰਵਾਇਆ। ਟੁੰਡਾ ਕਾਮਰੇਡੀ ਅਧੀਨ ਆਪਣਾ ਘੋਰੜੂ ਵਜਾਈ ਜਾਵੇ, “ਇਹ ਆਪਦੇ ਸ਼ਬਦ ਵਾਪਸ ਲਵੇ! ਇਹਨੇ ਮੈਨੂੰ ਟੁੰਡਾ ਕਿਹਾ ਕਿਵੇਂ?”
-”ਵਾਪਸ ਲੈਣ ਨੂੰ ਤੂੰ ਮਨਿਸਟਰ ਐਂ..?” ਅੱਗਿਓਂ ਜਗਦੇਵ ਵੀ ਪੀਤੀ ‘ਚ ਹਾਰ ਮੰਨਣ ਵਾਲ਼ਾ ਨਹੀਂ ਸੀ।
-”ਚੱਲ ਤੂੰ ਕਹਿ ਦੇਹ, ਵਾਪਸ ਲਏ! ਇਹ ਕੌਮਨਸ਼ਟ ਐ…!” ਮੈਂ ਜਗਦੇਵ ਨੂੰ ਲਾਡ ਜਿਹੇ ਨਾਲ਼ ਕਿਹਾ।
-”ਚੱਲ ਬਾਈ ਟੁੰਡਿਆ, ਸ਼ਬਦ ਵਾਪਸ ਲਏ…!” ਅਚਾਨਕ ਜਗਦੇਵ ਦੇ ਮੂੰਹੋਂ ਫਿ਼ਰ ਨਿਕਲ਼ ਗਿਆ।
-”ਸਾਲਿ਼ਆ ਫ਼ੇਰ ਬਾਈ ਟੁੰਡਿਆ…?” ਟੁੰਡਾ ਹੋਰ ਭੂਸਰ ਗਿਆ।
-”ਚੱਲ ਬਾਈ ਇਹਦੇ ਵੰਡੇ ਦੀ ਮੁਆਫ਼ੀ ਮੈਂ ਮੰਗਦੈਂ…!” ਮੈਂ ਪਾਣੀ ਜਿਹਾ ਛਿੜਕਣ ਲਈ ਆਖਿਆ।
-”ਇਹ ਕਿਹੜਾ ਸਿਧਾਂਤ ਹੋਇਆ ਬਈ..? ਗਲਤੀ ਕੋਈ ਕਰੇ ਤੇ ਮੁਆਫ਼ੀ ਕੋਈ ਮੰਗੇ..?”
-”ਚੱਲ ਜਗਦੇਵ ਮੰਗ ਬਈ ਮੁਆਫ਼ੀ…! ਇੰਦਰ ਆਪਣਾ ਵੱਡਾ ਬਾਈ ਐ..! ਨਾਲ਼ੇ ਇਹਨੂੰ ਪੈਗ ਸ਼ੈਗ ਪਾ ਕੇ ਦੇਹ, ਵੱਡਿਆਂ ਦੀ ਸੇਵਾ ਕਰੀਦੀ ਹੁੰਦੀ ਐ!” ਮੈਂ ਕਿਹਾ।
-”ਬਾਈ ਇੰਦਰਾ ਮੁਆਫ਼ੀ! ਸ਼ਬਦ ਵਾਪਸ ਲਏ! ਗਲਤੀ ਮੁਆਫ਼!”
-”ਸਾਲਿ਼ਆ ਤੂੰ ਮੁਆਫ਼ੀ ਮੰਗਦੈਂ ਜਾਂ ਮੈਨੂੰ ਮੁਆਫ਼ੀ ਦਿੰਨੈਂ..?”
-”ਮੈਂ ਤੈਥੋਂ ਮੁਆਫ਼ੀ ਮੰਗਦੈਂ! ਮੈਨੂੰ ਮੁਆਫ਼ ਕਰ! ਮੈਂ ਆਪਦੇ ਆਖੇ ਸ਼ਬਦ ਵਾਪਸ ਲਏ!”
-”ਲੈ ਅੱਜ ਤੋਂ ਬਾਅਦ ਮੈਨੂੰ ਟੁੰਡਾ ਨਾ ਆਖੀਂ..!” ਉਸ ਨੇ ਤਿੰਨ ਉਂਗਲਾਂ ਅਤੇ ਇਕ ਅੰਗੂਠੇ ਵਾਲ਼ੇ ਹੱਥ ਨਾਲ਼ ਚਿਤਾਵਨੀ ਦਿੱਤੀ।
-”ਨਹੀਂ ਆਖਦਾ ਬਾਈ ਜੀ! ਗਲਤੀ ਬੰਦੇ ਤੋਂ ਹੋ ਜਾਂਦੀ ਐ!”
-”ਇਹਦਾ ਕਹਿਣ ਦਾ ਮਤਲਬ ਐ ਬਈ ਅੱਜ ਤੋਂ ਬਾਅਦ ਨਾ ਆਖੀਂ! ਜੇ ਕਹਿਣੈਂ ਤਾਂ ਅੱਜ ਜਿੰਨੀ ਵਾਰੀ ਮਰਜ਼ੀ ਐ ਆਖਲਾ!” ਮੈਂ ਵਿਅੰਗ ਕਸਿਆ।
-”ਗੱਲ ਸੁਣ ਉਏ…! ਇਹ ਵਿਗਾੜਿਆ ਈ ਤੇਰੈ…!” ਟੁੰਡਾ ਮੇਰੇ ਦੁਆਲ਼ੇ ਹੋ ਗਿਆ।
-”ਬਾਈ ਮੈਂ ਵੀ ਆਪਦੇ ਸ਼ਬਦ ਵਾਪਸ ਲੈਨੈਂ ਤੇ ਮੈਨੂੰ ਮੁਆਫ਼ੀ ਬਖ਼ਸ਼..!” ਮੈਂ ਹੱਸਦਾ ਫਿ਼ਰ ਆਪਣੀ ਸੱਸ ਕੋਲ਼ ਰਸੋਈ ਵਿਚ ਚਲਾ ਗਿਆ। ਜਦ ਵੀ ਮੈਂ ਪੰਜਾਬ ਜਾਵਾਂ, ਮੇਰੀ ਸੱਸ ਮੇਰੇ ਕੋਲ਼ੋਂ ਹਮੇਸ਼ਾ ਕੋਈ ਨਾ ਕੋਈ ਕਥਾ ਜਾਂ ਸਾਖੀ ਸੁਣਦੀ ਹੈ! ਮੈਂ ਵੀ ਉਸ ਦੀ ਭਾਵਨਾ ਦੀ ਕਦਰ ਕਰਦਾ ਘੱਟੋ ਘੱਟ ਤਿੰਨ ਚਾਰ ਘੰਟੇ ਸਪੈਸ਼ਲ ਉਸ ਲਈ ਕੱਢਦਾ ਅਤੇ ਦੁਖ ਸੁਖ ਕਰਦਾ ਹਾਂ! ਮੈਂ ਉਸ ਨੂੰ ਕਦੇ ਆਪਣੀ ਸੱਸ ਸਮਝਿਆ ਹੀ ਨਹੀਂ। ਹਮੇਸ਼ਾ ਮਾਂ ਹੀ ਸਮਝਿਆ ਹੈ! ਉਹ ਵੀ ਮੈਨੂੰ ਆਪਣੇ ਸਾਰੇ ਜੁਆਈਆਂ ਵਿਚੋਂ ਸਭ ਤੋਂ ਵੱਧ ਪਿਆਰ ਕਰਦੀ ਹੈ, “ਕੁੜ੍ਹੇ ਸਾਡਾ ਜੱਗਾ ਤਾਂ ਭਾਈ ਦੇਵਤੈ! ਕਦੇ ਕਿਸੇ ਨਾਲ਼ ਲੜਦਾ ਝਗੜਦਾ ਨ੍ਹੀ ਦੇਖਿਆ!” ਇਹ ਗੱਲ ਉਸ ਦੇ ਮੂੰਹੋਂ ਆਮ ਸੁਣੀਂ ਜਾ ਸਕਦੀ ਹੈ!
-”ਲੜਦੇ ਸੀ ਪੁੱਤ..?” ਸੱਸ ਨੇ ਮੈਨੂੰ ਜਗਦੇਵ ਹੋਰਾਂ ਬਾਰੇ ਪੁੱਛਿਆ।
-”ਦਾਰੂ ਪੀ ਕੇ ਮੱਛਰੇ ਵੇ ਐ ਬੇਬੇ ਮੇਰੀਏ..! ਹੋਰ ਕੋਈ ਗੱਲ ਨ੍ਹੀ..!” ਮੈਂ ਹੱਸਦਿਆਂ ਲਲਕਾਰ ਕੇ ਜਿਹੇ ਕਿਹਾ।
-”ਪੁੱਤ ਪੀਣੋਂ ਨ੍ਹੀ ਹੱਟਦੇ…! ਜਦੋਂ ‘ਕੱਠੇ ਹੋ ਜਾਂਦੇ ਐ, ਪੀ ਕੇ ਝੱਜੂ ਪਾਉਂਦੇ ਐ..!” ਸੱਸ ਨੇ ਫਿ਼ਕਰ ਜਿਹਾ ਜ਼ਾਹਿਰ ਕੀਤਾ।
-”ਪੀ ਜਾਣਦੇ ਬੇਬੇ..! ਤੇਰਾ ਕੀ ਲੈਂਦੇ ਐ? ਨਾ ਤੇਰੇ ਆਖੇ ਉਹਨਾਂ ਨੇ ਹਟਣੈਂ! ਤੂੰ ਕਾਹਨੂੰ ਚਿੰਤਾ ਕਰਦੀ ਐਂ..? ਜਿਹੜੇ ਪਸ਼ੂ ਨੂੰ ਰੱਸਾ ਚੱਬਣ ਦੀ ਮਾੜੀ ਆਦਤ ਪੈਜੇ! ਉਹਦੇ ਰੱਸੇ ‘ਤੇ ਚਾਹੇ ਕੁਇੰਟਲ਼ ਗੋਹਾ ਬੰਨ੍ਹ ਦਿਓ, ਉਹ ਕਿਸੇ ਨਾ ਕਿਸੇ ਚੋਰ ਮੋਰੀ ਵਿਚ ਦੀ, ਕਿਤੇ ਨਾ ਕਿਤੇ ਦੰਦੀ ਵੱਢ ਈ ਜਾਂਦੈ…!”
-”ਇਹ ਵੀ ਗੱਲ ਸੱਚੀ ਐ ਪੁੱਤ..!” ਮੇਰੀ ਸੱਸ ਨੇ ਵੀ ਮੇਰੀ ਦਲੀਲ ਮੰਨ ਕੇ ਭਾਣੇਂ ਜਿਹੇ ਵਿਚ ਰਹਿਣਾ ਪ੍ਰਵਾਨ ਕਰ ਲਿਆ। ਮੈਂ ਆਪਣੀ ਸੱਸ ਨੂੰ ਪ੍ਰੇਮ ਨਾਲ਼ ‘ਬੇਬੇ’ ਆਖਦਾ ਹਾਂ। ਉਸ ਨੇ ਵੀ ਕਦੇ ਮੇਰਾ ਪੁੱਤਾਂ ਨਾਲ਼ੋਂ ਘੱਟ ਪ੍ਰੇਮ ਨਹੀਂ ਕੀਤਾ।
…ਰਾਤ ਦੇ ਤਕਰੀਬਨ ਸਾਢੇ ਕੁ ਗਿਆਰਾਂ ਵਜੇ ਘਰਵਾਲ਼ੀ ਨੇ ਬਾਈ ਇੰਦਰ ਨੂੰ ਫ਼ੋਨ ਕੀਤਾ ਅਤੇ ਦੁਖਦਾਈ ਖ਼ਬਰ ਦੇ ਦਿੱਤੀ। ਮੇਰੇ ਜਿੰਨੇ ਵੀ ਯਾਰ ਦੋਸਤ ਜਾਂ ਸਾਢੂ ਹਨ, ਉਹ ਸਾਰੇ ਡੈਡੀ ਨੂੰ ‘ਡੈਡੀ ਜੀ’ ਹੀ ਆਖਦੇ ਰਹੇ ਹਨ। ਅੱਜ ਤੱਕ ਕਿਸੇ ਨੇ ਵੀ ‘ਅੰਕਲ ਜੀ’ ਜਾਂ ਹੋਰ ਕੁਝ ਨਹੀਂ ਆਖਿਆ। ਹਾਂ, ਜਗਦੀਪ ਸਿੰਘ ਫ਼ਰੀਦਕੋਟ ਅਤੇ ਸੁਖਦੀਪ ਸਿੰਘ ਬਰਨਾਲ਼ਾ ਵਰਗੇ ‘ਬਾਪੂ ਜੀ’ ਜ਼ਰੂਰ ਆਖਦੇ ਰਹੇ ਹਨ।
ਅਥਾਹ ਹਨ੍ਹੇਰੀ ਵਗ ਰਹੀ ਸੀ ਅਤੇ ਮੋਹਲ਼ੇਧਾਰ ਮੀਂਹ ਵਰ੍ਹ ਰਿਹਾ ਸੀ।
-”ਸਵਰਨ…!” ਬਾਈ ਇੰਦਰ ਨੇ ਮੇਰੇ ਘਰਵਾਲ਼ੀ ਨੂੰ ਫ਼ੋਨ ‘ਤੇ ਕਿਹਾ, “ਜਿਹੜਾ ਭਾਣਾ ਵਰਤਣਾ ਸੀ, ਉਹ ਤਾਂ ਗਿਆ ਵਰਤ…! ਹੁਣ ਐਸ ਟੈਮ ਆਪਾਂ ਕੁਛ ਨ੍ਹੀ ਕਰ ਸਕਦੇ! ਬਾਹਰ ਮੌਸਮ ਐਂ ਬਹੁਤ ਖ਼ਰਾਬ ਐ, ਮੈਂ ਤੜਕੇ ਪੰਜ ਵਜੇ ਥੋਡੇ ਕੋਲ਼ੋ ਹੋਊਂ…! ਤੇਰੇ ਕੋਲ਼ ਕੌਣ ਕੌਣ ਐਂ..?”
-”ਕੋਲ਼ੇ ਤਾਂ ਮੇਰੇ ਬਰਨਾਲ਼ੇ ਵਾਲ਼ੇ ਭੈਣ ਜੀ, ਸੱਤਾ, ਆਪਣਾ ਗੁਆਂਢੀ ਗਿਆਨੀ ਬਾਈ ਜੀ ਵੀ ਹੈਗੇ ਐ!”
-”ਗਿਆਨੀ ਕੌਣ, ਨਿੰਮਾਂ..?” ਬਾਈ ਇੰਦਰ ਸਾਡੇ ਸਾਰੇ ਆਂਢ ਗੁਆਂਢ ਨੂੰ ਤਾਂ ਕੀ, ਅੱਧੇ ਪਿੰਡ ਨੂੰ ਜਾਣਦਾ ਹੈ। ਕਿਉਂਕਿ ਪਿੰਡ ਆਮ ਆਉਂਦਾ ਜਾਂਦਾ ਰਹਿੰਦਾ ਸੀ।
-”ਹਾਂ…!”
-”ਜੱਗੇ ਨੂੰ ਦੱਸਿਐ…?”
-”ਹਾਂ ਦੱਸਿਐ..! ਉਹਨਾਂ ਦਾ ਕਈ ਵਾਰੀ ਫ਼ੋਨ ਵੀ ਆ ਚੁੱਕਿਐ!”
-”ਉਹਦੇ ਆਉਣ ਦਾ ਕੀ ਪ੍ਰੋਗਰਾਮ ਐਂ? ਜਾਂ ਉਹਦੇ ਬਿਨਾ ਈ ਸਸਕਾਰ ਕਰਨੈਂ..?”
-”ਨਹੀਂ, ਸਸਕਾਰ ਤਾਂ ਉਹਨਾਂ ਦੇ ਆਉਣ ‘ਤੇ ਈ ਕਰਨੈਂ! ਪਰ ਅਜੇ ਸੀਟ ਦਾ ਕੋਈ ਪਤਾ ਨ੍ਹੀ ਲੱਗ ਰਿਹਾ! ਜਦੋਂ ਸੀਟ ਮਿਲ਼ ਗਈ, ਉਹਨਾਂ ਨੇ ਉਦੋਂ ਈ ਚੜ੍ਹ ਆਉਣੈਂ ਤੇ ਸਸਕਾਰ ਉਹਨਾਂ ਦੇ ਆਉਣ ‘ਤੇ ਈ ਕਰਾਂਗੇ!”
-”ਕੁੜੀਆਂ ਨੂੰ ਫ਼ੋਨ ਕਰਤਾ..?”
-”ਚਾਚੇ ਮੋਹਣ ਦੇ ਮੁੰਡੇ ਬਿੰਦਰ ਨੇ ਕਰਤਾ ਸੀ ਸਾਰੀਆਂ ਕੁੜੀਆਂ ਨੂੰ…!”
-”ਕੁੜੀਆਂ ਵੀ ਕੱਲ੍ਹ ਨੂੰ ਈ ਆਉਣਗੀਆਂ, ਹੁਣ ਤਾਂ ਅੱਧੀ ਰਾਤ ਹੋਈ ਪਈ ਐ..!”
-”ਹਾਂ, ਹੁਣ ਤਾਂ ਸਾਰੇ ਕੱਲ੍ਹ ਨੂੰ ਈ ਆਉਣਗੇ!”
-”ਸਵਰਨ..! ਤੂੰ ਘਬਰਾ ਨਾ..! ਸਾਰੇ ਤੇਰੇ ਕੋਲ਼ੇ ਹੈਗੇ ਐ..! ਮੈਂ ਸਵੇਰੇ ਪੰਜ ਵਜੇ ਤੇਰੇ ਕੋਲ਼ੇ ਹੋਊਂ ਤੇ ਨਾਲ਼ੇ ਉਦੋਂ ਤੱਕ ਜੱਗੇ ਦੇ ਆਉਣ ਬਾਰੇ ਪਤਾ ਲੱਗਜੂ!” ਆਖ ਕੇ ਬਾਈ ਇੰਦਰ ਨੇ ਫ਼ੋਨ ਬੰਦ ਕਰ ਦਿੱਤਾ।
…..ਸ਼ਾਮ ਦੇ ਸਾਢੇ ਕੁ ਛੇ ਵਜੇ ਵਿਜੇ ਦਾ ਫ਼ੋਨ ਆ ਗਿਆ।
-”ਨਹੀਂ ਭਾਅ ਜੀ…! ਕੋਈ ਚਾਨਸ ਨਹੀਂ ਬਣਦਾ..! ਇਕ ਵੀ ਸੀਟ ਨਹੀਂ ਮਿਲ਼ ਰਹੀ..!” ਵਿਜੇ ਦੀ ਅਵਾਜ਼ ਵਿਚੋਂ ਨਿਰਾਸ਼ਾ ਝਲਕ ਰਹੀ ਸੀ। ਜਿਸ ਨੇ ਮੈਨੂੰ ਉਸ ਤੋਂ ਵੀ ਵੱਧ ਨਿਰਾਸ਼ ਕਰ ਦਿੱਤਾ।
-”ਸੀਟ ਮਿਲੂ ਕਦੋਂ ਦੀ…? ਅੱਜ ਸ਼ੁਕਰਵਾਰ ਐ..!”
-”ਸੀਟ ਭਾਅ ਜੀ ਐਤਵਾਰ ਰਾਤ ਦਸ ਵਜੇ ਦੀ ਵਰਜਨ ਐਟਲੈਂਟਿਕ ਏਅਰਲਾਈਨਜ਼ ਦੀ ਮਿਲਦੀ ਐ…!”
-”ਐਤਵਾਰ ਤਾਂ ਬਹੁਤ ਲੇਟ ਐ ਯਾਰ…!”
-”ਪਰ ਕਰ ਕੁਛ ਨ੍ਹੀ ਸਕਦੇ ਭਾਅ ਜੀ, ਸੀਟ ਮਿਲ਼ ਈ ਕੋਈ ਨ੍ਹੀ ਰਹੀ, ਕੀ ਕਰੀਏ? ਸੌਰੀ ਐਂ ਮੈਂ..!”
-”ਬਾਈ ਜੀ ਕੋਸਿ਼ਸ਼ ਐਤਵਾਰ ਤੋਂ ਪਹਿਲਾਂ ਦੀ ਈ ਰੱਖਿਓ, ਜੇ ਕੋਈ ਸੀਟ ਮਿਲ਼ਜੇ…! ਨਹੀਂ ਐਤਵਾਰ ਤਾਂ ਫ਼ੇਰ ਹੈਗੀ ਈ ਐ…!”
-”ਮੈਂ ਸਾਰੀਆਂ ਏਅਰਲਾਈਨਜ਼ ਨੂੰ ‘ਰੁਕਿਸਟ’ ਕਰ ਦਿੱਤੀ ਐ ਬਈ ਜੇ ਕੋਈ ਸੀਟ ਖਾਲੀ ਹੋਵੇ ਤਾਂ ਸਭ ਤੋਂ ਪਹਿਲਾਂ ਸਾਡਾ ਬੰਦਾ ਚਾਹੜੋ! ਹੁਣ ਮੈਂ ਚੱਲਿਐਂ ਘਰੇ ਤੇ ਕੱਲ੍ਹ ਨੂੰ ਸਵੇਰੇ ਸਾਢੇ ਦਸ ਵਜੇ ਮੈਂ ਤੁਹਾਨੂੰ ਦੱਸ ਸਕਦੈਂ ਕਿ ਕੋਈ ਸੀਟ ਮਿਲ਼ੀ ਜਾਂ ਨਹੀਂ ਮਿਲ਼ੀ…!”
-”ਚਲੋ ਠੀਕ ਐ ਬਾਈ ਜੀ, ਜੋ ਗੁਰੂ ਨੂੰ ਮਨਜ਼ੂਰ ਐ, ਹੋਣਾ ਉਹੀ ਐ! ਪਰ ਤੁਸੀਂ ਕੋਸਿ਼ਸ਼ ਜਾਰੀ ਰੱਖਿਓ ਬਾਈ ਬਣਕੇ!”
-”ਮੈਂ ਤੁਹਾਨੂੰ ਕੱਲ੍ਹ ਨੂੰ ਸਾਢੇ ਦਸ ਵਜੇ ਫ਼ੋਨ ਕਰੂੰ..! ਚਿੰਤਾ ਨਾ ਕਰੋ..!” ਆਖ ਕੇ ਵਿਜੇ ਨੇ ਫ਼ੋਨ ਕੱਟ ਦਿੱਤਾ। ਮੇਰੇ ਕਰਕੇ ਉਹ ਵਿਚਾਰਾ ਲੰਮਾ ਸਮਾਂ ਸੀਟ ਭਾਲ਼ਦਾ ਰਿਹਾ ਸੀ ਅਤੇ ਦਫ਼ਤਰ ਵਿਚ ਬੈਠਾ ਘਰ ਜਾਣੋਂ ਵੀ ਕਾਫ਼ੀ ਲੇਟ ਹੋ ਗਿਆ ਸੀ।
ਮੈਂ ਘਰਵਾਲ਼ੀ ਨੂੰ ਫ਼ੋਨ ਕਰ ਕੇ ਸਾਰੀ ਹਾਲਤ ਤੋਂ ਜਾਣੂੰ ਕਰਵਾ ਦਿੱਤਾ ਕਿ ਸੀਟ ਬਾਰੇ ਤਾਂ ਹੁਣ ਕੱਲ੍ਹ ਨੂੰ ਸਵੇਰੇ ਸਾਢੇ ਦਸ ਵਜੇ ਹੀ ਪਤਾ ਚੱਲੇਗਾ। ਤੁਸੀਂ ਡੈਡੀ ਦੀ ਦੇਹ ਨੂੰ ‘ਫ਼ਰੀਜ਼ਰ’ ਵਿਚ ਲੁਆ ਦਿਓ! ਅਜੇ ਮੈਂ ਘਰਵਾਲ਼ੀ ਨਾਲ਼ ਫ਼ੋਨ ‘ਤੇ ਗੱਲ ਕਰਕੇ ਫ਼ੋਨ ਰੱਖਿਆ ਹੀ ਸੀ ਕਿ ‘ਮੀਡੀਆ ਪੰਜਾਬ’ ਦੀ ਮੁੱਖ ਸੰਪਾਦਕਾ ਭੈਣ ਗੁਰਦੀਸ਼ ਪਾਲ ਕੌਰ ਬਾਜਵਾ ਦਾ ਜਰਮਨ ਤੋਂ ਫ਼ੋਨ ਆ ਗਿਆ।
-”ਭਾਅ ਜੀ ਆਹ ਕੀ ਭਾਣਾ ਵਰਤ ਗਿਆ…?” ਗੁਰਦੀਸ਼ ਨੇ ਬਾਪੂ ਦਾ ਅਫ਼ਸੋਸ ਕੀਤਾ। ਮੈਂ ਬੜਾ ਹੈਰਾਨ ਕਿ ਅਜੇ ਤਾਂ ਮੈਨੂੰ ਘੰਟਾ, ਡੇੜ੍ਹ ਘੰਟਾ ਪਹਿਲਾਂ ਖ਼ਬਰ ਮਿਲ਼ੀ ਹੈ, ਫਿ਼ਰ ਜਰਮਨ ਬੈਠੇ ਭੈਣ ਜੀ ਨੂੰ ਕਿੱਥੋਂ ਪਤਾ ਲੱਗ ਗਿਆ?
-”ਜੋ ਰੱਬ ਦਾ ਭਾਣਾ ਐਂ ਭੈਣ ਜੀ, ਉਹ ਵਰਤ ਗਿਆ ਬੱਸ..!” ਮੇਰਾ ਮਨ ਵੀ ਭੈੜ੍ਹਾ ਹੋ ਗਿਆ।
-”ਕੀ ਕਰ ਸਕਦੇ ਐਂ ਭਾਅ ਜੀ…!” ਗੁਰਦੀਸ਼ ਵੀ ਦੁਖੀ ਸੀ। ਬਲਦੇਵ ਬਾਜਵਾ ਇੰਡੀਆ ਗਿਆ ਹੋਇਆ ਸੀ।
-”ਐਥੇ ਆ ਕੇ ਬੰਦਾ ਫ਼ੇਲ੍ਹ ਹੋ ਜਾਂਦੈ ਭੈਣ ਜੀ..! ਪਰ ਥੋਨੂੰ ਕਿੱਥੋਂ ਪਤਾ ਲੱਗ ਗਿਆ? ਪਤਾ ਤਾਂ ਅਜੇ ਮੈਨੂੰ ਡੇੜ੍ਹ ਕੁ ਘੰਟਾ ਪਹਿਲਾਂ ਲੱਗਿਐ..!” ਮੈਂ ਆਪਣੀ ਹੈਰਾਨੀ ਸਪੱਸ਼ਟ ਹੀ ਗੁਰਦੀਸ਼ ਅੱਗੇ ਰੱਖ ਦਿੱਤੀ।
-”ਸਾਨੂੰ ਖ਼ਬਰ ਸੁਖਜੀਵਨ ਕੁੱਸਾ ਨੇ ਭੇਜੀ ਐ..! ਮੀਡੀਆ ਪੰਜਾਬ ‘ਤੇ ਤਾਂ ਖ਼ਬਰ ਤਾਂ ਲੱਗ ਵੀ ਗਈ ਐ ਭਾਅ ਜੀ!” ਗੁਰਦੀਸ਼ ਨੇ ਮੈਨੂੰ ਨਵੀਂ ਖ਼ਬਰ ਦਿੱਤੀ। ਅਸਲ ਵਿਚ ਖ਼ਬਰ ਜਗਦੀਪ ਫ਼ਰੀਦਕੋਟ, ਸੁਖਜੀਵਨ ਕੁੱਸਾ ਅਤੇ ਅਕਾਲੀ ਦਲ ਅੰਮ੍ਰਿਤਸਰ (ਮਾਨ) ਦੇ ਜਿਲ੍ਹਾ ਸਕੱਤਰ ਹਰਪਾਲ ਕੁੱਸਾ ਨੇ ਬਣਾ ਕੇ ਭੇਜੀ ਸੀ। ਬਾਪੂ ਜੀ ਅਕਾਲੀ ਦਲ ਅੰਮ੍ਰਿਤਸਰ ਦੇ ਲੰਬੇ ਸਮੇਂ ਤੋਂ ਕੌਮੀ ਸਲਾਹਕਾਰ ਚੱਲੇ ਆ ਰਹੇ ਸਨ।
ਅਜੇ ਗੁਰਦੀਸ਼ ਨੇ ਫ਼ੋਨ ਰੱਖਿਆ ਹੀ ਸੀ ਕਿ ‘ਪੰਜਾਬੀ ਆਰਸੀ’ ਦੀ ਸੰਪਾਦਕਾ ਅਤੇ ਮੇਰੀ ਸੁਹਿਰਦ ਮਿੱਤਰ ਕੁੜੀ ਤਨਦੀਪ ਤਮੰਨਾਂ ਦਾ ਫ਼ੋਨ ਖੜਕ ਪਿਆ। ਉਸ ਨੇ ਵੀ ਬਾਪੂ ਜੀ ਦਾ ਅਫ਼ਸੋਸ ਕੀਤਾ ਅਤੇ ਖ਼ਬਰ ਲਾਉਣ ਦੀ ਗੱਲ ਕੀਤੀ। ਉਸ ਨੇ ਮੇਰੇ ਕੋਲ਼ੋਂ ਬਾਪੂ ਜੀ ਦੀ ਫ਼ੋਟੋ ਦੀ ਮੰਗ ਕੀਤੀ। ਮੈਂ ਸੋਚਿਆ ਕਿ ਖ਼ਬਰ ਤਾਂ ਹੁਣ ਲੱਗ ਹੀ ਗਈ ਹੈ, ਹੁਣ ਬਾਪੂ ਜੀ ਦੀ ਫ਼ੋਟੋ ਭੇਜਣੀ ਵੀ ਕੋਈ ਗੁਨਾਂਹ ਨਹੀਂ! ਵੈਸੇ ਮੈਂ ਖ਼ਬਰ ਲਾਉਣ ਦੇ ਹੱਕ ਵਿਚ ਨਹੀਂ ਸਾਂ। ਪਰ ਖ਼ਬਰਾਂ ਨਾਲ਼ ਦੀ ਨਾਲ਼ ਅਖ਼ਬਾਰਾਂ ਵਿਚ ਲੱਗਣੀਆਂ ਸ਼ੁਰੂ ਹੋ ਗਈਆਂ ਸਨ।
ਮੈਂ ਤਨਦੀਪ ਤਮੰਨਾਂ ਨੂੰ ਬਾਪੂ ਜੀ ਦੀ ਫ਼ੋਟੋ ਮੇਲ ਕਰ ਦਿੱਤੀ ਅਤੇ ਉਸ ਨੇ ਕੁਝ ਪਲਾਂ ਵਿਚ ਹੀ ‘ਆਰਸੀ’ ‘ਤੇ ਖ਼ਬਰ ਲਾ ਕੇ ਮੈਨੂੰ ਫ਼ੋਨ ਕਰ ਦਿੱਤਾ। ਕੁਝ ਮਿੰਟਾਂ ਵਿਚ ਹੀ ਮੇਰੇ ਪ੍ਰਮ-ਮਿੱਤਰ ਅਤੇ ਪੰਜਾਬੀ ਲੇਖਕ ਗੁਰਮੇਲ ਬਦੇਸ਼ਾ ਦਾ ਕੈਨੇਡਾ ਤੋਂ ਫ਼ੋਨ ਆ ਗਿਆ ਅਤੇ ਫਿ਼ਰ ਆਸਟਰੇਲੀਆ ਤੋਂ ਰਿਸ਼ੀ ਗੁਲਾਟੀ ਦਾ….! ਅਗਲੇ ਦਿਨ ਪੰਜਾਬ ਦੇ ਸਾਰੇ ਪ੍ਰਮੁੱਖ ਅਖ਼ਬਾਰਾਂ ਵਿਚ “ਸਿ਼ਵਚਰਨ ਜੱਗੀ ਕੁੱਸਾ ਨੂੰ ਸਦਮਾ! ਬਾਪੂ ਜੀ ਦਾ ਦੇਹਾਂਤ” ਦੀਆਂ ਖ਼ਬਰਾਂ ਲੱਗ ਗਈਆਂ ਅਤੇ ਮੈਨੂੰ ਇੰਗਲੈਂਡ ਦੇ ਸਵੇਰੇ ਛੇ ਵਜੇ ਹੀ ਫ਼ੋਨਾਂ ਦਾ ਤਾਂਤਾ ਲੱਗ ਗਿਆ। ਇਹੀ ਖ਼ਬਰ ਸਾਰੀਆਂ ਵੈਬ-ਸਾਈਟਾਂ ਉਪਰ ਵੀ ਮੁੱਖ ਪੰਨੇ ‘ਤੇ ਲੱਗੀ ਹੋਈ ਸੀ। ਦੋਸਤ ਮਿੱਤਰ ਬਾਪੂ ਦਾ ਅਫ਼ਸੋਸ ਕਰ ਰਹੇ ਸਨ। ਜਦ ਕੈਨੇਡਾ ਦੀਆਂ ਵੈਬ-ਸਾਈਟਾਂ ‘ਹਮਦਰਦ ਵੀਕਲੀ’ ਅਤੇ ‘ਅਜੀਤ ਵੀਕਲੀ’ ‘ਤੇ ਖ਼ਬਰ ਨਸ਼ਰ ਹੋਈ ਤਾਂ ਮੇਰੇ ਦੋਨੋਂ ਸੈਲ ਫ਼ੋਨ ਬਿਜ਼ੀ ਹੋ ਗਏ। ਕਿਉਂਕਿ ਕੈਨੇਡਾ ਦੀਆਂ ਪ੍ਰਮੁੱਖ ਅਖ਼ਬਾਰਾਂ ‘ਅਜੀਤ ਵੀਕਲੀ’ ਅਤੇ ‘ਹਮਦਰਦ ਵੀਕਲੀ’ ਵਿਚ ਮੇਰੇ ਸਭ ਤੋਂ ਵੱਧ ਨਾਵਲ ਲੜੀਵਾਰ ਛਪੇ ਹਨ। ਖ਼ਾਸ ਤੌਰ ‘ਤੇ ‘ਹਮਦਰਦ ਵੀਕਲੀ’ ਵਿਚ ਤਾਂ ਮੇਰੇ ਕਈ ਨਾਵਲ ਲੜੀਵਾਰ ਛਪ ਚੁੱਕੇ ਹਨ ਅਤੇ ‘ਸੱਜਰੀ ਪੈੜ ਦਾ ਰੇਤਾ’ ਤਾਂ ਅਜੇ ਵੀ ਛਪੀ ਜਾ ਰਿਹਾ ਹੈ! ਮੇਰੇ ਦੋਸਤਾਂ ਮਿੱਤਰਾਂ ਨੇ ਤਾਂ ਜਿਹੜੀ ਹਮਦਰਦੀ ਪ੍ਰਗਟਾਉਣੀ ਸੀ, ਉਹ ਤਾਂ ਪ੍ਰਗਟਾਈ। ਪਰ ਮੇਰੇ ਸਤਿਕਾਰਯੋਗ ਪਾਠਕਾਂ ਨੇ ਵੀ ਹੌਸਲਾ ਦੇਣ ਦੀ ਕੋਈ ਕਸਰ ਬਾਕੀ ਨਹੀਂ ਛੱਡੀ, ਜਿਹਨਾਂ ਦੇ ਮੈਂ ਹੁਣ ਤੱਕ ਕਦੇ ਦਰਸ਼ਣ ਤੱਕ ਨਹੀਂ ਕੀਤੇ! ਉਹ ਮੇਰੇ ਥਿੜਕਦੇ ਦੇ ਇਕ ਤਰ੍ਹਾਂ ਨਾਲ਼ ‘ਥੰਮ੍ਹ’ ਬਣ ਕੇ ਸਹਾਰਾ ਬਣੇ!
ਮੈਨੂੰ ਰਾਤ ਦੇ ਦੋ ਵਜੇ ਤੱਕ ਨੀਂਦ ਨਾ ਆਈ। ਮੈਂ ਕੰਬਲ਼ ਲਈ ਸੋਫ਼ੇ ‘ਤੇ ਹੀ ਪਿਆ ਸਾਂ। ਬੱਚਿਆਂ ਨੂੰ ਮੈਂ ਖਾਣਾ ਖੁਆ ਕੇ ਸੌਣ ਭੇਜ ਦਿੱਤਾ ਸੀ।
ਬਾਪੂ ਦਾ ਚਿਹਰਾ ਦਿਮਾਗ ਵਿਚ ਭੰਮੀਰੀ ਵਾਂਗ ਘੁੰਮਦਾ ਰਿਹਾ।
ਸ਼ਾਇਦ ਰਾਤ ਦੇ ਦੋ ਕੁ ਵਜੇ ਮੈਨੂੰ ਨੀਂਦ ਆਈ ਅਤੇ ਸਵੇਰੇ ਪੰਜ ਕੁ ਵਜੇ ਬਾਈ ਇੰਦਰ ਦੇ ਫ਼ੋਨ ਨਾਲ਼ ਮੇਰੀ ਜਾਗ ਖੁੱਲ੍ਹੀ।
-”ਹਾਂ ਬਾਈ…!” ਬਾਈ ਇੰਦਰ ਦੀ ਅਵਾਜ਼ ਨੇ ਮੈਨੂੰ ਭਾਵੁਕ ਕਰ ਦਿੱਤਾ।
-”ਹਾਂ ਜੀ ਬਾਈ ਜੀ..!”
-”ਤੁਰ ਗਿਆ ਆਪਣਾ ਡੈਡੀ, ਹੈਂ…?”
-”ਹਾਂ ਬਾਈ…! ਬਾਪੂ ਬਿਨਾਂ ਦੱਸੇ ਤੋਂ ਈ ਫ਼ਤਹਿ ਬੁਲਾ ਗਿਆ…!” ਮੇਰਾ ਮਨ ਗੱਡੇ ਵਾਂਗ ਭਾਰਾ ਹੋ ਗਿਆ।
-”ਜਦੋਂ ਇਉਂ ਹੁੰਦਾ ਸੀ ਬਈ ਬਾਪੂ ਨੇ ਰਾਤ ਨ੍ਹੀ ਕਟਾਉਣੀ, ਉਦੋਂ ਬਾਪੂ ਨੂੰ ਕੁਛ ਹੋਇਆ ਨ੍ਹੀ, ਤੇ ਜਦੋਂ ਇਉਂ ਸੀ ਬਈ ਹੁਣ ਦੋ ਚਾਰ ਸਾਲ ਕੱਟੂਗਾ, ਉਦੋਂ ਜਾਣ ਲੱਗੇ ਨੇ ਮਿੰਟ ਨ੍ਹੀ ਲਾਇਆ..!” ਬਾਈ ਇੰਦਰ ਵੀ ਦਿਲੋਂ ਦੁਖੀ ਸੀ। ਮੈਨੂੰ ਅਜੇ ਯਾਦ ਹੈ ਕਿ ਇਕ ਰਾਤ ਬਾਈ ਇੰਦਰ ਮੇਰੇ ਕੋਲ਼ ਸੀ। ਦਾਰੂ ਸਾਡੀ ਸਾਰਿਆਂ ਦੀ ਹੀ ਪੀਤੀ ਹੋਈ ਸੀ। ਪਰ ਬਾਈ ਇੰਦਰ ਕੁਝ ਜਿ਼ਆਦਾ ਹੀ ਲਹਿਰਾਂ-ਬਹਿਰਾਂ ਵਿਚ ਸੀ। ਉਹ ਬਾਪੂ ਨੂੰ ਪੀਤੀ ‘ਚ ਆਖਣ ਲੱਗਿਆ, “ਡੈਡੀ…! ਮੇਰਾ ਖ਼ਰਚਾ ਐਨੈਂ ਬਈ ਹਰ ਰੋਜ਼ ਹਜ਼ਾਰ ਦਾ ਤਾਂ ਮੈਂ ਮੂਤ ਦਿੰਨੈਂ…!” ਉਸ ਦੀ ਗੱਲ ਸੁਣ ਕੇ ਬਾਪੂ ਹੱਸ ਪਿਆ ਅਤੇ ਬੋਲਿਆ, “ਪੁੱਤ ਇੰਦਰਾ..! ਐਨੇ ਦਾ ਨਾ ਮੂਤਿਆ ਕਰ..! ਹਰ ਰੋਜ਼ ਸੌ ਕੁ ਦਾ ਮੂਤ ਲਿਆ ਕਰ ਤੇਰਾ ਤਾਂ ਪੁੱਤ ਮੂਤ ਈ ਮਹਿੰਗਾ ਹੋ ਗਿਆ, ਹੋਰ ਖ਼ਰਚੇ ਕਿੱਥੋਂ ਪੂਰੇ ਕਰੇਂਗਾ…? ਇਉਂ ਤਾਂ ਤੂੰ ਖੁੰਘਲ਼ ਹੋਜੇਂਗਾ..!”
-”ਖੁੰਘਲ਼ ਐਵੇਂ ਹੋਜੂੰ ਡੈਡੀ..? ਦਸ ਹਜ਼ਾਰ ਦੀ ਤਾਂ ਮੇਰੀ ਇਕ ਦਿਹਾੜੀ ਐ…!”
ਮੈਂ ਅਤੇ ਜਗਦੇਵ ਉਹਨਾਂ ਦਾ ਬਚਨ-ਬਿਲਾਸ ਸੁਣਦੇ ਵਿਹੜੇ ਵਿਚ ਖੜ੍ਹੇ ਹੱਸ ਰਹੇ ਸਾਂ।
-”ਅੱਜ ਇਹ ਸਾਲ਼ਾ ਡੈਡੀ ਤੋਂ ਟੰਬੇ ਪੁਆਊ ਆਪਣੇ ਸਾਰਿਆਂ ਦੇ..! ਬਾਪੂ ਨੇ ਸੋਚਣੈਂ ਬਈ ਇਹ ਸਾਰੇ ਕੰਜਰ ਹਜ਼ਾਰ ਹਜ਼ਾਰ ਦਾ ਈ ਮੂਤਣ ਆਲ਼ੇ ਐ..!” ਜਗਦੇਵ ਨੇ ਕਿਹਾ।
-”ਉਹਨੂੰ ਬਣਾ ਲੈਣ ਦੇ ਨੰਬਰ ਬਾਪੂ ਸਾਹਮਣੇ..! ਪੀ ਕੇ ਮੂਤਦਾ ਚਾਹੇ ਵੀਹਾਂ ਦਾ ਵੀ ਨਾ ਹੋਵੇ..!” ਮੈਂ ਆਖਿਆ।
-”ਤੇ ਬਾਪੂ ਜੁਆਕ ਐ…? ਜੀਹਦੇ ਸਾਹਮਣੇ ਇਹ ਪੜੁੱਲ ਸਿੱਟੀ ਜਾਂਦੈ, ਉਹਨੇ ਦੁਨੀਆਂ ਗਾਹੀ ਵੀ ਐ..!”
-”ਚੱਲ ਤੂੰ ਰਹਿਣ ਦੇਹ..! ਕਰ ਲੈਣ ਦੇਹ ਉਹਨੂੰ ਦਿਲ ਹੌਲ਼ਾ ਬਾਪੂ ਕੋਲ਼ੇ..!” ਆਖ ਕੇ ਮੈਂ ਰਸੋਈ ਵਿਚ ਵੜ ਗਿਆ। ਮੇਰੇ ਮਗਰ ਹੀ ਜਗਦੇਵ ਆ ਗਿਆ। ਸਾਡੀ ਬੋਤਲ ਰਸੋਈ ਵਿਚ ਰੱਖੀ ਹੋਈ ਸੀ। ਜਦ ਬਾਪੂ ਨੇ ਸਾਨੂੰ ਬਿੱਲੇ ਵਾਂਗ ‘ਛਹਿ’ ਕੇ ਜਿਹੇ ਰਸੋਈ ਵਿਚ ਵੜਦਿਆਂ ਨੂੰ ਦੇਖਿਆ ਤਾਂ ਉਸ ਨੇ ਵਰਾਂਡੇ ਵਿਚੋਂ ਲਲਕਰਾ ਮਾਰਿਆ, “ਹੁਣ ਤੁਸੀਂ ਨਾ ਹਜਾਰ ਹਜਾਰ ਦਾ ਮੂਤਣ ਲੱਗ ਜਿਓ ਉਏ…! ਬੰਦੇ ਬਣਜੋ ਬੰਦੇ…! ਮੈਂ ਡਾਂਗੀਂ ਡਹਿਜੂੰ…!” ਬਾਪੂ ਦੀ ਚਿਤਾਵਨੀ ਨੇ ਸਾਡੀ ਧਰਨ ਹਿਲਾ ਦਿੱਤੀ।
-”ਨਹੀਂ ਡੈਡੀ ਜੀ ਅਸੀਂ ਤਾਂ ਅਮਰੂਦ ਚੀਰਦੇ ਐਂ…!” ਜਗਦੇਵ ਨੇ ਗੱਲ ਬੋਚੀ।
-”ਮੈਨੂੰ ਪਤੈ ਤੁਸੀਂ ਕਿਹੜੇ ਅਮਰੂਦ ਚੀਰਦੇ ਐਂ..! ਬੋਤੇ ਦੇ ਢਿੱਡ ‘ਚ ਸਾਰੀਆਂ ਈ ਦਾਤਣਾਂ ਹੁੰਦੀਐਂ…! ਤੁਸੀਂ ਜਾਗਦਿਆਂ ਨੂੰ ਪੈਂਦੀਂ ਨਾ ਪਾਇਆ ਕਰੋ..!” ਬਾਪੂ ਕੁਰਸੀ ‘ਤੇ ਬੈਠਾ ਸਾਨੂੰ ਤਾੜੀ ਜਾ ਰਿਹਾ ਸੀ। ਨਾਲ਼ੇ ਬਾਪੂ ਨੂੰ ਚੰਗਾ ਭਲਾ ਪਤਾ ਹੁੰਦਾ ਸੀ ਕਿ ਜਦੋਂ ਇਹਨਾਂ ਨੇ ਪੀਣੀਂ ਹੈ, ਪੀ ਹੀ ਲੈਣੀਂ ਐਂ! ਇਕ ਵਾਰੀ ਬਾਪੂ ਮੇਰੀ ਮਾਂ ਨੂੰ ਕਹਿੰਦਾ, “ਗੁਰਨਾਮ ਕੁਰੇ…! ਐਹਨਾਂ ਕੰਜਰਾਂ ਦਾ ਕੀ ਕਰੀਏ? ਦਿਨ ਨ੍ਹੀ ਛਿਪਣ ਦਿੰਦੇ, ਕੰਜਰ ਕੁੱਟੀਦੇ ਕੁੱਟੀਦੇ ਪੀ ਜਾਂਦੇ ਐ…!”
-”ਕੋਈ ਨ੍ਹਾ…! ਫ਼ੇਰ ਕੀ ਹੋ ਗਿਆ? ਮੁੰਡੇ ਖੁੰਡੇ ਪੀਂਦੇ ਈ ਹੁੰਦੇ ਐ…!” ਸਾਡੀ ਮਾਂ ਦਾ ਉਤਰ ਸੀ।
-”ਇਹ ਤੇਰੇ ਈ ਸਿਰ ਚਾਹੜੇ ਵੇ ਐ…! ਜਦੋਂ ਆਪਣੇ ਆਲ਼ਾ ਕਮਲ਼ਾ ਆਉਂਦੈ, ਆਹ ਜਗਦੇਵ ਹੋਰੀਂ ਵੀ ਨਾਲ਼ ਈ ਆ ਵੱਜਦੇ ਐ ਤੇ ਨਾਲ਼ ਰਲ਼ ਜਾਂਦੈ ਇਹਨਾਂ ਦੇ ਵੱਡਾ ਕੰਜਰ ਇੰਦਰ ਦੇਵਤਾ ਜੀ…!” ਬਾਪੂ ਆਦਤ ਅਨੁਸਾਰ ਗੱਲ ਦਾ ਕਚੀਰ੍ਹਾ ਕਰੀ ਜਾ ਰਿਹਾ ਸੀ।
-”ਫ਼ੇਰ ਕੀ ਹੋ ਗਿਆ…? ਸਾਢੂ ਤੇ ਭਰਾ ‘ਚ ਕੀ ਫ਼ਰਕ ਹੁੰਦੈ? ਜੇ ਰਲ਼ ਮਿਲ਼ ਕੇ ਖਾਂਦੇ ਪੀਂਦੇ ਐ, ਕੋਈ ਮਾੜੀ ਗੱਲ ਐ…? ਨਾਲ਼ੇ ਘਰੇ ਈ ਪੀਂਦੇ ਐ, ਕਿਤੇ ਬਾਹਰ ਜਾ ਕੇ ਤਾਂ ਨ੍ਹੀ ਪੀਂਦੇ..?” ਮਾਂ ਫਿ਼ਰ ਬੋਲੀ। ਮੇਰਾ ਸਾਢੂ ਜਗਦੇਵ ਬਿਹਾਰ ਵਿਚ ਠੇਕੇ ਲੈਂਦਾ ਹੈ। ਜਦ ਮੈਂ ਇੰਡੀਆ ਜਾਣਾ ਹੁੰਦਾ ਸੀ। ਅਸੀਂ ‘ਕੱਠੇ ਹੀ ਸੀਟੀ ਰਲ਼ਾ ਕੇ ਦਿੱਲੀ ਪਹੁੰਚਦੇ ਸੀ ਅਤੇ ਇਕੱਠੇ ਹੀ ਪਿੰਡ ਆਉਂਦੇ ਸਾਂ। ਸਾਡੇ ਨਾਲ਼ ਬਾਈ ਇੰਦਰ ਰਲ਼ ਜਾਂਦਾ ਸੀ। ਵਾਹ ਲੱਗਦੀ ਉਹ ਹੀ ਮੈਨੂੰ ਏਅਰਪੋਰਟ ਤੋਂ ਲੈਣ ਆਉਂਦਾ ਸੀ।
-”ਚੰਗਾ..! ਪਾ ਲਿਆ ਕਰ ਸਲਾਮੀ ਇਹਨਾਂ ਨੂੰ…! ਸਾਲ਼ੇ ਪੀ ਕੇ ਭੈੜ੍ਹੇ ਜੇ ਆਨੇ ਕੱਢਦੇ ਐ ਤੇ ਨਾਲ਼ੇ ਬੁਲਾਉਂਦੇ ਐ ਬਿੱਲੀਆਂ…! ਫ਼ੇਰ ਸਾਲ਼ੇ ਉਤੇ ਨੂੰ ਡਿੱਗਣਗੇ..!”
-”ਕਾਹਨੂੰ ਖਿਝਦੇ ਹੁੰਨੇ ਐਂ ਜੁਆਕਾਂ ‘ਤੇ..? ਪੀ ਕੇ ਲੜਦੇ ਝਗੜਦੇ ਇਹ ਨ੍ਹੀ, ਆਬਦਾ ਮਨ ਰਾਜੀ ਕਰਦੇ ਐ ਤੇ ਰੋਟੀ ਖਾ ਕੇ ਸੌਂ ਜਾਂਦੇ ਐ…!”
-”ਅਜੇ ਇਹੇ ਜੁਆਕ ਐ? ਤੂੰ ਇਹਨਾਂ ਨੂੰ ਬਾਹਲ਼ਾ ਚਮਲ਼ਾਇਆ ਨਾ ਕਰ..! ਜੇ ਮੈਨੂੰ ਕੁਛ ਹੋ ਗਿਆ, ਇਹ ਤੇਰੇ ਨਾਸੀਂ ਧੂੰਆਂ ਲਿਆਉਣਗੇ..!”
-”ਕੁਛ ਨ੍ਹੀ ਹੁੰਦਾ..! ਕਦੇ ਮੂਹਰੇ ਨੀ ਬੋਲੇ ਜਿਉਣ ਜੋਕਰੇ..!”
-”ਚੰਗਾ…!” ਆਖ ਬਾਪੂ ਘਰੋਂ ਬਾਹਰ ਨਿਕਲ਼ ਗਿਆ ਸੀ।
….ਅਸੀਂ ਬਾਪੂ ਤੋਂ ਅੱਖ ਬਚਾ ਕੇ ਇਕ-ਇਕ ਪੈਗ ਲਾ ਲਿਆ।
-”ਬਾਈ ਆਪਾਂ ਟੁੰਡੇ ਨੂੰ ਬਾਪੂ ਕੋਲ਼ੋਂ ਪਾਸੇ ਕਰੀਏ, ਇਹ ਆਪਾਂ ਨੂੰ ਮਰਵਾਊ..!” ਜਗਦੇਵ ਬਾਈ ਇੰਦਰ ਦੀ ਗ਼ੈਰ-ਹਾਜ਼ਰੀ ਵਿਚ ਉਸ ਨੂੰ ‘ਟੁੰਡਾ’ ਹੀ ਆਖਦਾ ਸੀ।
-”ਬੈਠਾ ਰਹਿਣ ਦੇਹ…! ਆ ਕੇ ਆਪਾਂ ਨੂੰ ਈ ਖ਼ੁਆਰ ਕਰੂ..! ਲਾਈ ਜਾਣ ਦੇਹ ਲਹਿਰ ਬਾਪੂ ਨਾਲ਼ ਈ..!” ਮੈਂ ਕਿਹਾ।
….ਸੋ, ਬਾਈ ਇੰਦਰ ਮੇਰੇ ਨਾਲ਼ ਫ਼ੋਨ ‘ਤੇ ਹੀ ਗੱਲ ਬਾਤ ਕਰ ਰਿਹਾ ਸੀ।
-”ਤੇਰਾ ਆਉਣ ਦਾ ਕੀ ਪ੍ਰੋਗਰਾਮ ਐਂ…?” ਉਸ ਨੇ ਮੈਨੂੰ ਪੁੱਛਿਆ।
-”ਆਉਣ ਬਾਰੇ ਬਾਈ ਮੈਂ ਥੋਨੂੰ ਸਾਢੇ ਦਸ ਵਜੇ ਈ ਦੱਸ ਸਕਦੈਂ! ਅਜੇ ਐਥੇ ਸਵੇਰ ਦੇ ਸਾਢੇ ਪੰਜ ਵੱਜੇ ਐ…! ਤੁਸੀਂ ਬਾਪੂ ਦੀ ਦੇਹ ਨੂੰ ਫ਼ਰੀਜ਼ਰ ਵਿਚ ਲੁਆ ਦਿਓ!”
-”ਉਹ ਤਾਂ ਲੁਆ ਦਿੱਤੀ…!” ਆਖ ਕੇ ਬਾਈ ਨੇ ਮੇਰੇ ਮਨ ਤੋਂ ਮਣਾਂ ਮੂੰਹੀਂ ਭਾਰ ਲਾਹ ਸੁੱਟਿਆ।
-”ਕਿੱਥੇ…?”
-”ਲੁਹਾਰੇ…!”
-”ਮੈਂ ਥੋਨੂੰ ਸਾਢੇ ਦਸ ਵਜੇ ਤੋਂ ਬਾਅਦ ਹੀ ਫ਼ੋਨ ਕਰੂੰਗਾ…! ਮੈਨੂੰ ਸਾਢੇ ਕੁ ਦਸ ਵਜੇ ਵਿਜੇ ਦਾ ਫ਼ੋਨ ਆਉਣੈਂ! ਥੋਡੇ ਸ਼ਾਮ ਦੇ ਚਾਰ ਵੱਜੇ ਹੋਣਗੇ! ਨਾਲ਼ੇ ਮੇਰਾ ਦਿੱਲੀ ਤੋਂ ਆਉਣ ਦਾ ਫਿ਼ਕਰ ਨਾ ਕਰਿਓ, ਮੈਂ ਦੌਧਰ ਵਾਲ਼ੇ ਕਾਲ਼ੇ ਨੂੰ ਫ਼ੋਨ ਕਰ ਦਿੱਤੈ, ਉਹ ਮੈਨੂੰ ਲੈਣ ਆਊਗਾ! ਕਾਉਂਕਿਆਂ ਆਲ਼ਾ ਜਗਜੀਤ ਤਾਂ ਮੈਨੂੰ ਮਿਲਿ਼ਆ ਨ੍ਹੀ!”
-”ਚੱਲ ਤੂੰ ਸਾਨੂੰ ਫ਼ੋਨ ਕਰਦੀਂ, ਜਦੋਂ ਪਤਾ ਲੱਗਿਆ…!” ਆਖ ਕੇ ਬਾਈ ਨੇ ਫ਼ੋਨ ਰੱਖ ਦਿੱਤਾ।