ਅੰਮ੍ਰਿਤਸਰ :– ਸਿੱਖ ਕੌਮ ਦੇ ਅਨਮੋਲ ਵਿਰਸੇ ਨੂੰ ਵਿਰਾਸਤ ਵਜੋਂ ਹੂ-ਬ-ਹੂ ਸੰਭਾਲਣ ਦੇ ਉਦੇਸ਼ ਨਾਲ ਸਿੱਖ ਜਗਤ ਦੀਆਂ ਧਾਰਮਿਕ ਭਾਵਨਾਵਾਂ ਨਾਲ ਜੁੜੀ ਹੋਈ ਅਤੇ ਗੁਰੂ ਸਾਹਿਬਾਨ ਵਲੋਂ ਉਸਾਰੀ ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਉੜੀ ਦੀ ਇਤਿਹਾਸਕ ਮਹੱਤਤਾ ਨੂੰ ਮੁੱਖ ਰੱਖਦਿਆਂ, ਇਸ ਦੀ ਹੂ-ਬ-ਹੂ ਸਾਂਭ-ਸੰਭਾਲ ਦਾ ਕਾਰਜ ਅੱਜ ਅਰਦਾਸ ਉਪਰੰਤ ਪੰਜ ਸਿੰਘ ਸਾਹਿਬਾਨ ਵਲੋਂ ਟੱਕ ਲਗਾ ਕੇ ਕੀਤਾ ਗਿਆ।
ਇਸ ਮੌਕੇ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਇਸ ਸਾਂਭ-ਸੰਭਾਲ ਦਾ ਮੁੱਖ ਮੰਤਵ ਕੰਜ਼ਰਵੇਸ਼ਨ ਵਿਭਾਗ ਦੇ ਮਾਹਰਾਂ ਦੇ ਸਹਿਯੋਗ ਨਾਲ ਇਸ ਇਤਿਹਾਸਕ ਦਰਸ਼ਨੀ ਡਿਉੜੀ ਦੀ ਪੁਰਾਤਨ ਇਮਾਰਤ ਦੀ ਭਵਨ ਨਿਰਮਾਣ ਕਲਾ ਦੀ ਸ਼ਾਨ ਨੂੰ ਬਰਕਰਾਰ ਰੱਖਣਾ ਹੈ। ਇਸ ਇਮਾਰਤ ਦੀ ਪਹਿਲਾਂ ਕੀਤੀ ਮੁਰੰਮਤ ਸਮੇਂ ਵਰਤੀ ਸਮੱਗਰੀ ਜਿਹੜੀ ਇਸ ਢਾਂਚੇ ਨਾਲ ਮੇਲ ਨਹੀਂ ਖਾਂਦੀ, ਨੂੰ ਚੂਨੇ ਦੇ ਪਲਸਤਰ ਆਦਿ ਪੁਰਾਤਨ ਸਮੱਗਰੀ ਨਾਲ ਬਦਲਿਆ ਜਾਵੇਗਾ, ਜਿਸ ਨਾਲ ਇਸ ਇਮਾਰਤ ਦੇ ਢਾਂਚੇ ਦੀ ਮਿਆਦ ਵਿੱਚ ਵਾਧਾ ਹੋਵੇਗਾ। ਦਰਸ਼ਨੀ ਡਿਉੜੀ ਦੀ ਛੱਤ ਨੂੰ ਚੂਨੇ ਨਾਲ ਮੁੜ ਪਲਸਤਰ ਕੀਤਾ ਜਾਵੇਗਾ। ਮੌਜੂਦਾ ਪਾਈਪਾਂ ਨੂੰ ਬਾਰਸ਼ ਦੇ ਪਾਣੀ ਲਈ ਵਿਸ਼ੇਸ਼ ਤੌਰ ’ਤੇ ਬਣਾਈਆਂ ਪਾਈਪਾਂ ਨਾਲ ਬਦਲਿਆ ਜਾਵੇਗਾ, ਜਿਸ ਨਾਲ ਇਸ ਢਾਂਚੇ ਦੀ ਮਿਆਦ ਵਿੱਚ ਵੀ ਵਾਧਾ ਹੋਵੇਗਾ। ਛੱਜਿਆਂ ਅਤੇ ਬਰੈਕਟਾਂ ਨੂੰ ਪੁਰਾਤਨ ਢੰਗ ਨਾਲ ਨਵਿਆਇਆ ਜਾਵੇਗਾ। ਡਿਉੜੀ ਦੀਆਂ ਬਾਰੀਆਂ ਨੂੰ ਪੁਰਾਤਨ ਡਿਜ਼ਾਈਨ ਅਨੁਸਾਰ ਦੁਬਾਰਾ ਬਣਾਇਆ ਜਾਵੇਗਾ। ਕਲੀ/ਪੇਂਟ ਦੀਆਂ ਪਰਤਾਂ ਨੂੰ ਸਾਵਧਾਨੀ ਨਾਲ ਉਤਾਰ ਅਸਲ ਸੱਤਾ ’ਤੇ ਬਣੀਆਂ ਪੇਟਿੰਗਾਂ ਅਤੇ ਸੰਗਮਰਮਰ ਦੇ ਚੂਨੇ ਨਾਲ ਪਲਸਤਰ ਨਾਲ ਪਹਿਲੀ ਦਿੱਖ ਨੂੰ ਮੁੜ ਸਾਹਮਣੇ ਲਿਆਂਦਾ ਜਾਵੇਗਾ। ਬਾਹਰੀ ਪਾਸੇ ਦੀ ਕੰਧ ’ਤੇ ਬਣੀਆਂ ਪੇਟਿੰਗਾਂ ਨੂੰ ਸਾਫ਼ ਕਰਕੇ ਅੰਤਰ-ਰਾਸ਼ਟਰੀ ਮਾਪਦੰਡਾਂ ਅਨੁਸਾਰ ਉਨ੍ਹਾਂ ਦੀ ਸੰਭਾਲ ਕੀਤੀ ਜਾਵੇਗੀ। ਇਸ ਸਾਂਭ-ਸੰਭਾਲ ਦਾ ਇਹ ਕਾਰਜ ‘ਸੰਰਕਸ਼ਣ ਹੈਰੀਟੇਜ਼ ਕੰਨਸਲਟੈਂਟ ਪ੍ਰਾ: ਲਿਮ: ਦਿੱਲੀ’ ਨੂੰ ਦਿੱਤਾ ਗਿਆ ਹੈ। ਇਸ ਪੁਰ 55 ਲੱਖ ਰੁਪਏ ਖਰਚ ਆਉਣ ਦਾ ਅਨੁਮਾਨ ਹੈ ਅਤੇ ਇਹ ਕਾਰਜ 6 ਮਹੀਨਿਆਂ ਵਿਚ ਮੁਕੰਮਲ ਹੋ ਜਾਵੇਗਾ।
ਅਰਦਾਸ ਉਪਰੰਤ ਇਸ ਕਾਰਜ ਦੀ ਅਰੰਭਤਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਕਾਰਜਕਾਰੀ ਹੈੱਡ ਗੰ੍ਰਥੀ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ, ਸਿੰਘ ਸਾਹਿਬ ਗਿਆਨੀ ਮੱਲ ਸਿੰਘ, ਸਿੰਘ ਸਾਹਿਬ ਗਿਆਨੀ ਮਾਨ ਸਿੰਘ, ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਅਤੇ ਸਿੰਘ ਸਾਹਿਬ ਗਿਆਨੀ ਸੁਖਜਿੰਦਰ ਸਿੰਘ ਨੇ ਟੱਕ ਲਾ ਕੇ ਕੀਤੀ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਦਲਮੇਘ ਸਿੰਘ, ਡਿਪਟੀ ਕਮਿਸ਼ਨਰ ਸ. ਕਾਹਨ ਸਿੰਘ ਪੰਨੂ, ਮੈਂਬਰ ਸ਼੍ਰੋਮਣੀ ਕਮੇਟੀ ਸ. ਸੁਖਵਿੰਦਰ ਸਿੰਘ ਪੱਟੀ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਬਲਬੀਰ ਸਿੰਘ, ਡਾ: ਸੂਬਾ ਸਿੰਘ, ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਡਾ: ਗੁਰਬਚਨ ਸਿੰਘ, ਸੂਚਨਾ ਅਧਿਕਾਰੀ ਸ. ਗੁਰਬਚਨ ਸਿੰਘ, ਪਬਲੀਸਿਟੀ ਵਿਭਾਗ ਦੇ ਇੰਚਾਰਜ ਸ. ਰਾਮ ਸਿੰਘ ਆਦਿ ਵੀ ਮੌਜੂਦ ਸਨ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਖ ਕੌਮ ਦੇ ਅਨਮੋਲ ਵਿਰਸੇ ਨੂੰ ਵਿਰਾਸਤ ਵਜੋਂ ਸੰਭਾਲਣ ਲਈ ਗੁਰਦੁਆਰਾ ਬਾਬਾ ਅਟੱਲ ਰਾਏ ਜੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਦੇ ਨਾਲ ਲੱਗਦੇ ‘ਬੁੰਗਾ ਰਾਮਗੜ੍ਹੀਆ’ ਨੂੰ ਕੰਜ਼ਰਵੇਸ਼ਨ ਮਾਹਰਾਂ ਦੀ ਰਾਏ ਅਨੁਸਾਰ ਸਾਂਭ-ਸੰਭਾਲ ਦਾ ਕੰਮ ਜਾਰੀ ਹੈ ਅਤੇ ਜਲਦ ਹੀ ਫਤਹਿਗੜ੍ਹ ਸਾਹਿਬ ਵਿਖੇ ਦੀਵਾਨ ਟੋਡਰ ਮੱਲ ਦੀ ਹਵੇਲੀ ਅਤੇ ਗੁਰਦੁਆਰਾ ਫਤਹਿਗੜ੍ਹ ਸਾਹਿਬ ਦੇ ਨਾਲ ਲੱਗਦੇ ਬਾਬਾ ਬੰਦਾ ਸਿੰਘ ਜੀ ਬਹਾਦਰ ਨਾਲ ਸਬੰਧਤ ਇਤਿਹਾਸਕ ਥੇਹ ਨੂੰ ਵੀ ਸੰਭਾਲਣ ਦਾ ਕਾਰਜ ਵੀ ਜਲਦ ਆਰੰਭ ਕੀਤਾ ਜਾ ਰਿਹਾ ਹੈ।
ਇਸ ਉਪਰੰਤ ਜਥੇਦਾਰ ਅਵਤਾਰ ਸਿੰਘ, ਸਿੰਘ ਸਾਹਿਬਾਨ ਤੇ ਸਕੱਤਰ ਸ. ਦਲਮੇਘ ਸਿੰਘ ਨਾਲ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧ ਸਬੰਧੀ ਵਿਚਾਰ-ਵਟਾਂਦਰਾ ਵੀ ਕੀਤਾ। ਉਪਰੰਤ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਵੀ ਹੋਏ।