ਉੱਤਰ ਕੋਰੀਆ ਵਲੋਂ ਕਈ ਮਿਸਾਈਲਾਂ ਦਾਗਣ ਤੋਂ ਬਾਅਦ ਰੂਸ, ਚੀਨ ਅਤੇ ਅਮਰੀਕਾ ਨੇ ਸੰਜਮ ਵਰਤਣ ਦੀ ਅਪੀਲ ਕੀਤੀ ਹੈ। ਉੱਤਰ ਕੋਰੀਆ ਵਲੋਂ ਚਾਰ ਜੁਲਾਈ ਨੂੰ ਸੱਤ ਬਲਾਸਟਿਕ ਮਿਸਾਈਲਾਂ ਦਾਗੀਆਂ ਗਈਆਂ ਜਿਨ੍ਹਾਂ ਦੀ ਰੇਂਜ ਅੰਦਾਜ਼ਨ 500 ਕਿਲੋਮੀਟਰ ਸੀ।
ਰੂਸ ਅਤੇ ਚੀਨ ਨੇ ਉੱਤਰ ਕੋਰੀਆ ਨਾਲ ਗੱਲਬਾਤ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ ਜਦਕਿ ਇਕ ਅਮਰੀਕੀ ਅਧਿਕਾਰੀ ਨੇ ਕਿਹਾ ਹੈ ਕਿ ਉਹ ਤਨਾ ਹੋਰ ਨਾ ਵਧਾਵੇ। ਸੰਯੁਕਤ ਰਾਸ਼ਟਰ ਵਲੋਂ ਲਾਈਆਂ ਪਾਬੰਦੀਆਂ ਦੇ ਤਹਿਤ ਉੱਤਰ ਕੋਰੀਆ ‘ਤੇ ਬਲਾਸਟਿਕ ਮਿਸਾਈਲ ਨਾਲ ਜੁੜੀਆਂ ਸਰਗਰਮੀਆਂ ਕਰਨ ਦੀ ਰੋਕ ਹੈ। ਮਈ ਵਿਚ ਉੱਤਰ ਕੋਰੀਆ ਨੇ ਦੂਜੀ ਵਾਰੀ ਜ਼ਮੀਨ ਹੇਠਾਂ ਪ੍ਰਮਾਣੂ ਪਰੀਖਣ ਕੀਤਾ ਸੀ ਜਿਸਤੋਂ ਬਾਅਦ ਇਹ ਪਾਬੰਦੀਆਂ ਹੋਰ ਸਖ਼ਤ ਕਰ ਦਿੱਤੀਆਂ ਗਈਆਂ ਸਨ।
ਪ੍ਰਮਾਣੂ ਪਰੀਖਣ ਤੋਂ ਬਾਅਦ ਉੱਤਰ ਕੋਰੀਆ ਨੇ ਕਈ ਮਿਸਾਈਲਾਂ ਦਾਗੀਆਂ ਹਨ। ਵੀਰਵਾਰ ਨੂੰ ਉਸ ਵਲੋਂ ਘੱਟ ਦੂਰੀ ਦੀਆਂ ਮਿਸਾਈਲਾਂ ਦਾਗ਼ੀਆਂ ਗਈਆਂ। ਇਹ ਮਿਸਾਈਲਾਂ ਸੀ ਆਫ਼ ਜਾਪਾਨ ਵਿਚ ਜਾਕੇ ਡਿੱਗੀਆਂ। ਦੱਖਣੀ ਅਫ਼ਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਮਿਸਾਈਲਾਂ ਮੱਧ ਦੂਰੀਆਂ ਦੀਆਂ ਹੋ ਸਕਦੀਆਂ ਹਨ ਜਿਨ੍ਹਾਂ ਨਾਲ ਜਾਪਾਨ ਤੱਕ ਹਮਲਾ ਕੀਤਾ ਜਾ ਸਕਦਾ ਹੈ। ਦੱਖਣੀ ਕੋਰੀਆ ਅਤੇ ਜਾਪਾਨ ਨੇ ਇਸਨੂੰ ਭੜਕਾਊ ਕਦਮ ਦਸਿਆ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਦੇ ਇਕ ਬੁਲਾਰੇ ਨੇ ਕਿਹਾ ਹੈ ਕਿ ਇਹ ਕਦਮ ਮਦਦਗਾਰ ਨਹੀਂ ਹੈ ਅਤੇ ਉੱਤਰ ਕੋਰੀਆ ਨੂੰ ਅਜਿਹਾ ਕੰਮ ਨਹੀਂ ਕਰਨਾ ਚਾਹੀਦਾ ਜਿਸ ਨਾਲ ਤਨਾਅ ਵਧੇ। ਰੂਸ ਅਤੇ ਚੀਨ ਨੇ ਸਭ ਧਿਰਾਂ ਨੂੰ ਕਿਹਾ ਹੈ ਕਿ ਉਹ ਅਜਿਹਾ ਕੁਝ ਨਾ ਕਰਨ ਜਿਸ ਨਾਲ ਅਸਥਿਰਤਾ ਹੋਰ ਵਧੇ।
ਉੱਤਰ ਕੋਰੀਆ ਆਪਣੇ ਪ੍ਰਮਾਣੂ ਪ੍ਰੋਗਰਾਮ ਨੂੰ ਖਤਮ ਕਰਨ ਸਬੰਧੀ ਗੱਲਬਾਤ ਤੋਂ ਵਖ ਹੋ ਗਿਆ ਸੀ। ਇਸਤੋਂ ਬਾਅਦ ਬਾਕੀ ਦੇਸ਼ਾਂ ਦੇ ਨਾਲ ਉਸਦੇ ਸਬੰਧ ਤਨਾਅਪੂਰਣ ਰਹੇ ਹਨ। ਉੱਤਰ ਕੋਰੀਆ ਕਹਿ ਚੁਕਿਆ ਹੈ ਕਿ ਉਹ ਯੂਰੇਨੀਅਮ ਦੀ ਸੋਧ ਦਾ ਕੰਮ ਸ਼ੁਰੂ ਕਰ ਦੇਵੇਗਾ। ਇਸ ਨਾਲ ਖਦਸ਼ਾ ਹੈ ਕਿ ਉਹ ਅਜਿਹੇ ਪ੍ਰਮਾਣੂ ਜੰਗੀ ਹਥਿਆਰ ਬਣਾ ਰਿਹਾ ਹੈ ਜਿਸ ਨਾਲ ਮਿਸਾਈਲਾਂ ਦਾਗ਼ੀਆਂ ਜਾ ਸਕਣਗੀਆਂ। ਹਾਲਾਂਕਿ ਮਾਹਿਰਾਂ ਦਾ ਕਹਿਣਾ ਹੈ ਕਿ ਅਜਿਹਾ ਕਰਨ ਵਿਚ ਸਮਾਂ ਲਗੇਗਾ। 12 ਜੂਨ ਨੂੰ ਸੰਯੁਕਤ ਰਾਸ਼ਟਰ ਸੁਰਖਿਆ ਕੌਂਸਲ ਨੇ ਇਕ ਮਤਾ ਪਾਸ ਕੀਤਾ ਸੀ ਜਿਸ ਵਿਚ ਹਵਾਈ, ਜ਼ਮੀਨੀ ਅਤੇ ਸਮੁੰਦਰੀ ਮਾਰਗ ਦੇ ਜ਼ਰੀਏ ਉੱਤਰ ਕੋਰੀਆ ਤੋਂ ਆਉਣ ਅਤੇ ਜਾਣ ਵਾਲੀ ਸਾਰੀ ਸਮਗਰੀ ਦੀ ਜਾਂਚ ਕੀਤੀ ਜਾ ਸਕੇਗੀ ਜਿਸ ‘ਤੇ ਪਾਬੰਦੀਸ਼ੁਦਾ ਹਥਿਆਰ ਹੋਣ ਦਾ ਖਦਸ਼ਾ ਹੋਵੇ। ਉੱਤਰ ਕੋਰੀਆ ਨੇ ਕਿਹਾ ਹੈ ਕਿ ਉਹ ਅਜਿਹੇ ਕਿਸੇ ਕਦਮ ਨੂੰ ਜੰਗ ਦਾ ਐਲਾਨ ਮੰਨੇਗਾ।
ਉੱਤਰ ਕੋਰੀਆ ਨੂੰ ਸੰਜਮ ਵਰਤਣ ਦੀ ਅਪੀਲ
This entry was posted in ਭਾਰਤ.