ਫਤਿਹਗੜ੍ਹ ਸਾਹਿਬ – ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪ੍ਰੈਸ ਨੂੰ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ ਹੈ ਕਿ ਹਿੰਦੋਸਤਾਨ ਕਹਿਣ ਨੂੰ ਤਾਂ ਇੱਕ ਲੋਕਤੰਤਰੀ ਮੁਲਕ ਹੈ। ਪਰ ਅਸਲੀਅਤ ਵਿੱਚ ਇੱਥੇ ਸਿੱਖ ਕੌਮ ਅਤੇ ਹੋਰ ਘੱਟ ਗਿਣਤੀ ਕੌਮਾਂ ਦੇ ਹੱਕਾਂ ਨੂੰ ਨਿਰੰਤਰ ਲੰਮੇ ਸਮੇਂ ਤੋਂ ਕੁਚਲ ਕੇ ਜਮਹੂਰੀਅਤ ਦਾ ਘਾਣ ਹੁੰਦਾ ਆ ਰਿਹਾ ਹੈ। ਉਹਨਾਂ ਮਾਰਚ 2000 ਵਿੱਚ ਚਿੱਠੀਸਿੰਘਪੁਰਾ (ਜ਼ੰਮੂ ਕਸ਼ਮੀਰ) ਵਿਖੇ ਸ਼੍ਰੀ ਕਲਿੰਟਨ ਦੇ ਭਾਰਤੀ ਦੌਰੇ ਦੌਰਾਨ 43 ਸਿੱਖਾਂ ਦੇ ਹੋਏ ਸਮੂਹਿਕ ਕਤਲ ਦੀ ਘਟਨਾ ਨੂੰ ਯਾਦ ਦਿਵਾਉਦੇ ਹੋਏ ਕਿਹਾ ਕਿ 10 ਸਾਲ ਦਾ ਲੰਮਾ ਸਮਾਂ ਬੀਤ ਜਾਣ ਉਪਰੰਤ ਵੀ ਉਪਰੋਕਤ ਸਿੱਖਾਂ ਦੇ ਕਾਤਿਲਾਂ ਦੀ ਅੱਜ ਤੱਕ ਪਹਿਚਾਣ ਹੀ ਨਹੀਂ ਕੀਤੀ ਗਈ ਅਤੇ ਉਹਨਾਂ ਨੂੰ ਕਾਨੂੰਨ ਅਨੁਸਾਰ ਸਜ਼ਾ ਦਿਵਾਉਣ ਦੀ ਗੱਲ ਉੱਤੇ ਕਦੋਂ ਅਮਲ ਹੋਵੇਗਾ?
ਉਹਨਾਂ ਅਮਰੀਕਾ ਦੇ ਵਿਦੇਸ਼ ਵਜ਼ੀਰ ਬੀਬੀ ਹਿਲੇਰੀ ਕਲਿੰਟਨ ਜੋ ਹਿੰਦੋਸਤਾਨ ਦੇ ਦੌਰੇ ‘ਤੇ ਆਏ ਹਨ, ਨੂੰ ਸਿੱਖ ਕੌਮ ਵੱਲੋਂ ਪੁਰਜ਼ੋਰ ਅਪੀਲ ਕਰਦੇ ਹੋਏ ਕਿਹਾ ਕਿ ਉਹ ਸਿੱਖ ਕੌਮ ਦੇ ਚਿੱਠੀਸਿੰਘਪੁਰਾ ਦੇ ਕਾਲਿਤਾਂ ਨੂੰ ਸਜ਼ਾ ਦਿਵਾਉਣ ਦਾ ਪ੍ਰਬੰਧ ਕਰਨ ਲਈ ਆਪਣੇ ਮਨੁੱਖਤਾ ਪੱਖੀ ਵਿਚਾਰਾਂ ਦਾ ਪਰਿਵਾਰ ਵਰਤਣ ਕਿਉਂਕਿ ਉਹਨਾਂ ਦੇ ਪਤੀ ਸ਼੍ਰੀ ਬਿਲ ਕਲਿੰਟਨ ਜੋ ਉਸ ਸਮੇਂ ਅਮਰੀਕਾ ਦੇ ਪ੍ਰਧਾਨ ਸਨ ਅਤੇ ਹਿੰਦੋਸਤਾਨ ਦੇ ਦੌਰੇ ‘ਤੇ ਆਏ ਸਨ, ਉਹਨਾਂ ਵਲੋਂ ਆਪਣੀ ਲਿਖੀ ਕਿਤਾਬ ਵਿੱਚ ਇਹ ਪ੍ਰਵਾਨ ਕੀਤਾ ਗਿਆ ਹੈ ਕਿ ਜੰਮੂ ਕਸ਼ਮੀਰ ਵਿੱਚ 43 ਸਿੱਖਾਂ ਦਾ ਕਤਲ ਹਿੰਦੋਸਤਾਨੀ ਫੌਜਾਂ ਤੋਂ ਕਰਵਾਇਆ ਗਿਆ ਸੀ ਤਾਂ ਕਿ ਉਹਨਾਂ (ਕਲਿੰਟਨ) ਦੇ ਭਾਰਤੀ ਦੌਰੇ ਨੂੰ ਰੱਦ ਕਰਵਾਇਆ ਜਾ ਸਕੇ। ਇਸ ਲਈ ਬੀਬੀ ਹਿਲੇਰੀ ਕਲਿੰਟਨ ਨੂੰ ਚਾਹੀਦਾ ਹੈ ਕਿ ਉਹ ਆਪਣੇ ਪਤੀ ਦੇ ਕਥਨਾਂ ਉੱਤੇ ਵਿਸ਼ਵਾਸ ਕਰਕੇ ਸਿੱਖ ਕੌਮ ਦੇ ਕਾਤਿਲਾਂ ਨੂੰ ਸਾਹਮਣੇ ਲਿਆਉਣ ਅਤੇ ਉਹਨਾਂ ਨੂੰ ਬਣਦੀਆਂ ਸਜ਼ਾਵਾਂ ਦੇਣ ਦਾ ਪ੍ਰਬੰਧ ਕਰਨ। ਸ: ਮਾਨ ਨੇ ਕਿਹਾ ਕਿ ਕੇਵਲ 2000 ਵਿੱਚ ਹੀ ਨਹੀਂ, 1984 ਵਿੱਚ ਦਿੱਲੀ ਅਤੇ ਹੋਰ ਅਨੇਕਾਂ ਸਥਾਨਾਂ ਉੱਤੇ ਇੱਕ ਯੋਜਨਾਬੱਧ ਢੰਗ ਰਾਹੀਂ ਇੱਥੋਂ ਦੇ ਹੁਕਮਰਾਨਾਂ ਵੱਲੋਂ ਸਿੱਖ ਕੌਮ ਦਾ ਕਤਲੇਆਮ ਕੀਤਾ ਗਿਆ। ਇਸੇ ਤਰ੍ਹਾ ਜੂਨ 1984 ਵਿੱਚ ਬਲਿਊ ਸਟਾਰ ਦੀ ਫੌਜੀ ਹਮਲੇ ਦੀ ਕਾਰਵਾਈ ਵੀ ਸਿੱਖ ਕੌਮ ਦੇ ਜਮਹੂਰੀ ਤੇ ਵਿਧਾਨਿਕ ਹੱਕਾਂ ਨੂੰ ਕੁਚਲਣ ਲਈ ਅਤੇ ਸਿੱਖ ਕੌਮ ਵਿੱਚ ਦਹਿਸ਼ਤ ਪਾਉਣ ਦੀ ਮੰਦਭਾਵਨਾ ਅਧੀਨ ਕੀਤੀ ਗਈ। ਉਹਨਾਂ ਕਿਹਾ ਕਿ ਬਹੁਤ ਦੁੱਖ ਅਤੇ ਅਫਸੋਸ ਹੈ ਕਿ ਮਨੁੱਖੀ ਹੱਕਾਂ ਦੀ ਰਖਵਾਲੀ ਵਾਲੇ ਕੌਮਾਂਤਰੀ ਕਾਨੂੰਨਾਂ ਦੀ ਰੌਸ਼ਨੀ ਅਧੀਨ ਕਿਸੇ ਵੀ ਮੁਲਕ ਜਾਂ ਯੁਨਾਈਟਡ ਨੇਸ਼ਨਜ਼ ਨੇ ਸਿੱਖ ਕੌਮ ਦੇ ਕਾਤਿਲਾਂ ਉਤੇ ਮੁਕੱਦਮੇ ਚਲਾਉਣ ਅਤੇ ਸਜ਼ਾਵਾਂ ਦੇਣ ਦੇ ਫਰਜਾਂ ਦੀ ਪੂਰਤੀ ਨਹੀਂ ਕੀਤੀ। ਇੱਥੋਂ ਤੱਕ ਕਿ ਅਮਨੈਸਟੀ ਇੰਟਰਨੈਸ਼ਨਲ ਅਤੇ ਇੰਟਰਨੈਸ਼ਨਲ ਸੁਸਾਇਟੀ ਆਫ ਰੈੱਡ ਕਰਾਸ ਵਰਗੀਆਂ ਜਥੇਬੰਦੀਆਂ ਦੇ ਪੰਜਾਬ ਵਿੱਚ ਦਾਖਲੇ ਉਤੇ ਪਾਬੰਦੀ ਲਾ ਕੇ ਹਿੰਦ ਹਕੂਮਤ ਨੇ ਮਨੁੱਖੀ ਅਧਿਕਾਰਾਂ ਦਾ ਸ਼ਰੇਆਮ ਘਾਣ ਕੀਤਾ।
ਸ: ਮਾਨ ਨੇ ਪਾਕਿਸਤਾਨ ਅਤੇ ਹਿੰਦੋਸਤਾਨ ਦੇ ਦੋਵਾਂ ਮੁਲਕਾਂ ਦੇ ਵਜ਼ੀਰ ਏ ਆਜਿ਼ਮਾਂ ਵੱਲੋਂ ਸ਼ਰਮ ਅਲ ਸੇਖ਼ (ਮਿਸਰ) ਵਿਖੇ ਹੋਈ ਸਦਭਾਵਨਾ ਭਰੀ ਆਪਸੀ ਗੱਲਬਾਤ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਸਿੱਖ ਕੌਮ ਦੇ ਸੱਭਿਆਚਾਰ, ਧਾਰਮਿਕ, ਆਰਥਿਕ, ਸਮਾਜਿਕ ਦਾ ਕਾਫੀ ਵੱਡਾ ਹਿੱਸਾ ਪਾਕਿਸਤਾਨ ਵਿੱਚ ਹੈ। ਸਾਡੀ ਜ਼ੁਬਾਨ, ਪਹਿਰਾਵਾ ਅਤੇ ਇਤਿਹਾਸਿਕ ਤੱਥਾਂ ਦੀ ਇੱਕ ਗੂੜ੍ਹੀ ਸਾਂਝ ਹੈ। ਇਸ ਲਈ ਪਾਕਿਸਤਾਨ ਦੇ ਵਜ਼ੀਰ ਏ ਆਜਿ਼ਮ ਸ਼੍ਰੀ ਯੁਸਫ਼ ਗੀਲਾਨੀ ਅਤੇ ਡਾ: ਮਨਮੋਹਨ ਸਿੰਘ ਵਜ਼ੀਰ ਏ ਆਜਿ਼ਮ ਹਿੰਦੋਸਤਾਨ ਦੀ ਗੱਲਬਾਤ ਹੁੰਦੀ ਰਹਿਣੀ ਚਾਹੀਦੀ ਹੈ ਤਾਂ ਕਿ ਕਿਸੇ ਸਮੇਂ ਇਹ ਗੱਲਬਾਤ ਦੋਵਾਂ ਮੁਲਕਾਂ ਦੇ ਵਪਾਰਿਕ, ਧਾਰਮਿਕ ਅਤੇ ਸੱਭਿਆਚਾਰਕ ਸੰਬੰਧਾਂ ਨੂੰ ਫਿਰ ਤੋਂ ਮਜ਼ਬੂਤੀ ਬਖਸ ਸਕੇ। ਦੋਵੇਂ ਮੁਲਕ ਕੌਮਾਂਤਰੀ ਪੱਧਰ ‘ਤੇ ਆਧੁਨਿਕ ਸਹੂਲਤਾਂ ਨਾਲ ਲੈਸ ਹੋ ਕੇ ਹਰ ਖੇਤਰ ਵਿੱਚ ਤਰੱਕੀ ਕਰ ਸਕਣ ਅਤੇ ਸਿੱਖ ਕੌਮ ਇਸ ਅੱਛੇ ਮਾਹੌਲ ਵਿੱਚ ਦੋਵਾਂ ਮੁਲਕਾਂ ਦੀ ਧਰਤੀ ਨਾਲ ਬਣੀ ਆਪਣੀ ਸਾਂਝ ਨੂੰ ਹੋਰ ਵਧੇਰੇ ਪ੍ਰਫੁੱਲਿਤ ਕਰ ਸਕੇ। ਸ: ਮਾਨ ਨੇ ਦੋਵਾਂ ਮੁਲਕਾਂ ਦੇ ਬਸਿੰਦਿਆਂ ਨੂੰ ਆਪਣੇ ਧੁਰ ਦਿਲ ਆਤਮਾ ਤੋਂ ਇਹ ਡੂੰਘੀ ਅਪੀਲ ਕਰਦੇ ਹੋਏ ਕਿਹਾ ਕਿ ਕੁਝ ਫਿਰਕੂ ਅਤੇ ਮੁਤੱਸਵੀ ਸੋਚ ਵਾਲੇ ਆਗੂ ਦੋਵਾ ਮੁਲਕਾਂ ਅਤੇ ਦੋਵੇ ਕੌਮਾਂ ਸਿੱਖਾਂ ਅਤੇ ਮੁਸਲਮਾਨਾਂ ਵਿੱਚ ਨਫਰਤ ਦੀ ਦੀਵਾਰ ਖੜੀ ਕਰਨ ਲਈ ਤਰਲੋ ਮੱਛੀ ਹੋ ਰਹੇ ਹਨ। ਅਜਿਹੇ ਅਨਸਰਾਂ ਦੀ ਪਹਿਚਾਣ ਕਰਕੇ ਦੋਵਾਂ ਮੁਲਕਾਂ ਦੇ ਬਸਿੰਦਿਆਂ ਨੂੰ ਇਸ ਨਫਰਤ ਭਰੀ ਸੋਚ ਨੂੰ ਦਫਨ ਕਰ ਦੇਣਾ ਚਾਹੀਦਾ ਹੈ ਅਤੇ ਆਪਣੇ ਹਿੰਦੋਸਤਾਨ ਤੇ ਪਾਕਿਸਤਾਨ ਦੀ ਵੰਡ ਤੋਂ ਪਹਿਲੇ ਵਾਲੇ ਪਿਆਰ, ਮੁਹੱਬਤ, ਮਿਲਵਰਤਨ ਅਤੇ ਸਾਂਝਾਂ ਨੂੰ ਕਾਇਮ ਰੱਖਦੇ ਹੋਏ ਦੋਵੇਂ ਮੁਲਕਾਂ ਦੀ ਤਰੱਕੀ ਲਈ ਯੋਗਦਾਨ ਪਾਉਣਾ ਚਾਹੀਦਾ ਹੈ। ਜਿੱਥੋਂ ਤੱਕ ਦਹਿਸ਼ਤਗਰਦੀ ਦਾ ਮੁੱਦਾ ਹੈ, ਇਸਨੂੰ ਨਾ ਤਾਂ ਸਿੱਖ ਕੌਮ ਪ੍ਰਵਾਨ ਕਰਦੀ ਹੈ ਅਤੇ ਨਾ ਹੀ ਮੁਸਲਿਮ ਕੌਮ। ਲੇਕਿਨ ਦੋਵਾਂ ਮੁਲਕਾਂ ਵਿੱਚ ਵਿਚਰ ਰਿਹਾ ਕੁਝ ਸ਼ਰਾਰਤੀ ਅਨਸਰ ਇਸ ਤਾਕ ਵਿੱਚ ਰਹਿੰਦਾ ਹੈ ਜਿਸ ਨਾਲ ਸਿੱਖ ਕੌਮ ਅਤੇ ਮੁਸਲਿਮ ਕੌਮ ਨੂੰ ਬਦਨਾਮ ਕੀਤਾ ਜਾ ਸਕੇ, ਜਿਸ ਤੋਂ ਦੋਵਾਂ ਮੁਲਕਾਂ ਦੇ ਬਸਿੰਦਿਆਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ।