ਚੰਡੀਗੜ੍ਹ :- “ਸਿੱਖ ਨੌਜਵਾਨੀ ਦੇ ਸਿਰਾਂ ਤੋਂ ਚੁੰਨੀਆਂ, ਦਸਤਾਰਾਂ ਅਤੇ ਨਾਵਾਂ ਨਾਲੋਂ ਕੌਰ ਅਤੇ ਸਿੰਘ ਸ਼ਬਦਾਂ ਦੇ ਅਲੋਪ ਹੁੰਦੇ ਜਾ ਰਹੇ ਰੁਝਾਨ ਨੇ ਸਿੱਖੀ ਦੀ ਸਤਿਕਾਰਿਤ ਪਹਿਚਾਣ ਉੱਤੇ ਪ੍ਰਸ਼ਨ ਚਿੰਨ੍ਹ ਲਗਾ ਦਿੱਤਾ ਹੈ ਜੋ ਕਿ ਅਤਿ ਦੁੱਖਦਾਇਕ ਅਤੇ ਨਮੌਸ਼ੀ ਵਾਲਾ ਵਰਤਾਰਾ ਹੈ।”
ਇਹ ਵਿਚਾਰ ਅੱਜ ਇੱਥੇ ਭਾਈ ਇਕਬਾਲ ਸਿੰਘ ਟਿਵਾਣਾ ਸਿਆਸੀ ਅਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਿੱਖ ਪਰਿਵਾਰਾਂ ਦੇ ਬੱਚਿਆਂ ਵਿੱਚ ਪੈਦਾ ਹੋ ਚੁੱਕੀ ਗਿਰਾਵਟ ਉੱਤੇ ਡੂੰਘਾ ਦੁੱਖ ਜ਼ਾਹਿਰ ਕਰਦੇ ਹੋਏ ਪਾਰਟੀ ਨੀਤੀ ਬਿਆਨ ਵਿੱਚ ਪ੍ਰਗਟਾਏ। ਉਹਨਾਂ ਕਿਹਾ ਕਿ ਸਿੱਖ ਗੁਰੂ ਸਾਹਿਬਾਨ, ਭਗਤਾਂ ਅਤੇ ਸਿੰਘਾਂ ਨੇ ਵੱਡੀਆਂ ਕੁਰਬਾਨੀਆਂ ਕਰਕੇ, ਅਸਹਿ ਅਤੇ ਅਕਹਿ ਕਸ਼ਟ-ਤਕਲੀਫਾਂ ਝੱਲ ਕੇ ਜਿਸ ਸਿੱਖੀ ਸਰੂਪ ਰਹਿਤ-ਮਰਿਯਾਦਾ ਨੂੰ ਕਾਇਮ ਕੀਤਾ ਸੀ, ਅੱਜ ਸਾਡੀ ਸਵਾਰਥੀ ਸਿੱਖ ਲੀਡਰਸਿ਼ਪ ਦੀਆਂ ਦਿਸ਼ਾਹੀਣ ਨੀਤੀਆਂ ਅਤੇ ਸੋਚ ਦੀ ਬਦੌਲਤ ਸਿੱਖ ਨੌਜਵਾਨੀ ਆਪਣੇ ਮਹਾਨ ਫਖਰ ਵਾਲੇ ਸਿੱਖੀ ਵਿਰਸੇ ਤੋਂ ਮੂੰਹ ਮੋੜਦੀ ਜਾ ਰਹੀ ਹੈ। ਉਹਨਾਂ ਜਿੱਥੇ ਇਸ ਲਈ ਮੌਜੂਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨੂੰ ਜਿ਼ੰਮੇਵਾਰ ਠਹਿਰਾਇਆ ਉੱਥੇ ਉਹਨਾਂ ਨੇ ਮੌਜੂਦਾ ਸਮੇਂ ਵਿੱਚ ਮਾਂ-ਬਾਪ ਵੱਲੋਂ ਆਪਣੇ ਬੱਚਿਆਂ ਪ੍ਰਤੀ ਅਣਗਿਹਲੀ ਵਰਤਣ ਅਤੇ ਧਾਰਮਿਕ ਸੇਧ ਨਾ ਦੇਣ ਦੀ ਕਾਰਵਾਈ ਨੂੰ ਵੀ ਦੋਸ਼ੀ ਠਹਿਰਾਇਆ।
ਉਹਨਾਂ ਕਿਹਾ ਕਿ ਕਿਸੇ ਘਰ, ਸ਼ਹਿਰ, ਸੂਬੇ ਜਾਂ ਮੁਲਕ ਦੀ “ਅਮੀਰੀਅਤ” ਉੱਥੋਂ ਦੇ ਨਿਵਾਸੀਆਂ ਕੋਲ ਸਮੂਹ ਦੁਨਿਆਵੀਂ ਸਹੂਲਤਾਂ ਕਾਰਾਂ, ਬੰਗਲੇ, ਕੋਠੀਆਂ, ਜ਼ਮੀਨਾਂ, ਜਾਇਦਾਦਾਂ ਦੇ ਭੰਡਾਰ ਅਤੇ ਕੀਮਤੀ ਵਸਤਾਂ ਉਪਲੱਬਧ ਹੋਣ ਨੂੰ ਇਸਦਾ ਮਾਪਦੰਡ ਨਹੀਂ ਮੰਨਿਆ ਜਾ ਸਕਦਾ। ਬਲਕਿ ਅਮੀਰੀਅਤ ਤਾਂ ਉੱਥੋਂ ਦੇ ਨਿਵਾਸੀਆਂ ਅਤੇ ਬੱਚਿਆਂ ਵਿੱਚ ਉੱਚ ਦਰਜੇ ਦੀ ਤਹਿਜ਼ੀਬ-ਸਲੀਕੇ ਅਤੇ ਆਪਣੀ ਅਮੀਰ ਸੱਭਿਅਤ ਦੇ ਕਾਇਦੇ ਕਾਨੂੰਨਾਂ ਦੀ ਪਾਲਣਾ ਕਰਨ ਤੇ ਨਿਰਭਰ ਕਰਦੀ ਹੈ। ਉਹਨਾਂ ਕਿਹਾ ਕਿ ਭਲੇ ਹੀ ਇਸ ਮੁਲਕ ਅਤੇ ਬਾਹਰਲੇ ਮੁਲਕਾਂ ਵਿੱਚ ਸਿੱਖ ਕੌਮ ਕੋਲ ਚੌਖੇ ਸਾਧਨਾਂ ਦੇ ਭੰਡਾਰ ਹੋਣ ਪਰ ਜਦੋਂ ਸਿੱਖ ਪਰਿਵਾਰਾਂ ਨਾਲ ਸੰਬੰਧਿਤ ਬੱਚੇ ਬੱਚੀਆਂ ਦੇ ਸਿਰਾਂ ਤੋਂ ਚੁੰਨੀਆਂ-ਦਸਤਾਰਾਂ ਗਾਇਬ ਹੋਣ ਦਾ ਰੁਝਾਨ ਵੱਧ ਰਿਹਾ ਹੈ ਅਤੇ ਸਿੱਖ ਬੱਚੇ ਆਪਣੇ ਨਾਵਾਂ ਨਾਲੋਂ ਕੌਰ ਅਤੇ ਸਿੰਘ ਲਿਖਣ ਤੋਂ ਹਿਚਕਿਚਾਹਟ ਮਹਿਸੂਸ ਕਰ ਰਹੇ ਹਨ ਤਾਂ ਇਸ ਤੋਂ ਵੱਡੀ ਗਰੀਬੀ ਅਤੇ ਨਿਘਾਰਤਾ ਹੋਰ ਕੀ ਹੋ ਸਕਦੀ ਹੈ? ਉਹਨਾਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਅਤੇ ਮਾਪਿਆਂ ਨੂੰ ਸੰਜੀਦਾ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਅਸੀਂ ਆਪਣੀ ਕੌਮ ਦੇ ਬੱਚਿਆਂ ਨੂੰ ਸਹੀ ਸੇਧ ਦੇਣ ਦੇ ਫਰਜਾਂ ਨੂੰ ਹੀ ਪੂਰਨ ਨਹੀਂ ਕਰ ਸਕਦੇ, ਉਹਨਾਂ ਨੂੰ ਸਿੰਘ ਅਤੇ ਕੌਰ, ਦਸਤਾਰਾਂ ਅਤੇ ਚੁੰਨੀਆਂ ਦੇ ਮਹੱਤਵ ਦੀ ਜਾਣਕਾਰੀ ਦੇਣ ਤੋਂ ਅਵੇਸਲੇ ਹੋਏ ਪਏ ਹਾਂ। ਤਦ ਹੀ ਸਿੱਖ ਨੌਜਵਾਨੀ ਆਪਣੇ ਵਿਰਸੇ ਤੋਂ ਮੁੱਖ ਮੋੜ ਕੇ ਨਸਿ਼ਆਂ ਦੇ ਸੇਵਨ ਕਰਨ, ਸਿੱਖੀ ਪਹਿਰਾਵੇ ਨੂੰ ਤਿਲਾਂਜਲੀ ਦੇਣ, ਟੋਪੀਆਂ ਪਹਿਨਣ, ਕੰਨਾਂ ਵਿੱਚ ਮੁੰਦਰਾ ਪਾਉਣ ਅਤੇ ਫਜ਼ੂਲ ਖਰਚੀ ਕਰਨ ਵੱਲ ਆਕਰਸਿ਼ਤ ਹੋ ਰਹੀ ਹੈ। ਜਿਸਨੂੰ ਰੋਕਣ ਲਈ ਹਰ ਗੁਰਸਿੱਖ ਨੂੰ ਆਪਣੇ ਤੌਰ ਤੇ ਅਤੇ ਸਮੂਹਿਕ ਤੌਰ ਤੇ ਯਤਨ ਕਰਨੇ ਪੈਣਗੇ ਅਤੇ ਕੌਮੀ ਫਰਜ਼ਾਂ ਉੱਤੇ ਪਹਿਰਾ ਦੇਣਾ ਪਵੇਗਾ। ਅਜਿਹਾ ਕਰਕੇ ਹੀ ਅਸੀਂ ਆਪਣੀ ਸਿੱਖ ਨੌਜਵਾਨੀ ਨੂੰ ਸਹੀ ਤਰੀਕੇ ਧਾਰਮਿਕ, ਇਖਲਾਕੀ ਅਤੇ ਸਮਾਜਿਕ ਸੇਧ ਦੇ ਸਕਦੇ ਹਾਂ ਜੋ ਕਿ ਅਜੋਕੇ ਸਮੇਂ ਵਿੱਚ ਅਤਿ ਜ਼ਰੂਰੀ ਬਣ ਗਿਆ ਹੈ।