ਮਾਸਕੋ- ਅਮਰੀਕਾ ਪਰਮਾਣੂੰ ਹੱਥਿਆਰਾਂ ਵਿਚ ਕਟੌਤੀ ਦੇ ਸਬੰਧ ਵਿਚ ਰੂਸ ਨਾਲ 1991 ਦੀ ਸਟਾਰਟ ਸੰਧੀ ਦੀ ਥਾਂ ਜੋ ਨਵਾਂ ਸਮਝੌਤਾ ਕਰਨਾ ਚਾਹੁੰਦੇ ਸਨ, ਉਸ ਉਪਰ ਅੱਜ ਦੋਵਾਂ ਦੇਸ਼ਾਂ ਨੇ ਦਸਤਖਤ ਕਰ ਦਿਤੇ ਹਨ। ਅਫਗਾਨਿਸਤਾਨ ਵਿਚ ਤੈਨਾਤ ਅਮਰੀਕਾ ਅਤੇ ਨਾਟੋ ਦੇ ਸੈਨਿਕਾਂ ਨੂੰ ਰਸਦਪਾਣੀ ਪਹੋੰਚਾਉਣ ਲਈ ਉਹ ਰੂਸੀ ਹਵਾਈ ਖੇਤਰ ਦੀ ਵਰਤੋਂ ਕਰਨਾ ਚਾਹੁੰਦੇ ਸਨ। ਰੂਸ ਨੇ ਮੁਫ਼ਤ ਵਿਚ ਹਵਾਈ ਸੀਮਾ ਵਰਤਣ ਦੀ ਇਜਾਜ਼ਤ ਦੇ ਦਿਤੀ ਹੈ। ਹੁਣ ਅਮਰੀਕੀ ਜਹਾਜ਼ ਸਾਲ ਵਿਚ ਸਾਢੇ ਚਾਰ ਹਜ਼ਾਰ ਵਾਰ ਰੂਸ ਦੀ ਹਵਾਈ ਸੀਮਾ ਤੋਂ ਉਡਾਣ ਭਰ ਸਕਦੇ ਹਨ।
ਰੂਸ, ਅਫਗਾਨਿਸਤਾਨ ਵਿਚ ਚਲ ਰਹੀ ਜੰਗ ਵਿਚ ਵੀ ਅਮਰੀਕਾ ਦੀ ਮਦਦ ਕਰਨ ਲਈ ਰਾਜ਼ੀ ਹੋ ਗਿਆ ਹੈ। ਓਬਾਮਾ ਨੇ ਵੀ ਮੱਧ ਯੂਰਪ ਵਿਚ ਮਿਸਾਈਲ ਰੱਖਿਆ ਪਰਣਾਲੀ ਸਬੰਧੀ ਸਮਝੌਤਾ ਕਰਨ ਦੇ ਸੰਕੇਤ ਦਿਤੇ ਹਨ। ਇਕ ਪੱਤਰਕਾਰ ਸੰਮੇਲਨ ਵਿਚ ਓਬਾਮਾ ਨੇ ਪਰਮਾਣੂੰ ਹੱਥਿਆਰਾਂ ਵਿਚ ਕਟੌਤੀ ਦੇ ਨਵੇਂ ਸਮਝੌਤੇ ਤੇ ਦਸਤਖਤ ਹੋ ਜਾਣ ਦਾ ਐਲਾਨ ਕੀਤਾ। ਇਹ ਸਮਝੌਤਾ 1991 ਦੇ ਸਟਾਰਟ ਸੰਧੀ ਦੀ ਥਾਂ ਲਵੇਗਾ ਜਿਸਦੀ ਮਿਆਦ 5 ਦਿਸੰਬਰ ਨੂੰ ਖਤਮ ਹੋ ਰਹੀ ਹੈ। ਨਵੇਂ ਸਮਝੌਤੇ ਅਨੁਸਾਰ ਦੋਵੇਂ ਦੇਸ਼ ਪਰਮਾਣੂੰ ਹੱਥਿਆਰਾਂ ਦੀ ਤਦਾਦ ਘਟਾ ਕੇ ਡੇਢ-ਡੇਢ ਹਜ਼ਾਰ ਕਰਨਗੇ। ਬੈਲਟਿਕ ਮਿਸਾਈਲਾਂ ਦੀ ਸੰਖਿਆਂ ਵਿਚ ਵੀ 500 ਤੋਂ 1100 ਦੇ ਵਿਚ ਕਟੌਤੀ ਕਰਨ ਲਈ ਤਿਆਰ ਹੋ ਗਏ ਹਨ। ਇਹ ਸਮਝੌਤਾ ਇਸ ਸਾਲ ਦੇ ਅੰਤ ਤਕ ਕਨੂੰਨੀ ਰੂਪ ਲੈ ਲਵੇਗਾ।
ਓਬਾਮਾ ਨੇ ਇਸ ਸੰਮੇਲਨ ਵਿਚ ਕਿਹਾ ਕਿ ਦੋਵੇਂ ਦੇਸ਼ ਅਮਰੀਕਾ ਅਤੇ ਰੂਸ ਦੇ ਸਬੰਧਾਂ ਨੂੰ ਬੇਹਤਰ ਬਣਾਉਣ ਲਈ ਕੋਸਿ਼ਸ਼ ਕਰਨਗੇ। ਉਨ੍ਹਾਂ ਨੇ ਕਿਹਾ ਕਿ ਦੋਵਾਂ ਦੇਸ਼ਾਂ ਨੇ ਪਰਮਾਣੂੰ ਹੱਥਿਆਰਾਂ ਦਾ ਪਰਸਾਰ ਰੋਕਣ ਲਈ ਠੋਸ ਕਦਮ ਚੁਕਿਆ ਹੈ। ਮੈਦਵੇਦੇਵ ਅਤੇ ਓਬਾਮਾ ਨੇ ਦੁਨੀਆ ਦੇ ਦੂਸਰੇ ਦੇਸ਼ਾਂ ਨੂੰ ਵੀ ਮਿਸਾਈਲ ਪਰਸਾਰ ਰੋਕਣ ਦੀ ਅਪੀਲ ਕੀਤੀ। ਦੋਵਾਂ ਦੇਸ਼ਾਂ ਨੇ ਅਫਗਾਨਿਸਤਾਨ ਸਬੰਧੀ ਵੀ ਸਮਝੌਤਾ ਕੀਤਾ। ਮੈਦਵੇਦੇਵ ਨੇ ਅਫਗਾਨਿਸਤਾਨ ਵਿਚ ਚਲ ਰਹੀ ਲੜਾਈ ਵਿਚ ਮਦਦ ਕਰਨ ਦਾ ਭਰੋਸਾ ਦਿਤਾ। ਅਮਰੀਕਾ ਅਤੇ ਰੂਸ ਨੇ ਫੌਜੀ ਪੱਧਰ ਤੇ ਵੀ ਇਕ ਦੂਸਰੇ ਦੀ ਮਦਦ ਕਰਨ ਦਾ ਐਲਾਨ ਕੀਤਾ।