ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ ਰਜ਼ਾ ਗਿਲਾਨੀ ਨੇ ਕਿਹਾ ਕਿ ਭਾਰਤ ਨਾਲ ਸਬੰਧ ਸੁਧਾਰਨ ਲਈ ਜਿਨ੍ਹਾਂ ਮੁਦਿਆਂ ਤੇ ਸਹਿਮਤੀ ਬਣੀ ਹੈ,ਉਸ ਲਈ ਸਾਨੂੰ ਕਿਸੇ ਤੀਸਰੇ ਪੱਖ ਦੀ ਖੁਸ਼ੀ ਜਾਂ ਨਰਾਜ਼ਗੀ ਵਲ ਧਿਆਨ ਦੇਣ ਦੀ ਲੋੜ ਨਹੀਂ ਹੈ। ਇਸ ਲਈ ਸਾਨੂੰ ਅਮਰੀਕਾ ਦੀ ਵਿਚੋਲਗੀ ਦੀ ਜਰੂਰਤ ਨਹੀਂ ਹੈ। ਇਸ ਸਮੇਂ ਜੋ ਵੀ ਯਤਨ ਕੀਤੇ ਜਾ ਰਹੇ ਹਨ,ਉਸ ਦੇ ਪਿੱਛੇ ਦੋਵਾਂ ਦੇਸ਼ਾ ਦੇ ਨੇਤਾਵਾਂ ਦੀ ਆਪਸੀ ਸਹਿਮਤੀ ਹੈ ਅਤੇ ਇਸ ਦੇ ਨਾਲ ਹੀ ਅੱਗੇ ਵਧਿਆ ਜਾ ਸਕਦਾ ਹੈ। ਗਿਲਾਨੀ ਨੇ ਮਿਸਰ ਤੋਂ ਵਾਪਿਸ ਆ ਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੀ ਭਾਰਤ ਦੇ ਪ੍ਰਧਾਨਮੰਤਰੀ ਨਾਲ ਮੁਲਾਕਾਤ ਮੁੱਖ ਮੁਦਾ ਰਹੀ।
ਗਿਲਾਨੀ ਨੂੰ ਜਦੋਂ ਪੱਤਰਕਾਰਾਂ ਵਲੋਂ ਇਹ ਪੁਛਿਆ ਗਿਆ ਕਿ ਭਾਰਤ ਨਾਲ ਸਬੰਧਾਂ ਨੂੰ ਲੈ ਕੇ ਅਮਰੀਕਾ ਨੂੰ ਵਿਚੋਲਗੀ ਕਰਨ ਲਈ ਕਹਿਣਗੇ ਤਾਂ ਉਨ੍ਹਾਂ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਅਮਰੀਕਾ ਨੂੰ ਵਿਚੋਲਗੀ ਕਰਨ ਲਈ ਨਹੀਂ ਕਿਹਾ ਅਤੇ ਨਾਂ ਹੀ ਕਹਿਣਗੇ, ਸਾਨੂੰ ਕਿਸੇ ਵੀ ਤੀਸਰੇ ਪੱਖ ਦੀ ਵਿਚੋਲਗੀ ਦੀ ਲੋੜ ਨਹੀਂ ਹੈ। ਇਹ ਸਾਡਾ ਆਪਣਾ ਮਸਲਾ ਹੈ ਅਤੇ ਅਸੀਂ ਇਸ ਦਿਸ਼ਾ ਵਿਚ ਅੱਗੇ ਵਧਣ ਲਈ ਸਹਿਮਤ ਹਾਂ। ਉਨ੍ਹਾਂ ਇਹ ਵੀ ਕਿਹਾ ਕਿ ਦੋਵੇਂ ਹੀ ਦੇਸ਼ ਅਤਵਾਦ ਦਾ ਸਿ਼ਕਾਰ ਹਨ ਅਤੇ ਇਸ ਸਮਸਿਆ ਨਾਲ ਜੂਝ ਰਹੇ ਹਨ। ਇਸ ਦਿਸ਼ਾ ਵਿਚ ਅੱਗੇ ਵਧਣ ਲਈ ਸਾਨੂੰ ਡੇਢ ਅਰਬ ਲੋਕਾਂ ਲੋਕਾਂ ਦੇ ਹਿਤਾਂ ਨੂੰ ਧਿਆਨ ਵਿਚ ਰੱਖਣਾ ਹੈ।
ਮੁੰਬਈ ਸਬੰਧੀ ਸਵਾਲਾਂ ਦੇ ਜਵਾਬ ਦਿੰਦੇ ਹੋਏ ਗਿਲਾਨੀ ਨੇ ਕਿਹਾ ਕਿ ਇਸ ਸਬੰਧੀ ਜੋ ਵੀ ਮਦਦ ਭਾਰਤ ਨੂੰ ਚਾਹੀਦੀ ਹੈ, ਪਾਕਿਸਤਾਨ ਸਰਕਾਰ ਕਰਨ ਲਈ ਤਿਆਰ ਹੈ। ਜੇ ਭਾਰਤ ਕੋਈ ਅਜਿਹਾ ਸਬੂਤ ਦਿੰਦਾ ਹੈ ਜੋ ਭਰੋਸੇਯੋਗ ਹੋਵੇ ਤਾਂ ਪਾਕਿਸਤਾਨ ਉਸ ਵਿਚ ਮਦਦ ਕਰੇਗਾ। ਉਨ੍ਹਾਂ ਨੇ ਕਿਹਾ, “ਅਸੀਂ ਜੋ ਵੀ ਕਰ ਰਹੇ ਹਾਂ, ਆਪਣੇ ਹਿਤਾਂ ਲਈ ਕਰ ਰਹੇ ਹਾਂ। ਅਸੀਂ ਕੋਈ ਵੀ ਕਦਮ ਕਿਸੇ ਦੇ ਕਹਿਣ ਤੇ ਨਹੀਂ ਉਠਾ ਰਹੇ। ਕੋਈ ਵੀ ਕਦਮ ਇਸ ਲਈ ਨਹੀਂ ਉਠਾਇਆ ਜਾ ਰਿਹਾ ਕਿ ਇਸ ਨਾਲ ਕੌਣ ਖੁਸ਼ ਹੋਵੇਗਾ ਅਤੇ ਕੌਣ ਨਰਾਜ਼, ਇਹ ਸਾਡੀ ਜਰੂਰਤ ਹੈ।” ਪ੍ਰਧਾਨਮੰਤਰੀ ਗਿਲਾਨੀ ਨੇ ਕਿਹਾ ਕਿ ਅਫਗਾਨਿਸਤਾਨ ਵਿਚ ਸ਼ਾਂਤੀ ਬਹਾਲ ਹੋਣਾ ਵੀ ਜਰੂਰੀ ਹੈ। ਅਫਗਾਨਿਸਤਾਨ ਵਿਚ ਸ਼ਾਂਤੀ ਬਹਾਲ ਹੋਣ ਦਾ ਫਾਇਦਾ ਪਾਕਿਸਤਾਨ ਨੂੰ ਹੋਵੇਗਾ। ਅਤਵਾਦ ਦੇ ਮੁਦੇ ਤੇ ਗਿਲਾਨੀ ਸਖਤੀ ਨਾਲ ਗੱਲਬਾਤ ਕਰਦੇ ਰਹੇ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਨੇਤਾ ਰਾਜਨੀਤਕ ਪੱਧਰ ਤੇ ਚਾਹੁੰਦੇ ਹਨ ਕਿ ਅਤਵਾਦ ਦਾ ਖਾਤਮਾ ਹੋਵੇ ਕਿਉਂਕਿ ਇਸ ਨਾਲ ਕਨੂੰਨ ਅਵਸਥਾ ਤਾਂ ਭੰਗ ਹੁੰਦੀ ਹੀ ਹੈ ਆਰਥਿਕ ਵਿਕਾਸ ਤੇ ਵੀ ਮਾੜਾ ਅਸਰ ਪੈਂਦਾ ਹੈ।