ਪੈਰਿਸ- ਡਾ: ਮਨਮੋਹਨ ਸਿੰਘ ਫਰਾਂਸ ਵਿਚ ਰਾਸ਼ਟਰੀ ਦਿਵਸ ਦੇ ਸਮਾਗਮ ਵਿਚ ਚੀਫ਼ ਗੈਸਟ ਆਫ ਆਨਰ ਦੇ ਤੌਰ ਤੇ ਸ਼ਾਮਿਲ ਹੋਏ। ਭਾਰਤ ਲਈ ਇਹ ਬੜੇ ਮਾਣ -ਸਨਮਾਨ ਵਾਲੀ ਗੱਲ ਹੈ। ਭਾਰਤ ਦੀ ਆਰਮੀ, ਏਅਰਫੋਰਸ ਅਤੇ ਨੇਵੀ ਦੇ ਜਵਾਨਾਂ ਨੇ ਵੀ ਇਸ ਪਰੇਡ ਵਿਚ ਹਿੱਸਾ ਲਿਆ। ਦੇਸ਼ ਦੀ ਸੱਭ ਤੋਂ ਪੁਰਾਣੀ ਰੈਜੀਮੈਂਟ ਮਰਾਠਾ ਲਾਈਟ ਇਨਫੈਂਟਰੀ ਵੀ ਇਸ ਪਰੇਡ ਵਿਚ ਸ਼ਾਮਿਲ ਹੋਈ। ਡਾ: ਮਨਮੋਹਨ ਸਿੰਘ ਨੇ ਇਸ ਸਮਾਗਮ ਨੂੰ ਦੋਵਾਂ ਦੇਸ਼ਾਂ ਵਿਚ ਮਜਬੂਤ ਦੋਸਤੀ ਅਤੇ ਸਾਂਝੇਦਾਰੀ ਦਾ ਪ੍ਰਤੀਕ ਦਸਿਆ। ਇਸ ਮੌਕੇ ਤੇ “ਸਾਰੇ ਜਹਾਂ ਸੇ ਅੱਛਾ ਹਿੰਦੋਸਤਾਂ ਹਮਾਰਾ……“ ਦੀ ਧੁਨ ਵਜਾਈ ਗਈ।
ਪ੍ਰਧਾਨਮੰਤਰੀ ਮਨਮੋਹਨ ਸਿੰਘ ਫਰਾਂਸ ਦੇ ਬੈਸਟੀਲ ਡੇ ਤੇ ਸ਼ਾਮਿਲ ਹੋਣ ਵਾਲੇ ਪਹਿਲੇ ਭਾਰਤੀ ਨੇਤਾ ਹਨ। ਉਨ੍ਹਾਂ ਤੋਂ ਇਲਾਵਾ ਜਰਮਨੀ ਦੇ ਰਾਸ਼ਟਰਪਤੀ ਹਾਸਰਟ ਕੋਹਲਰ ਅਤੇ ਕੰਬੋਡੀਆ ਦੇ ਪ੍ਰਧਾਨਮੰਤਰੀ ਹੁਨਸੇਨ ਵੀ ਗੈਸਟ ਆਫ ਆਨਰ ਦੇ ਰੂਪ ਵਿਚ ਮੌਜੂਦ ਸਨ। ਹੋਰ ਖਾਸ ਮਹਿਮਾਨਾਂ ਵਿਚ ਰਾਸ਼ਟਰਪਤੀ ਸਰਕੋਜੀ ਦੀ ਪਤਨੀ ਕਾਰਲਾ ਬਰੂਨੀ ਅਤੇ ਡਾ: ਮਨਮੋਹਨ ਸਿੰਘ ਦੀ ਪਤਨੀ ਗੁਰਸ਼ਰਣ ਕੌਰ ਵੀ ਸ਼ਮਿਲ ਸਨ।
ਭਾਰਤੀ ਸੈਨਿਕਾਂ ਨੇ 1.5 ਕਿਲੋਮੀਟਰ ਤਕ ਫਰੈਂਚ ਸੈਨਿਕਾਂ ਨਾਲ ਮਾਰਚ ਕੀਤਾ। ਪਰੇਡ ਤੋਂ ਬਾਅਦ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਸਾਡੀ ਸੈਨਾਂ ਦੀਆਂ ਤਿੰਨਾਂ ਟੁਕੜੀਆਂ ਦਾ ਪਰੇਡ ਵਿਚ ਸ਼ਾਮਿਲ ਹੋਣਾ ਭਾਰਤ ਲਈ ਬੜੇ ਮਾਣ ਵਾਲੀ ਗੱਲ ਹੈ। 14 ਜੁਲਾਈ ਦਾ ਦਿਨ ਪੂਰੀ ਦੁਨੀਆਂ ਲਈ ਅਹਿਮ ਹੈ। ਫਰਾਂਸ ਦੀ ਕਰਾਂਤੀ ਨੇ ਦੁਨੀਆ ਵਿਚ ਉਸ ਦੌਰ ਦੀ ਸ਼ੁਰੂਆਤ ਕੀਤੀ। ਫਰੈਂਚ ਕਰਾਂਤੀ ਦੇ ਆਦਰਸ਼ਾਂ ਨੇ ਸਾਡੀ ਅਜਾਦੀ ਦੀ ਲੜਾਈ ਨੂੰ ਪ੍ਰੇਰਨਾ ਦਿਤੀ ਅਤੇ ਸਾਡੇ ਸੰਵਿਧਾਨ ਨਿਰਮਤਾਵਾਂ ਨੂੰ ਰਾਹ ਵਿਖਾਇਆ। ਦੋਵਾਂ ਦੇਸ਼ਾਂ ਦੇ ਵਰਤਮਾਨ ਸਬੰਧਾਂ ਬਾਰੇ ਮਨਮੋਹਨ ਸਿੰਘ ਨੇ ਕਿਹਾ, ਅਨੈਰਜ਼ੀ, ਸਪੇਸ ਰਿਸਰਚ, ਡਿਫੈਂਸ,ਇੰਡਸਟਰੀ, ਕਾਮਰਸ, ਸਾਇੰਸ ਅਤੇ ਟੈਕਨਾਲੋਜ਼ੀ,ਐਜੂਕੇਸ਼ਨ, ਕਲਚਰ ਅਤੇ ਟੂਰਿਜ਼ਮ ਵਰਗੇ ਖੇਤਰਾਂ ਵਿਚ ਸਾਂਝੇਦਾਰੀ ਵਧੀ ਹੈ। ਮੇਰੀ ਇਹ ਦਿਲੀ ਇੱਛਾ ਹੈ ਕਿ ਆਉਣ ਵਾਲੇ ਸਮੇਂ ਵਿਚ ਇਹ ਰਿਸ਼ਤੇ ਹੋਰ ਡੂੰਘੇ ਹੋਣ। ਇਸ ਨਾਲ ਦੋਵਾਂ ਦੇਸ਼ਾਂ ਦੇ ਲੋਕਾਂ ਨੂੰ ਫਾਇਦਾ ਹੋਵੇਗਾ।