ਜਗਰਾਂਵ ( ਲੁਧਿਆਣਾ )- ਧਮਾਕਾਖੇਜ਼ ਸਮੇਤ ਗ੍ਰਿਫਤਾਰ ਸੰਤ ਬਾਬਾ ਬਲਬੀਰ ਸਿੰਘ ਵਲੋਂ ਪਿਛਲੇ 15-16 ਸਾਲਾਂ ਦੌਰਾਨ ਕੀਤੀਆਂ ਗਈਆਂ ਵਿਦੇਸ਼ ਯਾਤਰਾਵਾਂ ਦੇ ਰਿਕਾਰਡਾਂ ਦੀ ਵੀ ਪੁਲਿਸ ਚੰਗੀ ਤਰ੍ਹਾਂ ਪੜਚੋਲ ਕਰ ਰਹੀ ਹੈ। ਪੁਲਿਸ ਨੇ ਸੰਤ ਸਮੇਤ ਤਿੰਨ ਦਹਿਸ਼ਤਗਰਦਾਂ ਦੇ ਪਾਸਪੋਰਟ ਕਬਜ਼ੇ ਵਿਚ ਲੈਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਧਰ ਤਿੰਨਾਂ ਨੂੰ ਇਸ ਮਾਮਲੇ ਵਿਚ ਪੁਲਿਸ ਨੂੰ ਸਹਿਯੋਗ ਨਾ ਦੇਣ ਕਰਕੇ ਸ਼ੁਕਰਵਾਰ ਨੂੰ ਇੰਟੈਰੋਗੇਸ਼ਨ ਸੈਂਟਰ ਅੰਮ੍ਰਿਤਸਰ ਲਿਜਾਇਆ ਗਿਆ। ਸੈਂਟਰ ਦੀ ਰਿਪੋਰਟ ਤੋਂ ਬਾਅਦ ਮਾਮਲੇ ਵਿਚ ਅਗਲੀ ਕਾਰਵਾਈ ਸ਼ੁਰੂ ਹੋਵੇਗੀ। ਸ਼ਨਿੱਚਰਵਾਰ ਨੂੰ ਇਸ ਮਾਮਲੇ ਵਿਚ ਗ੍ਰਿਫਤਾਰ ਚੌਥੀ ਆਰੋਪੀ ਸੁਖਜਿੰਦਰ ਸਿੰਘ ਉਰਫ਼ ਬਿੱਲੂ ਨੂੰ ਐਤਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਵਿਚ ਬਿੱਲੀ ਦਾ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਦੇ ਦਿੱਤਾ ਗਿਆ। ਦੂਜੇ ਪਾਸੇ ਪੁਲਿਸ ਨੇ ਸੰਤ ਬਾਬਾ ਬਲਬੀਰ ਸਿੰਘ ਸਮੇਤ ਤਿੰਨੇ ਦਹਿਸ਼ਤਗਰਦਾਂ ਦੇ ਪਾਸਪੋਰਟ ਬਰਾਮਦ ਕਰ ਲਏ ਅਤੇ ਇਨ੍ਹਾਂ ਪਾਸਪੋਰਟਾਂ ਦੀ ਜਾਂਚ ਦੌਰਾਨ ਪਤਾ ਚਲਿਆ ਕਿ ਬਾਬਾ ਬਲਬੀਰ ਸਿੰਘ ਹੁਣ ਤੱਕ ਦਰਜਨਾਂ ਵਾਰ ਵਿਦੇਸ਼ ਯਾਤਰਾਵਾਂ ਕਰ ਚੁਕੇ ਹਨ। ਪੁਲਿਸ ਇਨ੍ਹਾਂ ਯਾਤਰਾਵਾਂ ਨੂੰ ਵੀ ਸ਼ੱਕ ਦੀ ਨਜ਼ਰ ਨਾਲ ਵੇਖ ਰਹੀ ਹੈ।
ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਸੰਤ ਬਾਬਾ ਬਲਬੀਰ ਸਿੰਘ ਸਾਲ 1994 ਤੋਂ ਲਗਾਤਾਰ ਇੰਗਲੈਂਡ, ਕੈਨੇਡਾ, ਅਮਰੀਕਾ, ਜਰਮਨੀ ਸਮੇਤ ਅੱਧੀ ਦਰਜਨ ਦੇਸ਼ਾਂ ਵਿਚ ਦੋ ਤੋਂ ਚਾਰ ਚਾਰ ਮਹੀਨਿਆਂ ਤੱਕ ਰਹਿ ਕੇ ਆਏ ਹਨ। ਸੂਤਰਾਂ ਮੁਤਾਬਕ ਬਾਬਾ ਬਲਬੀਰ ਸਿੰਘ ਤੋਂ ਇਲਾਵਾ ਆਪਣੇ ਹੋਰਨਾਂ ਸੋਰਸਾਂ ਦੇ ਜ਼ਰੀਏ ਵਿਦੇਸ਼ ਯਾਤਰਾਵਾਂ ਸਬੰਧੀ ਵੇਰਵੇ ਇਕੱਠੇ ਕਰਨ ਲਈ ਵਿਸ਼ੇਸ਼ ਟੀਮ ਬਣਾਈ ਹੈ। ਪੁਲਿਸ ਦਾ ਇਹ ਵੀ ਮੰਨਣਾ ਹੈ ਕਿ ਵਿਦੇਸ਼ ਯਾਤਰਾਵਾਂ ਦੌਰਾਨ ਬਾਬਾ ਅਕਸਰ ਵਿਦੇਸ਼ਾਂ ਵਿਚ ਬੈਠੇ ਅਤਿਵਾਦੀਆਂ ਨੂੰ ਮਿਲਦੇ ਰਹੇ ਹਨ। ਦੂਜੇ ਪਾਸੇ ਬਾਬਾ ਬਲਬੀਰ ਸਿੰਘ ਨੂੰ ਪੁਲਿਸ ਨੂੰ ਸਹਿਯੋਗ ਨਾ ਦੇਣ ‘ਤੇ ਅਦਾਲਤ ਨੇ ਪੇਸ਼ੀ ਤੋਂ ਬਾਅਦ ਇੰਟੈਰੋਗੇਸ਼ਨ ਸੈਂਟਰ ਅੰਮ੍ਰਿਤਸਰ ਭੇਜ ਦਿੱਤਾ ਹੈ। ਇਸ ਮਾਮਲੇ ਵਿਚ ਸੀਆਈਏ ਸਟਾਫ਼ ਦੇ ਇੰਚਾਰਜ ਪ੍ਰੀਤਮ ਸਿੰਘ ਨੇ ਦਸਿਆ ਕਿ ਗ੍ਰਿਫਤਾਰ ਕੀਤੇ ਗਏ ਲੋਕਾਂ ਤੋਂ ਪੁੱਛਗਿੱਛ ਦੌਰਾਨ ਅਹਿਮ ਸੁਰਾਗ ਮਿਲਣ ਦੀ ਆਸ ਹੈ।
ਬਾਬੇ ਦੀਆਂ ਵਿਦੇਸ਼ ਯਾਤਰਾਵਾਂ ਦੇ ਰਿਕਾਰਡ ਦੀ ਨਜ਼ਰਸਾਨੀ ਹੋਣ ਲੱਗੀ
This entry was posted in ਪੰਜਾਬ.