ਇਸਲਾਮਾਬਾਦ- ਪਾਕਿਸਤਾਨ ਦੇ ਸਵਾਤ ਘਾਟੀ ਵਿਚ ਸੈਨਾ ਅਤੇ ਤਾਲਿਬਾਨ ਦਰਮਿਆਨ ਹੋਏ ਯੁਧ ਕਰਕੇ ਵਡੀ ਗਿਣਤੀ ਵਿਚ ਲੋਕ ਆਪਣੀਆਂ ਜਾਨਾਂ ਬਚਾਉਣ ਲਈ ਆਪਣੇ ਘਰ-ਘਾਟ ਛੱਡ ਕੇ ਸੁਰੱਖਿਅਤ ਥਾਂਵਾਂ ਤੇ ਚਲੇ ਗਏ ਸਨ। ਜਿਆਦਾਤਰ ਲੋਕਾਂ ਰਾਹਤ ਕੈਂਪਾਂ ਵਿਚ ਪਨਾਹ ਲੈ ਕੇ ਰਹਿ ਰਹੇ ਹਨ। ਹੁਣ ਕੁਝ ਲੋਕਾਂ ਨੇ ਆਪਣੇ ਸਵਾਤ ਘਾਟੀ ਵਿਚਲੇ ਘਰਾਂ ਨੂੰ ਵਾਪਿਸ ਪਰਤਣਾ ਸ਼ੁਰੂ ਕਰ ਦਿਤਾ ਹੈ।
ਪਾਕਿਸਤਾਨ ਦੇ ਬੁਨੇਰ ਜਿਲ੍ਹੇ ਦੇ ਨਜਦੀਕ ਨੌਸ਼ੇਰਾ ਅਤੇ ਚਾਰਸਡਾ ਜਿਲ੍ਹਿਆਂ ਵਿਚ ਸਥਾਪਿਤ ਰਾਹਤ ਸਿ਼ਵਰਾਂ ਤੋਂ ਲੋਕਾਂ ਨੇ ਆਪਣੇ ਘਰਾਂ ਨੂੰ ਵਾਪਿਸ ਜਾਣਾ ਸ਼ੁਰੂ ਕਰ ਦਿਤਾ ਹੈ। ਪਿੱਛਲੇ ਕੁਝ ਸਮੇਂ ਤੋਂ ਤਾਲਿਬਾਨ ਅਤਵਾਦੀਆਂ ਅਤੇ ਪਾਕਿਸਤਾਨ ਸੈਨਾ ਵਿਚ ਚਲੇ ਸੰਘਰਸ਼ ਕਰਕੇ ਉਸ ਖੇਤਰ ਦੇ ਨਿਵਾਸੀ ਰਾਹਤ ਕੈਂਪਾਂ ਵਿਚ ਰਹਿ ਰਹੇ ਹਨ। ਸੋਮਵਾਰ ਨੂੰ 108 ਪਰੀਵਾਰ ਆਪਣੇ ਘਰਾਂ ਨੂੰ ਰਵਾਨਾ ਹੋਏ। ਇਹ ਸਿਲਸਿਲਾ ਸਾਰਾ ਦਿਨ ਚਲਦਾ ਰਿਹਾ। ਘਰ ਵਾਪਸੀ ਨੂੰ ਲੈ ਕੇ ਲੋਕਾਂ ਵਿਚ ਕੋਈ ਖਾਸ ਉਤਸ਼ਾਹ ਨਹੀਂ ਸੀ। ਸੰਯੁਕਤ ਰਾਸ਼ਟਰ ਨੇ ਪਿੱਛਲੇ ਹਫਤੇ ਜੋਰ ਦੇ ਕੇ ਕਿਹਾ ਸੀ ਕਿ ਸ਼ਰਣਾਰਥੀਆਂ ਦੀ ਵਾਪਸੀ ਉਨ੍ਹਾਂ ਦੀ ਮਰਜ਼ੀ ਨਾਲ ਹੋਣੀ ਚਾਹੀਦੀ ਹੈ। ਪਾਕਿਸਤਾਨੀ ਅੀਦਕਾਰੀ ਨੇ ਕਿਹਾ ਕਿ ਜਿੰਨੀ ਜਲਦੀ ਪਹਿਲਾ ਕਾਫਿਲਾ ਸੁਰੱਖਿਅਤ ਸਵਾਤ ਘਾਟੀ ਪਹੁੰਚੇਗਾ, ਉਨ੍ਹਾਂ ਦੀ ਵੇਖਾਵੇਖੀ ਦੂਸਰੇ ਲੋਕਾਂ ਨੂੰ ਵੀ ਘਰ ਵਾਪਸੀ ਲਈ ਉਤਸ਼ਾਹ ਮਿਲੇਗਾ। ਇਸ ਨਾਲ ਸੁਰੱਖਿਆ ਨੂੰ ਲੈ ਕੇ ਲੋਕਾਂ ਦੇ ਮਨਾਂ ਵਿਚੋਂ ਡਰ ਨਿਕਲ ਜਾਵੇਗਾ ਅਤੇ ਲੋਕ ਬੇਖੌਫ ਹੋ ਕੇ ਆਪਣੇ ਘਰਾਂ ਨੂੰ ਵਾਪਿਸ ਪਰਤਣਗੇ।