ਆਕਿਲਾ – ਦੁਨੀਆ ਦੇ ਅਮੀਰ ਦੇਸ਼ਾਂ ਦੇ ਨੇਤਾਵਾਂ ਨੇ ਗਰੀਬ ਦੇਸ਼ਾਂ ਨੂੰ 20 ਅਰਬ ਅਮਰੀਕੀ ਡਾਲਰ ਸਹਾਇਤਾ ਦੇਣ ਦਾ ਫੈਂਸਲਾ ਕੀਤਾ ਹੈ। ਇਹ ਰਕਮ ਗਰੀਬ ਦੇਸ਼ਾਂ ਵਿਚ ਉਤਪਾਦਨ ਵਧਾਉਣ ਲਈ ਦਿਤੀ ਜਾਵੇਗੀ। ਜੀ -ਅਠ ਸਿਖਰ ਸੰਮੇਲਨ ਦੀ ਇਥੇ ਤੀਸਰੇ ਅਤੇ ਅਖੀਰਲੇ ਦਿਨ ਦੀ ਮੀਟਿੰਗ ਤੋਂ ਬਾਅਦ ਅਮੀਰ ਦੇਸ਼ਾਂ ਦੇ ਨੇਤਾਵਾਂ ਵਲੋਂ ਇਹ ਐਲਾਨ ਕੀਤਾ ਗਿਆ। ਇਸ ਮੀਟਿੰਗ ਵਿਚ ਭਾਰਤ ਸਮੇਤ ਜੀ-ਪੰਜ ਦੇ ਦੇਸ਼ ਅਤੇ ਅਫਰੀਕੀ ਦੇਸ਼ ਵੀ ਸ਼ਾਮਿਲ ਹੋਏ। ਇਸਦਾ ਮਕਸਦ ਉਤਪਾਦਨ ਵਧਾ ਕੇ ਆਪਣੀਆਂ ਅਤੇ ਦੂਸਰਿਆਂ ਦੀਆਂ ਖਾਧ ਸਮਗਰੀ ਦੀਆਂ ਜਰੂਰਤਾਂ ਨੂੰ ਪੂਰਿਆਂ ਕਰਨ ਦੇ ਯੋਗ ਬਣਾਉਣਾ ਹੈ। ਇਹ ਕਦਮ ਰਾਜਨੀਤਕ ਸਥਿਰਤਾ ਦੇ ਮਦੇਨਜ਼ਰ ਅਮੀਰ ਦੇਸ਼ਾਂ ਵਲੋਂ ਉਠਾਇਆ ਗਿਆ ਹੈ। ਅੰਨ ਸੰਕਟ ਦੁਨੀਆ ਦੇ ਸਾਰੇ ਦੇਸ਼ਾਂ ਲਈ ਇਕ ਚੁਣੌਤੀ ਬਣਦਾ ਜਾ ਰਿਹਾ ਹੈ। ਕਈ ਦੇਸ਼ਾਂ ਵਿਚ ਖਾਧ- ਸਮਗਰੀ ਨੂੰ ਲੈ ਕੇ ਹੋ ਰਹੇ ਝਗੜਿਆਂ ਨੇ ਵੀ ਪੂਰੀ ਦੁਨੀਆਂ ਦੀ ਚਿੰਤਾ ਵਧਾ ਦਿਤੀ ਹੈ।
ਅਮਰੀਕਾ ਅਤੇ ਯੌਰਪ ਵਲ ਗਰੀਬ ਦੇਸ਼ਾਂ ਦੇ ਅੰਨ-ਸੰਕਟ ਕਰਕੇ ਪਲਾਇਨ ਦੀ ਸਮਸਿਆ ਵੀ ਵੱਧ ਰਹੀ ਹੈ। ਇਸ ਸਮਸਿਆ ਨੂੰ ਰੋਕਣ ਦੇ ਮਕਸਦ ਨਾਲ ਵੀ ਜੀ- ਅਠ ਨੇ ਇਹ ਧਨਰਾਸ਼ੀ ਗਰੀਬ ਦੇਸ਼ਾਂ ਤਕ ਪਹੁੰਚਾਉਣ ਦਾ ਫੈਂਸਲਾ ਕੀਤਾ ਹੈ। ਕੁਝ ਮਾਹਿਰ ਇਸ ਨੂੰ ਊਠ ਦੇ ਮੂੰਹ ਵਿਚ ਜੀਰਾ ਦਸਦੇ ਹਨ ਅਤੇ ਕੁਝ ਇਸ ਨੂੰ ਚੰਗੀ ਸ਼ੁਰੂਆਤ ਮੰਨ ਰਹੇ ਹਨ। ਖੇਤੀ ਉਤਪਾਦਨ ਵੱਧਣ ਨਾਲ ਭਵਿੱਖ ਵਿਚ ਇਸ ਦੇ ਫਾਇਦੇ ਹੋਣਗੇ।ਇਸ ਨਾਲ ਅੰਨ-ਸੰਕਟ ਘੱਟ ਕਰਨ ਵਿਚ ਮਦਦ ਮਿਲੇਗੀ ਅਤੇ ਖੇਤਰੀ ਵਪਾਰ ਨੂੰ ਵੀ ਚੰਗਾ ਹੁੰਗਾਰਾ ਮਿਲੇਗਾ। ਆਰਥਿਕ ਮੰਦੀ ਨੂੰ ਲੈ ਕੇ ਸੱਭ ਦੇ ਵਿਚਾਰ ਵੱਖ-ਵੱਖ ਰਹੇ। ਜਰਮਨੀ ਨੇ ਆਰਥਿਕ ਸੁਧਾਰ ਪੈਕੇਜ਼ ਦਾ ਵਿਰੋਧ ਕੀਤਾ। ਮੰਦੀ ਤੋਂ ਉਭਰਨ ਲਈ ਸਹਿਮਤੀ ਤਾਂ ਹੋਈ ਪਰ ਸੱਭ ਦੇ ਰਸਤੇ ਅਲਗ-ਅਲਗ ਹਨ।