ਨਵੀਂ ਦਿੱਲੀ- ਸਿਆਸੀ ਤੌਰ ‘ਤੇ ਖ਼ਤਮ ਹੋਣ ਬਾਰੇ ਲਾਲੂ ਪ੍ਰਸਾਦ ਦਾ ਕਹਿਣਾ ਹੈ ਕਿ ਬੋਲਣ ਵਾਲਿਆਂ ਨੂੰ ਮੈਂ ਕਿਵੇਂ ਰੋਕ ਸਕਦਾ ਹਾਂ। ਮੈਂ ਅੱਜ ਵੀ ਸਾਰਿਆਂ ਦਾ ਕੇਂਦਰ ਬਿੰਦੂ ਹਾਂ ਅਤੇ ਸ਼ਕਤੀਸ਼ਾਲੀ ਹਾਂ, ਇਸ ਲਈ ਅੱਜ ਵੀ ਸਾਰੇ ਲੋਕ ਮੇਰੇ ਪਿੱਛੇ ਹਨ। ਬਿਹਾਰ ਬਾਰੇ ਲਾਲੂ ਨੇ ਕਿਹਾ ਕਿ ਬਿਹਾਰ ਵਿਚ ਤਾਂ ਮੇਰੀਆਂ ਜੜ੍ਹਾਂ ਹਨ, ਉਸਨੂੰ ਮੈਂ ਕਿਵੇਂ ਛੱਡ ਸਕਦਾ ਹਾਂ। ਬਿਹਾਰ ਤੋਂ ਹੀ ਤਾਂ ਮੈਂ ਦੇਸ਼ ਦੀ ਸਿਆਸਤ ਤੱਕ ਪਹੁੰਚਿਆ ਹਾਂ।
ਸਾਧੂ ਯਾਦਵ ਵਲੋਂ ਲਾਲੂ ਦੀ ਪਾਰਟੀ ਛੱਡੇ ਜਾਣ ਬਾਰੇ ਉਨ੍ਹਾਂ ਨੇ ਕਿਹਾ ਕਿ ਉਸ ਵਲੋਂ ਪਾਰਟੀ ਛੱਡੇ ਜਾਣ ਦਾ ਮੈਨੂੰ ਕੋਈ ਨੁਕਸਾਨ ਨਹੀਂ ਹੋਇਆ। ਸਾਧੂ ਨੇ ਮੈਨੂੰ ਲੀਡਰ ਥੋੜ੍ਹਾਂ ਬਣਾਇਆ ਹੈ। ਮੈਂ ਉਸਨੂੰ ਬਣਾਇਆ ਹੈ। ਸਾਥ ਛਡਣ ਨਾਲ ਉਸਨੂੰ ਹੀ ਨੁਕਸਾਨ ਹੋਇਆ, ਉਹ ਚੋਣ ਹਾਰ ਗਿਆ।
ਰੇਲਵੇ ਵਿਚ ਮੁਨਾਫ਼ੇ ਬਾਰੇ ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ‘ਤੇ ਅੰਕੜਿਆਂ ਦੀ ਬਾਜ਼ੀਗਰੀ ਦੇ ਇਲਜ਼ਾਮ ਲਾਏ ਗਏ ਹਨ। ਇਸ ਸਬੰਧੀ ਉਨ੍ਹਾਂ ‘ਤੇ ਇਹ ਵੀ ਇਲਜ਼ਾਮ ਹੈ ਕਿ ਉਨ੍ਹਾਂ ਨੇ ਖਾਲੀ ਪਈਆਂ ਅਸਾਮੀਆਂ ਨੂੰ ਨਾ ਭਰਕੇ ਮੁਨਾਫ਼ਾ ਦਰਸਾਉਣ ਦਾ ਤਰੀਕਾ ਲੱਭਿਆ। ਇਸ ਸਬੰਧ ਲਾਲੂ ਦਾ ਕਹਿਣਾ ਹੈ ਕਿ ਇਹ ਇਲਜ਼ਾਮ ਬਿਲਕੁਲ ਗਲਤ ਹੈ। ਸਗੋਂ ਰੇਲ ਮੰਤਰੀ ਦੇ ਅਹੁਦੇ ‘ਤੇ ਆਉਂਦੇ ਹੀ ਮੈਂ ਪਹਿਲਾਂ ਤੋਂ ਬੰਦ ਕੀਤੀਆਂ ਗਈਆਂ ਭਰਤੀਆਂ ਨੂੰ ਖੋਲ੍ਹਕੇ ਖਾਲੀ ਅਸਾਮੀਆਂ ਨੂੰ ਭਰਿਆ। ਉਨ੍ਹਾਂ ਨੇ ਕਿਹਾ ਕਿ ਮੈਂ ਤਾਂ ਆਪਣੇ ਕਾਰਜਕਾਲ ਵਿਚ ਅਨੁਸੂਚਿਤ ਜਾਤੀਆਂ, ਅਨੁਸੂਚਿਤ ਜਨਜਾਤੀਆਂ ਅਤੇ ਹੋਰਨਾਂ ਪਛੜੇ ਤਬਕਿਆਂ ਦੇ ਬੈਕਲਾਗ ਵਿਚ ਖਾਲੀ ਪਈਆਂ ਅਸਾਮੀਆਂ ਨੂੰ ਭਰਵਾਇਆ ਸੀ। ਐਨਡੀਏ ਸਰਕਾਰ ਦੇ ਰੇਲ ਮੰਤਰੀ ਨੀਤੀਸ਼ ਕੁਮਾਰ ਨੇ ਤਾਂ ਆਪਣੇ ਸਮੇਂ ਦੌਰਾਨ ਸਾਰੇ ਖਾਲੀ ਮਹਿਕਮਿਆਂ ਦੇ 20 ਫ਼ੀਸਦੀ ਅਹੁਦੇ ਸਕਰੈਪ ਕਰ ਦਿਤੇ ਸਨ। ਮੈਂ ਚਾਹੁੰਦਾ ਹਾਂ ਕਿ ਹੁਣ ਵੀ ਖਾਲੀ ਅਸਾਮੀਆਂ ‘ਤੇ ਭਰਤੀ ਕੀਤੀ ਜਾਵੇ ਤਾਂਜੋ ਗਰੀਬਾਂ ਨੂੰ ਨੌਕਰੀਆਂ ਮਿਲ ਸਕਣ। ਮੌਜੂਦਾ ਰੇਲ ਮੰਤਰੀ ਮਮਤਾ ਬੈਨਰਜੀ ਵਲੋਂ ਵਾਈਟ ਪੇਪਰ ਜਾਰੀ ਕਰਨ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਕੋਈ ਚਾਰਜ ਸ਼ੀਟ ਤਾਂ ਨਹੀਂ ਹੈ। ਮੈਂ ਤਾਂ ਚਾਹੁੰਦਾ ਹਾਂ ਕਿ ਵਾਈਟ ਪੇਪਰ ਜਲਦੀ ਤੋਂ ਜਲਦੀ ਲਿਆਂਦਾ ਜਾਵੇ ਤਾਂ ਜੋ ਲੋਕਾਂ ਨੂੰ ਅਸਲੀਅਤ ਬਾਰੇ ਪਤਾ ਚਲ ਸਕੇ। ਉਨ੍ਹਾਂ ਨੇ ਕਿਹਾ ਕਿ ਮਮਤਾ ਬੈਨਰਜੀ ਵਲੋਂ ਵਾਈਟ ਪੇਪਰ ਲਿਆਉਣ ਦੇ ਬਿਆਨ ਦੀ ਗਲਤ ਵਿਆਖਿਆ ਕੀਤੀ ਜਾ ਰਹੀ ਹੈ।