ਭੋਪਾਲ- ਵਿਹਿਪ ਅਤੇ ਬਜਰੰਗ ਦਲ ਦੇ ਕੁਝ ਵਰਕਰਾਂ ਨੇ ਇਕ ਸਥਾਨਕ ਚਰਚ ਵਿਚ ਜਾ ਕੇ ਕਾਫੀ ਸ਼ੋਰ ਸ਼ਰਾਬਾ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਚਰਚ ਵਿਚ ਧਰਮ ਪ੍ਰੀਵਰਤਨ ਕਰਵਾਇਆ ਜਾ ਰਿਹਾ ਸੀ।
ਹਬੀਬਗੰਜ ਪੁਲਿਸ ਸਟੇਸ਼ਨ ਦੇ ਤਹਿਤ ਇਹ ਚਰਚ ਬਿਟਨ ਮਾਰਕਿਟ ਦੇ ਕੋਲ ਸਥਿਤ ਹੈ। ਪੁਲਿਸ ਦਾ ਕਹਿਣਾ ਹੈ ਕਿ ਹਾਲਾਤ ਤੇ ਜਲਦੀ ਹੀ ਕਾਬੂ ਪਾ ਲਿਆ ਗਿਆ ਅਤੇ ਸ਼ੁਰੂਆਤੀ ਜਾਂਚ ਵਿਚ ਧਰਮ ਪ੍ਰੀਵਰਤਨ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਚਰਚ ਨੇ ਵੀ ਇਸ ਅਰੋਪ ਨੂੰ ਗਲਤ ਦਸਿਆ। ਇਸ ਕੇਸ ਵਿਚ ਕਿਸੇ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦੋਂਵਾਂ ਹੀ ਪਾਸਿਆਂ ਤੋਂ ਸਿ਼ਕਾਇਤਾਂ ਮਿਲੀਆਂ ਸਨ। ਵਿਹਿਪ ਅਤੇ ਬਜਰੰਗ ਦਲ ਦੇ ਵਰਕਰਾਂ ਦਾ ਅਰੋਪ ਸੀ ਕਿ ਚਰਚ ਵਿਚ ਵਨੀਤਾ ਨਾਂ ਦੀ ਲੜਕੀ ਦਾ ਧਰਮ ਪ੍ਰੀਵਰਤਨ ਕਰਵਾਇਆ ਜਾ ਰਿਹਾ ਸੀ। ਦੂਸਰੇ ਪਾਸੇ ਚਰਚ ਦੇ ਸੈਕਟਰੀ ਦਾ ਅਰੋਪ ਸੀ ਕਿ ਬਜਰੰਗ ਦਲ ਅਤੇ ਵਿਹਿਪ ਦੇ ਵਰਕਰ ਜਬਰਦਸਤੀ ਚਰਚ ਵਿ ਘੁਸ ਆਏ ਹਨ ਅਤੇ ਬਿਨਾਂ ਮਤਲਬ ਤੋਂ ਉਨ੍ਹਾਂ ਨੇ ਚਰਚ ਦੇ ਕੰਮਕਾਰ ਵਿਚ ਵਿਘਨ ਪਾਇਆ। ਧਰਮ ਬਦਲਣ ਦੇ ਅਰੋਪ ਨੂੰ ਉਨ੍ਹਾਂ ਨੇ ਸਿਰੇ ਤੋਂ ਹੀ ਖਾਰਜ ਕਰ ਦਿਤਾ। ਜਿਸ ਲੜਕੀ ਬਾਰੇ ਧਰਮ ਬਦਲਣ ਦੀ ਗੱਲ ਕੀਤੀ ਜਾ ਰਹੀ ਸੀ, ਉਸਨੇ ਅਤੇ ਉਸ ਦੀ ਮਾਂ ਨੇ ਕਿਹਾ ਕਿ ਉਹ ਆਪਣੀ ਮਰਜੀ ਨਾਲ ਚਰਚ ਆਈਆਂ ਸਨ। ਧਰਮ ਪ੍ਰੀਵਰਤਨ ਨਾਲ ਉਨ੍ਹਾਂ ਦਾ ਕੋਈ ਮਤਲਬ ਨਹੀਂ ਹੈ।