ਪੁਰਜਾ ਪੁਰਜਾ ਕਟਿ ਮਰੈ

ਕਾਂਡ 1

ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤੁ।।
ਪੁਰਜਾ ਪੁਰਜਾ ਕਟਿ ਮਰੈ ਕਬਹੂੰ ਨ ਛਾਡੈ ਖੇਤੁ।।

ਗੁਲਾਬੀ ਠੰਢ ਸੀ।

ਹੱਥ ਨੂੰ ਹੱਥ ਮਾਰਿਆਂ ਨਜ਼ਰ ਨਹੀ ਆਉਂਦਾ ਸੀ। ਰਾਤ ਪੈਣ ਸਾਰ ਹੀ ਧੁੰਦ ਉਤਰਨੀ ਸੁਰੂ ਹੋ ਜਾਂਦੀ ਸੀ। ਜਿਹੜੀ ਦੁਪਿਹਰ ਦੇ ਦਸ ਵਜੇ ਤੱਕ ਸੂਰਜ ਦਾ ਮੁੱਖ ਢਕੀ ਰੱਖਦੀ ਸੀ। ਅਥਾਹ ਸੀਤ ਵਰ੍ਹਨ ਕਾਰਨ ਲੋਕਾਂ ਦਾ ਜੀਣਾ ਦੁੱਭਰ ਹੋਇਆ ਪਿਆ ਸੀ। ਅੱਧ ਅਸਮਾਨੋਂ ਡਿੱਗਦਾ ਕੱਕਰ ਕਣਕ ਅਤੇ ਸਰੋਂ੍ਹ ਦੀਆਂ ਫਸਲਾਂ ਨੂੰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕਰ ਰਿਹਾ ਸੀ।

ਸਵੇਰ ਦੇ ਤਿੰਨ ਵੱਜੇ ਸਨ।

ਪੁਲੀਸ ਨਾਲ ਭਰੇ ਦੋ ਟਰੱਕ ਸੜਕਾਂ ਦੀ ਛਾਤੀ ਮਿੱਧਦੇ, ਬੜੀ ਤੇਜ਼ੀ ਨਾਲ ਚੜਿੱਕ ਪਿੰਡ ਨੂੰ ਆ ਰਹੇ ਸਨ। ਠਾਣੇਦਾਰ ਗੁਰਪ੍ਰੀਤ ਸਿੰਘ ਡਰਾਈਵਰ ਨਾਲ ਮੂਹਰਲੇ ਟਰੱਕ ਵਿਚ ਅੜਿਆ ਜਿਹਾ ਬੈਠਾ ਸੀ। ਉਸ ਦੀਆਂ ਅੱਖਾਂ ਵਿਚ ਕੋਈ ਖਾਸ ਭੇਦ ਸੀ ਅਤੇ ਚਿਹਰੇ ‘ਤੇ ਰੌਣਕ! ਉਸ ਦੀ ਭਿਆਨਕ ਨਜ਼ਰ ਟਰੱਕ ਵਾਂਗ ਹੀ ਧੁੰਦ ਦਾ ਸੀਨਾਂ ਚੀਰ ਰਹੀ ਸੀ। ਵੱਖੋ-ਵੱਖ ਟਰੱਕਾਂ ਵਿਚ ਸਿਪਾਹੀ ਠੱਕੇ ਦੀ ਮਾਰੀ ਬੱਕਰੀ ਵਾਂਗ ਕੂੰਗੜੇ, ਊਂਘ ਰਹੇ ਸਨ।

ਪਿੰਡ ਤੋਂ ਕਿਲੋਮੀਟਰ ਉਰਾਂਹ ਠਾਣੇਦਾਰ ਨੇ ਟਰੱਕ ਰੁਕਵਾ ਲਏ। ਲਾਲ ਪੱਗਾਂ ਵਾਲੇ ਟਿੱਡੀ-ਦਲ ਵਾਂਗ ਛਾਲਾਂ ਮਾਰ ਕੇ ਟਰੱਕਾਂ ਤੋਂ ਹੇਠਾਂ ਉਤਰ ਆਏ। ਹੌਲਦਾਰ ਨੂੰ ਕੋਲੇ ਬੁਲਾ ਕੇ ਠਾਣੇਦਾਰ ਨੇ ਸਿਪਾਹੀਆਂ ਨੂੰ ਸਖਤ ਹਦਾਇਤਾਂ ਚਾੜ੍ਹਨੀਆਂ ਸੁਰੂ ਕਰ ਦਿੱਤੀਆਂ।

-”ਜੁਆਨੋਂ…!” ਉਸ ਨੇ ਲੰਬਾ ਖੰਘੂਰਾ ਮਾਰ ਕੇ ਗਲਾ ਸਾਫ਼ ਕੀਤਾ ਅਤੇ ਮੁੜ ਸੁੱਕਾ ਜਿਹਾ ਥੁੱਕ ਥੁੱਕਿਆ।

-”ਕੋਸਿ਼ਸ਼ ਇਹ ਕਰਨੀ ਐਂ ਕਿ ਬਹੁਤੀ ਹਾਅਤ-ਹੂਅਤ ਨਾ ਕੀਤੀ ਜਾਵੇ-ਵਾਹ ਲੱਗਦੀ ਕੰਮ ਚੁੱਪ ਚਾਪ ਹੀ ਬੜੀ ਸੂਝ ਅਤੇ ਸਿਆਣਪ ਨਾਲ, ਬੜੀ ਤੇਜੀ ਨਾਲ ਨੇਪਰੇ ਚਾੜ੍ਹਿਆ ਜਾਵੇ-ਕੋਸਿ਼ਸ਼ ਕਰਨੀ ਐਂ ਕਿ ਗੋਲੀ ਨਾ ਚੱਲੇ-ਮੁਜ਼ਰਮ ਜਿਉਂਦਾ ਹੱਥ ਆਉਣਾ ਚਾਹੀਦਾ ਹੈ-ਮਰੇ ਅਤੇ ਭਗੌੜੇ ਦੋਸ਼ੀ ਸਾਡੇ ਕੱਖ ਪੱਲੇ ਨਹੀ ਪਾ ਸਕਦੇ-ਸੋ ਮੇਰੇ ਸ਼ੇਰ ਜੁਆਨੋਂ! ਸਮਝਾਏ ਨਕਸ਼ੇ ਮੁਤਾਬਿਕ ਸਾਰੇ ਘਰ ਨੂੰ ਘੇਰ ਲਵੋ-ਛੇ ਜੁਆਨ ਛੱਤ ਉਪਰ ਚੜ੍ਹਨਗੇ-ਅੰਡਰਸਟੈਂਡ….?”

-”ਜੀ ਹਜੂਰ!” ਸਾਂਝੀ ਅਵਾਜ਼ ਆਈ।

-”ਦੋਸ਼ੀ ਕਿਸੇ ਵੀ ਹਾਲਤ ਵਿਚ ਬਚ ਕੇ ਨਹੀਂ ਨਿਕਲਣ ਦੇਣਾ।”

-”ਜੀ ਹਜੂਰ!”

-”ਇਕ ਗੱਲ ਯਾਦ ਰੱਖਣਾ-ਇਸ ਮੁਜ਼ਰਮ ਦੇ ਅੰਦਰ ਸਾਡੀਆਂ ਤਰੱਕੀਆਂ ਅਤੇ ਸਟਾਰਾਂ ਦਾ ਖਜ਼ਾਨਾ ਦੱਬਿਆ ਹੋਇਆ ਹੈ-ਸੋ ਜੁਆਨੋਂ! ਮੁਜ਼ਰਮ ਹਰ ਹਾਲਤ ਵਿਚ ਜਿੰ਼ਦਾ ਹੱਥ ਆਉਣਾ ਚਾਹੀਦਾ ਹੈ।”

-”ਪਰ ਜਨਾਬ ਜੇ ਮੁਜਰਮ ਨੇ ਅੰਦਰੋਂ ਫਾਇਰਿੰਗ ਸੁਰੂ ਕਰ ਦਿੱਤੀ-ਅਸੀਂ ਕਿਹੜੀ ਮੋਰੀ ਨਿਕਲਾਂਗੇ?” ਹੌਲਦਾਰ ਨੇ ਅਗਾਊਂ ਸੁਚੇਤ ਹੁੰਦਿਆਂ ਪ੍ਰਸ਼ਨ ਕੀਤਾ।

-”ਮੈਨੂੰ ਪੱਕੀ ਆਸ ਹੈ ਕਿ ਮੁਜਰਮ ਗੋਲੀ ਨਹੀਂ ਚਲਾਏਗਾ-ਕਿਉਂਕਿ ਉਹ ਕੋਈ ਅੱਤਿਵਾਦੀ ਨਹੀ-ਇਕ ਸਧਾਰਨ ਕਿਸਾਨ ਹੈ-ਆਪਾਂ ਨੂੰ ਤਾਂ ਸਿਰਫ ਗਵਾਹੀ ਲਈ ਹੀ ਚਾਹੀਦਾ ਹੈ।”

-”ਪਰ ਸਰਕਾਰ! ਸਿਆਣੇ ਆਖਦੇ ਐ: ਮਰਨ ਮੂੰਹ ਆਇਆ ਬਾਘੜ ਬਿੱਲਾ ਆਖਰ ਰਗਾਂ ਨੂੰ ਚਿੰਬੜ ਜਾਂਦੈ!” ਹੌਲਦਾਰ ਅੰਦਰੋਂ ਪਰਾਲ੍ਹ ਹੋਇਆ ਪਿਆ ਸੀ। ਉਸ ਨੇ ਕਈ ਵਾਰ ਖਾੜਕੂ ਹੱਥ ਵੇਖਿਆ ਸੀ।

-”ਖ਼ੈਰ! ਜਰੂਰਤ ਪਈ ਤਾਂ ਗੋਲੀ ਜਰੂਰ ਚਲਾਓ-ਤਾਜ਼ੀਰਾਤ-ਏ-ਹਿੰਦ ਦੇ ਮੁਤਾਬਿਕ ਸਵੈ-ਰੱਖਿਆ ਲਈ ਫਾਇਰ-ਆਰਮ ਵਰਤਣਾ ਹਰ ਤਰ੍ਹਾਂ ਨਾਲ ਜਾਇਜ਼ ਹੈ-ਪਰ ਚਲਾਈ ਗਈ ਗੋਲੀ ਮੁਜਰਮ ਲਈ ਘਾਤਕ ਸਿੱਧ ਨਾ ਹੋਵੇ-ਇਹ ਮੇਰੀ ਸਖਤ ਤੋਂ ਸਖਤ ਹਦਾਇਤ ਹੈ!” ਠਾਣੇਦਾਰ ਨੇ ‘ਹਦਾਇਤ’ ‘ਤੇ ਕਾਫੀ ਜ਼ੋਰ ਦਿੱਤਾ ਸੀ।

-”ਜੀ ਜਨਾਬ!”

-”ਚਲੋ ਤੁਰੋ ਫਿਰ!”

ਸਾਰੇ ਟਰੱਕਾਂ ਵਿਚ ਬੈਠ ਗਏ।

ਸਾਢੇ ਤਿੰਨ ਹੋ ਚੁੱਕੇ ਸਨ।

ਗੁਰੂ-ਘਰ ਦੇ ਸਪੀਕਰ ‘ਚੋਂ ‘ਸਤਿਨਾਮ ਸ੍ਰੀ ਵਾਹਿਗੁਰੂ ਜੀ’ ਦੀਆਂ ਪਵਿੱਤਰ ਅਵਾਜਾਂ ਆਉਣੀਆਂ ਸੁਰੂ ਹੋ ਗਈਆਂ ਸਨ। ਟਰੱਕ ਆਪਣੀਆਂ ਮੰਜਿ਼ਲਾਂ ਮਾਰਦੇ ਚੜਿੱਕ ਪਿੰਡ ਦੀ ਜੂਹ ਵਿਚ ਦਾਖਲ ਹੋਣ ਹੀ ਵਾਲੇ ਸਨ।

ਜੂਨ 1984 ਦੇ ਸਾਕਾ ਨੀਲਾ ਤਾਰਾ ਤੋਂ ਬਾਅਦ ਪੰਜਾਬ ਪੁਲੀਸ ਅਤੇ ਸੀ ਆਰ ਪੀ ਇੱਕ ਤਰ੍ਹਾਂ ਨਾਲ ਨੌਜਵਾਨਾਂ ਦਾ ਸਿ਼ਕਾਰ ਖੇਡ ਰਹੀ ਸੀ। ਕੀ ਦੋਸ਼ੀ ਅਤੇ ਕੀ ਨਿਰਦੋਸ਼, ਬੇਕਸੂਰ ਮੁੰਡੇ ਵੱਖ

ਵੱਖ ਤਰੀਕਿਆਂ ਨਾਲ ਕੁੱਟ-ਕੁੱਟ ਕੇ ਉਮਰ ਭਰ ਲਈ ਨਿਕਾਰਾ ਕੀਤੇ ਜਾ ਰਹੇ ਸਨ। ਘੋਰ ਅਣ-ਮਨੁੱਖੀ ਤਸ਼ੱਦਦ ਹੁੰਦਾ ਸੀ। ਕੰਮ ਤਾਂ ਕਿਸੇ ਨੇ ਕੀ ਕਰ ਸਕਣਾ ਸੀ? ਤੁਰਨ ਦੇ ਕਾਬਲ ਵੀ ਨਹੀ ਰਹਿੰਦਾ ਸੀ। ਅੱਤਿਵਾਦੀ ਕਿੱਧਰੋਂ ਆਉਂਦੇ ਅਤੇ ਵਾਰਦਾਤ ਕਰ ਕੇ ਕਿੱਧਰ ਅਲੋਪ ਹੋ ਜਾਂਦੇ? ਇਕ ਗੁੰਝਲਦਾਰ ਸੁਆਲ ਸੀ। ਉਹ ਧਰਤੀ ਵਿਚ ਉਤਰ ਜਾਂਦੇ ਸਨ ਜਾਂ ਅਸਮਾਨ ਚੜ੍ਹ ਜਾਂਦੇ ਸਨ? ਇਹ ਪਤਾ ਨਹੀ ਲੱਗਦਾ ਸੀ। ਅਗਲੇ ਦਿਨ ਮੋਟੀ ਅਖਬਾਰੀ ਸੁਰਖੀ ਹੀ ਦੱਸਦੀ ਸੀ ਕਿ ਸਬੰਧਿਤ ਵਾਰਦਾਤ ਕਿਹੜੀ ਜੱਥੇਬੰਦੀ ਵੱਲੋਂ ਕੀਤੀ ਗਈ ਸੀ। ਪਰ ਪੁਲੀਸ ਵੱਲੋਂ ਕਾਗਜ਼ੀ ਕਾਰਵਾਈ ਪੂਰੀ ਕਰਨ ਲਈ ਛਾਪਾ ਮਾਰ ਕੇ ਕੋਈ ਕਾਲਜੀਏਟ ਘਰੋਂ ਸੁੱਤਾ ਪਿਆ ਹੀ ਉਠਾਲ ਲਿਆ ਜਾਂਦਾ ਅਤੇ ਇੰਟੈਰੋਗੇਟ ਕਰ ਕੇ ਸੱਚੇ ਝੂਠੇ ਕੇਸ ਪਾ ਕੇ ਜੇਲ੍ਹ ਤੋਰ ਦਿੱਤਾ ਜਾਂਦਾ। ਹਾਂ, ਅਗਰ ਕਿਸੇ ਮੁੰਡੇ ਦਾ ਬਾਪ ਲੱਖ ਦੋ ਲੱਖ ਰੁਪਏ ਸਬੰਧਿਤ ਅਫਸਰ ਨੂੰ ‘ਮੱਥਾ ਟੇਕਣ’ ਦੇ ਯੋਗ ਹੁੰਦਾ ਤਾਂ ਮੁੰਡੇ ਦਾ ਬਚਾਅ ਹੋ ਜਾਂਦਾ। ਪੁਲੀਸ ਦੀਆਂ ਇਹਨਾਂ ਵਧੀਕੀਆਂ ਤੋਂ ਡਰਦੇ ਮੁੰਡੇ ਬੜੀ ਤੇਜ਼ੀ ਨਾਲ ਖਾੜਕੂ ਸਫਾ ਵਿਚ ਰਲ, ਮੈਦਾਨ ਵਿਚ ਨਿੱਤਰ ਰਹੇ ਸਨ। ਕਈ ਜ਼ਾਲਮ ਪੁਲੀਸ ਅਫਸਰ ਤਾਂ ਗਿਣਤੀ ਦੇ ਦਿਨਾਂ ਵਿਚ ਹੀ ਗੋਲੀਆਂ ਨਾਲ ਭੁੰਨੇ ਵੀ ਜਾ ਚੁੱਕੇ ਸਨ। ਇਸ ਲਈ ਪੁਲੀਸ ਨੂੰ ਖੁੱਲ੍ਹੇ ਡੁੱਲ੍ਹੇ ਅਧਿਕਾਰ ਵੀ ਦਿੱਤੇ ਜਾ ਚੁੱਕੇ ਸਨ। ਲੁੱਟੋ ਤੇ ਮਾਰੋ! ਬੁਲਿਟ ਫਾਰ ਬੁਲਿਟ!! ਕਈ ਪੁਲਸ ਅਫਸਰਾਂ ਨੇ ਇਹਨਾਂ ਖੁੱਲ੍ਹੇ ਅਧਿਕਾਰਾਂ ਦਾ ਰੱਜ ਕੇ ਫਾਇਦਾ ਵੀ ਉਠਾਇਆ ਸੀ।

ਤਰੱਕੀਆਂ ਦੇ ਨਾਲ ਨਾਲ ਕੋਠੀਆਂ, ਕਾਰਾਂ ਅਤੇ ਬੈਂਕ-ਬੈਲੈਂਸ ਅਸਮਾਨ ਜਾ ਲੱਗੇ ਸਨ! ਭਾਈ-ਭਤੀਜਾਵਾਦ ਪੁਲੀਸ ਵਿਚ ਲਿਆ ਘਸੋੜਿਆ ਸੀ। ਧੀਆਂ-ਪੁੱਤ ਬੜੀ ਸ਼ਾਨ ਨਾਲ, ਸ਼ਾਹੀ ਠਾਠ ਵਿਚ ਰਹਿ ਰਹੇ ਸਨ। ਗੱਲ ਕੀ? ਅੱਤਿਵਾਦ ਦਾ ਸੁਨਿਹਰੀ ਮੋਰ ਪੁਲੀਸ ਅਫਸਰਾਂ ਨੂੰ ਬੜੇ ਚੰਗੇ ਭਾਗੀਂ ਮਿਲਿਆ ਸੀ, ਜਿਸ ਦੀ ਹਰ ਕਿਸੇ ਪੁਲੀਸ ਅਫਸਰ ਨੇ ਬੜੇ ਜੋਰ ਸ਼ੋਰ ਨਾਲ ‘ਪੈਹਲ’ ਪੁਆਈ ਸੀ। ਕੋਈ ਟਾਂਵਾਂ ਟਾਂਵਾਂ ਪੁਲੀਸ ਅਫਸਰ ਹੀ ਬੇਦਾਗ਼ ਸੀ।

ਸਵੇਰ ਦੇ ਪੌਣੇ ਕੁ ਚਾਰ ਵਜੇ ਟਰੱਕਾਂ ਨੇ ਬਲੀ ਸਿੰਘ ਦੇ ਘਰ ਨੂੰ ਘੇਰਾ ਪਾ ਲਿਆ! ਸਕੀਮ ਅਨੁਸਾਰ ਦਰਵਾਜੇ ਵੱਲ ਖੜ੍ਹੇ ਸਿਪਾਹੀਆਂ ਨੇ ਬਾਹਰਲੀ ਅਰਲ ਲਾ ਦਿੱਤੀ। ਟਰੱਕ ਵਿੱਚੋਂ ਪੌੜੀ ਕੱਢ ਕੇ ਲਾਈ। ਛੇ ਸਿਪਾਹੀ ਕੰਧਾਂ ਰਾਹੀਂ ਛੱਤ ਉਪਰ ਚੜ੍ਹ ਗਏ ਅਤੇ ਅੱਠ ਵਿਹੜੇ ਵਿਚ ਜਾ ਉਤਰੇ।

ਇਕ ਸਿਪਾਹੀ ਨੇ ਬੈਟਰੀ ਦੇ ਚਾਨਣ ਆਸਰੇ ਵਿਹੜੇ ਵਾਲੀ ਬੱਤੀ ਬਾਲ ਲਈ। ਵਿਹੜਾ ਚਾਨਣ ਨਾਲ ਭਰ ਗਿਆ। ਸਾਰੇ ਪ੍ਰੀਵਾਰ ਦੇ ਜੀਅ ਉੱਭੜਵਾਹਿਆਂ ਵਾਂਗ ਉੱਠੇ। ਪੁਲੀਸ ਨਾਲ ਵਿਹੜਾ ਭਰਿਆ ਪਿਆ ਸੀ। ਅਚਾਨਕ ਪਈ ਬਿੱਜ ‘ਤੇ ਉਹ ਘੋਰ ਹੈਰਾਨ ਸਨ ਅਤੇ ਡਰ ਨਾਲ ਸਰੀਰ ਜਰਖ਼ਲੇ ਗਏ ਸਨ।

ਬਲੀ ਸਿੰਘ ਹੱਥ ਜੋੜੀ ਬੜੀ ਨਿਮਰਤਾ ਨਾਲ ਪੇਸ਼ ਹੋਇਆ। ਗਲ ਵਿਚ ਉਸ ਨੇ ਪਰਨਾਂ ਪਾ ਰੱਖਿਆ ਸੀ।

-”ਕੋਈ ਸੇਵਾ ਮਾਈ ਬਾਪ?”

-”ਦੱਸਦੇ ਐਂ-ਗੁਰਮੀਤ!!”

-”ਹਾਂ ਜੀ?”

-”ਬਾਹਰੋਂ ਸਰਦਾਰ ਨੂੰ ਬੁਲਾ!”

ਸਿਪਾਹੀ ਨੇ ਅੰਦਰੋਂ ਅਰਲ ਲਾਹ ਕੇ ਦਰਵਾਜੇ ‘ਤੇ ਦਸਤਕ ਦਿੱਤੀ। ਬਾਹਰੋਂ ਵੀ ਦਰਵਾਜਾ ਖੁੱਲ੍ਹ ਗਿਆ।

ਮੂੰਹ ‘ਤੇ ਮਫ਼ਲਰ ਲਪੇਟੀ, ਹੱਥਾਂ ਦੇ ਦਸਤਾਨੇ ਉਤਾਰਦਾ ਸਰਦਾਰ ਅੰਦਰ ਆਇਆ। ਬਲੀ ਸਿੰਘ ਉਸੀ ਤਰ੍ਹਾਂ ਹੀ ਹੱਥ ਜੋੜੀ, ਅਜ਼ੀਜ਼ ਬਣਿਆਂ ਖੜ੍ਹਾ ਸੀ। ਉਸ ਦਾ ਸਾਰਾ ਸਰੀਰ ਬੁਰੀ ਤਰ੍ਹਾਂ ਕੰਬੀ ਜਾ ਰਿਹਾ ਸੀ।

-”ਕੀ ਨਾਂ ਐਂ ਬਾਬਾ ਤੇਰਾ….?” ਠਾਣੇਦਾਰ ਨੇ ਸਿੱਧਾ ਸੁਆਲ ਬਲੀ ਸਿੰਘ ਦੇ ਮੱਥੇ ਵਿਚ ਮਾਰਿਆ।

-”ਜੀ ਬਲੀ ਸਿੰਘ।”

-”ਪਿਤਾ ਦਾ ਨਾਂ…?”

-”ਜੀ ਸਰਦਾਰ ਬਲਕਾਰ ਸਿੰਘ।”

-”ਸਾਲਾ ਸਾਰਾ ਕੋੜਮਾਂ ਈ ਯੋਧਿਆਂ ਦੈ?” ਵਿਚੋਂ ਹੌਲਦਾਰ ਨੇ ਟਾਂਚ ਕੀਤੀ।

ਸਾਰੇ ਸਿਪਾਹੀ ਹੱਸ ਪਏ।

-”ਜੁਆਨ! ਬੋਲਣਾ ਨਹੀ-ਕੰਮ ਦੀ ਗੱਲ ਕਰਨ ਦਿਓ-ਹਾਂ ਬਾਬਾ! ਤੇਰਾ ਮੁੰਡਾ ਰਣਜੋਧ ਕਿੱਥੇ ਐ?” ਠਾਣੇਦਾਰ ਨੇ ਪੁਲਸੀਆਂ ਨੂੰ ਦਬਕਦਿਆਂ ਆਖਿਆ।

-”ਮਾਈ ਬਾਪ ਅੰਦਰ ਪਿਐ ਪਿਛਲੇ।”

-”ਬੁਲਾ ਉਹਨੂੰ…!”

-”ਮਾਪਿਓ ਉਹਦਾ ਦੋਸ਼?” ਬਲੀ ਸਿੰਘ ਦੇ ਜੋੜੇ ਹੱਥ ਕੰਬ ਰਹੇ ਸਨ। ਇਕਲੌਤੇ ਜੁਆਨ ਪੁੱਤਰ ਦੀ ਪੂੰਜੀ ਉਸ ਨੂੰ ਖੁਰਦੀ ਪ੍ਰਤੀਤ ਹੋ ਰਹੀ ਸੀ। ਪੁਲੀਸ ਹੱਥ ਚੜ੍ਹਿਆ ਜੁਆਨ ਮੁੰਡਾ ਜੇ ਬਚ ਵੀ ਗਿਆ ਤਾਂ ਕੰਮ ਜੋਗਾ ਨਹੀਂ ਛੱਡਦੇ। ਉਹ ਪੁਲੀਸ ਦੇ ਕਸਾਖਾਨੇ ਤੋਂ ਭਲੀ ਭਾਂਤ ਜਾਣੂੰ ਸੀ। ਇਹਨਾਂ ਬੁੱਚੜਾਂ ਦਾ ਕੀ ਐ? ਮਾਰ ਕੇ ਮੁਕਾਬਲਾ ਦਿਖਾ ਦੇਣਗੇ! ਉਹ ਜੱਕੋ-ਤੱਕੀ ਵਿਚ ਖੜ੍ਹਾ ਸੀ।

-”ਦੋਸ਼ ਵੀ ਦੱਸ ਦਿਆਂਗੇ-ਉਹਨੂੰ ਬਾਹਰ ਤਾਂ ਲਿਆ!” ਹੌਲਦਾਰ ਨੇ ਹੁਕਮੀਆ ਕਿਹਾ।

-”ਮਾਪਿਓ ਕਦੇ ਬਲਦ ਦੇ ਸੋਟੀ ਨਹੀ ਲਾਈ-ਸਹੁੰ ਢਾਂਡੀ ਦੀ ਜਮਾਂ ਈ ਗਊ ਐ।” ਬਲੀ ਸਿੰਘ ਨੇ ਸਫਾਈ ਦਿੱਤੀ।

-”ਅਸੀਂ ਕਦੋਂ ਕਹਿੰਨੇ ਐਂ ਬਈ ਨਹੀ ਗਊ? ਉਹਨੂੰ ਬਾਬਾ ਸਾਡੇ ਮੱਥੇ ਤਾਂ ਲਾ…।”

-”ਕੀ ਗੱਲ ਐ?” ਹਰਾਸਾਂ ਦੀ ਮਾਰੀ ਰਣਜੋਧ ਦੀ ਬੇਬੇ ਕਿਰਪਾਲ ਕੌਰ ਅੱਗੇ ਆ ਗਈ।

-”ਆਪਣੇ ਰਣਜੋਧ ਬਾਰੇ ਪੁੱਛਦੇ ਐ।”

-”ਵੇ ਜਿਉਣ ਜੋਕਰਿਆ-ਕੀ ਦੋਸ਼ ਐ ਮੇਰੇ ਪੁੱਤ ‘ਤੇ?” ਮਾਂ ਨੇ ਠਾਣੇਦਾਰ ਨੂੰ ਪੁੱਛਿਆ।

-”ਮਾਤਾ ਦੱਸ ਦਿੰਨੇ ਐਂ-ਉਹਨੂੰ ਬਾਹਰ ਤਾਂ ਲਿਆ!”

-”ਲਿਆ ਤਾਂ ਪੁੱਤ ਜਿਉਣ ਜੋਕਰਿਆ ਦਿੰਨੇ ਐਂ-ਥੋਡੇ ਮੂਹਰੇ ਕਿਹੜਾ ਕੋਈ ਜੋਰ ਐ-ਪਰ ਸ਼ੇਰਾ ਉਹਨੇ ਵਿਚਾਰੇ ਨੇ ਕਸੂਰ ਕੋਈ ਨਹੀ ਕੀਤਾ-ਹਾੜ੍ਹੇ ਮੇਰਾ ਸ਼ੇਰ!”

-”ਮਾਈ ਮੈ ਕਦੋਂ ਕਹਿੰਨੈ ਬਈ ਕੋਈ ਕਸੂਰ ਕੀਤੈ?”

-”ਚਾਹ ਧਰਾਵਾਂ ਹਜੂਰ?” ਬਲੀ ਸਿੰਘ ਨੇ ਵਿਚੋਂ ਗੱਲ ਕੱਟ ਕੇ ਪੁੱਛਿਆ।

-”ਚਾਹ ਦੀ ਲੋੜ ਨਹੀਂ-ਬੰਦਾ ਹਾਜਰ ਕਰੋ!” ਹੌਲਦਾਰ ਨੇ ਹੱਥ ਕੁ ਦਾ ਡੰਡਾ ਨਲਕੇ ਨਾਲ ਠ੍ਹੋਕਰਿਆ। ਉਸ ਦੇ ਪਿੱਛੇ ਸਿਪਾਹੀ ਬੰਦੂਕਾਂ ਕਸੀ ਤਿਆਰ-ਬਰ-ਤਿਆਰ ਖੜ੍ਹੇ ਸਨ।

-”ਜਾਹ ਕੀਅਤੀ ਦੇ ਬਾਪੂ ਬੁਲਾ ਦੇ ਉਹਨੂੰ-ਪਰ ਜਿਉਣ ਜੋਕਰਿਆ ਦੁਹਾਈ ਐ ਰਾਮ ਦੀ-ਦੇਖੀਂ ਕਿਤੇ ਬੇਕਸੂਰ ਨੂੰ ਕਿਸੇ ਕੇਸ ‘ਚ ਵਲ ਧਰੇਂ-ਤੇਰੇ ਮੇਰੇ ਸੰਨ੍ਹ ਰੱਬ ਐ!”

-”ਮਾਈ ਫਿ਼ਕਰ ਕਿਉਂ ਕਰਦੀ ਐਂ?”

ਬਲੀ ਸਿੰਘ ਰਣਜੋਧ ਨੂੰ ਜਗਾਉਣ ਤੁਰ ਗਿਆ। ਉਹ ਪਿਛਲੀ ਸਵਾਤ ਵਿਚ ਘਰਵਾਲੀ ਕੋਲ ਸੁੱਤਾ ਹੋਇਆ ਸੀ। ਉਸ ਦੇ ਵਿਆਹ ਹੋਏ ਨੂੰ ਅਜੇ ਡੇੜ੍ਹ ਕੁ ਮਹੀਨਾ ਹੀ ਹੋਇਆ ਸੀ। ਸਧਰਾਂ ਦੇ ਫੁੱਲ ਜੁਆਨ ਖੇੜੇ ਵਿਚ ਸਨ।

-”ਜੋਧ….! ਉਏ ਜੋਧ….!!” ਬਾਪੂ ਨੇ ਕਈ ਵਾਰ ਪਾਗਲਾਂ ਵਾਂਗ ਦਰਵਾਜੇ ਨੂੰ ਖੜਕਾਇਆ।

-”ਕੀ ਐ ਬਾਪੂ?” ਕਾਫੀ ਦੇਰ ਬਾਅਦ ਅੰਦਰੋਂ ਅਵਾਜ਼ ਆਈ।

-”ਬਾਹਰ ਆ ਪੁੱਤ-ਸ਼ੇਰ ਬੱਗਿਆ….!” ਬਲੀ ਸਿੰਘ ਦੀ ਅਵਾਜ਼ ਵਿਚ ਹੰਝੂ ਬੋਲੇ ਅਤੇ ਗਲਾ ਘਗਿਆ ਗਿਆ। ਉਹ ਸੋਚ ਰਿਹਾ ਸੀ ਕਿ ਫਿਰ ਪਤਾ ਨਹੀ ਜੁਆਨ ਪੁੱਤ ਨੂੰ ਜਗਾਉਣ ਦਾ ਮੌਕਾ ਮਿਲੇ ਜਾਂ ਨਾ ਮਿਲੇ। ਅੰਦਰੋਂ ਕੱਟੀਦਾ ਵੱਢੀਦਾ ਉਹ ‘ਵਾਹਿਗੁਰੂ-ਵਾਹਿਗੁਰੂ’ ਜਪੀ ਜਾ ਰਿਹਾ ਸੀ। ਉਸ ਦੀ ਰੂਹ ਕਤਲ ਹੁੰਦੀ ਜਾ ਰਹੀ ਸੀ। ਅੰਦਰਲੀ ਆਤਮਾ ਲਹੂ-ਲੁਹਾਣ ਸੀ।

-”ਕੀ ਗੱਲ ਐ ਬਾਪੂ?” ਘਬਰਾਏ ਮੁੰਡੇ ਨੇ ਬਾਪੂ ਦਾ ਚਿਹਰਾ ਨਿਹਾਰਦਿਆਂ ਪੁੱਛਿਆ।

-”ਖਸਮਾਂ ਨੂੰ ਖਾਣੀ ਪੁਲਸ ਆਈ ਐ-ਤੇਰੇ ਬਾਰੇ ਪੁੱਛਦੀ ਐ-ਮੈਨੂੰ ਉੱਦੇਂ ਆਲੀ ਗੱਲ ਦਾ ਖਤਰੈ ਸ਼ੇਰਾ-ਭੋਰਾ ਝੂਠ ਨਾਂ ਬੋਲੀਂ-ਸੱਚੋ ਸੱਚ ਦੱਸ ਦੇਈਂ ਮੇਰਾ ਪੁੱਤ ਬਣਕੇ-ਸਮਾਂ ਬਹੁਤ ਈ ਮਾੜਾ ਆ ਗਿਆ ਡੱਡੀਏ-ਗੁਰੂ ਭਲੀ ਕਰੇ-ਡੋਲੀਂ ਨਾਂ ਪੁੱਤਰਾ-’ਕੱਲੀ ‘ਕੱਲੀ ਗੱਲ ਨਿਖਾਰ ਕੇ ਦੱਸ ਦੇਈਂ-ਗੁਰੂ ‘ਤੇ ਭਰੋਸਾ ਰੱਖ ਕੇ।”

।।।।।।।। ਬਾਪੂ ਦੀਆਂ ਗੱਲਾਂ ਸੁਣ ਕੇ ਰਣਜੋਧ ਬਰਫ਼ ਵਿਚ ਲੱਗਦਾ ਜਾ ਰਿਹਾ ਸੀ। ਉਸ ਦੇ ਪਿੱਛੇ ਖੜ੍ਹੀ ਉਸ ਦੀ ਸੱਜ ਵਿਆਹੀ ਘਰਵਾਲੀ ਦਵਿੰਦਰ ਕੰਬੀ ਜਾ ਰਹੀ ਸੀ। ਕੋਈ ਗ਼ੈਬੀ ਡਰ ਉਸ ਦਾ ਦਿਲ ਵਲੂੰਧਰੀ ਜਾ ਰਿਹਾ ਸੀ। ਡਾਢਿਆ ਰੱਬਾ! ਹਾੜ੍ਹੇ ਖ਼ੈਰ ਕਰੀਂ! ਬੁੱਤ ਬਣੀ ਕੁੜੀ ਰੱਬ ਅੱਗੇ ਨੱਕ ਰਗੜ ਰਹੀ ਸੀ। ਸੁਹਾਗ ਦੀ ਸੁੱਖ ਮੰਗ ਰਹੀ ਸੀ।

-”ਚੱਲ ਜੁੱਤੀ ਪਾ-ਤੁਰ ਮੇਰਾ ਸ਼ੇਰ-ਡਰੀਂ ਡੋਲੀਂ ਨਾਂ-ਮੈਂ ਤੇਰੇ ਪਿੱਛੇ ਦਿੱਲੀ ਦੱਖਣੋਂ ਬੰਦੇ ਢੋਹ ਦਿਊਂ-ਪੈਸਾ ਬਰੋਬਰ ਤੋਲ ਦਿਊਂ-ਨਾਲੇ ਤੇਰੇ ਬਿਨਾਂ ਮੇਰਾ ਹੈ ਵੀ ਕੌਣ ਕਮਲਿਆ?” ਬਾਪੂ ਅੰਦਰੋਂ ਥਿੜਕਿਆ ਮੁੰਡੇ ਨੂੰ ਫੋਕਾ ਧਰਵਾਸ ਦੇਈ ਜਾ ਰਿਹਾ ਸੀ।

-”ਲਿਆ ਕੁੜ੍ਹੇ ਦਵਿੰਦਰੇ ਜੁੱਤੀ ਅੰਦਰੋਂ ਜੋਧ ਸਿਉਂ ਦੀ।” ਬਲੀ ਸਿੰਘ ਨੇ ਨੂੰਹ ਨੂੰ ਕਿਹਾ। ਉਹ ਨੂੰਹ ਦਾ ਦਿਲੀ ਦਰਦ ਬੜੀ ਚੰਗੀ ਤਰ੍ਹਾਂ ਪਹਿਚਾਣਦਾ ਸੀ।

ਨੂੰਹ ਅੰਦਰੋਂ ਜੁੱਤੀ ਲੈਣ ਚਲੀ ਗਈ।

-”ਇਕ ਗੱਲ ਸ਼ੇਰਾ ਮੇਰੀ ਯਾਦ ਰੱਖੀਂ-ਜਿੰਨਾਂ ਥਿੜਕੇਂਗਾ-ਉਨੇ ਈ ਇਹ ਕੰਜਰ ਸਿਰ ਹੋਣਗੇ-ਧਿਜਣਾਂ ਇਹਨਾਂ ‘ਤੇ ਬਿਲਕੁਲ ਨਹੀਂ-ਪੁਲਸ ਪੁੱਤ ਕਿਸੇ ਦੀ ਮਿੱਤ ਨਹੀਂ ਹੁੰਦੀ-ਗਾਲ੍ਹ ਦੁੱਪੜ ਇਹਨਾਂ ਦਾ ਪਹਿਲਾ ਕਰਮ ਐਂ-ਜਦੋਂ ਇਹ ਮੂਲੋਂ ਜਿਆਦਾ ਮਿੱਠੇ ਹੋਣ ਉਦੋਂ ਇਹ ਬਹੁਤੇ ਖਤਰਨਾਕ ਸਾਬਤ ਹੁੰਦੇ ਐ।” ਪੁਲੀਸਾਂ ਵਿਚ ਹੰਢਿਆ ਬਾਪੂ ਮੁੰਡੇ ਨੂੰ ਤਰ੍ਹਾਂ ਤਰ੍ਹਾਂ ਦੇ ਸਬਕ ਦੇ ਰਿਹਾ ਸੀ। ਦਵਿੰਦਰ ਜੁੱਤੀ ਲੈ ਕੇ ਆ ਗਈ। ਪਤੀ ਨੂੰ ਉਹ ਕੁਝ ਕਹਿਣਾ ਚਾਹੁੰਦੀ ਵੀ ਕਹਿ ਨਾ ਸਕੀ। ਦਿਲ ਦੀਆਂ ਦਿਲ ਵਿਚ ਹੀ ਰਹਿ ਗਈਆਂ ਸਨ। ਉਹ ਹੌਕਾ ਭਰ ਕੇ ਹੀ ਚੁੱਪ ਕਰ ਗਈ। ਕੋਈ ਗੱਲ ਉਸ ਦੇ ਅੰਦਰ ਰਿੱਝ ਰਹੀ ਸੀ।

ਜੁੱਤੀ ਪੁਆ ਕੇ ਬਲੀ ਸਿੰਘ ਨੇ ਪੁੱਤ ਨੂੰ ਠਾਣੇਦਾਰ ਸਾਹਮਣੇ ਪੇਸ਼ ਕਰ ਦਿੱਤਾ। ਠਾਣੇਦਾਰ ਨੇ ਉਸ ਨੂੰ, ਕਿਸਾਈ ਦੇ ਬੱਕਰੇ ਨੂੰ ਪੂਛੋਂ ਫੜ ਕੇ ਤੋਲਣ ਵਾਂਗ, ਅੱਖਾਂ ਰਾਹੀ ਹੀ ਤੋਲਿਆ!

-”ਸਾਸਰੀਕਾਲ ਜੀ!” ਰਣਜੋਧ ਸਿੰਘ ਨੇ ਕਿਹਾ।

-”ਸਾਸਰੀਕਾਲ-ਸੁਣਾ ਬਈ ਰਣਜੋਧ ਸਿਆਂ ਕੀ ਹਾਲ ਐ ਤੇਰਾ?” ਠਾਣੇਦਾਰ ਨੇ ਮੁੰਡੇ ਦੇ ਮੋਢੇ ‘ਤੇ ਕਈ ਵਾਰ ਹੱਥ ਮਾਰ ਕੇ ਪੁੱਛਿਆ।

-”ਠੀਕ ਐ ਜੀ।”

-”ਚੱਲ ਅੰਦਰ ਚੱਲੀਏ-ਬਲੀ ਸਿਆਂ ਚਾਹ ਧਰਾ!” ਠਾਣੇਦਾਰ ਨੇ ਹੁਕਮ ਦਾ ਮਰੋੜਾ ਚਾੜ੍ਹਿਆ।

-”ਜੀ ਹਜੂਰ।”

-”ਖਿਆਲ ਰੱਖੀਂ-ਚਾਹ ਪੀਣ ਆਲੇ ਬੰਦੇ ਬਾਈ ਐ ਤੇ ਦੋ ਡਰਾਈਵਰ ਐ।”

-”ਬੇਫਿਕਰ ਰਹੋ ਮਾਈ ਬਾਪ।”

ਚਾਰ ਸਿਪਾਹੀ, ਹੌਲਦਾਰ ਸਮੇਤ ਉਹ ਸਾਰੇ ਅੰਦਰ ਚਲੇ ਗਏ। ਬਲੀ ਸਿੰਘ ਨੇ ਆਪਣੀ ਧੀ ਗੁਰਕੀਰਤ ਅਤੇ ਨੂੰਹ ਦਵਿੰਦਰ ਨੂੰ ਚਾਹ ਬਣਾਉਣ ਲਾ ਦਿੱਤਾ। ਸਾਰਿਆਂ ਦੇ ਦਿਲਾਂ ਅੰਦਰ ਝੱਖੜ ਝੁੱਲ ਰਹੇ ਸਨ। ਪਰ ਠਾਣੇਦਾਰ ਦੇ ਨਰਮ ਵਰਤਾਓ ਕਾਰਨ ਉਹਨਾਂ ਦੇ ਦਿਲ ਕੁਝ ਕੁ ਥਾਵੇਂ ਸਨ।

-”ਦੇਖ ਬਈ ਰਣਜੋਧ ਸਿਆਂ-ਮੇਰਾ ਨਾਂ ਹੈ ਗੁਰਪ੍ਰੀਤ ਸਿੰਘ ਗਰੇਵਾਲ-ਮੇਰਾ ਤਾਂ ਸਿੱਧਾ ਈ ਸਿਧਾਂਤ ਐ-ਸਿੱਧੇ ਨਾਲ ਨਰਮੀ ਤੇ ਵਲ-ਫ਼ੇਰ ਨਾਲ ਕਿਸਾਈ-ਇਹ ਤੇਰੀ ਮਰਜ਼ੀ ਐ ਬਈ ਤੂੰ ਮੈਨੂੰ ਬੁੱਚੜ ਬਣਾਉਣੈ ਕਿ….?” ਜਾਣ ਕੇ ਠਾਣੇਦਾਰ ਨੇ ਗੱਲ ਅਧੂਰੀ ਛੱਡ ਦਿੱਤੀ। ਕਟਾਰ ਨਜ਼ਰਾਂ ਉਸ ਨੇ ਮੁੰਡੇ ਦੇ ਮੂੰਹ ‘ਤੇ ਗੱਡ ਰੱਖੀਆਂ ਸਨ। ਸੱਚ ਝੂਠ ਨੂੰ ਉਸ ਦਾ ਅਫ਼ਸਰ ਦਿਮਾਗ ਫੱਟ ਪਹਿਚਾਣਦਾ ਸੀ।

-”ਜੀ ਤੁਸੀਂ ਕੁਛ ਪੁੱਛੋ ਤਾਂ ਸਹੀ।” ਮੁੰਡਾ ਇਕ ਤਰ੍ਹਾਂ ਨਾਲ ਉਸ ਅੱਗੇ ਵਿਛ ਗਿਆ ਸੀ।

-”ਤਾਂ ਫੇਰ ਇਹ ਦੱਸ-ਬਈ ਪਿਛਲੇ ਹਫਤੇ ਜਿਹੜੇ ਬੰਦੇ ਤੇਰੇ ਕੋਲੋਂ ਮੋਟਰ ਤੇ ਰੋਟੀ ਖਾ ਕੇ ਗਏ ਐ-ਉਹ ਕੌਣ ਸੀ? ਤੇ ਕੀ ਕੀ ਉਹਨਾਂ ਦੇ ਨਾਂ ਸੀ? ‘ਤੇ ਕਿੱਥੋਂ ਦੇ ਉਹ ਰਹਿਣ ਵਾਲੇ ਸੀ?” ਠਾਣੇਦਾਰ ਨੇ ਇਕੋ ਸਾਹ ਕਈ ਸੁਆਲਾਂ ਦੇ ਤੀਰ ਮੁੰਡੇ ‘ਤੇ ਦਾਗ਼ ਦਿੱਤੇ।

-”ਸਰਦਾਰ ਜੀ- ਰੋਟੀ ਉਹ ਮੇਰੇ ਕੋਲੋਂ ਜਰੂਰ ਖਾ ਕੇ ਗਏ ਐ-ਭੋਰਾ ਝੂਠ ਨਹੀ-ਪਰ ਮਾਲਕੋ ਮੈਨੂੰ ਕਿਸੇ ਦੇ ਨਾਂ ਦਾ ਨਹੀਂ ਪਤਾ-ਤੇ ਨਾ ਈ ਪਤੈ ਪਿੰਡ ਦਾ।”

-”ਇਹ ਪਤੈ ਬਈ ਕਿਹੜੀ ਜੱਥੇਬੰਦੀ ਨਾਲ ਉਹ ਸਬੰਧਿਤ ਸੀ?”

-”ਮਾਲਕੋ ਇਹ ਵੀ ਨਹੀਂ ਪਤਾ।”

-”ਐਨਾਂ ਚਿਰ ਉਹ ਤੇਰੇ ਕੋਲੇ ਮੋਟਰ ‘ਤੇ ਰਹੇ-ਤੇ ਤੂੰ ਕੁਛ ਵੀ ਨਹੀ ਸੁਣਿਆਂ?” ਠਾਣੇਦਾਰ ਹੈਰਾਨ ਸੀ।

-”ਜਨਾਬ ਘੰਟਾ ਤਾਂ ਮੈਨੂੰ ਰੋਟੀ ਲਿਜਾਣ ‘ਤੇ ਈ ਲੱਗ ਗਿਆ।”

-”ਤੇ ਬਾਕੀ ਚਿਰ?”

-”ਤੇ ਬਾਕੀ ਮਾਲਕੋ-।”

-”ਹਾਂ-ਹਾਂ ਬੋਲ?”

-”ਮੈ ਪਿੰਡ ਪੁੱਛਿਆ ਵੀ ਸੀ ਜੀ-ਬੱਸ ਕਲੋਟੇ ਜਿਹੇ ਉੱਤਰ ਦਿੰਦੇ ਰਹੇ-ਕਹਿੰਦੇ ਗੁਰੂਆਂ ਦੀ ਧਰਤੀ, ਪੰਜਾਬ ਦੇ ਗਲੋਂ ਗੁਲਾਮੀ ਦਾ ਜੂਲਾ ਲਾਹੁਣੈ-ਅਸੀਂ ਐਮੇਂ ਨਹੀ ਠਰੀਆਂ ਰਾਤਾਂ ‘ਚ ਸੱਪਾਂ ਦੀਆਂ ਸਿਰੀਆਂ ਮਿੱਧਦੇ ਫਿਰਦੇ-ਤੇ ਜਦੋਂ ਜੀ ਮੈ ਪਿੰਡ ਬਾਰੇ ਪੁੱਛਿਆ ਤਾਂ ਇਕ ਕਹਿੰਦਾ ਸਾਰੇ ਪੰਜਾਬ ਦੇ ਪਿੰਡ ਈ ਸਾਡੇ ਆਪਣੇ ਐਂ-’ਤੇ ਜੇ ਸੋਚੀਏ ਤਾਂ ਸਾਡਾ ਪਿੰਡ ਈ ਕੋਈ ਨਹੀਂ-ਬੱਸ ਜੀ ਐਹੋ ਜਿਹੇ ਅਣਘੜਤ ਜਿਹੇ ਜਵਾਬ ਦਿੰਦੇ ਰਹੇ।”

-”ਹੂੰਅ….! ਸਾਲੇ ਲੰਡੇ ਸਾਰੇ ਪੰਜਾਬ ਦੇ! ਪਿਉ ਦਾ ਨਾ ਸਕੇ ਦਾ ਇਹਨਾਂ ਦਾ ਸਾਰਾ ਪੰਜਾਬ-!” ਠਾਣੇਦਾਰ ਨੇ ਫ਼ੁੰਕਾਰਾ ਮਾਰਿਆ।

ਬਲੀ ਸਿੰਘ ਕੁੜੀ ਦੇ ਆਵਾਜ਼ ਦੇਣ ‘ਤੇ ਚਾਹ ਲੈ ਆਇਆ। ਦੋ ਸਿਪਾਹੀਆਂ ਨੂੰ ਠਾਣੇਦਾਰ ਨੇ ਚਾਹ ਵਰਤਾਉਣ ਲਈ ਤੋਰ ਦਿੱਤਾ।

ਚਾਹ ਪੀਂਦਾ ਠਾਣੇਦਾਰ ਕਾਫੀ ਦੇਰ ਗੰਭੀਰ ਹੋਇਆ ਕੁਝ ਸੋਚਦਾ ਰਿਹਾ। ਬਾਹਰੋਂ ਰਸੋਈ ਵਿੱਚੋਂ ਸਿਪਾਹੀ ਗਿਲਾਸ ਭਰ-ਭਰ ਕੇ ਬਾਕੀ ਸਿਪਾਹੀਆਂ ਨੂੰ ਫੜਾ ਰਹੇ ਸਨ। ਚੁੱਲ੍ਹੇ ਦੀ ਅੱਗ ਮੂਹਰੇ ਬਲੀ ਸਿੰਘ ਦੀ ਲੜਕੀ ਅਤੇ ਨੂੰਹ ਬੈਠੀਆਂ, ਗਿਲਾਸ ਭਰੀ ਜਾ ਰਹੀਆਂ ਸਨ। ਬਲਦੀ ਅੱਗ ਵਿਚ ਉਹਨਾਂ ਦੇ ਭਰ ਜੁਆਨ ਚਿਹਰੇ ਸੰਧੂਰੀ ਭਾਅ ਮਾਰ ਰਹੇ ਸਨ। ਦੇਖ ਦੇਖ ਕੇ ਸਿਪਾਹੀਆਂ ਦੇ ਦਿਲਾਂ ‘ਤੇ ਬਰਛੀਆਂ ਵੱਜ ਰਹੀਆਂ ਸਨ। ਚਾਹ ਦਾ ਗਿਲਾਸ ਫੜਾਉਂਦੀ ਕੁੜੀ ਦਾ ਇਕ ਸਿਪਾਹੀ ਨੇ ਜੋਰ ਦੇਣੇ ਹੱਥ ਦੱਬ ਦਿੱਤਾ। ਜਦ ਕੁੜੀ ਨੇ ਅੱਗੋਂ ਅੱਖਾਂ ਦਿਖਾਈਆਂ ਤਾਂ ਉਸ ਨੇ ਬੇਲੱਜ “ਹਾਇ—!” ਕਹਿ ਕੇ ਛੱਡ ਦਿੱਤਾ। ਕੁੜੀ ਅੰਦਰ ਝਰਨਾਹਟਾਂ ਨੇ ਜਹਾਦ ਛੇੜਿਆ ਹੋਇਆ ਸੀ। ਪਰ ਉਹ ਭਾਬੀ ਤੋਂ ਜ਼ਾਹਿਰਾ ਤੌਰ ‘ਤੇ ਛੁਪਾਉਣ ਦੀ ਕੋਸਿ਼ਸ਼ ਵਿਚ ਲੱਗੀ ਹੋਈ ਸੀ। ਅਖੀਰ ਗਿਲਾਸਾਂ ਵਿਚ ਚਾਹ ਪਾ ਕੇ ਉਸ ਨੇ ਕੰਧੋਲੀ ‘ਤੇ ਹੀ ਰੱਖ ਦਿੱਤੇ। ਨਾ ਚੋਰ ਲੱਗੇ ਤੇ ਨਾ ਕੁੱਤੀ ਭੌਂਕੇ। ਪਰ ਫਿਰ ਵੀ ਮੀਸਣਾਂ ਸਿਪਾਹੀ ਦਾਅ ਲਾ ਕੇ ਉਸ ਨੂੰ ਅੱਖ ਮਾਰ ਗਿਆ। ਕੁਆਰੀ ਜੁਆਨ ਕੁੜੀ ਦੀ ਛਾਤੀ ਵਿਚ ਉਸ ਦਾ ਦਿਲ ਹਥੌੜੇ ਵਾਂਗ ਵੱਜ ਰਿਹਾ ਸੀ। ਮਨ ਵਿਚ ਹੀ ਉਸ ਨੇ ਬੇਸ਼ਰਮ ਸਿਪਾਹੀ ਨੂੰ ਗਾਲ੍ਹਾਂ ਦੀ ਸੂੜ ਬੰਨ੍ਹੀ ਹੋਈ ਸੀ। ਸਿਪਾਹੀ ਸਿ਼ਸ਼ਤ ਬੰਨ੍ਹ ਕੇ ਉਸ ਦੀਆਂ ਛਾਤੀਆਂ ਦਾ ਭਾਰ ਤੋਲ ਰਿਹਾ ਸੀ। ਮੌਕਾ ਬੋਚ ਕੇ ਕੁੜੀ ਨੇ ਸ਼ਾਲ ਨਾਲ ਆਪਣੀਆਂ ਛਾਤੀਆਂ ਢਕ ਲਈਆਂ। ਭਾਬੀ ਨੂੰ ਉਹ ਕਿਸੇ ਗੱਲੋਂ ਸਿਰ ਨਹੀ ਹੋਣ ਦੇਣਾ ਚਾਹੁੰਦੀ ਸੀ।

ਕੁੜੀ ਦੇ ਉਦੋਂ ਸਾਹ ਵਿਚ ਸਾਹ ਆਇਆ ਜਦੋਂ ਠਾਣੇਦਾਰ ਨੇ ਹਾਕ ਮਾਰ ਕੇ ਸਿਪਾਹੀਆਂ ਨੂੰ ਅੰਦਰ ਬੁਲਾ ਲਿਆ।

-”ਆਹ ਗਿਲਾਸ ‘ਕੱਠੇ ਕਰੋ!”

ਸਿਪਾਹੀ ਅੰਦਰੋਂ ਬਾਹਰੋਂ ਸਾਰੇ ਗਿਲਾਸ ਇਕੱਠੇ ਕਰਨ ਲੱਗ ਪਏ।

-”ਹਾਂ ਬਈ ਰਣਜੋਧ ਸਿਆਂ-ਉਹਨਾਂ ਕੋਲ ਹਥਿਆਰ ਕੀ ਕੀ ਸੀ?” ਠਾਣੇਦਾਰ ਨੇ ਮੁੜ ਕਾਰਵਾਈ ਆਰੰਭੀ।

-”ਜੀ ਹਥਿਆਰ ਉਹਨਾਂ ਕੋਲੇ ਬੰਦੂਖਾਂ ਸੀ-ਜਿਹੋ ਜਿਹੀਆਂ ਥੋਡੇ ਸਿਪਾਹੀਆਂ ਕੋਲੇ ਐ।”

-”ਇਹ ਤਾਂ ਪਤਾ ਈ ਐ-ਸਾਲੇ ਏ ਕੇ ਸੰਤਾਲੀ ਤੋਂ ਹੇਠਾਂ ਤਾਂ ਕਿਸੇ ਹਥਿਆਰ ਨੂੰ ਹੱਥ ਈ ਨਹੀ ਪਾਉਂਦੇ।”

-”ਇਕ ਦੇ ਤਾਂ ਪਸਤੌਲ ਵੀ ਪਾਇਆ ਵਿਆ ਸੀ ਜੀ।”

-”ਤੇ ਹੁਲੀਏ?”

-”ਹੁਲੀਏ ਮਾਲਕੋ-ਦਾਹੜੀਆਂ ਸਾਰਿਆਂ ਦੇ ਈ ਰੱਖੀਆਂ ਹੋਈਆਂ ਸੀ ਤੇ ਗਾਤਰੇ ਪਾਏ ਵੇ ਸੀ-ਕੱਦ ਦੇ ਸਾਰੇ ਮੇਰੇ ਕੁ ਜਿੱਡੇ ਈ ਸੀਗੇ ਜੀ।”

-”ਦਾਹੜੀ ਤਾਂ ਅੱਜ ਕੱਲ੍ਹ ਡਰਦੇ ਮਾਰੇ ਕਰਾੜ ਵੀ ਰੱਖੀ ਫਿਰਦੇ ਐ ਤੇ ਗਾਤਰੇ ਸਭ ਤੋਂ ਵੱਧ ਲੁਟੇਰੇ ਪਾਉਂਦੇ ਐ।” ਠਾਣੇਦਾਰ ਆਪਣਾ ਜ਼ਾਤੀ ਤਜ਼ਰਬਾ ਦੱਸ ਗਿਆ।

-”ਉਹਨਾਂ ਕੋਲੇ ਛੋਟੇ ਛੋਟੇ ਝੋਲੇ ਵੀ ਸੀਗੇ ਜੀ।” ਲੁਟੇਰੇ ਸੁਣ ਕੇ ਰਣਜੋਧ ਨੂੰ ਯਾਦ ਆ ਗਿਆ।

-”ਬਹੁਤ ਖ਼ੂਬ! ਰਣਜੋਧ ਸਿਆਂ ਕੋਈ ਸੁਆਟਰ-ਸੂਟਰ ਪਾਉਣੀ ਐਂ ਤਾਂ ਪਾ ਲੈ-ਚੱਲ ਚੱਲੀਏ!”

-”ਕਿੱਥੇ ਜੀ?” ਗੱਲ ਮੁੰਡੇ ਦੇ ਸੰਘ ਅੰਦਰ ਹੀ ਅੜ ਗਈ।

-”ਠਾਣੇ! ਹੋਰ ਕਿੱਥੇ?”

-”ਮਾਈ ਬਾਪ ਸਾਰਾ ਕੁਛ ਤਾਂ ਇਹਨੇ ਦੱਸਤਾ-ਹੁਣ ਠਾਣੇ ਕਾਹਦੇ ਲਈ ਲੈ ਚੱਲੇ ਓਂ?” ਬਲੀ ਸਿੰਘ ਨੇ ਜ਼ੇਰਾ ਕਰ ਕੇ ਪੁੱਛ ਹੀ ਲਿਆ।

ਠਾਣੇਦਾਰ ਹੱਸ ਪਿਆ।

-”ਬਾਬਿਆ! ਪਹਿਲਾਂ ਇਹਦੇ ਬਿਆਨ ਲਿਖਾਂਗੇ-ਫੇਰ ਤਸਦੀਕ ਕਰਕੇ ਇਲਾਕਾ-ਮਜਿਸਟ੍ਰੇਟ ਤੋਂ ਕਲਮਬੱਧ ਹੋਣਗੇ ਤਾਂ ਕਿਤੇ ਜਾ ਕੇ ਇਹਦਾ ਰੱਸਾ ਲਹੂ-ਐਡੀ ਛੇਤੀ ਖਹਿੜਾ ਛੁੱਟਣਾਂ ਮੁਸ਼ਕਲ ਐ-ਇਹਨੇ ਦੇਸ਼-ਧਰੋਹੀਆਂ ਨੂੰ ਰੋਟੀ ਖੁਆਈ-ਪਨਾਂਹ ਦਿੱਤੀ-ਇਹ ਕੋਈ ਮਾੜਾ ਮੋਟਾ ਕੇਸ ਨਹੀਂ-ਇਹ ਤਾਂ ਮੇਰੀ ਦਰਿਆ-ਦਿਲੀ ਐ-ਨਹੀਂ ਤਾਂ ਕਾਰਵਾਈ ਪਾ ਕੇ ਟਾਡਾ ਅਧੀਨ ਸਾਰਿਆਂ ਨੂੰ ਅੰਦਰ ਦੇ ਸਕਦੇ ਆਂ!”

-”ਫੇਰ ਮਾਈ ਬਾਪ ਇਉਂ ਕਰੋ-ਇਹਨੂੰ ਰਹਿਣ ਦਿਓ-ਮੈਨੂੰ ਲੈ ਚੱਲੋ।” ਬਲੀ ਸਿੰਘ ਦੀ ਧਾਹ ਨਿਕਲ ਗਈ।

-”ਤੈਨੂੰ ਕਿਵੇਂ ਲੈ ਚੱਲੀਏ ਬਾਬਾ? ਬੰਦੇ ਇਹਨੇ ਦੇਖੇ ਐ-ਜੇ ਲੋੜ ਪਈ ਤਾਂ ਸ਼ਨਾਖ਼ਤ ਕੌਣ ਕਰੂ?”

-”ਇਹਨੂੰ ਉਦੋਂ ਬੁਲਾਲਾਂਗੇ ਜੋਰਾਵਰਾ-ਨਾ ਹਿੱਕ ਧੱਕਾ ਕਰ-ਇਹਨੂੰ ਤਾਂ ਵਿਆਹੇ ਨੂੰ ਵੀ ਅਜੇ ਡੂੜ੍ਹ ਮਹੀਨਾਂ ਈ ਹੋਇਐ-ਇਕੋ ਇਕ ਮੇਰਾ ਪੁੱਤ ਐ-ਰਹਿਣ ਦੇ ਕੁਲ ਦੀ ਜੜ੍ਹ ਹਰੀ-ਗੁਰੂ ਤੈਨੂੰ ਖੁਸ਼ੀਆਂ ਬਖਸ਼ੇ!”

-”ਬਾਬਾ-ਕਾਨੂੰਨ ਅੱਗੇ ਜਜ਼ਬਾਤ ਕੰਮ ਨਹੀ ਕਰਦੇ-!” ਠਾਣੇਦਾਰ ਦੇ ਇਸ਼ਾਰੇ ‘ਤੇ ਸਿਪਾਹੀਆਂ ਨੇ ਮੁੰਡੇ ਦੇ ਹੱਥ ਉਸ ਦੀ ਪੱਗ ਨਾਲ ਹੀ ਨੂੜ ਲਏ।

-”ਵੇ ਠਾਣੇਦਾਰਾ ਸ਼ੇਰਾ! ਤੂੰ ਮੇਰੇ ਪੁੱਤਾਂ ਅਰਗੈਂ-ਲੈ ਮੈਂ ਤੇਰੇ ਪੈਰੀਂ ਚੁੰਨੀ ਧਰਦੀ ਐਂ-ਸਾਡੀ ਲਾਜ ਰੱਖ-ਹਾੜ੍ਹੇ ਮੇਰਾ ਸ਼ੇਰ–!” ਸੱਚ ਹੀ ਕਿਰਪਾਲ ਕੌਰ ਨੇ ਆਪਣੀ ਸਿਰ ਦੀ ਚੁੰਨੀ ਠਾਣੇਦਾਰ ਦੇ ਪੈਰਾਂ ਵਿਚ ਰੱਖ ਦਿੱਤੀ। ਪਰ ਕਿਸੇ ਨੇ ਉਹਦੀ ਇਕ ਨਾ ਸੁਣੀ। ਸਿਪਾਹੀ ਰਣਜੋਧ ਨੂੰ ਟਰੱਕ ਵੱਲ ਧੂਹ ਤੁਰੇ। ਇਕ ਘਮਸਾਣ ਜਿਹਾ ਮੱਚ ਗਿਆ ਸੀ। ਮਾਂ-ਬਾਪ ਦੁਹਾਈਆਂ ਦੇ ਰਹੇ ਸਨ। ਰਸੋਈ ਵਿਚ ਗੁਰਕੀਰਤ ਅਤੇ ਦਵਿੰਦਰ ਨੇ ਰੋਣਾ ਸੁਰੂ ਕਰ ਦਿੱਤਾ।

ਰਣਜੋਧ ਨੂੰ ਸਿਪਾਹੀਆਂ ਨੇ ਟਰੱਕ ਵਿਚ ਇੱਟ ਵਾਂਗ ਸੁੱਟਿਆ ਅਤੇ ਤੁਰ ਗਏ। ਰਾਹ ‘ਤੇ ਧੂੜ ਦਾ ਬੱਦਲ ਖਿੰਡ ਗਿਆ। ਟਰੱਕ ਮਗਰ ਵਿਰਲਾਪ ਕਰਦੀ ਆਉਂਦੀ ਕਿਰਪਾਲ ਕੌਰ ਠੇਡਾ ਖਾ ਕੇ ‘ਧੜੰ੍ਹਮ’ ਕਰ ਕੇ ਰਾਹ ‘ਤੇ ਡਿੱਗ ਪਈ।

-”ਬਹੁੜ੍ਹੀ ਵੇ ਪਿੰਡਾ! ਪੁਲਸ ਮੇਰੇ ਜਿਉਣ ਜੋਕਰੇ ਨੂੰ ਲੈ ਗਈ ਵੇ ਲੋਕੋ! ਰੋਕੋ ਵੇ ਕੋਈ! ਮਾਰ ਕੇ ਖਪਾ ਦੇਣਗੇ ਬੁੱਚੜ! ਸਹਾਈ ਹੋ ਵੇ ਵਾਹਿਗੁਰੂ! ਬਹੁੜ੍ਹ ਮੇਰਿਆ ਮਾਲਕਾ! ਨਾ ਭਗਤਾਂ ਦੇ ਪ੍ਰਤਿਆਵੇ ਲੈ ਵੇ ਡਾਢਿਆ ਰੱਬਾ-ਹਾੜ੍ਹੇ…..!” ਰਾਹ ‘ਤੇ ਮੂਧੇ ਮੂੰਹ ਪਈ ਕਿਰਪਾਲ ਕੌਰ ਹੱਥ ਜੋੜੀ ਕੁਰਲਾ ਰਹੀ ਸੀ। ਉਸ ਦਾ ਮੂੰਹ ਮਿੱਟੀ ਵਿਚ ਲਿੱਬੜ ਗਿਆ ਸੀ। ਉਹ ਬੇਹੋਸ਼ੀ ਜਿਹੀ ਹਾਲਤ ਵਿਚ ਪਿੱਟੀ ਜਾ ਰਹੀ ਸੀ।

ਦੇਖੋ ਦੇਖ ਪਿੰਡ ਇਕੱਠਾ ਹੋ ਗਿਆ।

-”ਕੀ ਗੱਲ ਹੋ ਗਈ ਭਾਬੀ?” ਘਰਾਂ ‘ਚੋਂ ਦਿਉਰ ਲੱਗਦੇ ਸਰਪੰਚ ਨੇ ਆ ਕੇ ਕਿਰਪਾਲ ਕੌਰ ਨੂੰ ਉਠਾਇਆ।

-”ਵੇ ਕੀ ਦੱਸਾਂ ਸਾਧੂ? ਤੇਰੇ ਭਤੀਜੇ ਨੂੰ ਲੈ ਗਏ ਬੁੱਚੜ-ਲਿਆਓ ਵੇ ਛੁਡਾ ਕੇ ਉਹਨੂੰ-ਕਿਤੇ ਹੋਰ ਨਾ ਜਾਹ ਜਾਂਦੀ ਕਰ ਦੇਣ ਔਤਰੇ!”

-”ਉਠ! ਘਰੇ ਚੱਲ ਕੇ ਸਾਰੀ ਗੱਲ ਕਰਦੇ ਐਂ-ਐਥੇ ਕਾਹਨੂੰ ਜੱਗ ਹਸਾਈ ਕਰਦੀ ਐਂ? ਉਠ ਕਮਲ ਨਹੀ ਮਾਰੀਦਾ-ਚੱਲ ਚੱਲੀਏ!” ਸਰਪੰਚ ਅਤੇ ਬਲੀ ਸਿੰਘ ਉਸ ਨੂੰ ਬਾਹੋਂ ਫੜ ਘਰ ਲੈ ਆਏ।

ਇਕ ਅਜੀਬ ਚੁੱਪ ਛਾ ਗਈ। ਗੁਰਦੁਆਰੇ ਦੇ ਸਪੀਕਰ ‘ਚੋਂ ਅਵਾਜ਼ ਆ ਰਹੀ ਸੀ:

-”ਜੇ ਸਕਤਾ ਸਕਤੇ ਕੋ ਮਾਰੇ।।

ਤਾਂ ਮਨੁ ਰੋਸੁ ਨ ਹੋਈ।।”

ਉਹਨਾਂ ਨੇ ਘਰੇ ਲਿਆ ਕੇ ਕਿਰਪਾਲ ਕੌਰ ਨੂੰ ਮੰਜੇ ‘ਤੇ ਬਿਠਾ ਦਿੱਤਾ।

-”ਕੀਤੀ ਪਾਣੀ ਲਿਆ…!”

ਕੁੜੀ ਨੇ ਪਾਣੀ ਲਿਆ ਕੇ ਮਾਂ ਨੂੰ ਪਿਆਇਆ।

-”ਤੁਸੀਂ ਮੈਨੂੰ ਕਿਉਂ ਨਾ ਖਬਰ ਕੀਤੀ?” ਸਰਪੰਚ ਆਪਣੀ ਥਾਂ ਹੈਰਾਨ ਸੀ।

-”ਵੇ ਟੁੱਟੜਾ ਡਮਾਕ ਈ ਚੱਕਿਆ ਰਿਹਾ-ਖਬਰ ਕਾਹਦੀ ਕਰਦੇ ਵੇ ਸਾਧੂ! ਉਹ ਤਾਂ ਪੁੱਤ ਖਾਣੇ ਦੇ ਵਾ-ਵਰੋਲੇ ਮਾਂਗੂੰ ਆ ਪਏ-ਹਾਏ-!”

-”ਕੀ ਗੱਲ ਕੀ ਸੀ ਬਾਈ?” ਸਰਪੰਚ ਨੇ ਬਲੀ ਸਿੰਘ ਤੋਂ ਨਿਰਣਾ ਲੈਣਾ ਚਾਹਿਆ।

-”ਕਾਹਦੀ ਗੱਲ ਐ ਸਾਧੂ-ਆਪਣੇ ਖੇਤੋਂ ਕੋਈ ਓਪਰੇ ਬੰਦੇ ਰੋਟੀ ਖਾ ਗਏ- ਤੇ ਇਹ ਜੋਧ ਨੂੰ ਖਾੜਕੂਆਂ ਦੇ ਪਨਾਂਹ ਦੇਣ ਦੇ ਦੋਸ਼ ‘ਚ ਫੜ ਕੇ ਲੈ ਗਏ।” ਬਲੀ ਸਿੰਘ ਨੇ ਅੱਤ ਸੰਖੇਪ ਕਹਿ ਸੁਣਾਇਆ।

-”ਹਲ੍ਹਾ…!” ਸਰਪੰਚ ਸਾਰੀ ਹੀਰ ਸਮਝ ਗਿਆ।

-”ਦੁਨੀਆਂ ਦੋਨੀਂ ਪਾਸੀਂ ਦਰੜੀ ਜਾ ਰਹੀ ਐ-ਉਹਨਾਂ ਪਤੰਦਰਾਂ ਨੂੰ ਰੋਟੀ ਪਾਣੀ ਨਹੀ ਦਿੰਦੇ ਤਾਂ ਮਰਦੇ ਆਂ-ਜੇ ਖੁਆਉਂਦੇ ਆਂ ਪੁਲਸ ਨਹੀਂ ਛੱਡਦੀ-ਕਰੀਏ ਤਾਂ ਕੀ ਕਰੀਏ? ਮੌਜਾਂ ਦੋਨੋਂ ਧਿਰਾਂ ਈ ਮਾਣੀਂ ਜਾਂਦੀਐਂ-ਮਰਦੇ ਐ ਮਹਾਤੜ!”

-”ਦੇਸ਼ ਦਾ ਬਣੂਂ ਪਤਾ ਨਹੀ ਕੀ?”

-”ਜੋ ਲੋਕਾਂ ਨਾਲ ਹੋਊ-ਉਹੀ ਆਪਣੇ ਨਾਲ ਬੀਤੂ।”

-”ਵੇ ਸਾਧੂ-ਆਪਣੇ ਨਾਲ ਤਾਂ ਬੀਤੀ ਜਾਂਦੀ ਐ-ਤੁਸੀਂ ਜਲਦੀ ਕੁਛ ਕਰੋ!” ਕਿਰਪਾਲ ਕੌਰ ਫਿਰ ਕਲਪੀ।

-”ਤੁਸੀਂ ਐਨੇ ਜਾਣੇ ਸੀ-ਕਿਸੇ ਦੇ ਦਿਮਾਗ ‘ਚ ਵੀ ਮੇਰੇ ਬਾਰੇ ਖਿਆਲ ਨਾ ਆਇਆ? ਤੁਸੀਂ ਕੀਤੀ ਨੂੰ ਭੇਜ ਕੇ ਈ ਸੁਨੇਹਾਂ ਪਹੁੰਚਾ ਛੱਡਦੇ-ਮੈ ਖੜ੍ਹਾ ਖੜੋਤਾ ਈ ਪਹੁੰਚਦਾ।”

-”ਉਏ ਛੋਟੇ ਭਾਈ! ਸੁਰਤ ਈ ਮਾਰੀ ਗਈ-ਬੱਸ! ਇਉਂ ਧਾੜ ਦੀ ਧਾੜ ਪਈ-ਪੁੱਛ ਨਾ! ਔਸਾਣ ਈ ਮਾਰੇ ਗਏ-ਕੀ ਕਰਦੇ?” ਬਲੀ ਸਿੰਘ ਪਿੱਟਿਆ। ਉਹ ਆਪਣੀ ਥਾਂ ਬਿਲਕੁਲ ਨਿਰਦੋਸ਼ ਸੀ। ਉਸ ਦੀਆਂ ਸੱਚ ਹੀ, ਸੱਤੇ ਹੀ ਮਾਰੀਆਂ ਗਈਆਂ ਸਨ।

-”ਤੁਸੀਂ ਗੱਲ ਨੂੰ ਘੱਟੇ ਨਾ ਪਾਓ-ਕੋਈ ਬਿਧੀ ਸੋਚੋ! ਜਿਹੜਾ ਹੋਣਾਂ ਸੀ ਹੋ ਗਿਆ-ਹਾਏ ਵੇ ਰੱਬਾ….!”

-”ਤੂੰ ਬਾਈ ਤਿਆਰ ਹੋ-ਮੈ ਕੱਪੜੇ ਪਾ ਕੇ-ਦੋ ਬੰਦੇ ਨਾਲ ਲੈ ਕੇ ਆਇਆ-।” ਸਰਪੰਚ ਉਠ ਕੇ ਖੜ੍ਹਾ ਹੋ ਗਿਆ।

-”ਸੱਚ ਬਾਈ! ਕੁਛ ਦੱਸਿਆ ਬਈ ਕਿਹੜੇ ਠਾਣੇ ਲੈ ਕੇ ਗਏ ਐ?” ਸਰਪੰਚ ਨੇ ਕੁਝ ਯਾਦ ਆਉਂਦਿਆਂ ਹੀ ਬਲੀ ਸਿੰਘ ਨੂੰ ਪੁੱਛਿਆ।

-”ਮੈ ਤਾਂ ਇਹ ਵੀ ਪੁੱਛਣਾ ਭੁੱਲ ਗਿਆ-ਸਦਰ ਠਾਣੇ ਈ ਲੈ ਕੇ ਗਏ ਹੋਣਗੇ? ਠਾਣੇਦਾਰ ਆਪਦਾ ਨਾਂ ਗੁਰਪ੍ਰੀਤ ਸਿੰਘ ਗਰੇਵਾਲ ਦੱਸਦਾ ਸੀ।” ਬਲੀ ਸਿੰਘ ਨੇ ਯਾਦ ਕਰ ਕੇ ਦੱਸਿਆ।

-”ਗਰੇਵਾਲ ਤਾਂ ਮੋਗੇ ਸਦਰ ਠਾਣੇ ‘ਚ ਈ ਐ….।”

-”ਇਕ ਗੱਲ ਐ ਬਾਈ! ਗਰੇਵਾਲ ਮੂੰਹੋਂ ਹੱਦੋਂ ਵੱਧ ਮਿੱਠਾ ਐ-ਪਰ ਦਿਲ ਦਾ ਨਿਰਾ ਈ ਬੇਈਮਾਨ ਬੰਦਾ-ਇਕ ਗੱਲ ਪੱਲੇ ਬੰਨ੍ਹ ਲਈਂ-ਇਹਦੀਆਂ ਮਿੱਠੀਆਂ ਗੱਲਾਂ ‘ਚ ਬਿਲਕੁਲ ਨਹੀ ਆਉਣਾ।” ਸਰਪੰਚ ਨੇ ਸੁਣਾਈ ਕੀਤੀ।

-”ਇਹ ਮੈਂ ਜੋਧ ਨੂੰ ਵੀ ਕੰਨ ਕਰਤੇ ਸੀ।”

-”ਕੀਤੀ…!”

-”ਹਾਂ ਚਾਚਾ ਜੀ?”

-”ਅੱਧੇ ਕੁ ਘੰਟੇ ਤੱਕ ਚਾਰ ਬੰਦਿਆਂ ਦੀ ਚਾਹ ਬਣਾ ਕੇ ਰੱਖੀਂ ਕੁੜ੍ਹੇ!”

-”ਅੱਛਾ ਚਾਚਾ ਜੀ!”

ਸਰਪੰਚ ਚਲਾ ਗਿਆ।

This entry was posted in ਪੁਰਜਾ ਪੁਰਜਾ ਕਟਿ ਮਰੈ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>