ਲੰਦਨ-ਰਾਜਰ ਫੈਡਰਰ ਨੇ ਮੈਰਾਥਨ ਮੁਕਾਬਲੇ ਵਿਚ ਅਮਰੀਕਾ ਦੇ ਐਂਡੀ ਰਾਡਿਕ ਨੂੰ ਹਰਾਕੇ ਵਿੰਬਲਡਨ ਟੂਰਨਾਮੈਂਟ ਜਿੱਤ ਲਿਆ ਹੈ। ਫੈਡਰਰ ਦਾ ਇਹ 15ਵਾਂ ਗਰੈਂਡ ਸਲੈਮ ਹੈ। ਇਸ ਜਿੱਤ ਦੇ ਨਾਲ ਹੀ ਫੈਡਰਰ ਨੇ ਸਭ ਤੋਂ ਵਧੇਰੇ ਗਰੈਂਡ ਸਲੈਮ ਜਿੱਤਣ ਦਾ ਇਤਿਹਾਸ ਰਚ ਲਿਆ ਹੈ। ਪਹਿਲਾਂ ਇਹ ਰਿਕਾਰਡ ਅਮਰੀਕਾ ਦੇ ਪੀਟ ਸੈਂਪ੍ਰਾਸ ਦੇ ਨਾਮ ਸੀ। ਉਸਨੇ ਆਪਣੇ ਕੈਰੀਅਰ ਦੌਰਾਨ 14 ਗਰੈਂਡ ਸਲੈਮ ਜਿੱਤੇ ਸਨ।
ਫਾਈਨਲ ਮੁਕਾਬਲੇ ਵਿਚ ਅਮਰੀਕਾ ਦੇ ਐਂਡੀ ਰਾਡਿਕ ਨੇ ਫੈਡਰਰ ਦਾ ਸ਼ਾਨਦਾਰ ਮੁਕਾਬਲਾ ਕੀਤਾ। ਉਨ੍ਹਾਂ ਨੇ ਮੁਕਾਬਲੇ ਨੂੰ ਪੰਜ ਸੈਟਾਂ ਤੱਕ ਲਮਕਾਇਆ। ਕਦੀ ਕਦੀ ਤਾਂ ਅਜਿਹਾ ਲੱਗ ਰਿਹਾ ਸੀ ਕਿ ਮੁਕਾਬਲੇ ਦਾ ਨਤੀਜਾ ਰਾਡਿਕ ਦੇ ਹੱਕ ਵਿਚ ਹੀ ਜਾਵੇਗਾ, ਪਰ ਫਾਈਨਲ ਦੇ ਰਿਜਲਟ ਫੈਡਰਰ ਦੇ ਹੱਥਾਂ ਵਿਚ ਰਿਹਾ। ਫੈਡਰਰ ਰਿਕਾਰਡ 20ਵੀਂ ਵਾਰ ਕਿਸੇ ਵੀ ਗਰੈਂਡ ਸਲੈਮ ਦੇ ਫਾਈਨਲ ਵਿਚ ਪਹੁੰਚੇ ਸਨ। ਫੈਡਰਰ ਨੇ ਇਹ ਮੁਕਾਬਲਾ ਛੇਵੀਂ ਵਾਰ ਜਿੱਤਿਆ ਹੈ।
ਇਹ ਮੈਚ ਜਿੱਤਣ ਲਈ ਫੈਡਰਰ ਨੂੰ ਚਾਰ ਘੰਟੇ ਦਾ ਸਮਾਂ ਲਗਿਆ, ਇਹ ਮੈਚ ਉਸਨੇ 5-7, 7-6, 7-6, 3-6, 16-14 ਨਾਲ ਜਿੱਤ ਲਿਆ। ਰਾਡਿਕ ਅਤੇ ਫੈਡਰਰ ਦਾ ਇਕ ਦੂਜੇ ਨਾਲ ਹੁਣ ਤੱਕ ਦਾ 21ਵਾਰ ਮੁਕਾਬਲਾ ਹੋਇਆ ਹੈ ਜਿਸ ਵਿਚ ਫੈਡਰਰ ਨੇ 19 ਵਾਰ ਜਿੱਤ ਹਾਸਲ ਕੀਤੀ ਅਤੇ ਰਾਡਿਕ ਸਿਰਫ਼ ਦੋ ਵਾਰ ਜਿੱਤੇ। ਇਸ ਤੋਂ ਪਹਿਲਾਂ ਫੈਡਰਰ ਉਨ੍ਹਾਂ ਨੂੰ 2004 ਅਤੇ 2005 ਦੇ ਵਿੰਬਲਡਨ ਵਿਚ ਅਤੇ 2006 ਦੇ ਅਮਰੀਕੀ ਓਪਨ ਦੇ ਫਾਈਨਲ ਵਿਚ ਹਰਾ ਚੁੱਕੇ ਹਨ।
ਜਿ਼ਕਰਯੋਗ ਹੈ ਕਿ ਇਕ ਸਮੇਂ ਇਹ ਮੰਨਿਆ ਜਾਣ ਲਗਿਆ ਸੀ ਕਿ ਫੈ਼ਡਰਰ ਦਾ ਦੌਰ ਖ਼ਤਮ ਹੋ ਗਿਆ ਪਰ ਇਸ ਖਿਡਾਰੀ ਨੇ ਹਾਰ ਨਾ ਮੰਨੀ ਅਤੇ ਸ਼ਾਨਦਾਰ ਵਾਪਸੀ ਕੀਤੀ। ਪਿਛਲੀ ਵਾਰ ਦੇ ਫਾਈਨਲ ਵਿਚ ਫੈਡਰਰ ਨੰਬਰ ਖਿਡਾਰੀ ਰਫਾਇਲ ਨਡਾਲ ਤੋਂ ਹਾਰ ਗਏ ਸਨ।
ਫੇਡਰਰ ਨੇ ਇਤਿਹਾਸ ਰਚਿਆ
This entry was posted in ਖੇਡਾਂ.