ਅੰਮ੍ਰਿਤਸਰ- ਬਹੁਤ ਲੰਬੇ ਸਮੇਂ ਦੀ ਜਦੋਜਹਿਦ ਦੇ ਬਾਅਦ ਸਿੱਖਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਕਲਗੀ ਦੇ ਦਰਸ਼ਨ ਨਸੀਬ ਹੋਏ ਹਨ। ਇਹ ਪਵਿਤਰ ਕਲਗੀ ਸ੍ਰੀ ਅਕਾਲ ਤਖਤ ਸਾਹਿਬ ਤੇ ਸੁਸ਼ੋਭਿਤ ਕਰ ਦਿਤੀ ਗਈ ਹੈ। ਇਸ ਨੂੰ ਸ਼ੀਸ਼ੇ ਦੇ ਬਕਸੇ ਵਿਚ ਰੱਖਿਆ ਗਿਆ ਹੈ।
ਗੁਰੂ ਗੋਬਿੰਦ ਸਿੰਘ ਜੀ ਦੀ ਇਸ ਪਵਿਤਰ ਕਲਗੀ ਨੂੰ ਇੰਗਲੈਂਡ ਤੋਂ ਪ੍ਰਵਾਸੀ ਭਾਰਤੀ ਕਮਲਜੀਤ ਸਿੰਘ ਬੋਪਾਰਾਏ ਅਤੇ ਡੀਆਈਜੀ ਹਰਪ੍ਰੀਤ ਸਿੰਘ ਸਿੱਧੂ ਦੁਆਰਾ ਦਿੱਲੀ ਹਵਾਈ ਅੱਡੇ ਤੇ ਲਿਆਂਦਾ ਗਿਆ। ਅਕਾਲ ਤਖਤ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਅਨੁਸਾਰ ਕਲਗੀ ਨੂੰ ਸੁਰੱਖਿਅਤ ਰੱਖਣ ਦਾ ਫੈਂਸਲਾ ਪੰਜ ਸਿੰਘ ਸਹਿਬਾਨ ਕਰਨਗੇ। ਇਸ ਦੀ ਪ੍ਰਮਾਣਿਕਤਾ ਲਈ ਸ੍ਰੀ ਅਕਾਲ ਤਖਤ ਸਾਹਿਬ ਤੋਂ ਡਾ: ਖੜਗ ਸਿੰਘ ਦੀ ਅਗਵਾਈ ਵਿਚ ਦਿਸੰਬਰ 2007 ਵਿਚ ਇਕ ਕਮੇਟੀ ਬਣਾਈ ਗਈ ਸੀ। ਇਸ ਪਵਿਤਰ ਕਲਗੀ ਵਿਚ ਸੁਰਖਾਬ ਦੇ ਖੰਭ ਲਗੇ ਹੋਏ ਹਨ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛਡਿਆ ਸੀ ਤਾਂ ਉਨ੍ਹਾਂ ਨੇ ਆਪਣੀ ਪੁਸ਼ਾਕ ਅਤੇ ਕਲਗੀ ਭਾਈ ਸੰਗਤ ਸਿੰਘ ਨੂੰ ਪਹਿਨਾ ਦਿਤੀ ਸੀ। ਮੁਗਲ ਫੌਜ ਨੇ ਭਾਈ ਸੰਗਤ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਜੀ ਸਮਝ ਕੇ ਸ਼ਹੀਦ ਕਰ ਦਿਤਾ ਸੀ। ਸਿੱਖ ਇਤਿਹਾਸਕਾਰਾਂ ਅਨੁਸਾਰ ਇਹ ਉਹ ਕਲਗੀ ਹੈ ਜੋ ਗੁਰੂ ਗੋਬਿੰਦ ਸਿੰਘ ਨੇ ਭਾਈ ਸੰਗਤ ਸਿੰਘ ਨੂੰ ਦਿਤੀ ਸੀ। ਇਸ ਕਲਗੀ ਨੂੰ 140 ਸਾਲ ਦੇ ਕਰੀਬ ਮਹਾਰਾਜਾ ਰਣਜੀਤ ਸਿੰਘ ਦੇ ਤੋਸ਼ੇਖਾਨੇ ਵਿਚ ਸੰਭਾਲ ਕੇ ਰੱਖਿਆ ਗਿਆ। 1849 ਵਿਚ ਅੰਗਰੇਜ ਸਰਕਾਰ ਨੇ ਇਹ ਕਲਗੀ ਇੰਗਲੈਂਡ ਭੇਜ ਦਿਤੀ ਸੀ। ਹੁਣ 160 ਸਾਲ ਬਾਅਦ ਇਹ ਵਾਪਿਸ ਸਿੱਖਾਂ ਕੋਲ ਆਈ ਹੈ।