ਚੰਡੀਗੜ੍ਹ :- “ਅਮਰੀਕਾ ਇੱਕ ਜਮਹੂਰੀਅਤ ਪਸੰਦ ਮਨੁੱਖੀ ਹੱਕਾਂ ਦੀ ਰਖਵਾਲੀ ਕਰਨ ਵਾਲਾ ਵੱਡਾ ਮੁਲਕ ਅਖਵਾਉਂਦਾ ਹੈ। ਹਿੰਦੋਸਤਾਨ ਦੇ ਦੌਰੇ ਤੇ ਆਈ ਅਮਰੀਕਾ ਦੀ ਵਿਦੇਸ਼ ਵਜ਼ੀਰ, ਸੈਕਟਰੀ ਆਫ ਸਟੇਟ ਬੀਬੀ ਹਿਲੇਰੀ ਕਲਿੰਟਨ ਨੂੰ ਭਾਜਪਾ ਦੇ ਫਿਰਕੂ ਅਤੇ ਘੱਟ ਗਿਣਤੀ ਕੌਮਾਂ ਦੇ ਕਾਤਿਲ ਸ਼੍ਰੀ ਅਡਵਾਨੀ ਨਾਲ ਬਿਲਕੁਲ ਮੁਲਾਕਾਤ ਨਹੀਂ ਸੀ ਕਰਨੀ ਚਾਹੀਦੀ।”
ਇਹ ਉਪਰੋਕਤ ਵਿਚਾਰ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਬੀ ਕਲਿੰਟਨ – ਅਡਵਾਨੀ ਦੀ ਹੋਈ ਮੁਲਕਾਤ ਉੱਤੇ ਗਹਿਰੇ ਦੁੱਖ ਦਾ ਇਜ਼ਹਾਰ ਕਰਦੇ ਹੋਏ ਇੱਕ ਪ੍ਰੈਸ ਬਿਆਨ ਵਿੱਚ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਸਮੁੱਚੇ ਮੁਲਕਾਂ ਦੀਆਂ ਹਕੂਮਤਾਂ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸਰਗਰਮ ਜਥੇਬੰਦੀਆਂ ਸੰਗਠਨਾਂ ਨੂੰ ਜਦੋਂ ਇਸ ਗੱਲ ਦੀ ਡੂੰਘੀ ਜਾਣਕਾਰੀ ਹੈ ਕਿ ਸ਼੍ਰੀ ਅਡਵਾਨੀ ਨੇ ਜੂਨ 1984 ਵਿੱਚ ਉਸ ਸਮੇਂ ਦੀ ਹਿੰਦੋਸਤਾਨ ਦੀ ਵਜ਼ੀਰ ਏ ਆਜਿ਼ਮ ਮਰਹੂਮ ਇੰਦਰਾ ਗਾਂਧੀ ਨੂੰ ਉਕਸਾ ਕੇ ਸਿੱਖ ਕੌਮ ਦੇ ਸਰਵ ਉੱਚ ਅਸਥਾਨ ਸ਼੍ਰੀ ਦਰਬਾਰ ਸਾਹਿਬ, ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਫੌਜੀ ਹਮਲਾ ਕਰਵਾਇਆ ਸੀ। ਜਿਸਨੂੰ ਸ਼੍ਰੀ ਅਡਵਾਨੀ ਨੇ ਆਪਣੇ ਵੱਲੋਂ ਲਿਖੀ ਕਿਤਾਬ ਮਾਈ ਕੰਟਰੀ ਮਾਈ ਲਾਈਫ ਵਿੱਚ ਲਿਖਤੀ ਰੂਪ ਵਿੱਚ ਪ੍ਰਵਾਨ ਕੀਤਾ ਹੈ। ਫਿਰ ਨਵੰਬਰ 1984 ਵਿੱਚ ਸ਼੍ਰੀ ਅਡਵਾਨੀ ਨੇ ਆਪਣੇ ਸਹਿਯੋਗੀ ਸੰਗਠਨਾਂ ਆਰ ਐਸ ਐਸ, ਸਿ਼ਵ ਸੈਨਿਕ, ਬਜਰੰਗ ਦਲ, ਵਿਸ਼ਵ ਹਿੰਦੂ ਪਰਿਸ਼ਦ ਆਦਿ ਨਾਲ ਸੰਬੰਧਿਤ ਕਾਰਕੁੰਨਾਂ ਨੂੰ ਸਿੱਖ ਕੌਮ ਦਾ ਕਤਲੇਆਮ ਕਰਨ ਦੇ ਗੁਪਤ ਸੰਦੇਸ਼ ਦਿੱਤੇ। ਫਿਰ 6 ਦਸੰਬਰ 1992 ਨੂੰ ਮੁਸਲਿਮ ਕੌਮ ਦੇ ਧਾਰਮਿਕ ਅਸਥਾਨ ਸ਼੍ਰੀ ਬਾਬਰੀ ਮਸਜਿਦ ਉੱਤੇ ਬਹੁਗਿਣਤੀ ਨੂੰ ਭੜਕਾ ਕੇ ਹਮਲਾ ਕਰਵਾਇਆ ਅਤੇ ਢਹਿ ਢੇਰੀ ਕੀਤਾ। ਗੁਜਰਾਤ ਵਿੱਚ ਮੁਸਲਿਮ ਕੌਮ ਦਾ ਕਤਲੇਆਮ ਕਰਾਉਣ ਲਈ ਸ਼੍ਰੀ ਅਡਵਾਨੀ ਨੇ ਸ਼੍ਰੀ ਮੋਦੀ ਰਾਹੀਂ ਸ਼ਾਜਿਸਾਂ ਰਚੀਆਂ। ਫਿਰ ਉੜੀਸਾ, ਕਰਨਾਟਕਾ, ਕੇਰਲ, ਆਂਧਰਾ ਪ੍ਰਦੇਸ਼ ਆਦਿ ਦੱਖਣੀ ਸੂਬਿਆਂ ਵਿੱਚ ਇਸਾਈ ਚਰਚਾਂ ਅਤੇ ਪਾਦਰੀਆਂ ਉੱਤੇ ਹਮਲੇ ਕਰਵਾਏ। ਨੰਨਜ਼ਾਂ ਨਾਲ ਬਲਾਤਕਾਰ ਦੀਆਂ ਸ਼ਰਮਨਾਕ ਕਾਰਵਾਈਆਂ ਕਰਵਾਈਆਂ। ਅਜਿਹੇ ਮਨੁੱਖਤਾ ਦਾ ਕਤਲੇਆਮ ਕਰਨ ਵਾਲੇ ਅਤੇ ਘੱਟ ਗਿਣਤੀ ਕੌਮਾਂ ਨਾਲ ਵਿਧਾਨਿਕ ਅਤੇ ਸਮਾਜਿਕ ਜਿਆਦਤੀਆਂ ਕਰਨ ਵਾਲੇ ਸ਼੍ਰੀ ਅਡਵਾਨੀ ਵਰਗੇ ਮੁਤੱਸਵੀ ਆਗੂ ਨਾਲ ਬੀਬੀ ਹਿਲੇਰੀ ਕਲਿੰਟਨ ਨੇ ਮੁਲਾਕਾਤ ਕਰਕੇ ਕੌਮਾਂਤਰੀ ਪੱਧਰ ‘ਤੇ ਕੋਈ ਵਧੀਆ ਪ੍ਰਭਾਵ ਨਹੀਂ ਦਿੱਤਾ।
ਸ: ਮਾਨ ਨੇ ਕਿਹਾ ਕਿ ਸਿੱਖ ਧਰਮ ਉੱਚੇ ਸੁੱਚੇ ਇਖਲਾਕ, ਇਮਾਨਦਾਰੀ ਅਤੇ ਮਨੁੱਖਤਾ ਦੀ ਬਿਨਾ ਕਿਸੇ ਤਰ੍ਹਾ ਦੇ ਭੇਦਭਾਵ ਦੇ ਬਹਿਤਰੀ ਦੀ ਗੱਲ ਕਰਦਾ ਹੈ। ਕੌਮਾਂਤਰੀ ਪੱਧਰ ਉੱਤੇ ਵੀ ਉਸ ਮੁਲਕ ਦੀ ਪੂਰੀ ਇੱਜ਼ਤ-ਮਾਣ ਵਿੱਚ ਵਾਧਾ ਹੁੰਦਾ ਹੈ ਜੋ ਉੱਚ ਇਖਲਾਕੀ ਕਦਰਾਂ ਕੀਮਤਾਂ ਅਤੇ ਮਨੁੱਖੀ ਹੱਕਾਂ ਦੀ ਰਖਵਾਲੀ ਕਰਨ ਉੱਤੇ ਪਹਿਰਾ ਦਿੰਦਾ ਹੋਵੇ। ਉਹਨਾਂ ਕਿਹਾ ਕਿ ਅਮਰੀਕਾ ਇੱਕ ਪਾਸੇ ਤਾਂ ਸੀ ਟੀ ਬੀ ਟੀ (ਪ੍ਰਮਾਣੂ ਅਪਸਾਰ ਸੰਧੀ) ਉੱਤੇ ਦਸਤਖਤ ਨਾ ਕਰਨ ਵਾਲੇ ਮੁਲਕ ਇਰਾਨ ਉੱਤੇ ਹਰ ਤਰ੍ਹਾ ਦੀਆਂ ਪਾਬੰਦੀਆਂ ਲਗਾਉੰਦਾ ਹੈ। ਦੂਸਰੇ ਪਾਸੇ ਹਿੰਦੋਸਤਾਨ ਜਿਸਨੇ ਸੀ ਟੀ ਬੀ ਟੀ ਉੱਤੇ ਅੱਜ ਤੱਕ ਦਸਤਖਤ ਨਹੀਂ ਕੀਤੇ, ਉਸ ਨਾਲ ਪ੍ਰਮਾਣੂ ਤਕਨੋਲੋਜੀ, ਪੁਰਜ਼ੇ ਅਤੇ ਹੋਰ ਸਾਜ਼ੋ ਸਮਾਨ ਦੇਣ ਲਈ ਸਮਝੌਤੇ ਕਰਕੇ ਖੁਦ ਹੀ ਕੌਮਾਂਤਰੀ ਪੱਧਰ ‘ਤੇ “ਪੱਖਪਾਤੀ ਸੋਚ” ਨੂੰ ਜਨਮ ਦਿੰਦਾ ਹੈ ਜੋ ਕਿ ਕੌਮਾਂਤਰੀ ਕਾਨੂੰਨਾਂ ਅਤੇ ਕਦਰਾ ਕੀਮਤਾਂ ਦਾ ਸ਼ਰੇਆਮ ਉਲੰਘਣ ਹੈ। ਉਹਨਾਂ ਕਿਹਾ ਕਿ ਅਮਰੀਕਾ ਦਾ ਮੁਲਕ ਦਹਿਸ਼ਤਵਾਦ ਨੂੰ ਖਤਮ ਕਰਨ ਲਈ ਅਫਗਾਨਿਸਤਾਨ, ਪਾਕਿਸਤਾਨ, ਹਿੰਦੋਸਤਾਨ ਅਤੇ ਦੱਖਣੀ ਏਸ਼ੀਆ ਦੇ ਖਿੱਤੇ ਵਿੱਚ ਅਮਨ-ਚੈਨ ਕਾਇਮ ਕਰਨ ਲਈ ਕਈ ਤਰ੍ਹਾ ਦੀਆਂ ਕਾਰਵਾਈਆਂ ਕਰ ਰਿਹਾ ਹੈ ਅਤੇ ਦੂਸਰੇ ਪਾਸੇ ਹਿੰਦੋਸਤਾਨ ਵਿੱਚ ਵੱਸਣ ਵਾਲੀਆਂ ਘੱਟ ਗਿਣਤੀ ਕੌਮਾਂ ਮੁਸਲਿਮ, ਸਿੱਖ, ਇਸਾਈਆਂ ਉੱਤੇ ਕਤਲੇਆਮ ਕਰਨ ਵਾਲੇ ਅਤੇ ਉਹਨਾਂ ਵਿੱਚ ਦਹਿਸ਼ਤ ਪਾਉਣ ਵਾਲੇ ਅਡਵਾਨੀ ਵਰਗੇ ਆਗੂ ਨਾਲ ਮੁਲਾਕਾਤ ਕਰਕੇ ਦੁਨੀਆ ਨੂੰ ਕੀ ਸੰਦੇਸ਼ ਦੇਣਾ ਚਾਹੁੰਦਾ ਹੈ? ਕੀ ਉਹ ਅਜਿਹਾ ਕਰਕੇ ਆਪਣੇ ਮੁਲਕ ਅਮਰੀਕਾ ਦੀ ਬਣੀ ਛੱਬੀ (ਅਕਸ਼) ਨੂੰ ਖੁਦ ਹੀ ਨੁਕਸਾਨ ਨਹੀਂ ਪਹੁੰਚਾ ਰਿਹਾ?