ਦੁਬਈ- ਅਮਰੀਕੀ ਸੈਨਾ ਦੇ ਚੀਫ਼ ਆਪ ਸਟਾਫ਼ ਜਨਰਲ ਮਾਈਕ ਮੂਲੇਨ ਦਾ ਕਹਿਣਾ ਹੈ ਕਿ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਅਫਗਾਨਿਸਤਾਨ ਅਤੇ ਕਸ਼ਮੀਰ ਵਿਚ ਗੜਬੜ ਫੈਲਾਉਣ ਵਾਲੀਆਂ ਕਾਰਵਾਈਆਂ ਨੂੰ ਸਪੋਰਟ ਕਰ ਰਹੀ ਹੈ। ਉਨ੍ਹਾਂ ਨੇ ਆਈਐਸਆਈ ਨੂੰ ਆਪਣੀ ਰਣਨੀਤਕ ਦਿਸ਼ਾ ਵਿਚ ਤਬਦੀਲੀ ਲਿਆਉਣ ਲਈ ਕਿਹਾ ਹੈ।
ਜਨਰਲ ਮੂਲੇਨ ਨੇ ਅਲ ਜਜੀਰਾ ਚੈਨਲ ਨੂੰ ਦਿਤੇ ਇੰਟਰਵਿਯੂ ਵਿਚ ਕਿਹਾ ਹੈ ਕਿ ਅਸੀਂ ਪਾਕਿਸਤਾਨ ਦੇ ਆਗੂਆਂ ਨਾਲ ਇਸ ਮੁੱਦੇ ਤੇ ਗੱਲਬਾਤ ਕਰ ਰਹੇ ਹਾਂ। ਆਈਐਸਆਈ ਕਸ਼ਮੀਰ ਅਤੇ ਅਫਗਾਨਿਸਤਾਨ ਸੀਮਾ ਨਾਲ ਲਗਦੇ ਕਬਾਇਲੀ ਖੇਤਰ ਵਿਚ ਅਤਵਾਦੀ ਸੰਗਠਨਾਂ ਨੂੰ ਸਮਰਥਣ ਦੇ ਰਹੀ ਹੈ। ਉਨ੍ਹਾਂ ਕਿਹਾ, “ਮੇਰੇ ਖਿਆਲ ਵਿਚ ਆਈਐਸਆਈ ਨੂੰ ਗਵਾਂਢੀ ਦੇਸ਼ਾਂ ਵਿਚ ਗੜਬੜ ਫੈਲਾਉਣ ਦੀ ਆਪਣੀ ਰਣਨੀਤਕ ਸੋਚ ਵਿਚ ਬਦਲਾਅ ਲਿਆਉਣਾ ਚਾਹੀਦਾ ਹੈ। ਮੂਲੇਨ ਨੇ ਤਾਲਿਬਾਨ ਅਤੇ ਆਈਐਸਆਈ ਦੇ ਰਿਸ਼ਤਿਆਂ ਨੂੰ ਕਾਫੀ ਪੇਚੀਦਾ ਦਸਿਆ। ਉਨ੍ਹਾਂ ਆਈਐਸਆਈ ਦੀ ਸਲਾਘਾ ਵੀ ਕੀਤੀ ਕਿ ਉਨ੍ਹਾਂ ਵਲੋਂ ਸਾਨੂੰ ਅਹਿਮ ਖੁਫ਼ੀਆ ਜਾਣਕਾਰੀ ਵੀ ਮਿਲੀ ਹੈ। ਮੂਲੇਨ ਨੇ ਇਹ ਵੀ ਕਿਹਾ ਕਿ ਲਾਦਿਨ ਪਾਕਿਸਤਾਨ ਦੇ ਕਬਾਇਲੀ ਇਲਾਕੇ ਵਿਚ ਹੀ ਛਿਪਿਆ ਹੋਇਆ ਹੈ। ਅਮਰੀਕਾ ਕਿਸੇ ਵੀ ਦੇਸ਼ ਵਿਚ ਆਪਣੀ ਸੈਨਾ ਭੇਜਣ ਦੇ ਹੱਕ ਵਿਚ ਨਹੀਂ ਹੈ।