ਚੰਡੀਗੜ੍ਹ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਫਰਵਰੀ ਮਹੀਨੇ ਵਿਚ ਕਰਾਉਣ ਦੀਆਂ ਤਿਆਰੀਆਂ ਗੁਰਦੁਆਰਾ ਚੋਣ ਕਮਿਸ਼ਨ ਵਲੋਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਨ੍ਹਾਂ ਚੋਣਾਂ ਦੌਰਾਨ ਪੰਜਾਬ ਤੋਂ ਇਲਾਵਾ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਵਿਚੋਂ ਵੀ ਮੈਂਬਰਾਂ ਦੀ ਚੋਣ ਕੀਤੀ ਜਾਂਦੀ ਹੈ। ਇਹੀ ਕਾਰਨ ਹੈ ਕਿ ਪਿਛਲੇ ਕਈ ਸਾਲਾਂ ਤੋਂ ਹਰਿਆਣੇ ਦੇ ਕੁਝ ਸਿੱਖ ਲੀਡਰਾਂ ਵਲੋਂ ਵੱਖਰੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਨਾਉਣ ਲਈ ਕੋਸਿ਼ਸ਼ਾਂ ਕੀਤੀਆਂ ਜਾਂਦੀਆਂ ਰਹੀਆਂ ਹਨ। ਇਹ ਚੋਣਾਂ ਗੁਰਦੁਆਰਾ ਐਕਟ 1925 ਦੇ ਆਧਾਰ ‘ਤੇ ਹਰ ਪੰਜ ਸਾਲਾਂ ਬਾਅਦ ਕਰਵਾਈਆਂ ਜਾਂਦੀਆਂ ਹਨ।
ਇਸੇ ਹੀ ਰੁਝਾਨ ਨੂੰ ਜਾਰੀ ਰੱਖਦੇ ਹੋਏ ਗੁਰਦੁਆਰਾ ਚੋਣ ਕਮਿਸ਼ਨ ਵਲੋਂ ਵੋਟਰ ਸੂਚੀਆਂ ਦੀ ਸੋਧ ਕਰਨ ਅਤੇ ਨਵੇਂ ਵੋਟਰਾਂ ਨੂੰ ਇਸ ਵਿਚ ਸ਼ਾਮਲ ਕਰਨ ਲਈ ਸੂਚੀਆਂ ਤਿਆਰ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਦੌਰਾਨ ਵੋਟਰਾਂ ਦੇ ਸ਼ਨਾਖਤੀ ਕਾਰਡ ਵੀ ਬਣਾਏ ਜਾ ਰਹੇ ਹਨ। ਇਸ ਦੌਰਾਨ ਸਿੱਖ ਵੋਟਰਾਂ ਦੀ ਸੂਚੀ ਨੂੰ ਦਰੁਸਤ ਕਰਨ ਲਈ ਪਟਵਾਰੀ ਪਿੰਡ ਪਿੰਡ ਜਾ ਕੇ ਫਾਰਮ ਭਰਵਾਉਣਗੇ ਅਤੇ ਇਵੇਂ ਹੀ ਸ਼ਹਿਰਾਂ ਵਿਚ ਮਿਊਸੀਪਲ ਮੁਲਾਜ਼ਮ ਘਰ ਘਰ ਜਾ ਕੇ ਇਹ ਫਾਰਮ ਭਰਵਾਉਣਗੇ। ਆਸ ਕੀਤੀ ਜਾ ਰਹੀ ਹੈ ਕਿ ਇਸ ਕਾਰਜ ਨੂੰ ਪੂਰਿਆਂ ਕਰਨ ਤੱਕ ਕੁਝ ਮਹੀਨੇ ਲੱਗ ਜਾਣਗੇ। ਇਸੇ ਦੇ ਤਹਿਤ ਹੀ 120 ਸੀਟਾਂ ‘ਤੇ ਵੋਟਾਂ ਫਰਵਰੀ ਦੇ ਮਹੀਨੇ ਵਿਚ ਪੈਣ ਦੀ ਆਸ ਕੀਤੀ ਜਾ ਰਹੀ ਹੈ। ਪੰਜਾਬ ਵਿਚ ਭਰਿਆ ਜਾਣ ਵਾਲਾ ਫਾਰਮ ਪੰਜਾਬੀ ਵਿਚ ਹੋਵੇਗਾ ਜਦਕਿ ਹਰਿਆਣਾ, ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਵਿਚ ਭਰਿਆ ਜਾਣ ਵਾਲਾ ਫਾਰਮ ਪੰਜਾਬੀ ਅਤੇ ਹਿੰਦੀ ਦੋ ਭਾਸ਼ਾਵਾਂ ਵਿਚ ਹੋਵੇਗਾ। 120 ਸੀਟਾਂ ਚੋਂ ਅੱਠ ਹਲਕੇ ਹਰਿਆਣੇ ਅਤੇ ਇਕ ਇਕ ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਵਿਚ ਹੈ, ਬਾਕੀ ਬਚਦੇ 110 ਹਲਕੇ ਪੰਜਾਬ ਵਿਚ ਹਨ।
ਜਿਹੜਾ ਫਾਰਮ ਭਰਿਆ ਜਾਣਾ ਹੈ ਉਸ ਮੁਤਾਬਕ ਵੋਟਰ ਕੇਸਾਧਾਰੀ ਸਿੱਖ ਦਾੜ੍ਹੀ ਨਾ ਕਟਦਾ ਹੋਵੇ, ਤੰਬਾਕੂ ਨਾ ਪੀਂਦਾ ਹੋਵੇ, ਹਲਾਲ ਮੀਟ ਅਤੇ ਸ਼ਰਾਬ ਨਾ ਪੀਂਦਾ ਹੋਵੇ ਅਤੇ ਪਤਿਤ ਸਿੱਖ ਨਾ ਹੋਵੇ ਅਤੇ ਇਸੇ ਤਰ੍ਹਾਂ ਬੀਬੀਆਂ ਵਾਸਤੇ ਵੀ ਸਿਰ ਦੇ ਵਾਲ ਅਤੇ ਭਰਵੱਟੇ ਕੱਟਣ ਦੀ ਮਨਾਹੀ ਵਾਲੀ ਸ਼ਰਤ ਫਾਰਮ ਵਿਚ ਰੱਖੀ ਗਈ ਹੈ। ਵੋਟਰ ਦੀ ਉਮਰ 21 ਸਾਲ ਜਾਂ ਇਸਤੋਂ ਵੱਧ ਹੋਣੀ ਚਾਹੀਦੀ ਹੈ। ਜਦਕਿ ਆਮ ਚੋਣਾਂ ਵਿਚ ਵੋਟਰ ਦੀ ਉਮਰ 18 ਸਾਲ ਰੱਖੀ ਗਈ ਹੈ।
ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੀਆਂ ਤਿਆਰੀਆਂ ਸ਼ੁਰੂ
This entry was posted in ਪੰਜਾਬ.