ਅੰਮ੍ਰਿਤਸਰ -: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਦੇਸ਼-ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਨੂੰ ਲੰਗਰ, ਰਿਹਾਇਸ਼ ਅਤੇ ਸੇਹਤ ਸਹੂਲਤਾਂ ਤੋਂ ਇਲਾਵਾ ਰੇਲਵੇ ਸਟੇਸ਼ਨ ਅਤੇ ਬੱਸ ਅੱਡੇ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਫਰੀ ਲਿਆਉਣ ਤੇ ਛੱਡ ਕੇ ਆਉਣ ਲਈ 4 ਵਿਸ਼ੇਸ਼ ਬੱਸਾਂ ਦੀ ਸਹੂਲਤ ਲੰਬੇ ਸਮੇਂ ਤੋਂ ਜਾਰੀ ਹੈ। ਇਸ ਕਾਰਜ ਲਈ ਅੰਮ੍ਰਿਤ ਵੇਲੇ (4 ਵਜੇ) ਤੋਂ ਰਾਤ ਦੇ 9 ਵਜੇ ਤੀਕ ਅੱਧੇ-ਅੱਧੇ ਘੰਟੇ ਦੇ ਵਕਫ਼ੇ ਨਾਲ ਇਹ ਬੱਸਾਂ ਚੱਕਰ ਲਗਾਉਂਦੀਆਂ ਰਹਿੰਦੀਆਂ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਤੋਂ ਅੱਗੇ ਇਕ ਹੋਰ ਕਦਮ ਪੁੱਟਦਿਆਂ ਸੰਗਤਾਂ ਨੂੰ ਅੰਮ੍ਰਿਤਸਰ ਜ਼ਿਲ੍ਹੇ ਵਿਚਲੇ ਵੱਖ-ਵੱਖ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੇ ਦਰਸ਼ਨਾਂ ਲਈ ਅੱਜ ਤੋਂ ਦੋ ਬੱਸਾਂ ਦੀ ਸੇਵਾ ਅਰੰਭ ਕੀਤੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਤੋਂ ਦੋ ਨਵੀਆਂ ਬੱਸਾਂ ਨੂੰ ਯਾਤਰਾ ਲਈ ਰਵਾਨਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।
ਉਨ੍ਹਾਂ ਦੱਸਿਆ ਕਿ 30 ਸੀਟਾਂ ਵਾਲੀ ਇਕ ਬੱਸ ਪੁਰ ਸਾਢੇ ਨੌ ਲੱਖ ਰੁਪਏ ਖ਼ਰਚ ਆਏ ਹਨ ਅਤੇ ਇਹ ਬੱਸਾਂ ਸ੍ਰੀ ਗੁਰੂ ਰਾਮਦਾਸ ਸਰਾਂ ਤੋਂ ਹਰ ਰੋਜ਼ ਸਵੇਰੇ ਰਵਾਨਾ ਹੋਇਆ ਕਰਨਗੀਆਂ ਅਤੇ ਸੰਗਤਾਂ ਨੂੰ ਗੁਰਦੁਆਰਾ ਛੇਹਰਟਾ ਸਾਹਿਬ, ਗੁਰਦੁਆਰਾ ਸੰਨ ਸਾਹਿਬ ਬਾਸਰਕੇ, ਗੁਰਦੁਆਰਾ ਬੀੜ ਬਾਬਾ ਬੁੱਢਾ ਜੀ ਠੱਠਾ, ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਸਾਹਿਬ, ਗੁਰਦੁਆਰਾ ਸ੍ਰੀ ਗੋਇੰਦਵਾਲ ਸਾਹਿਬ, ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਬਾਬਾ ਬਕਾਲਾ ਆਦਿ ਦੇ ਦਰਸ਼ਨ ਕਰਵਾਉਣ ਉਪਰੰਤ ਸ਼ਾਮ ਨੂੰ ਅੰਮ੍ਰਿਤਸਰ ਪ੍ਰਤਿਆ ਕਰਨਗੀਆਂ। ਉਨਾਂ ਹੋਰ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੂਆਂ ਨੂੰ ਅੰਮ੍ਰਿਤਸਰ ਏਅਰਪੋਰਟ ਤੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚਾਉਣ ਲਈ ਵੀ ਇਕ ਵਿਸ਼ੇਸ਼ ਬੱਸ ਦਾ ਪ੍ਰਬੰਧ ਕਰ ਰਹੀ ਹੈ। ਅੱਜ ਇਨ੍ਹਾਂ ਬੱਸਾਂ ਨੂੰ ਰਵਾਨਾ ਕਰਨ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਦਲਮੇਘ ਸਿੰਘ ਖਟੜਾ, ਸ. ਜੋਗਿੰਦਰ ਸਿੰਘ ਅਦਲੀਵਾਲ, ਐਡੀ: ਸਕੱਤਰ ਸ. ਸਤਬੀਰ ਸਿੰਘ ਤੇ ਸ. ਗੁਰਦਰਸ਼ਨ ਸਿੰਘ, ਮੀਤ ਸਕੱਤਰ ਸ. ਬਲਕਾਰ ਸਿੰਘ, ਸ. ਦਿਲਬਾਗ ਸਿੰਘ, ਸ. ਗੁਰਚਰਨ ਸਿੰਘ ਘਰਿੰਡਾ ਤੇ ਸ. ਉਂਕਾਰ ਸਿੰਘ, ਪਬਲੀਸਿਟੀ ਵਿਭਾਗ ਦੇ ਇੰਚਾਰਜ ਸ. ਰਾਮ ਸਿੰਘ, ਸੁਪ੍ਰਿੰਟੈਂਡੈਂਟ ਸ. ਬਿਜੈ ਸਿੰਘ, ਇੰਚਾਰਜ ਗੱਡੀਆਂ ਸ. ਦਲਬੀਰ ਸਿੰਘ ਤੇ ਸ. ਬੰਤਾ ਸਿੰਘ (ਇੰਚਾਰਜ ਗੱਡੀਆਂ ਸ੍ਰੀ ਦਰਬਾਰ ਸਾਹਿਬ) ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਬਲਬੀਰ ਸਿੰਘ, ਸਰਾਵਾਂ ਦੇ ਮੈਨੇਜਰ ਸ. ਕੁਲਦੀਪ ਸਿੰਘ ਬਾਵਾ, ਐਡੀ: ਮੈਨੇਜਰ ਸ. ਪ੍ਰਤਾਪ ਸਿੰਘ ਤੇ ਸ. ਟਹਿਲ ਸਿੰਘ ਆਦਿ ਮੌਜੂਦ ਸਨ।