ਚੰਦੌਲੀ/ਲਖਨਊ- ਉੱਤਰ ਪ੍ਰਦੇਸ਼ ਦੇ ਚੰਦੌਲੀ ਵਿਖੇ ਐਤਵਾਰ ਨੂੰ ਫੌਜ ਦੀ ਭਰਤੀ ਦੌਰਾਨ ਮੱਚੀ ਭਾਜੜ ਤੋਂ ਬਾਅਦ ਫਾਇਰਿੰਗ ਵਿਚ ਇਕ ਆਦਮੀ ਦੀ ਮੋਤ ਹੋ ਗਈ। ਭਰਤੀ ਵਿਚ ਗੜਬੜੀ ਦਾ ਇਲਜ਼ਾਮ ਲਾਉਂਦੇ ਹੋਏ ਹੰਗਾਮਾ ਕਰ ਰਹੇ ਨੌਜਵਾਨਾਂ ‘ਤੇ ਮਿਲਟਰੀ ਪੁਲਿਸ ਦੀ ਫਾਇਰਿੰਗ ਦੌਰਾਨ ਭਰਤੀ ਹੋਣ ਲਈ ਪਹੁੰਚੇ ਤਿੰਨ ਆਦਮੀ ਵੀ ਜ਼ਖ਼ਮੀ ਹੋਏ ਹਨ। ਇਸਤੋਂ ਬਾਅਦ ਬੇਕਾਬੂ ਹੋਏ ਨੌਜਵਾਨਾਂ ਨੇ ਪੂਰੇ ਸ਼ਹਿਰ ਵਿਚ ਭੰਨਤੋੜ ਕਰਨ ਦੀ ਕੋਸਿ਼ਸ਼ ਕੀਤੀ। ਹੰਗਾਮੇ ਕਰਕੇ ਦਿਨ ਵਿਚ ਅੰਦਾਜ਼ਨ ਚਾਰ ਘੰਟਿਆਂ ਤੱਕ ਸ਼ਹਿਰ ਵਿਚ ਹਫੜਾ ਦਫੜੀ ਮਚੀ ਰਹੀ। ਪੁਲਿਸ ਨੇ ਸਖ਼ਤ ਮਿਹਨਤ ਤੋਂ ਬਾਅਦ ਹਾਲਾਤ ‘ਤੇ ਕਾਬੂ ਪਾਇਆ।
ਕੁਝ ਸੂਤਰਾਂ ਮੁਤਾਬਕ ਫਾਇਰਿੰਗ ਵਿਚ ਪੰਜ ਨੌਜਵਾਨਾਂ ਦੀ ਮੌਤ ਹੋਈ ਹੈ। ਭੜਕੇ ਹੋਏ ਲੋਕਾਂ ਨੇ ਸਰਕਾਰੀ ਦਫ਼ਤਰਾਂ ਵਿਚ ਭੰਨਤੋੜ ਅਤੇ ਸਾੜ ਫੂਕ ਕੀਤੀ। ਚੰਦੌਲੀ ਰੇਲਵੇ ਸਟੇਸ਼ਨ ‘ਤੇ ਭੰਨਤੋੜ ਕਰਕੇ ਆਵਾਜਾਈ ਪ੍ਰਭਾਵਿਤ ਹੋਈ। ਲੰਮੀ ਦੂਰੀ ਦੀਆਂ ਕਈ ਰੇਲਾਂ ਨੂੰ ਦੂਜੇ ਸਟੇਸ਼ਨਾਂ ‘ਤੇ ਰੋਕ ਕੇ ਰੱਖਿਆ ਗਿਆ। ਇਸਤੋਂ ਇਲਾਵਾ ਭੜਕੇ ਹੋਏ ਲੋਕਾਂ ਨੇ ਕੁਝ ਵਾਹਨਾਂ ਦੀ ਵੀ ਸਾੜਫੂਕ ਕੀਤੀ ਅਤੇ ਜਿ਼ਲੇ ਦੀ ਅਦਾਲਤ ਵਿਚ ਵੀ ਭੰਨਤੋੜ ਕੀਤੀ।
ਇਸ ਭਰਤੀ ਰੈਲੀ ਵਿਚ ਨਜ਼ਦੀਕ ਦੇ ਇਲਾਕਿਆਂ ਦੇ ਨਾਲ ਗੁਆਂਢੀ ਰਾਜ ਬਿਹਾਰ ਤੋਂ ਅੰਦਾਜ਼ਨ ਦੋ ਹਜ਼ਾਰ ਨੌਜਵਾਨਾਂ ਨੇ ਹਿੱਸਾ ਲਿਆ ਸੀ। ਨੌਜਵਾਨਾਂ ਨੇ ਸਰੀਰਕ ਪਰੀਖਣ ਦੌਰਾਨ ਧਾਂਦਲੀ ਦੀ ਸਿ਼ਕਾਇਤ ਕੀਤੀ ਸੀ ਅਤੇ ਉਸਤੋਂ ਬਾਅਦ ਹੀ ਫੌਜੀ ਅਧਿਕਾਰੀਆਂ ਨਾਲ ਉਨ੍ਹਾਂ ਦਾ ਝਗੜਾ ਹੋ ਗਿਆ ਸੀ। ਫੌਜੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਨੌਜਵਾਨਾਂ ਨੇ ਪਥਰਾਅ ਸ਼ੁਰੂ ਕਰ ਦਿੱਤਾ ਸੀ। ਰਾਜ ਸਰਕਾਰ ਨੇ ਘਟਨਾ ਦੀ ਮੈਜਿਸਟ੍ਰੇਟ ਜਾਂਚ ਕਰਾਉਣ ਦੇ ਹੁਕਮ ਦਿੱਤੇ ਹਨ। ਸੂਬੇ ਦੇ ਕੈਬਿਨੇਟ ਸਕੱਤਰ ਸ਼ਸ਼ਾਂਕ ਸ਼ੇਖਰ ਸਿੰਘ ਨੇ ਦਸਿਆ ਕਿ ਸ਼ਹਿਰ ਵਿਚ ਲੋੜੀਂਦੀ ਪੁਲਿਸ ਫੋਰਸ ਤੈਨਾਤ ਕੀਤੀ ਗਈ ਹੈ।
ਫੌਜ ਵਿਚ ਭਰਤੀ ਸਮੇਂ ਹੰਗਾਮਾ
This entry was posted in ਭਾਰਤ.